ਬੁੱਧ ਚਿੰਤਨ ਆਓ..! ਮੁਹੱਬਤ ਕਰੀਏ..!-ਬੁੱਧ ਸਿੰਘ ਨੀਲੋੰ
ਮੁਹੱਬਤ ਕਰਨੀ ਤੇ ਨਿਭਾਉਣੀਆਂ ਔਖਾ ਕੰਮ ਹੈ। ਪਰ ਕਰਨ ਤੇ ਨਿਭਾਉਂਣ ਵਾਲੇ ਸੱਜਣ ਬਹੁਤ ਹਨ। ਉਹਨਾਂ ਦੀ ਪਛਾਣ ਕਰਨੀ ਔਖੀ ਹੁੰਦੀ ਹੈ। ਉਹ ਦੋ ਕੋਹ ਤੋਂ ਪਛਾਣ ਲੈਂਦੇ ਹਨ। ਅਜੋਕੇ ਸਮਿਆਂ ਵਿੱਚ ਮੁਹੱਬਤ ਕਰਨੀ ਸੌਖੀ ਨਹੀਂ ਪਰ ਮੈਂ ਇਹ ਦਰਿਆ ਤਰਨ ਜਾਣਦਾ ਹਾਂ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੇ ਬਹੁਤ ਤੜਫਾਇਆ ਪਰ ਮੈਂ ਮੁਹੱਬਤ ਦੇ ਦਰਿਆ ਵਿਚੋਂ ਬਾਹਰ ਨਹੀਂ ਆਇਆ। ਮੈਂ ਵੀ ਦੌੜਦਾ ਰਿਹਾ ਜਿਵੇਂ ਸਮਾਜ ਭਜਾਉਂਦਾ ਰਿਹਾ। ਅੱਜ ਮਨੁੱਖ ਇਕ ਅਜਿਹੀ ਦੌੜ ਵਿੱਚ ਹੈ, ਜਿਸ ਦਾ ਨਾ ਆਦਿ ਤੇ ਅੰਤ ਹੈ ਪਰ ਮਨੁੱਖ ਦੌੜ ਰਿਹਾ ਹੈ। ਇਕ ਥਾਂ ਤੋਂ ਦੂਜੀ ਥਾਂ ਤੇ ਇਕ ਦੇਸ਼ ਤੋਂ ਦੂਜੇ ਦੇਸ਼ ਵੱਲ ਉਡਾਰੀ ਮਾਰ ਰਿਹਾ ਹੈ ਪਰ ਉਸਨੂੰ ਦੋ ਪਲ ਦੋ ਘੜੀਆਂ ਤੇ ਇਕ ਛਿਣ ਵੀ ਸਕੂਨ ਨਹੀਂ ਮਿਲ ਰਿਹਾ।ਦੌੜ ਤਾਂ ਉਹ ਸਕੂਨ ਦੀ ਤਲਾਸ਼ ਵਿੱਚ ਰਿਹਾ ਹੈ ਪਰ ਅਮੀਰ ਬਣ ਕਿ ਉਹ ਕਾਰੂ ਬਾਦਸ਼ਾਹ ਬਨਣਾ ਚਾਹੁੰਦਾ ਹੈ।ਉਹ ਕਾਰੂ ਬਾਦਸ਼ਾਹ ਜਿਸਨੇ ਕਬਰਾਂ ਪੁਟਾ ਕੇ ਲੋਕਾਂ ਦੇ ਮੂੰਹ ਦੇ ਵਿੱਚੋਂ ਵੀ ਪੈਸੇ ਕਢਵਾ ਲਏ ਸੀ। ਮਨੁੱਖ ਧਰਤੀ ਉਤੇ ਖਾਲੀ ਹੱਥ ਆਉਂਦਾ ਹੈ ਤੇ ਗੁਨਾਹਾਂ ਦੀ ਪੰਡ ਲੈ ਕੇ ਵਾਪਸ ਜਾਂਦਾ ਹੈ। ਉਸਦੇ ਹੱਥ ਖਾਲੀ ਹੁੰਦੇ ਹਨ ਪਰ ਸਿਰ ਉਤੇ ਇਲਜ਼ਾਮਾਂ ਦੀ ਗੱਠੜੀ ਹੁੰਦੀ ਹੈ।