ਟਾਪਫੀਚਰਡ

ਬੁੱਧ ਬਾਣ -ਬੁੱਧੀਜੀਵੀ ਮਾਫ਼ੀਆ ਖ਼ਾਮੋਸ਼ ਕਿਉਂ ?ਬੁੱਧ ਸਿੰਘ ਨੀਲੋੰ

ਆਪਣੇ ਦੇਸ਼, ਕੌਮ, ਸਮਾਜ ਅਤੇ ਲੋਕਾਂ ਖ਼ਾਤਰ ਫਾਂਸੀ ਦੇ ਰੱਸੇ ਚੁੰਮਣ ਵਾਲ਼ਿਆਂ ਦੀ ਸਰੀਰਕ ਮੌਤ ਤਾਂ ਭਾਂਵੇਂ ਹੋ ਜਾਵੇ ਪਰ ਉਨ੍ਹਾਂ ਦੇ ਵਿਚਾਰ ਕਦੇ ਵੀ ਨਹੀਂ ਮਰਦੇ । ਉਹਨਾਂ ਯੋਧਿਆਂ ਦੀਆਂ ਯਾਦਗਾਰਾਂ ਬਣਦੀਆਂ ਹਨ, ਉਨ੍ਹਾਂ ਦੇ ਜੀਵਨ ਪ੍ਰਸੰਗ ਨਵੀਆਂ ਪੀੜ੍ਹੀਆਂ ਲਈ ਹਮੇਸ਼ਾ ਵਾਸਤੇ ਪ੍ਰੇਰਨਾ ਦਾ ਸੋਮਾ ਬਣ ਜਾਂਦੇ ਹਨ । ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਦੇਂਦੀਆਂ ਹਨ ਉਹ ਆਪਣੀ ਮੌਤੇ ਆਪ ਮਰ ਜਾਂਦੀਆਂ ਹਨ । ਕਿਸੇ ਕੌਮ ਦੀ ਵਿਚਾਰਧਾਰਕ ਅਗਵਾਈ ਉਸ ਕੌਮ ਦੇ ਲੇਖਕਾਂ, ਬੁੱਧੀਜੀਵੀਆਂ, ਵਿਦਵਾਨਾਂ, ਸਿੱਖਿਆ ਸਾਸ਼ਤਰੀਆਂ ਅਤੇ ਦਾਨੇ ਬੰਦਿਆਂ ਨੇ ਕਰਨੀ ਹੁੰਦੀ ਹੈ । ਉਨ੍ਹਾਂ ਨੇ ਵਰਤਮਾਨ ਵਿੱਚ ਰਹਿ ਕੇ ਅਤੀਤ ਦੇ ਇਤਿਹਾਸ ਦੀਆਂ ਤੰਦਾਂ ਨੂੰ ਜੋੜਕੇ ਭਵਿੱਖ ਦੇ ਲਈ ਰਾਹ ਬਣਾਉਣਾ ਹੁੰਦਾ ਹੈ ।
ਪੰਜਾਬ ਦੇ ਬੁੱਧੀਜੀਵੀਆਂ ਦੀਆਂ ਵੀ ਕਈ ਕਿਸਮਾਂ ਹਨ । ਆਪੂੰ ਬਣੇ ਬੁੱਧੀਜੀਵੀਆਂ ਦੇ ਰੋਲ਼-ਘਚੋਲ਼ੇ ਨੇ ਸਮਾਜ ਦਾ ਮਾਹੌਲ ਗੰਦਲਾ ਕਰ ਦਿੱਤਾ ਹੈ ਜਿਸ ਕਰਕੇ ਇਸ ਧੁੰਦੂਕਾਰੇ ਵਿੱਚ ਕੁੱਝ ਸਾਫ਼ ਨਜ਼ਰ ਨਹੀਂ ਆ ਰਿਹਾ । ਸਮਾਜ ਦੇ ਚਾਤਰ ਤੇ ਸ਼ਾਤਰ ਬੁੱਧੀਜੀਵੀਆਂ ਨੇ ਲੋਕਾਂ ਨੂੰ ਆਪੋ ਆਪਣੇ ਚਸ਼ਮੇ ਲਗਾ ਦਿੱਤੇ ਹਨ ਜਿਹਨਾਂ ਵਿੱਚੋਂ ਉਨ੍ਹਾਂ ਨੂੰ ਉਹੀ ਕੁਝ ਦਿਖਦਾ ਹੈ ਜੋ ਉਹਨਾਂ ਦੇ ਬੁੱਧੀਜੀਵੀ ਦਿਖਾਉਣਾ ਚਾਹੁੰਦੇ ਹਨ । ਨਤੀਜੇ ਵਜੋਂ ਸਮਾਜ ਦੇ ਹਰ ਤਬਕੇ ਵਿੱਚ ਅਕਲ ਵਿਹੂਣੇ ਅੰਨ੍ਹੇ ਭਗਤਾਂ ਦੀ ਗਿਣਤੀ ਬੇਤਹਾਸ਼ਾ ਵਧ੍ਹ ਗਈ ਹੈ । ਅਕਲੋਂ ਕੋਰੀ ਭੀੜ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ । ਤਰਕ, ਦਲੀਲ ਤੇ ਇਤਿਹਾਸਕ ਹਵਾਲਿਆਂ ਰਾਹੀ ਸਮਝਣ ਤੇ ਸਮਝਾਉਣ ਵਾਲ਼ੇ ਨਿਰਪੱਖ ਬੁੱਧੀਜੀਵੀ ਤੇ ਸਿੱਖਿਆ ਸਾਸ਼ਤਰੀਆਂ ਨੇ ਚੁੱਪ ਧਾਰ ਲਈ ਹੈ। ਉਹ ਹਾਕਮ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਏ ਹਨ । ਸੱਚਮੁੱਚ ਉਹਨਾਂ ਦੀ ਹਾਲਤ ਇਸ ਕਵਿਤਾ ਵਰਗੀ ਹੋ ਗਈ ਹੈ:-
ਰਾਜੇ ਨੇ ਕਿਹਾ ਰਾਤ ਹੈ,
ਰਾਣੀ ਨੇ ਕਿਹਾ ਰਾਤ ਹੈ,
ਵਜ਼ੀਰ ਨੇ ਕਿਹਾ ਰਾਤ ਹੈ,
ਅਹਿਲਕਾਰ ਨੇ ਕਿਹਾ ਰਾਤ ਹੈ,
ਪਰਜਾ ਨੇ ਕਿਹਾ ਰਾਤ ਹੈ,
ਇਹ ਸੁਬ੍ਹਾ ਕੀ ਬਾਤ ਹੈ !
##

ਸਮਾਜ ਵਿੱਚ ‘ਯੈਸ ਸਰ, ਕਹਿਣ ਵਾਲ਼ਿਆਂ ਦੀ ਵਧ੍ਹ ਰਹੀ ਭੀੜ ਬਿਨ੍ਹਾਂ ਸੋਚੇ ਵਿਚਾਰੇ ਉਸ ਦਿਸ਼ਾ ਵੱਲ ਵਧ੍ਹ ਰਹੀ ਹੈ ਜਿਸਦਾ ਕੋਈ ਆਦਿ ਤੇ ਅੰਤ ਨਹੀਂ। ਉਪਰ ਡੁੱਲ੍ਹਿਆ ਪਾਣੀ ਥੱਲੇ ਤੱਕ ਆਉਂਦਾ ਹੈ । ਉਹ ਪਾਣੀ ਗੰਦਾ ਹੈ ਜਾਂ ਚੰਗਾ ਹੈ, ਇਸਦੀ ਪਰਖ ਕੀਤੇ ਬਗੈਰ ਹੀ ਉਸਨੂੰ ਵਰਤ ਲਿਆ ਜਾਂਦਾ ਹੈ । ਉਸ ਪਾਣੀ ਵਿੱਚ ਕੀ ਘੁਲ਼ਿਆ ਸੀ ਤੇ ਉਹ ਕਿਸ ਮਕਸਦ ਵਾਸਤੇ ਸੀ ਇਸ ਬਾਰੇ ਸੋਚਣ ਦੀ ਬਜਾਏ ਕਾਗਜ਼ਾਂ ਦਾ ਢਿੱਡ ਭਰ ਦਿੱਤਾ ਜਾਂਦਾ ਹੈ । ਬਿਨਾਂ ਅੱਗ ਦੇ ਧੂੰਆਂ ਕਿਵੇਂ ਉੱਠਿਆ, ਬਿਨਾਂ ਬਾਤ ਦੇ ਬਤੰਗੜ ਕਿਵੇਂ ਬਣ ਗਿਆ, ਇਹ ਝੂਠ ਹੈ ਜਾਂ ਸੱਚ, ਇਸਦਾ ਨਿਤਾਰਾ ਕਰਨਾ ਉਹਨਾਂ ਬੁੱਧੀਜੀਵੀਆਂ ਤੇ ਸਿੱਖਿਆ ਸਾਸ਼ਤਰੀਆਂ ਦਾ ਫਰਜ਼ ਹੁੰਦਾ ਹੈ ਜਿਹਨਾਂ ‘ਤੇ ਸਮਾਜ ਦਾ ਭਵਿੱਖ ਟਿਕਿਆ ਹੁੰਦਾ ਹੈ ।
ਵਰਤਮਾਨ ਨੇ ਭਵਿੱਖ ਦੀਆਂ ਯੋਜਨਾਵਾਂ ਉਲੀਕਣ ਲਈ ਹਮੇਸ਼ਾ ਅਤੀਤ ਤੋਂ ਉਸੇ ਤਰ੍ਹਾਂ ਸੇਧ ਲੈਣੀ ਹੁੰਦੀ ਹੈ ਜਿਵੇਂ ਰਾਜ ਮਿਸਤਰੀ ਦੀਵਾਰ ਸਿੱਧੀ ਰੱਖਣ ਲਈ ਸੂਤ ਤੇ ਸਾਹਲ ਦੀ ਵਰਤੋਂ ਕਰਦਾ ਹੈ। ਕਿਸੇ ਸਮਾਜ ਤੇ ਕੌਮ ਨੂੰ ਸਹੀ ਤੇ ਸਿੱਧਾ ਰੱਖਣ ਲਈ ਬੁੱਧੀਜੀਵੀ ਤੇ ਸਿੱਖਿਆ ਸਾਸ਼ਤਰੀ ਉਹ ਸੂਤਰ ਤੇ ਸੰਦ ਹਨ ਜੋ ਕਿਸੇ ਕੌਮ ਨੂੰ ਤਾਰ ਵੀ ਸਕਦੇ ਹਨ ਤੇ ਡੋਬ ਵੀ ਸਕਦੇ ਹਨ। ਇਹ ਚੱਪੂ ਚਲਾਉਣ ਵਾਲ਼ੇ ਉਪਰ ਨਿਰਭਰ ਕਰਦਾ ਹੈ ਉਹ ਬੇੜੀ ਬੰਨੇ ਲਾ ਦੇਵੇ ਜਾਂ ਡੋਬ ਦੇਵੇ । ਘਰ, ਸਮਾਜ ਤੇ ਕੌਮ ਦਾ ਆਗੂ ਤਾਂ ਹੀ ਇਹਨਾਂ ਨੂੰ ਭਵਸਾਗਰ ਵਿੱਚੋਂ ਪਾਰ ਲਾ ਸਕਦਾ ਹੈ ਜੇ ਉਸਦੀ ਸੋਚ ਪਾਕ ਪਵਿੱਤਰ ਹੋਵੇਗੀ । ਜੇਕਰ ਉਸਦੇ ਮਨ ਅੰਦਰ ਰੱਤੀ ਭਰ ਵੀ ਬੇਈਮਾਨੀ ਤੇ ਲਾਲਚ ਹੈ ਤਾਂ ਉਹ ਬੇਈਮਾਨ ਜਾਂ ਆਗੂ ਆਪ ਭਾਂਵੇਂ ਨਾ ਡੁੱਬੇ ਪਰ ਕੌਮ ਨੂੰ ਜਰੂਰ ਡੋਬ ਕੇ ਖ਼ਤਮ ਕਰ ਸਕਦਾ ਹੈ।
ਇਹ ਵੀ ਇੱਕ ਕੁਦਰਤੀ ਵਰਤਾਰਾ ਹੈ ਕਿ ਕਿਸੇ ਕੌਮ ਤੇ ਫਸਲ ਦਾ ਬੀਜ ਨਾਸ ਨਹੀਂ ਹੁੰਦਾ । ਜਿਵੇਂ ਚੰਗਾ ਕਿਸਾਨ ਅਗਲੇ ਸਾਲ ਲਈ ਚੰਗਾ ਬੀਜ ਸੰਭਾਲ਼ ਲੈਂਦਾ ਹੈ ਇਸੇ ਤਰ੍ਹਾਂ ਕੋਈ ਸੁਘੜ ਸਿਆਣੀ ਔਰਤ ਭਵਿੱਖ ਦੇ ਲਈ ਕੁਝ ਨਾ ਕੁਝ ਬਚਾ ਕੇ ਰੱਖਦੀ ਹੈ । ਸਮੇਂ ਦੇ ਬੁੱਧੀਜੀਵੀਆਂ ਤੇ ਸਿੱਖਿਆ ਸਾਸ਼ਤਰੀਆਂ ਨੇ ਵਰਤਮਾਨ ਵਿੱਚੋਂ ਭਵਿੱਖ ਲਈ ਬੀਜ ਨੂੰ ਬਚਾਉਣਾ ਹੁੰਦਾ ਹੈ ਪਰ ਇਸ ਸਮੇਂ ਪੰਜਾਬ ਦਾ ਬੁੱਧੀਜੀਵੀ ਖਾਮੋਸ਼ ਹੈ । ਪੁਰਸਕਾਰਾਂ ਦੀ ਦੌੜ ਵਿੱਚ ਕਦੇ ਸਰਕਾਰੇ ਦਰਬਾਰੇ, ਕਦੇ ਢਾਹਾਂ ਦੇ ਦਫ਼ਤਰ ਵਿੱਚ, ਕਦੇ ਜਿਊਰੀ ਦੇ ਮੈਂਬਰਾਂ ਦੀਆਂ ਤਲੀਆਂ ਝੱਸਦਾ ਦਿਖ ਰਿਹਾ ਹੈ । ਪੰਜਾਬ ਦਾ ਨੌਜਵਾਨ ਤਬਕਾ ਨੌਕਰੀਆਂ ਦੀ ਭਾਲ਼ ਵਿੱਚ ਜਲਾਵਤਨ ਹੋ ਰਿਹਾ ਹੈ। ਸਮੇਂ ਦੇ ਹਾਕਮ ਲੋਕਾਂ ਦੀਆਂ ਭਾਵਨਾਵਾਂ ਨਾਲ਼ ਖਿਲਵਾੜ ਕਰ ਰਹੇ ਹਨ । ਦੱਸੋ, ਲੋਕ ਕੀ ਕਰਨ ?

9464370823

Leave a Reply

Your email address will not be published. Required fields are marked *