ਰਾਹ ਪਿਆ ਜਾਣੀਏ ਵਾਹ ਪਿਆ ਜਾਣੀਏ -ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
ਸਮਾਜ ਨਿਰੰਤਰ ਵਰਤਾਰਾ ਹੈ। ਵਿਆਹ ਇਸ ਦੀ ਬੁਨਿਆਦ ਹੈ। ਵਿਆਹ ਤੋਂ ਬਾਅਦ ਸਮਾਜ ਦੀ ਨਵੀਂ ਇਕਾਈ ਸਥਾਪਿਤ ਹੋਣ ਕਰਕੇ ਕੁੜੀ ਨੂੰ ਸੰਦੂਕ ਦੇਣ ਦਾ ਸੱਭਿਆਚਾਰ ਹੈ। ਹੌਲੀ ਹੌਲੀ ਇਹ ਸੰਦੂਕ ਬੇਬੇ ਦੇ ਸੰਦੂਕ ਨਾਲ ਪ੍ਰਚੱਲਿਤ ਹੁੰਦਾ ਹੈ। ਸੰਦੂਕ ਵਿੱਚ ਬੇਬੇ ਦੀ ਜ਼ਿੰਮੇਵਾਰੀ ਅਤੇ ਕਬੀਲਦਾਰੀ ਦੀ ਪੰਡ ਛੁਪੀ ਹੁੰਦੀ ਹੈ। ਸੰਦੂਕ ਸਮਾਜਿਕ ਸਰੁੱਖਿਆ ਅਤੇ ਸਲੀਕੇ ਦਾ ਸਿਰਨਾਵਾਂ ਲਿਖਦਾ ਹੈ। ਇੱਕ ਬੋਲੀ ਵੀ ਗਵਾਹੀ ਭਰਦੀ ਹੈ,
“ਨੀਂ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਹਲੇ”
“ਸੰਦੂਕ ਨਾ ਦਾਜ ਵਿੱਚ ਲਿਆਈ ਬਹੁਤਿਆਂ ਭਰਾਵਾਂ ਵਾਲੀਏ “
ਸਮੇਂ ਦੇ ਬਦਲੇ ਵੇਗ ਨੇ ਸੰਦੂਕ ਦੀ ਜਗ੍ਹਾ ਅਲਮਾਰੀਆਂ ਕੱਪ ਬੋਰਡਾਂ ਨੇ ਮੱਲ ਲਈ ਹੈ। ਬੇਬੇ ਦੀ ਸੋਚ ਉਹੀ ਹੈ। ਸੰਦੂਕ ਉੱਪਰ ਹੱਕ ਜਤਾਉਂਦੀ ਰਹਿੰਦੀ ਹੈ।ਉਮਰ ਦਾ ਹਾਣੀ ਸੰਦੂਕ ਨੇਹੁੰ ਦੀ ਗੰਢ ਮਜ਼ਬੂਤ ਰੱਖਦਾ ਹੈ। ਸੰਦੂਕ ਨਾਲ ਛੇੜਛਾੜ ਬੇਬੇ ਨੂੰ ਹਰਗਿਜ਼ ਬਰਦਾਸ਼ਤ ਨਹੀਂ। ਬੇਬੇ ਦੇ ਸੰਦੂਕ ਵਿੱਚੋਂ ਚੱਲੀ ਕਬੀਲਦਾਰੀ ਨੇ ਉਮਰ ਬੀਤਣ ਨਾਲ ਨੂੰਹ ਲਿਆਉਣ ਲਈ ਪੈਂਡਾ ਤੈਅ ਕਰ ਲਿਆ ਹੈ। ਨੂੰਹ ਨੂੰ ਉਮਰ ਦੇ ਪਾੜੇ ਕਰਕੇ ਬੇਬੇ ਅਤੇ ਸੰਦੂਕ ਰੂੜੀਵਾਦੀ ਲਗਦੇ ਹਨ। ਨਵੀਂ ਨੂੰਹ ਨੂੰ ਸੰਦੂਕ ਦਾ ਸਫ਼ਰ ਪਤਾ ਨਹੀਂ ਹੁੰਦਾ। ਸੰਦੂਕ ਨੋਕ ਝੋਕ ਤੋਂ ਅੱਗੇ ਹੋ ਕੇ ਤੁਰ ਪੈਂਦਾ ਹੈ। ਨੂੰਹ ਆਪਣੇ ਨਾਲ ਲਿਆਈ ਸਮਾਨ ਨੂੰ ਉੱਤਮ ਅਤੇ ਸਮੇਂ ਦਾ ਹਾਣੀ ਸਮਝਦੀ ਹੈ,ਪਰ ਅਫਸੋਸ ਸੰਦੂਕ ਦਾ ਇਤਿਹਾਸ ਨਹੀਂ ਸਮਝਦੀ। ਨੂੰਹ ਦਾ ਭਰਮ ਹੁੰਦਾ ਹੈ ਕਿ ਸੰਦੂਕ ਫਾਲਤੂ ਦੀ ਚੀਜ਼ ਜਗ੍ਹਾ ਘੇਰੀ ਬੈਠੀ ਹੈ। ਬੇਬੇ ਨਾਲ ਸੰਦੂਕ ਦੀ ਸਾਂਝ ਨੂੰ ਜਾਣਬੁੱਝ ਕੇ ਨਾ ਸਮਝਣਾ ਆਪਣੇ ਸਮਾਜੀਕਰਨ ਤੋਂ ਵਿਹੂਣਾ ਹੋਣ ਨੂੰ ਹੀ ਮਾਡਰਨ ਸਮਝਣ ਦਾ ਭੁਲੇਖਾ ਪਾਲ ਲੈਂਦੀ ਹੈ। ਹੌਲੀ ਹੌਲੀ ਜੀਵਨ ਦੀ ਗਤੀਸ਼ੀਲਤਾ ਵਿੱਚੋਂ ਬੇਬੇ ਦੇ ਸੰਦੂਕ ਨੂੰ ਆਪਣੇ ਸਾਜ਼ ਸਮਾਨ ਦੇ ਨਜ਼ਰੀਏ ਤੋਂ ਸਹੀ ਸਮਝਣ ਲੱਗਦੀ ਹੈ। ਨੂੰਹ ਨੂੰ ਵੀ ਨੂੰਹ ਤੋਂ ਇਹੀ ਵਰਤਾਰਾ ਮਿਲਦਾ ਹੈ ਜੋਂ ਸੱਸ ਨੂੰ ਦਿੱਤਾ ਸੀ। ਜਿਵੇਂ ਜਿਵੇਂ ਰਾਹ ਵਾਹ ਪੈਂਦਾ ਹੈ ਤਾਂ ਇਹ ਕਹਾਵਤ ਢੁੱਕਦੀ ਜਾਂਦੀ ਹੈ,”ਕੋਈ ਆਪਣੇ ਬਾਪ ਨੂੰ ਨਦੀ ਵਿੱਚ ਸੁੱਟਣ ਲੱਗਾ,ਬਾਪ ਕਹਿੰਦਾ ਥੌੜਾ ਅੱਗੇ ਸੁੱਟੀ ਇਸ ਜਗ੍ਹਾ ਤਾਂ ਮੈਂ ਆਪਣਾ ਬਾਪ ਸੁੱਟਿਆ ਸੀ “ਇਸ ਨਾਲ ਗਿਆਨ ਦਾ ਚਸ਼ਮਾ ਫੁੱਟ ਪਿਆ।
ਜਦੋਂ ਪੁੱਤ ਦਾ ਵਿਆਹ ਹੁੰਦਾ ਹੈ, ਬੱਚੇ ਹੋ ਜਾਂਦੇ ਹਨ।ਉਸ ਨੂੰ ਉਦੋਂ ਪਤਾ ਚੱਲਦਾ ਹੈ ਕਿ ਮੇਰਾ ਬਾਪ ਮੇਰੀ ਝਾੜ ਝਪਟ ਕਿਉਂ ਕਰਦਾ ਸੀ? ਪਹਿਲਾਂ ਤਾਂ ਮਾਂ ਦਾ ਲਾਡਲਾ ਮੋਹ ਵਿੱਚ ਭਿੱਜ ਕੇ ਸੂਝ ਤੋਂ ਪਰੇ ਹੁੰਦਾ ਹੈ।ਸਮਝਣ ਤੋਂ ਅਸਮਰਥ ਹੁੰਦਾ ਹੈ। ਤਜਰਬਾ ਅੱਖਰੀ ਗਿਆਨ ਤੋਂ ਕਿਤੇ ਉੱਤੇ ਹੁੰਦਾ ਹੈ। ਰੂੜੀਵਾਦੀ ਵਿਚਾਰਾਂ ਤੋਂ ਗ਼ੁਰੇਜ਼ ਕਰੋ, ਰੂੜੀਵਾਦੀ ਵਸਤਾਂ ਤੋਂ ਨਹੀਂ। ਆਪਣੇ ਸਮਾਨ ਤੋਂ ਵੱਧ ਬੇਬੇ ਦੇ ਸੰਦੂਕ ਦੀ ਕਦਰ ਕਰਨੀ ਚਾਹੀਦੀ ਹੈ। ਜਿਹਨਾਂ ਨੇ ਸੰਦੂਕ ਘਰੋਂ ਕੱਢੇ ਉਹ ਹੁਣ ਪੈਸੇ ਖਰਚ ਕੇ ਅਜਾਇਬ ਘਰਾਂ ਵਿੱਚ ਦੇਖਦੇ ਹਨ।ਜਿਵੇਂ ਬਾਪੂ ਕਹਿਣਾ ਸੌਖਾ ਹੈ ਪਰ ਬਾਪੂ ਕਹਾਉਣਾ ਔਖਾ ਹੈ । ਠੀਕ ਇਸੇ ਤਰਜ਼ ਤੇ ਸੱਸ ਨਾਲ ਛੱਤੀ ਦੇ ਅੰਕੜੇ ਦਾ ਸੱਸ ਬਣਕੇ ਹੀ ਪਤਾ ਚਲਦਾ ਹੈ।ਇਸ ਲਈ ਕਿਹਾ ਗਿਆ ਸੀ,”ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ”
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445