ਮੈਦੇ ਨੂੰ ਭੋਜਨ ਦਾ ਹਿੱਸਾ ਨਾ ਬਣਾਓ – ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
ਅੱਜ ਸਿਹਤ ਸੰਬੰਧੀ ਵੰਗਾਰਾਂ ਨੇ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਹੈ।ਜੀਭ ਦਾ ਸੁਆਦ ਅਤੇ ਬਨਾਉਟੀ ਖਾਧ ਪਦਾਰਥਾਂ ਨੇ ਡਾਕਟਰ ਅਤੇ ਕਾਰਪੋਰੇਟ ਜਗਤ ਨੂੰ ਧਨੀ ਬਣਾਇਆ ਹੈ।ਇਸ ਵਿਸ਼ੇ ਵਿੱਚ ਮੈਦਾ ਵੱਡਾ ਕਾਰਨ ਹੈ।ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੋ ਕੁਦਰਤ ਨੇ ਬਣਾਇਆ ਉਹ ਸਾਡੇ ਅਨੁਕੂਲ ਹੈ,ਜੋਂ ਅਸੀਂ ਬਣਾਇਆ ਉਹ ਸਾਡੇ ਅਨੁਕੂਲ ਨਹੀਂ ਹੈ।ਸੋਚ ਸਮਝ ਕੇ ਖਾਣਾ ਹੀ ਜੀਵਨ ਜਾਂਚ ਹੈ।
ਮੈਦੇ ਨੂੰ ਚਿੱਟੀ ਜ਼ਹਿਰ ਵੀ ਕਿਹਾ ਜਾਂਦਾ ਹੈ।ਇਹ ਇੱਕ ਪ੍ਰੀਕਿਰਿਆ ਅਧੀਨ ਕਣਕ ਨਾਲ ਛੇੜਛਾੜ ਵਿੱਚੋਂ ਉੱਪਜਦਾ ਹੈ। ਜਦੋਂ ਮੈਦਾ ਬਣਦਾ ਹੈ ਇਸ ਵਿੱਚੋਂ ਫਾਈਬਰ ਅਤੇ ਪੌਸ਼ਟਿਕ ਤੱਤਾਂ ਦੀ ਘਾਟ ਹੋ ਜਾਂਦੀ ਹੈ। ਅੱਜ ਮਾਰਕੀਟ ਵਿੱਚ ਬਰੈਡ, ਸਮੋਸੇ, ਪੀਜ਼ੇ ਅਤੇ ਪੇਸਟੀਆਂ ਖਾਣ ਨੂੰ ਸਟੇਟਸ ਸਮਝਿਆ ਜਾਂਦਾ ਹੈ।ਇਹ ਖਾਣੇ ਤੇਲ ਅਤੇ ਹੋਰ ਪ੍ਰੀਕਿਰਿਆ ਵਿੱਚੋਂ ਗੁਜ਼ਰ ਕੇ ਮੈਦੇ ਨੂੰ ਹੋਰ ਵੀ ਮਾਰੂ ਰੂਪ ਦੇ ਦਿੰਦੇ ਹਨ।ਉਂਝ ਮੈਦੇ ਨੂੰ ਸਭ ਮਨੋਰਥ ਪੂਰਾ ਕਰਨ ਵਾਲਾ ਆਟਾ ਵੀ ਕਹਿੰਦੇ ਹਨ।ਆਮ ਤੌਰ ਤੇ ਮੈਦਾ ਚੀਕਣਾ ਅਤੇ ਭਾਰੀ ਹੁੰਦਾ ਹੈ ਜੋ ਕਿ ਹਜ਼ਮ ਹੋਣ ਵਿੱਚ ਦਿੱਕਤ ਪੈਦਾ ਕਰਦਾ ਹੈ। ਡਾਇਟੀਸ਼ੀਅਨ ਅਤੇ ਸਿਹਤ ਮਾਹਿਰਾਂ ਵਲੋਂ ਮੈਦਾ ਖਾਣਾ ਸਹੀ ਨਹੀਂ ਮੰਨਿਆ ਜਾਂਦਾ।ਇਸ ਨੂੰ ਭੋਜਨ ਦਾ ਹਿੱਸਾ ਨਾ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।