ਸੱਭਿਆਚਾਰਕ ਮੁਕਾਬਲੇਬਾਜ਼ੀ ਦਾ ਪ੍ਰਤੀਕ -ਸਿੱਠਣੀਆਂ-ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
ਮਹਾਨ ਕੋਸ਼ ਦੇ ਰਚਨਹਾਰੇ ਸਰਦਾਰ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਸੌ ਹੱਥ ਰੱਸਾ ਸਿਰੇ ਤੇ ਗੰਢ ਮਾਰ ਕੇ ਸਿੱਠਣੀਆਂ ਨੂੰ ਆਪਣੇ ਲਫ਼ਜ਼ਾਂ ਵਿੱਚ ਇਉਂ ਪ੍ਰੀਭਾਸ਼ਿਤ ਕੀਤਾ ਸੀ “ਸਿੱਠਣੀ ਵਿਅੰਗਮਈ ਅੰਦਾਜ਼ ਵਿੱਚ ਕਹੀ ਗੱਲ ਹੁੰਦੀ ਹੈ”ਇਹ ਔਰਤ ਦੀ ਰੂਹ ਦੀ ਖ਼ੁਰਾਕ ਅਤੇ ਹਾਸੇ ਮਜ਼ਾਕ ਨੂੰ ਵਿਆਹਾਂ ਵਿੱਚ ਜੋਬਨ ਉੱਤੇ ਲੈ ਜਾਂਦੀਆਂ ਹਨ।ਵਿਆਹ ਮਨੁੱਖੀ ਜਾਮੇ ਦੀ ਬੁਨਿਆਦ ਹੈ।ਇਸ ਲਈ ਵਿਆਹ ਦੇ ਤਰੀਕੇ ਬੋਲੀ, ਭਾਸ਼ਾ ਅਤੇ ਖਿੱਤਿਆਂ ਤੇ ਅਧਾਰਿਤ ਹੈ। ਵਿਆਹ ਬਾਰੇ ਤਰ੍ਹਾਂ ਤਰ੍ਹਾਂ ਦੇ ਰਸਮ, ਰਿਵਾਜ ਅਤੇ ਰੀਤੀਆਂ ਹੁੰਦੀਆਂ ਹਨ। ਪੰਜਾਬੀਆਂ ਦੀ ਸ਼ਾਨ ਵੱਖਰੀ ਦੇ ਵਿਸ਼ੇ ਅਨੁਸਾਰ ਸਿੱਠਣੀਆਂ ਪੰਜਾਬੀ ਵਿਆਹ ਦਾ ਅਨਿੱਖੜਵਾਂ ਅੰਗ ਹੁੰਦੀਆਂ ਹਨ। ਵਿਆਹ ਦੇ ਪੁਰਾਤਨ ਤੋਂ ਹੁਣ ਤੱਕ ਦੇ ਸਫ਼ਰ ਨੇ ਕਾਫ਼ੀ ਕੁੱਝ ਖੋਰ ਦਿੱਤਾ ਹੈ। ਪੁਰਾਤਨ ਵਿਆਹ ਸ਼ਾਂਤੀ, ਸਹਿਣਸ਼ੀਲਤਾ ਅਤੇ ਭਾਈਚਾਰਕ ਏਕਤਾ ਦੇ ਮੁਜੱਸਮੇ ਹੁੰਦੇ ਸਨ।ਅੱਜ ਕੁੜੱਤਣ ਹੈ। ਸਿੱਠਣੀਆਂ ਤੋਂ ਬਿਨਾਂ ਵਿਆਹ ਅਧੂਰਾ ਜਿਹਾ ਲੱਗਦਾ ਹੈ। ਸਿੱਠਣੀਆਂ ਜ਼ਰੀਏ ਔਰਤਾਂ ਨਿੱਜੀ ਅਤੇ ਕਬੀਲੇ ਤੇ ਸਾਹਿਤ ਦੀ ਭਾਸ਼ਾ ਵਿੱਚ ਕਰਾਰੀ ਚੋਟ ਲਾਉਂਦੀਆਂ ਹਨ। ਵਿਆਹ ਵਿੱਚ ਦਿੱਤੀਆਂ ਜਾਂਦੀਆਂ ਸਿੱਠਣੀਆਂ ਦਾ ਖੂਬਸੂਰਤ ਅੰਦਾਜ਼ ਇਹ ਹੈ ਕਿ ਇਹਨਾਂ ਵਿੱਚ ਸਹਿਣਸ਼ੀਲਤਾ ਹੁੰਦੀ ਹੈ। ਵਿਆਹਾਂ ਵਿੱਚ ਔਰਤਾਂ ਸਿੱਠਣੀਆਂ ਦਾ ਸਬਕ ਲੈ ਕੇ ਜਾਂਦੀਆਂ ਸਨ ਤਾਂ ਕਿ ਦੂਜੀ ਧਿਰ ਦਾ ਮੁਕਾਬਲਾ ਕਰ ਸਕਣ। ਕੁੱਝ ਸੱਭਿਆਚਾਰ ਤੋਂ ਕੋਰੇ ਸਿੱਠਣੀਆਂ ਨੂੰ ਨਿੱਜਤਾ ਵਲ ਲੈਣ ਜਾਂਦੇ ਸਨ ਜਿਸ ਨਾਲ ਮਹੌਲ ਖਰਾਬ ਹੁੰਦਾ ਸੀ।
ਸਿੱਠਣੀਆਂ ਰਾਹੀਂ ਜਾਝੀਆਂ ਮਾਝੀਆਂ ਨੂੰ ਸੱਭਿਅਤਾ ਗਾਲੀ ਗਲੋਚ ਰਾਹੀਂ ਵੀ ਨੀਵਾਂ ਦਿਖਾਇਆ ਜਾਂਦਾ ਸੀ। ਰਿਸ਼ਤੇ ਦਾ ਸਤਿਕਾਰ ਵੀ ਸਿੱਠਣੀਆਂ ਜ਼ਰੀਏ ਔਰਤਾਂ ਵਲੋਂ ਪੇਸ਼ ਕੀਤਾ ਜਾਂਦਾ ਸੀ। ਇਹਨਾਂ ਵਿੱਚ ਨੋਕਝੋਂਕ,ਮਾਣ ਮਰਿਆਦਾ ਅਤੇ ਮਨ ਦੀ ਭੜਾਸ ਕੱਢਣ ਲਈ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਸੀ। ਔਰਤਾਂ ਦਾ ਨੈਤਿਕ ਹਥਿਆਰ ਵੀ ਸਿੱਠਣੀਆਂ ਹੀ ਹੁੰਦੀਆਂ ਸਨ। ਲੋਕ ਸਾਦਗੀ ਨਾਲ ਸਿੱਠਣੀਆਂ ਦਾ ਆਨੰਦ ਮਾਣਿਆ ਕਰਦੇ ਸਨ।ਕੁੱਝ ਸਮੇਂ ਪਹਿਲਾਂ ਹੀ ਸਿੱਠਣੀਆਂ ਜ਼ੋਬਨ ਰੁੱਤ ਤੇ ਹੁੰਦੀਆਂ ਸਨ। ਸਿੱਠਣੀਆਂ ਸਮੇਂ ਔਰਤਾਂ ਦਾ ਅੰਦਾਜ਼ ਅਤੇ ਜਲੌਅ ਵੱਖਰੀ ਝਲਕ ਦਿੰਦਾ ਸੀ। ਸਿੱਠਣੀਆਂ ਰਾਹੀਂ ਰੰਗ ਬਿਖੇਰਦਾ ਔਰਤ ਮੁਖੀ ਜ਼ਜ਼ਬਾ ਵਿਆਹ ਨੂੰ ਸ਼ਿੰਗਾਰਨ ਅਤੇ ਔਰਤ ਦੀ ਸ਼ਖ਼ਸੀਅਤ ਨੂੰ ਨਿਖ਼ਾਰਨ ਵਿੱਚ ਸਿਰਾ ਕਰ ਦਿੰਦਾ। ਇੱਕ ਦੌਰ ਆਇਆ ਜਦੋਂ ਧੀਆਂ -ਧਿਆਣੀਆਂ ਅਤੇ ਭੈਣਾਂ ਨੂੰ ਇਸ ਵੰਨਗੀ ਤੋਂ ਦੂਰ ਰੱਖਣ ਲੱਗ ਪਏ।ਇਸ ਦਾ ਕਾਰਨ ਸਿੱਠਣੀਆਂ ਨੂੰ ਗਲਤ ਰੰਗਤ ਵੀ ਸੀ। ਕੁਝ ਬਦਲੇ ਜ਼ਮਾਨੇ ਨੇ ਖੁਰਾਸਾਨੀ ਦੁਲੱਤੇ ਵੀ ਮਾਰੇ। ਕਦੇ ਕਦੇ ਜ਼ਾਬਤੇ ਵਿੱਚ ਰਹਿਣ ਕੇ ਵੀ ਸਿੱਠਣੀਆਂ ਨੂੰ ਬਾਖੂਬੀ ਨਿਭਾਉਣ ਲਈ ਔਰਤਾਂ ਨੂੰ ਕਿਹਾ ਜਾਂਦਾ ਸੀ।
