ਹਸੀਨਾ ਨੂੰ ਸਾਜਿ਼ਸ਼ ਤਹਿਤ ਹਟਾਇਆ ਗਿਆ-ਮੁਹੰਮਦ ਯੂਨਸ
ਵਾਸਿ਼ੰਗਟਨ: ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਸਵੀਕਾਰ ਕੀਤਾ ਹੈ ਕਿ ਸ਼ੇਖ ਹਸੀਨਾ ਨੂੰ ਸੱਤਾ ਤੋਂ ਹਟਾਉਣ ਲਈ ਸਾਜਿ਼ਸ਼ ਰਚੀ ਗਈ ਸੀ। ਅਮਰੀਕਾ ਵਿੱਚ ਕਲਿੰਟਨ ਗਲੋਬਲ ਇਨੀਸ਼ੀਏਟਿਵ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨਸ ਨੇ ਬੰਗਲਾਦੇਸ਼ ਦੇ ਵਿਦਿਆਰਥੀ ਆਗੂਆਂ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਬੰਗਲਾਦੇਸ਼ ਦਾ ਨਵਾਂ ਰੂਪ ਤਿਆਰ ਕਰ ਰਹੇ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨਸ ਨੇ ਕਿਹਾ ਕਿ ਇਹ ਮੁਜ਼ਾਹਰਾ ਬਹੁਤ ਸੋਚੀ ਸਮਝੀ ਲਹਿਰ ਸੀ, ਜਿਸ ਵਿੱਚ ਕਿਸੇ ਇੱਕ ਵਿਅਕਤੀ ਨੂੰ ਆਗੂ ਨਹੀਂ ਬਣਾਇਆ ਗਿਆ ਅਤੇ ਨਾ ਹੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕਾਰਨ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਨਾ ਮਿਲੀ ਅਤੇ ਇਹ ਅੰਦੋਲਨ ਹੋਰ ਵੀ ਸ਼ਕਤੀਸ਼ਾਲੀ ਹੋ ਗਿਆ।
ਇਸ ਤੋਂ ਬਾਅਦ ਯੂਨਸ ਨੇ ਮੀਟਿੰਗ ਵਿੱਚ ਆਪਣੇ ਸਹਾਇਕ ਮਹਿਫੂਜ਼ ਆਲਮ ਦੀ ਜਾਣ-ਪਹਿਚਾਣ ਕਰਵਾਈ ਅਤੇ ਕਿਹਾ ਕਿ ਇਸ ਦੇ ਲਈ ਅਸੀਂ ਦੋਵੇਂ ਜਿ਼ੰਮੇਵਾਰ ਹਾਂ। ਢਾਕਾ ਟ੍ਰਿਬਿਊਨ ਮੁਤਾਬਕ ਮੁੱਖ ਸਲਾਹਕਾਰ ਨੇ ਕਿਹਾ ਕਿ ਜੇਕਰ ਤੁਸੀਂ ਇਨ੍ਹਾਂ ਵਿਦਿਆਰਥੀ ਆਗੂਆਂ ਦੇ ਚਿਹਰਿਆਂ ‘ਤੇ ਨਜ਼ਰ ਮਾਰੋ ਤਾਂ ਉਹ ਆਮ ਨੌਜਵਾਨਾਂ ਵਾਂਗ ਦਿਖਾਈ ਦੇਣਗੇ। ਪਰ ਜਦੋਂ ਉਹ ਬੋਲਣਾ ਸ਼ੁਰੂ ਕਰਨਗੇ, ਤੁਸੀਂ ਕੰਬ ਜਾਓਗੇ। ਉਨ੍ਹਾਂ ਨੇ ਆਪਣੇ ਭਾਸ਼ਣਾਂ ਅਤੇ ਸਮਰਪਣ ਨਾਲ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਯੂਨਸ ਨੇ ਕਿਹਾ ਕਿ ਪੂਰੇ ਅੰਦੋਲਨ ਦੇ ਪਿੱਛੇ ਮਹਿਫੂਜ਼ ਦਾ ਦਿਮਾਗ ਸੀ। ਹਾਲਾਂਕਿ ਉਹ ਇਸ ਗੱਲ ਤੋਂ ਇਨਕਾਰ ਕਰਦਾ ਰਹਿੰਦਾ ਹੈ, ਪਰ ਇਸ ਤਰ੍ਹਾਂ ਉਸ ਨੂੰ ਮਾਨਤਾ ਮਿਲੀ। ਇਹ ਅੰਦੋਲਨ ਅਚਾਨਕ ਸ਼ੁਰੂ ਨਹੀਂ ਹੋਇਆ। ਇਸ ਨੂੰ ਪੂਰੀ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਸੀ। ਇਸ ਤਹਿਤ ਕੋਈ ਨਹੀਂ ਜਾਣਦਾ ਕਿ ਇਹ ਆਗੂ ਕੌਣ ਸੀ।
ਯੂਨਸ ਦੇ ਭਾਸ਼ਣ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਉਨ੍ਹਾਂ ਕੋਲ ਮੌਜੂਦ ਸਨ।