ਮੇਰੇ ਭਰਾ ਦਾ ਨਜ਼ਰੀਆ ਵਖਰਾ ਸੀ ਤੇ ਮੇਰਾ ਨਜ਼ਰੀਆ ਵਖਰਾ ਹੈ : ਏਜਾਜ਼ ਅਹਿਮਦ ਗੁਰੂ
ਸੋਪੋਰ (ਜੰਮੂ ਕਸ਼ਮੀਰ) : ਵਿਕਾਸ ਅਤੇ ਰੁਜ਼ਗਾਰ ਦੇ ਮੁੱਦੇ ’ਤੇ ਜੰਮੂ-ਕਸ਼ਮੀਰ ਦੀ ਸੋਪੋਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਏਜਾਜ਼ ਅਹਿਮਦ ਗੁਰੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਲਕੇ ਨੂੰ ਦਰਪੇਸ਼ ਚੁਨੌਤੀਆਂ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਦਰਪੇਸ਼ ਵੱਡੀਆਂ ਸਮੱਸਿਆਵਾਂ ਨੂੰ ਦਰਸਾਉਂਦੀਆਂ ਹਨ।
ਏਜਾਜ਼ ਅਹਿਮਦ ਗੁਰੂ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦਾ ਭਰਾ ਹੈ। ਇਲਾਕੇ ਦੇ ਵਿਕਾਸ ਅਤੇ ਨੌਜੁਆਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਵਾਅਦੇ ਨਾਲ ਗੁਰੂ ਅਪਣੇ ਭਰਾ ਦੇ ਅਕਸ ਤੋਂ ਦੂਰ ਅਪਣੀ ਸਿਆਸੀ ਪਛਾਣ ਬਣਾਉਣ ਦੀ ਦੌੜ ਵਿਚ ਹਨ। ਇਕ ਇੰਟਰਵਿਊ ’ਚ ਏਜਾਜ਼ ਨੇ ਕਿਹਾ, ‘‘ਮੇਰੇ ਭਰਾ ਦਾ ਨਜ਼ਰੀਆ ਵੱਖਰਾ ਸੀ ਅਤੇ ਮੇਰਾ ਨਜ਼ਰੀਆ ਵੱਖਰਾ ਹੈ।’’ ਏਜਾਜ਼ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਧਿਆਨ ਵੱਖਵਾਦੀ ਵਿਚਾਰਧਾਰਾਵਾਂ ਦੀ ਬਜਾਏ ਵਿਕਾਸ ’ਤੇ ਹੈ।
ਅਫਜ਼ਲ ਗੁਰੂ ਨੂੰ ਦਸੰਬਰ 2001 ’ਚ ਸੰਸਦ ’ਤੇ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ 9 ਫ਼ਰਵਰੀ 2013 ਨੂੰ ਤਿਹਾੜ ਜੇਲ੍ਹ ’ਚ ਫਾਂਸੀ ਦਿਤੀ ਗਈ ਸੀ। ਆਜ਼ਾਦ ਉਮੀਦਵਾਰ ਏਜਾਜ਼ ਅਹਿਮਦ ਗੁਰੂ ਨੇ ਸੰਵਿਧਾਨ ਨੂੰ ਕਾਇਮ ਰੱਖਣ ਅਤੇ ਸੋਪੋਰ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਪਣੀ ਵਚਨਬੱਧਤਾ ਜ਼ਾਹਰ ਕੀਤੀ।
ਮੈਟ੍ਰਿਕ ਤਕ ਪੜ੍ਹਾਈ ਪੂਰੀ ਨਾ ਕਰਨ ਵਾਲੇ ਏਜਾਜ਼ ਗੁਰੂ ਨੇ ਕਿਹਾ ਕਿ ਇਸ ਖੇਤਰ ਨੂੰ ਸਾਲਾਂ ਤੋਂ ਅਣਗਹਿਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਦੇ ਸੇਬ ਦੇ ਬਾਗਾਂ ਲਈ ਮਸ਼ਹੂਰ ਸੋਪੋਰ 1990 ਦੇ ਦਹਾਕੇ ਦੇ ਸ਼ੁਰੂ ਵਿਚ ਅਤਿਵਾਦ ਦਾ ਕੇਂਦਰ ਬਣ ਗਿਆ ਸੀ। ਵੱਖਵਾਦੀ ਨੇਤਾ ਸਈਅਦ ਅਲੀ ਗਿਲਾਨੀ ਇਸ ਸੀਟ ਤੋਂ ਤਿੰਨ ਵਾਰ ਚੁਣੇ ਗਏ ਸਨ। ਉਹ ਆਖਰੀ ਵਾਰ 1987 ’ਚ ਵਿਧਾਇਕ ਚੁਣੇ ਗਏ ਸਨ।