ਪੰਜਾਬੀ ਸੱਭਿਆਚਾਰ ਨੂੰ ਘਸਮੈਲਾ ਕਰਨ ਲਈ ਪੰਜਾਬੀਆਂ ਨੇ ਔਕਾਤ ਤੋਂ ਵੱਧ ਕੇ ਉੱਚਾ ਦਿਖਣਾ ਅਤੇ ਪੱਛਮੀ ਪ੍ਰਭਾਵ ਧਾਰਨ ਕਰਕੇ ਆਪਣਾ ਕੁਫਰਜ਼ ਨਿਭਾਇਆ। ਇਸ ਨਾਲ ਪੰਜਾਬ ਦੀ ਰੂਹ, ਅਤੇ ਜੂਹ ਨੂੰ ਨੁਕਸਾਨ ਹੋਇਆ। ਸਮੇਂ ਦੇ ਹਾਣੀ ਬਣਨ ਦੀ ਹੋੜ ਅਤੇ ਦੌੜ ਵਿੱਚ ਸ਼ਾਮਲ ਹੋ ਕੇ ਲੋਰੀਆਂ ਸਮੇਂ ਤੋਂ ਮਿਲਿਆ ਸੱਭਿਆਚਾਰ ਦਾ ਖਜ਼ਾਨਾ ਖਤਮ ਕਰਨ ਵੱਲ ਤੇਜ਼ੀ ਨਾਲ ਵਧਿਆ ਗਿਆ ਹੈ। ਵਿਆਹ ਦਾ ਹਾਲ ਇੰਨਾ ਮਾੜਾ ਹੈ ਕਿ ਕੁੜੀ ਤੋਰਨ ਸਮੇਂ ਘਰਦੇ ਰਹਿ ਜਾਂਦੇ ਹਨ।ਚਾਅ-ਮਲਾਰ,ਰੌਣਕ, ਖੁਸ਼ੀ, ਖੇੜੇ ਅਤੇ ਖੁਸ਼ਬੋ ਖਤਮ ਹੋ ਗਈ ਹੈ। ਵਿਆਹ ਸਮੇਂ ਰੀਤੀ ਰਿਵਾਜ਼ ਬੋਝਲ ਲੱਗਣ ਲੱਗ ਪਏ ਹਨ। ਵਿਆਹ ਦੇ ਆਗਾਜ਼ ਸਮੇਂ ਨਾਨਕਾ ਮੇਲ ਪਹਿਲੇ ਦਿਨ ਸੱਜ ਧੱਜ ਕੇ ਆਉਂਦਾ ਸੀ।ਆਉਣ ਸਾਰ ਸਿੱਠਣੀਆਂ ਦਾ ਖੂਬਸੂਰਤ ਅੰਦਾਜ਼ ਪੇਸ਼ ਹੋ ਜਾਂਦਾ ਸੀ। ਨਾਨਕਿਆਂ ਵਲੋਂ:-
“ਕਿੱਥੇ ਗਈਆਂ ਲਾੜਿਆ ਵੇ ਤੇਰੀਆਂ ਦਾਦਕੀਆਂ, ਤੇਰੀਆਂ ਉੱਧਲ ਗਈਆਂ ਵੇ ਦਾਦਕੀਆਂ,
ਦਾਦਕਿਆਂ ਵੱਲੋਂ ਪੇਸ਼ਕਾਰੀ:-
“ਕਿੱਥੋਂ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ, ਪੀਤੀ ਸੀ ਪਿੱਛ ਜੰਮੇ ਸੀ ਰਿੱਛ, ਖੇਡਾਂ ਪਾਵਣ ਆਈਆਂ ਤੇਰੀਆਂ ਨਾਨਕੀਆਂ, ਖਾਣਗੀਆਂ ਲੱਡੂ ਜੰਮਣਗੀਆਂ ਡੱਡੂ, ਟੋਭੇ ਨਾਵਣ ਆਈਆਂ ਤੇਰੀਆਂ ਨਾਨਕੀਆਂ,”
ਮਾਮੀ ਨੂੰ ਸੁਚੇਤ ਕਰਨ ਲਈ ਸਿੱਠਣੀ:-
“ਸੁਣ ਨੀ ਮਾਮੀ ਵਿਆਹ ਤੇ ਆਈ ਟਿੱਕਾ ਸਜ਼ਾ ਕੇ ਆਈ,ਨੀ ਕੁੜੀ ਸਾਡੀ ਨੂੰ ਨਾ ਟੁੰਬ,ਨਾ ਛੱਲਾ ਨਾ ਕੋਈ ਸੂਟ ਲਿਆਈ”
ਜੰਝ ਸਮੇਂ ਸਿੱਠਣੀਆਂ ਦੀ ਝਲਕੀਆਂ:-
“ਜਾਝੀਂ ਉਸ ਪਿੰਡ ਤੋਂ ਆਏ ਜਿੱਥੇ ਰੁੱਖ ਵੀ ਨਾ, ਇਹਨਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ,