ਮਾਹਰ ਇਸ ਨੂੰ ਅਲਾਮਤਾਂ ਦੀ ਜੜ੍ਹ ਮੰਨਦੇ ਹਨ।ਮੈਦਾ,ਨਮਕ, ਚੀਨੀ ਚਿੱਟੀਆਂ ਤਿੰਨ ਚੀਜ਼ਾਂ ਨੂੰ ਵਰਤਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਮੈਦੇ ਨੂੰ ਭੋਜਨ ਦਾ ਹਿੱਸਾ ਨਾ ਬਣਾਓ ਅਤੇ ਇਸ ਦੀ ਵਰਤੋਂ ਤੋਂ ਹੈਰਾਨੀ ਜਨਕ ਡਰਨ ਦੀ ਲੋੜ ਨਹੀਂ ਹੈ। 2016 ਵਿੱਚ ਮਦਰਾਸ ਹਾਈ ਕੋਰਟ ਨੇ ਮੈਦੇ ਦੇ ਬਣੇ ਪਦਾਰਥਾਂ ਦੀ ਫੂਡ ਵਿਭਾਗ ਰਾਹੀਂ ਜਾਂਚ ਕਰਵਾਈ ਸੀ ਰਿਪੋਰਟ ਆਈ ਸੀ ਕਿ ਮੈਦੇ ਵਿੱਚ ਕੋਈ ਖਤਰਨਾਕ ਰਸਾਇਣ ਨਹੀਂ ਹੈ।ਮੈਦੇ ਵਿੱਚ ਸਟਾਰਚ ਦੀ ਮਾਤਰਾ ਲੋੜੋਂ ਵੱਧ ਹੁੰਦੀ ਹੈ।ਇਹ ਸਟਾਰਚ ਗੁਲੂਕੋਸਾਇਡਰ ਦੇ ਮੇਲ ਭਾਵ ਨਾਲ ਮਿਲ ਕੇ ਵੱਡੇ ਪੱਧਰ ਤੇ ਗੁਲੂਕੋਜ਼ ਦੀਆਂ ਇਕਾਈਆਂ ਹਨ। ਇਸੇ ਕਰਕੇ ਇਸ ਨੂੰ ਸ਼ੂਗਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ।ਜੋ ਰੋਗਾਂ ਦਾ ਕਾਰਨ ਬਣਦਾ ਹੈ।ਇਹ ਕਾਰਬੋਹਾਈਡ੍ਰੇਟ ਦੀ ਸ਼੍ਰੇਣੀ ਵਿੱਚ ਆਉਂਦਾ ਹੈ।100 ਮੈਲੇ ਵਿੱਚ 74.27 ਗ੍ਰਾਮ ਸਟਾਰਚ ਹੁੰਦਾ ਹੈ।ਇਹੀ ਮੈਦੇ ਦੇ ਨਾਂਹਪੱਖੀ ਪ੍ਰਭਾਵ ਨੂੰ ਦਰਸਾਉਂਦਾ ਹੈ। ਮੈਦਾ ਖਾਣ ਵਾਲਿਆਂ ਨੂੰ ਸਖ਼ਤ ਕਸਰਤ ਦੀ ਜ਼ਰੂਰਤ ਹੁੰਦੀ ਹੈ,ਜੋਂ ਹੁੰਦੀ ਨਹੀਂ।ਦਸ ਹਜ਼ਾਰ ਕਦਮ ਤੁਰਨ ਨਾਲ ਆਮ ਹਾਲਤਾਂ ਵਿੱਚ ਸਿਹਤ ਠੀਕ ਰਹਿੰਦੀ ਹੈ। ਮੈਦਾ ਖਾਣ ਵਾਲਿਆਂ ਨੂੰ ਇਸ ਤੋਂ ਵੱਧ ਕਸਰਤ ਦੀ ਜ਼ਰੂਰਤ ਹੈ। ਸੰਤੁਲਿਤ ਖਾਣਾ ਜੀਵਨ ਜਾਂਚ ਦਾ ਹਿੱਸਾ ਹੋਣਾ ਚਾਹੀਦਾ ਹੈ। ਮੈਦਾ ਖਾਧ ਪਦਾਰਥਾਂ ਤੋਂ ਜਿੰਨਾ ਵੀ ਹੋ ਸਕੇ ਗੁਰੇਜ਼ ਕਰਨਾ ਚਾਹੀਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445