ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਹਜ਼ਾਰਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ,ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ
ਅੱਜ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੀ ਪ੍ਰਬੰਧਕ ਕਮੇਟੀ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ,ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਅਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੱਚਿਆਂ ਵੱਲੋਂ ਸ੍ਰੀ ‘ਜਪੁ ਜੀ ਸਾਹਿਬ’ ਬਾਣੀ ਦਾ ਪਾਠ ਕਰਕੇ ਕੀਤੀ ਗਈ। ਇਸ ਤੋਂ ਬਾਅਦ ਬੱਚਿਆਂ ਨੇ ਮੂਲ ਮੰਤਰ ਗਾਇਨ ਕੀਤਾ ਅਤੇ ਫਿਰ ਦੂਜੀ ਕਲਾਸ ਦੇ ਬੱਚਿਆਂ ਨੇ ‘ਆਸਾ ਦੀ ਵਾਰ’ ਦੇ ਸਲੋਕ “ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥” ਦਾ ਇੰਗਲਿਸ਼ ਵਿੱਚ ਉਲੱਥਾ ਕਰਕੇ ਖੂਬ ਵਾਹ ਵਾਹ ਖੱਟੀ। ਇਸ ਤੋਂ ਇਲਾਵਾ ਵੱਡੀਆਂ ਕਲਾਸਾਂ ਦੇ ਬੱਚਿਆਂ ਨੇ ਚੌਥੇ ਮਹਾਨ ਸਤਿਗੁਰੂ ਜੀ ਦੀ ਸ਼ੋਭਾ ਵਿੱਚ ਉਚਾਰੇ ਭੱਟਾਂ ਦੇ ਸਵੱਈਆਂ ਵਿੱਚੋਂ ਅਤੇ ਰਾਮਕਲੀ ਕੀ ਵਾਰ ਵਿੱਚੋਂ “ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਇਆ॥”, “ਬੈਠਾ ਸੋਢੀ ਪਾਤਸਾਹ” ਅਤੇ “ਇਕ ਅਰਦਾਸ ਭਾਟ ਕੀਰਤਿ ਕੀ” ਗਾਇਨ ਕਰਕੇ ਬੜਾ ਹੀ ਅਨੰਦਮਈ ਮਾਹੌਲ ਸਿਰਜਣ ਵਿੱਚ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਉੱਤੇ ਪ੍ਰਕਾਸ਼ ਪਾਇਆ ਗਿਆ। ਬੱਚਿਆਂ ਨੇ ਲੈਕਚਰ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਜੀਵਨ ਵਿੱਚ ਕਈ ਵਡਮੁੱਲੇ ਮਹਾਨ ਕਾਰਜ ਕੀਤੇ ।ਉਹਨਾਂ ਨੇ ਸ੍ਰੀ ਅੰਮ੍ਰਿਤਸਰ ਨਗਰ ਵਸਾਇਆ ਅਤੇ ਪਵਿੱਤਰ ਅੰਮ੍ਰਿਤਸਰ ਅਤੇ ਸੰਤੋਖਸਰ ਸਰੋਵਰ ਦਾ ਨਿਰਮਾਣ ਕਰਵਾਇਆ। ਸਮਾਗਮ ਦੇ ਅੰਤ ਵਿੱਚ ਅਨੰਦ ਸਾਹਿਬ ਦਾ ਪਾਠ ਕਰਕੇ ਬੱਚਿਆਂ ਵੱਲੋਂ ਹੀ ਅਰਦਾਸ ਕਰਕੇ, ਹੁਕਮਨਾਮਾ ਸਾਹਿਬ ਲ਼ੈਣ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ।
ਇਸ ਮੌਕੇ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਿਤਾਲ ਕੌਰ ਜੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਬਹੁਤ ਬਖਸ਼ਿਸ਼ਾਂ ਹਨ। ਉਨ੍ਹਾਂ ਦੇ ਉਪਦੇਸ਼ ਜੀਵਨ ਨੂੰ ਅਨੰਦਮਈ ਬਣਾਉਣ ਵਾਲੇ ਹਨ। ਉਨ੍ਹਾਂ ਦੇ ਕਾਰਜ ਮਨੁੱਖ ਨੂੰ ਆਤਮਿਕ ਅਤੇ ਸਮਾਜਿਕ ਵਿਕਾਸ ਦਾ ਰਾਹ ਦਿਖਾਉਂਦੇ ਹਨ । ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰੀਏ ਤੇ ਸਿੱਖ ਪੰਥ ਦੇ ਸਿਧਾਂਤਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ ।ਅੱਜ ਦੇ ਇਸ ਸਮਾਗਮ ਵਿੱਚ ਨਾਮ ਰਸੀਏ ਸ਼ਬਦ ਗੁਰੁਸਿਧਾਂਤਾਂ ਦੇ ਪਹਿਰੇਦਾਰ ਸਤਿਕਾਰ ਯੋਗ ਭਾਈ ਸਾਹਿਬ ਕੁਲਵੰਤ ਸਿੰਘ ਅਖੰਡ ਕੀਰਤਨੀਏ ਕਾਕੀ ਪਿੰਡ ਵਲੋਂ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਉਹਨਾਂ ਨੇ ਸਾਰੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਕੂਲ ਦੀ ਚੜਦੀ ਕਲਾ ਲਈ ਸ਼ੁਭਕਾਮਨਾਵਾਂ ਭੇਂਟ ਕਰਦੇ ਹੋਏ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ।