ਵਿਧਾਨ ਸਭਾ ਚੋਣਾਂ ਵਿਚ ਇਸ ਵਾਰ 11 ਪੰਜਾਬਣਾਂ ਵਿਧਾਇਕਾ ਬਣਨ ਲਈ ਚੋਣ ਮੈਦਾਨ ‘ਚ ਨਿਤਰੀਆਂ
ਐਬਟਸਫੋਰਡ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀਆਂ 19 ਅਕਤਬੂਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ | ਉਮੀਦਵਾਰਾਂ ਵਲੋਂ ਵਿਧਾਨ ਸਭਾ ਵਿਚ ਪਹੁੰਚਣ ਲਈ ਜਿੱਥੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ, ਉੱਥੇ ਵਧੀ ਹੋਈ ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਫਿਲਹਾਲ ਲੋਕਾਂ ਵਿਚ ਇਨ੍ਹਾਂ ਚੋਣਾਂ ਪ੍ਰਤੀ ਦਿਲਚਸਪੀ ਬਹੁਤ ਘੱਟ ਦਿਖਾਈ ਦੇ ਰਹੀ ਹੈ | ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਨਿਊ ਡੈਮੋਕਰੈਟਿਕ ਪਾਰਟੀ, ਕੰਜ਼ਰਵੇਟਿਵ ਪਾਰਟੀ ਆਫ਼ ਬਿ੍ਟਿਸ਼ ਕੋਲੰਬੀਆ ਤੇ ਗਰੀਨ ਪਾਰਟੀ ਪ੍ਰਮੁੱਖ ਪਾਰਟੀਆਂ ਹਨ ਪਰ ਮੁੱਖ ਮੁਕਾਬਲਾ ਨਿਊ ਡੈਮੋਕਰੈਟਿਕ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਆਫ਼ ਬਿ੍ਟਿਸ਼ ਕੋਲੰਬੀਆ ਦੇ ਵਿਚਕਾਰ ਹੀ ਹੋਵੇਗਾ | ਐਨ.ਡੀ.ਪੀ. ਆਗੂ ਡੇਵਿਡ ਈਬੀ, ਕੰਜ਼ਰਵੇਟਿਵ ਆਗੂ ਜੌਹਨ ਰਸਟਡ ਅਤੇ ਗਰੀਨ ਪਾਰਟੀ ਦੀ ਨੇਤਾ ਸੋਨੀਆ ਫਰਸਤੂਨ ਵੋਟਰਾਂ ਨੂੰ ਭਰਮਾਉਣ ਵਾਸਤੇ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੇ ਹਨ | ਸੂਬੇ ਦੀ 43ਵੀਂ 93 ਮੈਂਬਰੀ ਵਿਧਾਨ ਸਭਾ ਲਈ ਚੋਣਾਂ 19 ਅਕਤੂਬਰ ਨੰੂ ਹੋਣਗੀਆਂ ਅਤੇ 10, 13, 15 ਤੇ 16 ਅਕਤੂਬਰ ਨੂੰ ਅਡਵਾਂਸ ਪੋਲਿੰਗ ਹੋਵੇਗੀ | ਚੋਣ ਨਤੀਜੇ 19 ਅਕਤੂਬਰ ਨੂੰ ਹੀ ਦੇਰ ਰਾਤ ਤੱਕ ਐਲਾਨ ਦਿੱਤੇ ਜਾਣਗੇ | ਦਿਲਚਸਪ ਗੱਲ ਇਹ ਹੈ ਕਿ ਪਿਛਲੀ ਵਿਧਾਨ ਸਭਾ ਦੇ 6 ਕੈਬਨਿਟ ਮੰਤਰੀਆਂ ਅਤੇ 24 ਵਿਧਾਇਕਾਂ ਨੇ ਸੂਬਾਈ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ | ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ 11 ਪੰਜਾਬਣਾਂ ਵਿਧਾਇਕਾ ਬਣਨ ਲਈ ਚੋਣ ਮੈਦਾਨ ‘ਚ ਨਿਤਰੀਆਂ ਹਨ | ਐਨ.ਡੀ.ਪੀ. ਨੇ 9 ਤੇ ਕੰਜ਼ਰਵੇਟਿਵ ਪਾਰਟੀ ਨੇ 1 ਪੰਜਾਬਣ ਨੂੰ ਟਿਕਟ ਦਿੱਤੀ ਹੈ ਜਦਕਿ 1 ਪੰਜਾਬਣ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ | 42ਵੀਂ ਵਿਧਾਨ ਸਭਾ ‘ਚ ਸੂਬੇ ਦੀ ਅਟਾਰਨੀ ਜਨਰਲ ਰਹੀ ਨਿੱਕੀ ਸ਼ਰਮਾ (ਵੈਨਕੂਵਰ ਹੇਸਟਿੰਗ), ਸਿੱਖਿਆ ਮੰਤਰੀ ਰਚਨਾ ਸਿੰਘ (ਸਰੀ ਉੱਤਰੀ), ਸੰਸਦੀ ਸਕੱਤਰ ਹਰਵਿੰਦਰ ਕੌਰ ਸੰਧੂ (ਵਰਨਨ-ਲੰਬੀ) ਤੇ ਵਿਧਾਇਕਾ ਜਿੰਨੀ ਸਿਮਜ਼ (ਸਰੀ ਪੈਨੋਰਮਾ) ਵਿਧਾਨ ਸਭਾ ਹਲਕੇ ਤੋਂ ਐਨ.ਡੀ.ਪੀ. ਉਮੀਦਵਾਰ ਹਨ, ਜਦਕਿ ਕਮਲ ਗਰੇਵਾਲ (ਕੈਮਲੂਪਸ ਸੈਂਟਰ), ਸੁਨੀਤਾ ਧੀਰ (ਵੈਨਕੂਵਰ ਲੰਗਾਰਾ), ਸਾਰਾਹ ਕੂਨਰ (ਐਬਟਸਫੋਰਡ ਦੱਖਣੀ), ਜੱਸੀ ਸੁੰਨੜ (ਸਰੀ ਨਿਊਟਨ) ਤੇ ਰੀਆ ਅਰੋੜਾ (ਬਰਨਬੀ ਪੂਰਬੀ) ਵਿਧਾਨ ਸਭਾ ਹਲਕੇ ਤੋਂ ਐਨ.ਡੀ.ਪੀ. ਦੀ ਟਿਕਟ ‘ਤੇ ਵਿਧਾਇਕਾ ਬਣਨ ਲਈ ਪਹਿਲੀ ਵਾਰ ਕਿਸਮਤ ਅਜ਼ਮਾ ਰਹੀਆਂ ਹਨ | ਡਾ. ਜੋਡੀ ਤੂਰ (ਲੈਂਗਲੀ ਵਿਲੋਬਰੁੱਕ) ਵਿਧਾਨ ਸਭਾ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਆਫ਼ ਬੀ.ਸੀ. ਦੀ ਉਮੀਦਵਾਰ ਹੈ ਤੇ ਦੁਪਿੰਦਰ ਕੌਰ ਸਰਾਂ ਸਰੀ ਪੈਨੋਰਮਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਨਿੱਤਰੀ ਹੈ | ਇਹ 19 ਅਕਤਬੂਰ ਨੂੰ ਹੀ ਪਤਾ ਲੱਗੇਗਾ ਕਿ ਕਿਹੜੀ ਪੰਜਾਬਣ ਉਮੀਦਵਾਰ ਵਿਧਾਇਕਾ ਬਣਨ ਵਿਚ ਸਫਲ ਹੁੰਦੀ ਹੈ |