ਮਨੁੱਖ ਅਮੀਰ ਬਨਣ ਦੇ ਚੱਕਰ ਵਿੱਚ ਫਸ ਜਾਂਦਾ ਹੈ। ਦੁੱਖ ਵਿੱਚ ਫਸਿਆ ਮਨੁੱਖ ਨਿਕਲਣ ਲਈ ਜਦ ਹੱਥ ਪੈਰ ਵੱਧ ਮਾਰਦਾ ਹੈ ਤਾਂ ਉਹ ਆਪ ਹੀ ਡੁੱਬ ਜਾਂਦਾ ਹੈ। ਕਾਰੂ ਬਾਦਸ਼ਾਹ ਬਨਣ ਦੀ ਲਾਲਸਾ ਵਿੱਚ ਉਹ ਆਪਣਿਆਂ ਦਾ ਵੀ ਕਤਲ ਕਰ ਦੇਦਾ ਹੈ। ਇਸੇ ਕਰਕੇ ਉਹ ਰਿਸ਼ਤਿਆਂ ਦੇ ਸਿਰ ਉਪਰ ਦੀ ਪੈਰ ਰੱਖ ਕੇ ਅੱਗੇ ਜਾ ਰਿਹਾ ਹੈ।ਇਸ ਸਮੇਂ.ਜ਼ਿੰਦਗੀ ਦੇ ਵਿੱਚ ਪੈਸਾ ਹੀ ਸਭ ਕੁੱਝ ਬਣ ਗਿਆ ਹੈ। ਪਰਵਾਰਿਕ ਤੇ ਦੁਨਿਆਵੀ ਰਿਸ਼ਤੇ ਪਿੱਛੇ ਰਹਿ ਗਏ ਹਨ । ਸਮਾਜਿਕ ਨਾ ਬਰਾਬਰੀ ਤੇ ਸਰਮਾਏ ਦੀ ਕਾਣੀ ਵੰਡ ਨੇ ਮਨੁੱਖ ਨੂੰ ਟੋਟਿਆਂ ਦੇ ਵਿੱਚ ਵੰਡ ਦਿੱਤਾ ਹੈ। ਜਾਤਾਂ ਤੇ ਧਰਮਾਂ ਵਿੱਚ ਵੰਡਿਆ ਮਨੁੱਖ ਇਨਸਾਨ ਤੋਂ ਸ਼ੈਤਾਨ ਕਿਵੇਂ ਬਣ ਰਿਹਾ ਹੈ। ਮਨੁੱਖ ਟੁਕੜੇ ਟੁਕੜੇ ਹੋਇਆ ਹੈ, ਇਸੇ ਹੀ ਕਰਕੇ ਉਸ ਦਾ ਆਪਾ ਬੇਚੈਨ ਹੈ ਬੇਚੈਨੀ ਨੇ ਉਸਨੂੰ ਹਿੰਸਕ ਬਣਾਇਆ ਹੈ। ਹੁਣ ਤੇ ਮਹੌਲ ਹੀ ਹੋਰ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਹੁਣ ਮਨੁੱਖ ਹੀ ਮਨੁੱਖ ਦੇ ਕੋਲੋਂ ਦੂਰ ਭੱਜ ਰਿਹਾ ਹੈ।ਉਸਨੂੰ ਇਹ ਵੀ ਪਤਾ ਹੈ ਕਿ ਜੋ ਕੁੱਝ ਛਲ ਹੈ। ਉਸਨੂੰ ਸਵਰਗ ਦਾ ਰਸਤਾ ਦਿਖਾਇਆ ਜਾ ਰਿਹਾ ਹੈ..ਪਰ ਉਹ ਝੂਠ ਹੈ। ਧਰਮ ਨਹੀਂ ਧਾਰਮਿਕ ਪੁਜਾਰੀ ਉਸਨੂੰ ਡਰਾਉਦਾ ਹੈ ਤੇ ਲੁੱਟਮਾਰ ਕਰਦਾ ਹੈ। ਭਰਮ, ਵਹਿਮ ਤੇ ਡਰ ਨੇ ਮਨੁੱਖ ਨੂੰ ਅੰਦਰੋਂ ਤੋੜ ਦਿੱਤਾ ਹੈ । ਅੰਦਰੋਂ ਟੁੱਟਿਆ ਮਨੁੱਖ ਮਰਦਾ ਹੈ।ਜਦ ਕਿ ਉਹ ਬਾਹਰੋਂ ਦੇਖਣ ਨੂੰ ਮਜ਼ਬੂਤ ਲਗਦਾ ਹੈ।ਜੋ ਕੰਮ ਮਨੂੰ ਵਾਦੀ ਸੱਤ ਹਜ਼ਾਰ ਵਰਿਆਂ ਦੇ ਵਿੱਚ ਨਹੀਂ ਕਰ ਸਕੇ ਉਹ ਸਰਮਾਏਦਾਰੀ ਨੇ ਕੁੱਝ ਹੀ ਸਮਿਆਂ ਦੇ ਵਿੱਚ ਕਰ ਦਿੱਤਾ, ਮਨੁੱਖ ਨੂੰ ਮਨੁੱਖ ਦੇ ਨਾਲੋਂ ਤੋੜ ਦਿੱਤਾ। ਦੋ ਗਜ਼ ਦੀ ਦੂਰੀ ਤੇ ਮੂੰਹ ਉਤੇ ਛਿਕਲੀ ਲਾ ਦਿੱਤੀ ।ਮਨੁੱਖੀ ਜੀਵਨ ਦੇ ਇਤਿਹਾਸ ਦੇ ਵਿੱਚ ਇਹੋ ਜਿਹਾ ਸਮਾਂ ਕਦੇ ਵੀ ਨਹੀਂ ਆਇਆ ਕਿ ਮਨੁੱਖ ਨੇ ਇਕ ਦੂਜੇ ਤੋਂ ਪਾਸਾ ਵੱਟਿਆ ਹੋਵੇ।ਹੁਣ ਜਦੋਂ ਕੋਈ ਕਿਸੇ ਵੀ ਬੀਮਾਰੀ ਦੇ ਨਾਲ ਬੀਮਾਰ ਹੁੰਦਾ ਹੈ ਤੇ ਉਸਨੂੰ ਕਰੋਨਾ ਦੇ ਨਾਲ ਜੋੜ ਦਿੱਤਾ ਜਾਂਦਾ ਹੈ।ਸੰਸਾਰ ਦੇ ਅੰਦਰ ਇਹ ਡਰ ਫੈਲਾਇਆ ਗਿਆ ਹੈ। ਹੁਣ ਹਾਕਮ ਡਰ ਦੀ ਖੇਤੀ ਕਰਦਾ ਹੈ। ਇਹ ਡਰ ਦੀ ਫਸਲ ਮਨੁੱਖ ਦੇ ਮਨ ਅੰਦਰ ਬੀਜ ਦਿੱਤੀ ਹੈ। ਇਸ ਡਰ ਨੇ ਉਸਨੂੰ ਸ਼ਕਤੀਹੀਣ ਕਰ ਦਿੱਤਾ । ਇਸ ਡਰ ਨੇ ਉਸਨੂੰ ਵਹਿਮੀ ਬਣਾਇਆ ਹੈ ਤੇ ਉਹ ਬੇਚੈਨ ਹੋ ਗਿਆ ਹੈ। ਇਸ ਡਰ ਨੇ ਅੰਦਰਲੀ ਸ਼ਕਤੀ ਦੀ ਖਤਮ ਕਰ ਦਿੱਤੀ ਇਸਦੇ ਖਤਮ ਹੋਣ ਦਾ ਨਤੀਜਾ ਹੈ ਕਿ ਪੜ੍ਹਿਆ ਲਿਖਿਆ ਤੇ ਮੱਧ ਵਰਗੀ ਸਮਾਜ ਇਸ ਵਹਿਮ ਦਾ ਸਭ ਤੋਂ ਵੱਧ ਸ਼ਿਕਾਰ ਹੋ ਹੋਇਆ ਹੈ.ਮਨੁੱਖ ਬੀਮਾਰੀ ਨਾਲ ਨਹੀ ਡਰ ਨਾਲ ਮਰਿਆ ਹੈ।