ਵੱਡੀ ਖੁਸ਼ੀ ਦੀ ਝਾਕ ਵਿੱਚ ਛੋਟੀਆਂ ਖੁਸ਼ੀਆਂ ਦਾ ਕਤਲ ਨਾ ਕਰੋ-ਗੋਬਿੰਦਰ ਸਿੰਘ ਢੀਂਡਸਾ
ਪੈਸਾ, ਪੈਸੇ ਦੀ ਅਹਿਮੀਅਤ ਅਯੋਕੇ ਸਮੇਂ ਦਾ ਕੌੜਾ ਯਥਾਰਥ ਹੈ। ਪਦਾਰਥਵਾਦੀ ਵਰਤਾਰੇ ਵਿੱਚ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਅਤੇ ਸਾਧਨ ਸੰਪੰਨ ਜ਼ਿੰਦਗੀ ਲਈ ਪੈਸੇ ਦਾ ਕੋਈ ਦੂਜਾ ਬਦਲ ਨਜ਼ਰ ਨਹੀਂ ਆਉਂਦਾ। ਅੱਜ ਪੈਸਾ ਕਮਾਉਣਾ ਅਤੇ ਬਣਾਉਣਾ ਜਿੱਥੇ ਜ਼ਰੂਰਤ ਹੈ, ਉੱਥੇ ਹੀ ਪੈਸੇ ਦੀ ਕਮੀ ਬਹੁਤ ਸਮੱਸਿਆਵਾਂ ਨੂੰ ਜਨਮ ਦੇ ਜਾਂਦੀ ਹੈ, ਜਿਸਦਾ ਅੰਜ਼ਾਮ ਬਹੁਤ ਪੀੜਾਦਾਇਕ ਅਤੇ ਦੁਖਦਾਇਕ ਹੁੰਦਾ ਹੈ। ਇੱਕ ਹੱਦ ਤੱਕ ਪੈਸੇ ਦੀ ਦੌੜ ਵਿੱਚ ਸ਼ਾਮਲ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਸਭ ਕੁਝ ਲਾਂਭੇ ਰੱਖ ਕੇ ਸਿਰਫ਼ ਪੈਸੇ ਦੀ ਹੀ ਦੌੜ ਵਿੱਚ ਅੰਨੇਵਾਹ ਸ਼ਾਮਲ ਹੋਣਾ, ਇਹ ਰਵੱਈਆ ਮੁੜ ਵਿਚਾਰਨਯੋਗ ਹੈ। ਪੈਸਾ ਜ਼ਰੂਰਤ ਜ਼ਰੂਰ ਹੈ, ਪਰ ਇਹ ਜੀਵਨ ਨਹੀਂ, ਜ਼ਿੰਦਗੀ ਨਹੀਂ। ਕੁਦਰਤ ਦਾ ਨਿਯਮ ਹੈ ਇਨਸਾਨ ਜਨਮ ਲੈਂਦਾ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ ਹੈ ਅਤੇ ਆਖੀਰ ਦੁਨੀਆਂ ਨੂੰ ਆਪਣੀ ਚਾਲ ਚਲਦਿਆਂ ਛੱਡ ਕੇ ਰੁਖ਼ਸਤ ਹੋ ਜਾਂਦਾ ਹੈ।
ਜੀਵਨ ਵਿੱਚ ਜੋ ਸਮਾਂ ਲੰਘ ਗਿਆ ਅਤੇ ਜੋ ਉਮਰ ਬੀਤ ਗਈ ਉਹ ਵਾਪਸ ਨਹੀਂ ਆ ਸਕਦੀ ਚਾਹੇ ਤੁਸੀਂ ਕਿੰਨੇ ਵੀ ਧਨਵਾਨ ਹੋਵੋ। ਆਪਣੀ ਅਤੇ ਪਰਿਵਾਰ ਦੇ ਬੇਹਤਰ ਭਵਿੱਖ ਲਈ ਘਾਲਣਾ ਘਾਲਣੀ ਲਾਜ਼ਮੀ ਨਿਰੰਤਰ ਜਾਰੀ ਰੱਖੋ, ਆਪਣੇ ਸੁਫਨਿਆਂ ਨੂੰ ਜ਼ਿੰਦਾ ਰੱਖੋ ਪਰੰਤੂ ਇਸ ਸਫ਼ਰ ਤੇ ਚੱਲਦਿਆਂ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਕਤਲ ਨਾ ਕਰੋ, ਉਹਨਾਂ ਦਾ ਗਲਾ ਨਾ ਘੋਟੋ, ਸਗੋਂ ਉਹਨਾਂ ਨੂੰ ਮਾਣੋ ਇਸ ਨਾਲ ਤੁਹਾਡਾ ਪੈਂਡਾ ਹੋਰ ਚੰਗਾ ਅਤੇ ਨਿੱਘੀਆਂ ਯਾਦਾਂ ਭਰਿਆਂ ਹੁੰਦਾ ਜਾਵੇਗਾ, ਜੀਵਨ ਦੀ ਖੁਸ਼ੀ ਪ੍ਰਾਪਤ ਹੋਵੇਗੀ। ਆਪਣੇ ਪਰਿਵਾਰਾਂ, ਰਿਸ਼ਤਿਆਂ ਨੂੰ ਸਮਾਂ ਦੇਵੋ, ਇਹ ਨਾ ਹੋਵੇ ਤੁਸੀਂ ਕਾਮਯਾਬੀ ਤੇ ਸਿਖ਼ਰ ਤੇ ਤਾਂ ਪਹੁੰਚ ਜਾਵੋ ਪਰੰਤੂ ਤੁਹਾਡੀ ਖੁਸ਼ੀ ਵਿੱਚ ਸ਼ਾਮਲ ਹੋ ਕੇ ਤੁਹਾਡੀ ਖੁਸ਼ੀ ਨੂੰ ਦੁਗਣਾ, ਚੌਗੁਣਾ ਕਰਨ ਵਾਲਾ ਕੋਈ ਬਚੇ ਹੀ ਨਾ ਤੇ ਤੁਸੀਂ ਇਕੱਲੇ ਹੋਵੋ, ਬਨਾਟਵੀ ਲੋਕਾਂ ਦੀ ਭੀੜ ਵਿੱਚ।
ਬਾਹਰੋਂ ਕੰਮ ਤੋਂ ਪਰਤੇ ਥੱਕੇ ਟੁੱਟੇ ਬੰਦੇ ਦਾ ਆਪਣੇ ਬੱਚਿਆਂ ਦੇ ਹੱਸਦੇ ਚਿਹਰਿਆਂ ਨੂੰ ਵੇਖ, ਉਹਨਾਂ ਦੀ ਪਿਆਰੀ ਗਲਵਕੜੀ ਵਿੱਚ ਆ ਸਾਰੀ ਥਕਾਣ ਇੱਕ ਝੱਟ ਉੱਡ ਜਾਂਦੀ ਹੈ, ਇਸ ਨੂੰ ਮਾਣੋ ਇਹ ਨਿਰਸਵਾਰਥ ਭਾਵਨਾ ਹੈ ਬੱਚਿਆਂ ਦਾ ਆਪਣੇ ਪਿਤਾ ਦੀ ਸ਼ਾਮ ਨੂੰ ਉਡੀਕ ਕਰਨਾ। ਛੋਟੇ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਖੁਸ਼ੀਆਂ ਦਾ ਅਥਾਹ ਸਮੁੰਦਰ ਹੈ, ਇਸਨੂੰ ਮਾਣੋ ਤੇ ਜਿਊਂਦੇ ਹੋਣ ਦੀ ਭਾਵਨਾ ਨੂੰ ਕਬੂਲ ਕਰੋ।
ਬੁੱਢੇ ਮਾਂ ਬਾਪ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ, ਕੁਝ ਸਮਾਂ ਉਹਨਾਂ ਨਾਲ ਬਿਤਾਓ। ਜੋ ਉਹਨਾਂ ਤੁਹਾਨੂੰ ਇਸ ਸੰਸਾਰ ਤੇ ਜਨਮ ਦਿੱਤਾ ਹੈ, ਇੱਕ ਬੂਟਾ ਲਾਇਆ ਹੈ, ਤੁਹਾਨੂੰ ਆਪਣੀ ਹੈਸੀਅਤ ਤੋਂ ਵੱਧ ਕੇ ਪਾਲਣ ਪੋਲਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਆਪਣੇ ਹੱਥੀਂ ਲਾਏ ਬੂਟੇ ਦੀ ਛਾਂ ਮਾਨਣ ਦਾ ਸੁਖ ਦਿਓ, ਉਹਨਾਂ ਨਾਲ ਗੱਲਾਂਬਾਤਾਂ ਕਰੋ, ਉਹਨਾਂ ਦੇ ਬੁੱਢੇ ਅੰਗਾਂ ਨੂੰ ਤਾਜ਼ਗੀ ਮਿਲੇਗੀ। ਪਰਮਾਤਮਾ ਅੱਗੇ ਬੁੱਢੇ ਮਾਂ ਬਾਪ ਦੇ ਹੱਥ ਬੱਚਿਆਂ ਦੀ ਸਲਾਮਤੀ, ਖੁਸ਼ਹਾਲੀ ਲਈ ਹੀ ਉੱਠਦੇ ਹਨ, ਦੁਆਵਾਂ ਕਰਦੇ ਹਨ। ਜੇਕਰ ਤੁਹਾਡਾ ਵਤੀਰਾ ਉਹਨਾਂ ਪ੍ਰਤੀ ਜੀਵਨ ਦੇ ਇਸ ਪੜਾਅ ਤੇ ਬੁੱਢੇ ਮਾਪਿਆਂ ਦੇ ਦੁਖ ਦਾ ਕਾਰਨ ਬਣਦਾ ਹੈ, ਇਹ ਤੁਹਾਡੀ ਬਦਕਿਸਮਤੀ ਦੀ ਨਿਸ਼ਾਨੀ ਹੈ।
ਆਪਣੇ ਜੀਵਨਸਾਥੀ, ਭੈਣਾਂ ਭਾਈਆਂ, ਸਕੇ ਸੰਬੰਧੀਆਂ ਅਤੇ ਦੋਸਤਾਂ ਨਾਲ ਮੋਹ ਦੀਆਂ ਤੰਦਾਂ ਬਣਾਈਆਂ ਰੱਖੋ, ਗੁੱਸੇ ਗਿਲ੍ਹੇ ਹੋਣ ਤਾਂ ਬੈਠ ਕੇ ਵਿਚਾਰੋ ਅਤੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੋ। ਜੋ ਇਸ ਜਨਮ ਤੁਹਾਡੇ ਨਾਲ ਰਿਸ਼ਤੇ ਜੁੜੇ ਹਨ, ਉਹ ਮੁੜ ਨਹੀਂ ਜੁੜਨੇ ਤੇ ਇਸ ਸੰਸਾਰ ਵਿੱਚ ਰਹਿਣਾ ਵੀ ਕਿਸੇ ਨੇ ਨਹੀਂ। ਜਿਵੇਂ ਕਹਿੰਦੇ ਨੇ ਕਿ ਅੱਗੇ ਦਰਗਾਹੀਂ ਜਾਕੇ ਕੌਣ ਮਿਲਦਾ! ਸੋ ਆਪਣੇ ਜੀਵਨ ਵਿੱਚ ਹੀ ਸਭ ਨਾਲ ਪਿਆਰ-ਮੁਹੱਬਤ ਨਾਲ ਲਵਰੇਜ ਰਿਸ਼ਤੇ ਕਾਇਮ ਰੱਖੋ ਅਤੇ ਨਿਭਾਓ।
ਜ਼ਿੰਦਗੀ ਜਿਊਣ ਦਾ ਨਾਮ ਹੈ, ਨਾ ਕਿ ਢੋਣ ਦਾ। ਜ਼ਿੰਦਾਦਲੀ ਨਾਲ ਆਪਣੇ ਜੀਵਨ ਵਿੱਚ ਵਰਤਮਾਨ ਸਮੇਂ ਦਾ ਆਨੰਦ ਮਾਣੋ, ਰੋਜ਼ਾਨਾ ਦੇ ਛੋਟੋ ਛੋਟੇ ਹਾਸਿਆਂ ਅਤੇ ਖੁਸ਼ੀਆਂ ਨੂੰ ਖੁੱਲ੍ਹ ਕੇ ਮਾਣੋ ਅਤੇ ਦੂਜਿਆਂ ਦੀ ਖੁਸ਼ੀਂ ਦਾ ਕਾਰਨ ਬਣੋ ਕਿਉਂਕਿ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲੇਗੀ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਈਮੇਲ- [email protected]