ਮਾਂਝੀਆਂ ਦੀ ਆਵਾਜ਼:-
“ਢਿੱਡ ਨਾ ਤੁਹਾਡਾ ਟੋਕਣਾ ਜਨੇਤੀਓ, ਅਸੀਂ ਨੌਂ ਮਣ ਰਿੰਨੇ ਚੌਲ, ਕੜਛਾ ਕੜਛਾ ਵੰਡ ਕੇ, ਤੁਹਾਡੀ ਅਜੇ ਨਾ ਰੱਜੀ ਰੂਹ,ਵੇ ਸ਼ਰਮਾ ਦੇ ਭੁੱਖੜੋ,ਵੇ ਜਨੇਤੀਓ”
ਲਾੜੇ ਨੂੰ ਸਿੱਠਣੀਆਂ:-
“ਵਾਹ ਵਾਹ ਨੀ ਚਰਖ਼ਾ ਧਮਕਦਾ,ਵਾਹ ਵਾਹ ਨੀ ਚਰਖ਼ਾ ਧਮਕਦਾ,ਹੋਰ ਤਾਂ ਜੀਜਾ ਚੰਗਾ ਭਲਾ ਪਰ ਇਹਦਾ ਢਿੱਡ ਲਮਕਦਾ”
ਇੱਕ ਹੋਰ:-“ਮੇਰੀ ਤਾਂ ਜੀਜਾ ਮੁੰਦਰੀ ਗੁਆਚੀ,ਤੇਰੀ ਗੁਆਚੀ ਮਾਂ ਵੇ,ਚੱਲ ਭਾਲਣ ਚੱਲੀਏ ਕਰ ਛੱਤਰੀ ਦੀ ਛਾਂ ਵੇ”
ਕੁੜਮ ਦੀ ਸਿੱਠਣੀਆਂ ਰਾਹੀਂ ਮਾਣ ਸਤਿਕਾਰ ਅਤੇ ਚੋਟਾਂ ਰਾਹੀਂ ਇੱਜ਼ਤ ਕੀਤੀ ਜਾਂਦੀ ਹੈ:-
“ਸਭ ਗੈਸ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ,ਸਭ ਮਿਰਚਾਂ ਘੋਟੋ ਜੀ ਸਾਡਾ ਕੁੜਮ ਘੋਟਣੇ ਵਰਗਾ,ਮਣ ਮੱਕੀ ਪਿਹਾ ਲਓ ਜੀ ਸਾਡਾ ਕੁੜਮ ਵਹਿੜਕੇ ਵਰਗਾ”
ਵਿਆਹ ਦੇ ਜੋੜ ਮਿਲਾ ਕੇ ਵਿਚੋਲਾ ਵੀ ਬਖਸ਼ਿਆ ਨਹੀਂ ਜਾਂਦਾ:-
“ਮੱਕੀ ਦਾ ਦਾਣਾ ਰਾਹ ਵਿੱਚ ਵੇਖ ਵਿਚੋਲਾ ਕੀ ਰੱਖਣਾ ਵਿਆਹ ਵਿੱਚ ਵੇ,
“ਮੱਕੀ ਦਾ ਦਾਣਾ ਟਿੰਡ ਵਿੱਚ ਵੇ ਵਿਚੋਲਾ ਨੀ ਰੱਖਣਾ ਪਿੰਡ ਵਿੱਚ ਵੇ”
ਵਿਆਹ ਦੇ ਵਿਹੜੇ ਵਿੱਚ ਸਿੱਠਣੀਆਂ ਸੱਭਿਆਚਾਰ ਦੀਆਂ ਵੰਨਗੀਆਂ ਅਤੇ ਖੁਸ਼ਬੂਆਂ ਬਿਖੇਰਦੀਆਂ ਵੱਖਰੀ ਚਿੱਤਰਕਾਰੀ ਹੁੰਦੀ ਸੀ।ਅੱਜ ਟਾਵੀਂਆਂ -ਟਾਵੀਂਆਂ ਸੁਣਦੀਆਂ ਹਨ, ਹਕੀਕਤ ਵਿੱਚ ਇਹਨਾਂ ਦੀ ਰੂਹ ਪੁਰਾਣੇ ਸਮਿਆਂ ਵਾਲੀ ਨਹੀਂ ਰਹੀ।ਇਸ ਵਿਰਸੇ ਨੂੰ ਸਾਂਭਣ, ਸੰਭਾਲਣ ਨਾਲ ਵਿਆਹ ਦੀਆਂ ਰੌਣਕਾਂ ਦੂਣੀਆਂ ਹੋ ਸਕਦੀਆਂ ਹਨ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445