ਭੁੱਬਲ ਵਿੱਚ ਛੱਲੀ ਭੁੰਨਣੀ..!ਬੁੱਧ ਸਿੰਘ ਨੀਲੋਂ
ਇਸ ਸਮੇਂ ਪੰਜਾਬ ਦੇ ਜਾਗਦੇ ਲੋਕਾਂ ਦੇ ਪੈਰਾਂ ਹੇਠਾਂ ਅੰਗਿਆਰ ਹਨ ਤੇ ਸਿਰ ਉੱਤੇ ਸੱਤਾਧਾਰੀਆਂ ਦੀ ਤਲਵਾਰ ਲਟਕਦੀ ਹੈ। ਜੋ ਲੋਕ ਚੁੱਪ ਹਨ , ਉਹਨਾਂ ਦੇ ਲਈ ਇਹ ਧਰਨੇ, ਰੋਸ ਰੈਲੀਆਂ ਤੇ ਬੰਦ ਦੇ ਸੱਦੇ ਫਜ਼ੂਲ ਹਨ। ਬਹੁਗਿਣਤੀ ਲੋਕਾਂ ਦੀ ਮਾਨਸਿਕਤਾ ਘਰ ਤੋਂ ਕੰਮ ਉਤੇ, ਕੰਮ ਤੋਂ ਘਰ ਤੱਕ ਦੀ ਬਣਾ ਦਿੱਤੀ ਗਈ ਹੈ। ਜ਼ਿੰਦਗੀ ਨੇ ਜਿਉਣਾ ਐਨਾ ਦੁੱਬਰ ਤੇ ਔਖਾ ਕਰ ਦਿੱਤਾ ਹੈ ਕਿ ਚੁੱਲ੍ਹਾ ਬਲਦਾ ਰੱਖਣਾ ਮੁਸ਼ਕਲ ਹੋ ਗਿਆ ਹੈ ਅਤੇ ਉਸ ਲਈ ਸਭ ਕੁੱਝ ਗਿਰਵੀ ਰਖਵਾ ਲਿਆ ਹੈ। ਅਸਮਾਨ ਛੂਹਦੀਆਂ ਬਜ਼ਾਰ ਦੀ ਕੀਮਤਾਂ ਨੇ ਮਨੁੱਖ ਨੂੰ ਚੱਕਰਵਿਊ ਵਿੱਚ ਫਸਾ ਲਿਆ ਹੈ।ਉਸਦੀ ਹਾਲਤ ਧੋਬੀ ਦੇ ਕੁੱਤੇ ਵਰਗੀ ਹੋ ਗਈ ਹੈ। ਬਹੁਗਿਣਤੀ ਲੋਕਾਂ ਦੀ ਦਸ਼ਾ ਤੇ ਦਿਸ਼ਾ ਊਠ ਮਗਰ ਤੁਰੇ ਜਾ ਰਹੇ ਕੁੱਤੇ ਵਰਗੀ ਹੈ। ਦੋਨਾਂ ਹੀ ਹਾਲਤਾਂ ਦੇ ਵਿੱਚ ਆਮ ਤੇ ਮੱਧ ਵਰਗੀ ਮਨੁੱਖ ਕੁੱਤਾ ਬਣ ਕੇ ਰਹਿ ਗਿਆ ਹੈ। ਆਮ ਆਦਮੀ ਆਪਣੇ ਘਰ ਤੇ ਪਰਿਵਾਰ ਪ੍ਰਤੀ ਵਫਾਦਾਰ ਹੈ । ਮੱਧ ਵਰਗੀ ਸਮਾਜ ਆਪਣੀਆਂ ਅਣ ਇੱਛਤ ਇੱਛਾਵਾਂ ਦੇ ਪ੍ਰਤੀ ਸਮਰਪਿਤ ਹੈ। ਚੱਕੀ ਦੇ ਦੋਵੇਂ ਹੀ ਪੁੜਾਂ ਦੇ ਹੇਠਾਂ ਦੋਵੇਂ ਪਿਸ ਰਹੇ ਹਨ। ਆਮ ਆਦਮੀ ਚੀਕਦਾ ਹੈ ਤੇ ਸੱਤਾ ਦੇ ਖਿਲਾਫ ਸੰਘਰਸ਼ ਦੇ ਰਾਹ ਤੁਰਿਆ ਹੈ। ਉਹ ਸੱਤਾ ਦੇ ਵਿਰੁੱਧ ਸੰਘਰਸ਼ ਕਰੇ ਜਾਂ ਪਰਵਾਰ ਬਚਾਉਣ ਲਈ ਆਪਣਾ ਖੂਨ ਪਸੀਨਾ ਵਹਾਏ ? ਸਰਮਾਏਦਾਰੀ ਸਿਸਟਮ ਐਨਾ ਮਜ਼ਬੂਤ ਤੇ ਬੇਕਿਰਕ ਹੈ ਕਿ ਉਸਦੇ ਲਈ ਮਨੁੱਖ ਦੇ ਨਾਲੋਂ ਵਸਤੂਆਂ ਦੀ ਵਧੇਰੇ ਕੀਮਤ ਹੈ। ਧਰਮ ਗੋਰਖਧੰਦਾ ਬਣ ਕੇ ਮੁਨਾਫੇ ਦਾ ਸਾਧਨ ਬਣ ਕੇ ਰਹਿ ਗਿਆ ਹੈ। ਆਮ ਮਨੁੱਖ ਨੂੰ ਕਿਧਰੇ ਵੀ ਚਾਨਣ ਨਜ਼ਰ ਨਹੀਂ ਆ ਰਿਹਾ। ਬਹੁਗਿਣਤੀ ਲੋਕਾਂ ਦੀ ਰੂਹ ਮਰ ਗਈ ਹੈ। ਜੋ ਰੂਹਦਾਰੀ ਵਾਲੇ ਹਨ, ਉਹ ਚੁੱਪ ਹਨ। ਸੱਤਾਧਾਰੀ ਵੋਟਾਂ ਗਿਣਦੇ ਤੇ ਪਾਣੀ ਮਿਣਦੇ ਫਿਰ ਰਹੇ ਹਨ। ਲੋਕ ਸਿਰ ਨੀਵਾਂ ਕਰਕੇ ਬੇਸ਼ਰਮ ਹੋਏ ਭੇਡਾਂ ਵਾਂਗ ਉਹਨਾਂ ਮਗਰ ਛਾਲ ਮਾਰ ਰਹੇ ਹਨ। ਸੱਤਾਧਾਰੀ ਮੂਕ ਦਰਸ਼ਕ ਬਣ ਗਿਆ ਹੈ। ਥਾਂ ਥਾਂ ਰੋਸ ਪ੍ਰਦਰਸ਼ਨ ਹੋ ਰਹੇ ਹਨ। ਆਮ ਲੋਕਾਂ ਨੂੰ ਸੱਤਧਾਰੀ ਹਕੂਮਤ, ਉਨ੍ਹਾਂ ਦੇ ਧੀਆਂ ਪੁੱਤਾਂ ਤੋਂ ਕੁਟਵਾ ਰਹੀ ਹੈ।ਅਸੀਂ ਕੁੱਟ ਖਾ ਰਹੇ ਹਾਂ। ਪਹਿਲਾਂ ਗੋਰੇ ਸਿਆਸਤਦਾਨ ਬਣੇ ਸਨ, ਆਮ ਲੋਕਾਂ ਨੂੰ ਉਨ੍ਹਾਂ ਦੇ ਲੋਕਾਂ ਤੋਂ ਹੀ ਕੁੱਟਵਾਉਦੇ ਤੇ ਮਰਵਾਉਦੇ ਸਨ। ਕੀ ਬਦਲਿਆ 76 ਸਾਲ ਵਿੱਚ, ਸਿਰਫ ਸਮਾਂ ਬਦਲਿਆ ਹੈ। ਸੱਤਧਾਰੀ ਲੋਕ ਬਦਲੇ ਹਨ। ਬਾਕੀ ਕਾਨੂੰਨ ਤੇ ਤਸ਼ੱਦਤ ਦਾ ਤਰੀਕਾ ਨਹੀਂ ਬਦਲਿਆ। ਉਹ ਪਹਿਲਾਂ ਨਾਲੋਂ ਵੀ ਕਰੂਰ ਹੋਇਆ ਹੈ। ਇਸ ਦੇ ਪਿੱਛੇ ਕੌਣ ਹੈ ਜੋ ਕੱਠਪੁਤਲੀ ਦੇ ਵਾਂਗੂੰ ਡੋਰ ਖਿੱਚਦਾ ਹੈ ? ਦੁਸ਼ਮਣ ਅਸਲੀ ਉਹ ਹੈ,ਇਹ ਸੱਤਾਧਾਰੀ ਤਾਂ ਦਲਾਲ ਹਨ। ਇਸ ਜੰਗ ਦੇ ਵਿੱਚ ਕੌਣ ਮਰ ਰਿਹਾ ਐ ? ਆਮ ਆਦਮੀ ਕੌਣ ਹੈ, ਉਹ ਕਿਹੜੀ ਅੱਗ ਉਤੇ ਛੱਲੀ ਭੁੰਨ ਰਿਹਾ ਹੈ ? ਕੌਣ ਅੱਗ ਵਿੱਚ ਬਲ ਰਿਹਾ ਹੈ? ਭੁੱਬਲ ਦੇ ਵਿੱਚ ਕੌਣ ? ਛੱਲੀ ਭੁੰਨ ਕੌਣ ਰਿਹਾ ਐ ? ਆਮ ਆਦਮੀ।ਸੋਚੋ ਸਿਰ ਵਿੱਚੋਂ ਧਰਮ ਦਾ ਭਾਰ ਉਤਾਰ ਕੇ ਕੁੱਝ ਅਕਲ ਦੇ ਦਰਵਾਜ਼ੇ ਨੂੰ ਖੜਕਾਓ। ਧਰਮ ਠੁੰਮਣਾ ਹੈ, ਇਸ ਤੋਂ ਵਧੇਰੇ ਕੁੱਝ ਨਹੀਂ। ਪੜ੍ਹੋ, ਜੁੜੋ, ਸੰਘਰਸ਼ ਕਰੋ। ਹੁਣ ਸ਼ਹੀਦੀਆਂ ਦੇਣ ਦਾ ਸਮਾਂ ਨਹੀਂ ਸਗੋਂ ਵਿਚਾਰਾਂ ਦਾ ਸਮਾਂ ਹੈ। ਵਿਚਾਰ ਪੈਦਾ ਕਰਨ ਲਈ ਗਿਆਨ, ਅਧਿਐਨ ਤੇ ਚੰਗੀਆਂ ਕਿਤਾਬਾਂ ਪੜ੍ਹਨ ਦੀ ਲੋੜ ਹੈ। ਕਿਤਾਬਾਂ ਵੱਲ ਖੁੱਲ੍ਹਦੀ ਖਿੜਕੀਆਂ ਵੱਡੀਆਂ ਵੱਡੀਆਂ ਮੰਜ਼ਿਲਾਂ ਦੇ ਰਾਹ ਦੱਸਦੀਆਂ ਹਨ। ਧਰਮ ਦੀ ਸਵਾਹ ਨਾ ਫਰੋਲੋ। ਨਾ ਇਸ ਦੇ ਲਈ ਜੀਵਨ ਖਰਾਬ ਕਰੋ। ਆਓ ਕਿਤਾਬਾਂ ਨਾਲ ਸਾਂਝ ਪਾਉਣ ਲਈ ਪ੍ਰਣ ਕਰੀਏ।
—
ਬੁੱਧ ਸਿੰਘ ਨੀਲੋਂ
9467370823