ਸਿਸਟਮ ਨੇ ਸਾਡੇ ਆਲੇ ਦੁਆਲੇ ਅਜਿਹਾ ਵਾਤਾਵਰਣ ਸਿਰਜ ਦਿੱਤਾ ਹੈ ਕਿ ਸਾਨੂੰ ਜ਼ਿੰਦਗੀ ਨਹੀਂ ਸਗੋਂ ਮੌਤ ਨਜ਼ਰ ਆ ਰਹੀ ਹੈ।ਮਰਨਾ ਇਕ ਵਰਤਾਰਾ ਹੈ ਤੇ ਜੀਵਨ ਦਾ ਚੱਕਰ ਹੈ। ਹੁਣ ਗਿਆਨਹੀਣ ਮਨੁੱਖਾਂ ਦੇ ਕਤਲ ਹੋ ਰਹੇ ਹਨ ਪਰ ਕਾਤਲ ਦੇ ਉਪਰ ਕੋਈ ਕੇਸ ਦਰਜ ਨਹੀਂ ਹੁੰਦਾ।ਸਾਡਾ ਸਮਾਜਕ ਢਾਂਚਾ ਬੁਰੀ ਤਰ੍ਹਾਂ ਗਲ ਸੜ ਗਿਆ । ਗਲਿਆ ਸੜਿਆ ਮਨੁੱਖ ਬੁਦਬੂ ਫੈਲਾ ਰਿਹਾ ਹੈ। ਪੰਜਾਬ ਨੂੰ ਫੇਰ ਬਲਦੀ ਬੂਥੇ ਦੇਣ ਲਈ ਸਾਜ਼ਿਸ਼ ਸ਼ੁਰੂ ਹੋ ਗਈ ਹੈ।ਪੰਜਾਬ ਨੂੰ ਖਤਮ ਦੀ ਮੋੜੀ ਬਾਬਰਕਿਆਂ ਨੇ ਗੱਡੀ ਸੀ। ਨਾਗਪੁਰੀ ਸਾਧੂਆਂ ਨੇ ਪੰਜਾਬ ਨੂੰ ਆਪਸ ਵਿੱਚ ਹੀ ਲੜਾ ਦਿੱਤਾ ਹੈ । ਹੁਣ ਦੁਸ਼ਮਣ ਨਾਲ ਨਹੀਂ ਆਪਸ ਵਿੱਚ ਲੜਾਈ ਹੋਣ ਲੱਗੀ ਹੈ। ਭਰਾ ਮਾਰੂ ਜੰਗ ਚੱਲ ਪਈ ਹੈ। ਸਿਆਸੀ ਆਗੂ ਸਿਆਸੀ ਖੇਤੀ ਲਈ ਇਲਾਕੇ ਲੱਭ ਰਹੇ ਹਨ । ਭਰਾਵਾਂ ਵਿੱਚ ਜੰਗ ਹੋ ਰਹੀ ਹੈ.ਤੇ ਇਕ ਦੂਜੇ ਪੋਤੜੇ ਫੋਲ ਰਹੇ ਹਨ। ਲੋਕ ਤਮਾਸ਼ਾ ਦੇਖ ਰਹੇ ਹਨ…! ਪੰਜਾਬ ਆਪਣੀ ਹੋਣੀ ਆਪ ਮਰ ਰਿਹਾ ਹੈ। ਪੰਜਾਬ ਨੂੰ ਵੱਖ ਵੱਖ ਖਿਤਾਬ ਦੇ ਕੇ ਪਹਿਲਾਂ ਵਰਤਿਆ ਤੇ ਫੇਰ ਬੇ-ਅਰਥ ਬਦਨਾਮ ਕੀਤਾ । ਕਦੇ ਨਕਸਲਬਾੜੀ, ਕਦੇ ਖਾੜਕੂ ਤੇ ਕਦੇ ਨਸ਼ੇੜੀ ਆਖਿਆ ।