ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖ਼ਾਰਜ
ਨਵੀਂ ਦਿੱਲੀ (ਯੂ. ਐਨ. ਆਈ.)-ਕੋਲਕਾਤਾ ਵਿਚ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਇਕ ਟਰੇਨੀ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਵਾਪਰੇ ਭਿਆਨਕ ਕਾਂਡ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕਰਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਖ਼ਾਰਜ ਕਰ ਦਿੱਤਾ ਹੈ। ਸਿਖਰਲੀ ਅਦਾਲਤ ਨੇ ਮੰਗਲਵਾਰ ਨੂੰ ਕੋਲਕਾਤਾ ਜਬਰ ਜਨਾਹ ਕਾਂਡ ਦੇ ਸਮੁੱਚੇ ਮਾਮਲੇ ਅਤੇ ਇਸ ਦੀ ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਹਾਲੀਆ ਸਥਿਤੀ ਰਿਪੋਰਟ ਉਤੇ ਗ਼ੌਰ ਕਰਨ ਲਈ ਕੀਤੀ ਜਾ ਰਹੀ ਸੁਣਵਾਈ ਦੌਰਾਨ ਇਹ ਹੁਕਮ ਸੁਣਾਇਆ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਅਸਤੀਫ਼ੇ ਬਾਰੇ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਦੀ ਝਾੜ-ਝੰਬ ਕਰਦਿਆਂ ਕਿਹਾ ਕਿ ਅਦਾਲਤ ਕੋਲ ਅਜਿਹਾ ਕੋਈ ਹੁਕਮ ਜਾਰੀ ਕਰਨ ਦੇ ਅਖ਼ਤਿਆਰ ਨਹੀਂ ਹਨ। ਬੈਂਚ ਨੇ ਕਿਹਾ, ‘‘ਇਹ ਕੋਈ ਸਿਆਸੀ ਮੰਚ ਨਹੀਂ ਹੈ। ਤੁਸੀਂ ਬਾਰ ਦੇ ਮੈਂਬਰ ਹੋ। ਅਸੀਂ ਜੋ ਕਹਿੰਦੇ ਹਾਂ ਸਾਨੂੰ ਉਸ ਲਈ ਤੁਹਾਡੀ ਤਸਦੀਕ ਨਹੀਂ ਚਾਹੀਦੀ। ਤੁਸੀਂ ਜੋ ਕਹਿੰਦੇ ਹੋ ਉਹ ਕਾਨੂੰਨੀ ਜ਼ਾਬਤੇ ਦੇ ਨੇਮਾਂ ਦੇ ਘੇਰੇ ਵਿਚ ਹੋਣਾ ਚਾਹੀਦਾ ਹੈ।’’