ਹਰ ਵਾਰ ਖੇਡ ਦਾ ਨਾਮ ਬਦਲਿਆ ਗਿਆ ਸ਼ਿਕਾਰ ਤਾਂ ਪੰਜਾਬ ਦੀ ਜਵਾਨੀ ਦਾ ਕੀਤਾ ਗਿਆ ! ਪੰਜਾਬ ਨੂੰ ਕਦੇ ਦੇਸ਼ ਭਗਤ,ਕਦੇ ਅੰਨਦਾਤਾ ਕਹਿ ਕੇ ਵਰਤਿਆ । ਜਦ ਕਦੇ ਪੰਜਾਬ ਨੇ ਹੱਕਾਂ ਦੀ ਗੱਲ ਤੋਰੀ ਤਾਂ ਨਕਸਲਬਾੜੀ, ਅੱਤਵਾਦੀ, ਖਾਲਿਸਤਾਨੀ, ਨਸ਼ੇੜੀ, ਤੇ ਗੈੰਗਸਟਰ ਕਹਿ ਖਤਮ ਕਰਨ ਲਈ ਅਮਨ ਕਾਨੂੰਨ ਦਾ ਨਾਮ ਵਰਤ ਕੇ ਮੁਕਾਬਲੇ ਬਣਾ ਕੇ ਖਤਮ ਕੀਤਾ । ਪੰਜਾਬ ਨੂੰ ਆਰਥਿਕ ਤੌਰ ਉਜਾੜ ਦਿੱਤਾ । ਭਵਿੱਖ ਖਤਮ ਕਰ ਦਿੱਤਾ ਤੇ ਪੰਜਾਬ ਵਿਦੇਸ਼ਾਂ ਵੱਲ ਨੂੰ ਦੌੜ ਰਿਹਾ ਤੇ ਪੰਜਾਬ ਵਿੱਚ ਬਾਹਰਲੇ ਸੂਬਿਆਂ ਦੇ ਲੋਕ ਹੜ੍ਹ ਬਣ ਆ ਰਹੇ ਹਨ। ਪੰਜਾਬੀ ਕਿਤੇ ਬਾਹਰਲੇ ਸੂਬੇ ਇੰਚ ਜ਼ਮੀਨ ਨਹੀਂ ਖਰੀਦ ਸਕਦਾ। ਪੰਜਾਬ ਵਿੱਚ ਸਭ ਸੂਬਿਆਂ ਦੇ ਲੋਕ ਜ਼ਮੀਨਾਂ ਖਰੀਦ ਰਹੇ ਹਨ। ਪੰਜਾਬ ਦੇ ਲੋਕ ਚੁਪ ਹਨ। ਇਸ ਸਮੇਂ ਪੰਜਾਬ ਦੇ ਲੋਕਾਂ ਅੰਦਰ ਇਹ ਮੌਤ ਦਾ ਡਰ, ਗਿਆਨਹੀਣ, ਭਵਿੱਖਹੀਣ, ਜੜ੍ਹਹੀਣ, ਰੁਜ਼ਗਾਰਹੀਣ, ਦਿਸ਼ਾਹੀਣ ਹੋ ਗਿਆ ਹੈ। ਵਿਦਵਾਨ, ਲੇਖਕ ਤੇ ਸਿੱਖਿਆ ਸ਼ਾਸਤਰੀ ਚੁੱਪ ਹਨ ਪਰ ਪੰਜਾਬ ਬਲ ਰਿਹਾ ਹੈ।ਕੁੱਝ ਕੁ ਚੇਤਨਾ ਲੋਕ ਜਾਗਦੇ ਹਨ ਤੇ ਇਸ ਸਾਜਿਸ਼ ਵਿਰੁੱਧ ਲੜ ਰਹੇ ਹਨ। ਬਾਕੀ ਦੇ ਤਾਂ ਹੜ੍ਹ ਆਉਣ ਵਾਂਗੂੰ ਸਮਾਨ ਸੰਭਾਲ ਰਹੇ ਹਨ। ਬਹੁਗਿਣਤੀ ਵਿਦੇਸ਼ਾਂ ਨੂੰ ਭੱਜ ਰਹੇ ਹਨ। ਪੰਜਾਬੀਓ ਬਚ ਜੋ ਸੰਭਲ ਜੋ ਤੁਹਾਡੀ ਹੁਣ ਨਸਲ ਖਤਮ ਹੋ ਜਾਣੀ ਜੇ ਨਾ ਪੰਜਾਬ ਨੂੰ ਸੰਭਾਲਿਆ ਮੈਦਾਨ ਛੱਡ ਕੇ ਇਕ ਮਹਾਂ ਸਿੰਘ ਭੱਜਿਆ ਸੀ। ਤੁਸੀਂ ਤਾਂ ਸਾਰੇ ਹੀ ਪੰਜਾਬ ਨੂੰ ਬੇਦਾਵਾ ਦੇ ਕੇ ਦੌੜ ਰਹੇ ਹੋ। ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਡਰ ਦਾ ਬੀਜਿਆ ਗਿਆ ਹੈ। ਇਸੇ ਕਰਕੇ ਲੋਕ ਵਿਦੇਸ਼ਾਂ ਵਲ ਦੌੜ ਰਹੇ ਹਨ । ਇਹ ਡਰ ਤੇ ਅਣਸੁਰਖਿਆ ਦੀ ਭਾਵਨਾ ਜਦੋਂ ਤੱਕ ਖਤਮ ਨਹੀਂ ਹੁੰਦੀ ਉਂਦੋ ਤੱਕ ਨਵਾਂ ਕੁੱਝ ਉਗਣਾ ਨਹੀਂ, ਅਸੀਂ ਬੀਜਿਆ ਹੀ ਵੱਢ ਰਹੇ ਹਾਂ । ਪੰਜਾਬ ਨੂੰ ਜੇ ਬਚਾਉਣਾ ਹੈ ਤਾਂ ਜਾਤਪਾਤ ਤੇ ਊਚ ਨੀਚ ਦੇ ਧੌਣ ਵਿੱਚ ਫਸੇ ਸਰੀਏ ਕੱਢ ਲਵੋ..ਨਹੀਂ ਦੁਸ਼ਮਣ ਨੇ ਤੁਹਾਨੂੰ ਪੰਜਾਬ ਵਿੱਚੋ ਕੱਢ ਦੇਣਾ । ਤੁਹਾਡੇ ਹੰਕਾਰ ਨੇ ਹੀ ਤੁਹਾਡੀ ਹੋਣੀ ਬਨਣਾ ਹੈ। ਜਦ ਤੱਕ ਤੁਸੀਂ ਜਾਤ ਵਿੱਚ ਫਸੇ ਰਹੋਗੇ ਤੇ ਉਦੋਂ ਤੱਕ ਜਮਾਤ ਦੀ ਲੜ੍ਹਾਈ ਨਹੀਂ ਜਿੱਤੀ ਜਾ ਸਕਦੀ। ਇਸ ਸਮੇ ਹੁਣ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ ਹੈ।ਹੁਣ ਮੁਹੱਬਤ ਦੀ ਮੋਹ ਪਿਆਰ ਤੇ ਬਰਾਬਰਤਾ ਦੀ ਫਸਲ ਬੀਜਣੀ ਪਵੇਗੀ ਤਾਂ ਹੀ ਮਹੌਲ ਦਰੁਸਤ ਹੋਵੇਗਾ….!ਆਓ ! ਊਚ ਨੀਚ ਤੇ ਨਫਰਤ ਦੀ ਫਸਲ ਨੂੰ ਵੱਢ ਕੇ ਮੁਹੱਬਤ ਤੇ ਸਾਂਝ ਦੀ ਫਸਲ ਬੀਜੀਏ ..! ਜਾਤਾਂ ਵਿੱਚੋਂ ਨਿਕਲ ਕੇ ਜਮਾਤੀ ਬਣੀਏ। ਜਮਾਤ ਨੂੰ ਜਮਹੂਰੀ ਅਧਿਕਾਰ ਤੇ ਹੱਕਾਂ ਲਈ ਲੜਨ ਵਾਸਤੇ ਜੁੜੀਏ ਤੇ ਤੁਰੀਏ । ਮਨੁੱਖਤਾ ਨੂੰ ਬਚਾਉਣ ਲਈ ਇਕ ਦੂਜੇ ਦਾ ਸਤਿਕਾਰ ਕਰੀਏ !
####
ਬੁੱਧ ਸਿੰਘ ਨੀਲੋੰ
9464370823