ਟਾਪਫ਼ੁਟਕਲ

ਸਾਡੇ ਸਮਿਆਂ ਦੇ ਸ਼ਹੀਦ ਤੇ ਗਦਾਰ ?-ਬੁੱਧ ਸਿੰਘ ਨੀਲੋਂ

ਸਾਡੇ ਸਮਿਆਂ ਦੀ ਇਹ ਕੇਹੀ ਤਰਾਸਦੀ ਹੈ ਕਿ ਅੱਜ ਦਾ ਬੱਚਾ ਆਪਣੇ ਬਾਪ ਨੂੰ ਇਹ ਆਖਦਾ ਕਿ ਮੈਂ ‘ਤੇਰਾ ਪੁੱਤ ਨਹੀਂ ‘ ਤੇ ਮੇਰਾ ਬਾਪ ਤਾਂ ‘ਰੁਪਈਆ ‘ ਹੈ। ਇਹ ਗੱਲ ਕਿਸੇ ਹੱਦ ਤੱਕ ਸੱਚ ਵੀ ਹੈ ਕਿ “ਕਿ ਜਿਸਦੀ ਕੋਠੀ ਦਾਣੇ, ਉਸਦੇ ਕਮਲੇ ਵੀ ਸਿਆਣੇ !” ਹੁਣ ਸਿਆਣੇ ਹੋਣ ਦੇ ਲਈ ਗਿਆਨ ਤੇ ਤਜਰਬੇ ਦੀ ਜਰੂਰਤ ਨਹੀਂ । ਸਿਆਣੇ ਬਨਣ ਦੇ ਲਈ ਰੁਪਈਆ ਬਹੁਤ ਜਰੂਰੀ ਹੈ । ਰੁਪਈਆ ਬਨਾਉਣ ਤੇ ਕਮਾਉਣ ਦੇ ਲਈ ਜ਼ਮੀਰ ਦਾ ਹੋਣਾ ਜਰੂਰੀ ਨਹੀਂ ਹੁੰਦਾ। ਜਿਸਦੇ ਕੋਲ ਇਹ ਦੋਵੇਂ ਹੁੰਦੀਆਂ ਹਨ, ਉਹ ਅਜੋਕੀ ਦੁਨੀਆਂ ਦੇ ਵਿੱਚ ਸਭ ਤੋਂ ਮੂਰਖ ਤੇ ਗਿਆਨਹੀਨ ਮੰਨਿਆ ਜਾਂਦਾ ਹੈ । ਕਿਸੇ ਨੂੰ ਮਨਾਉਣ ਜਾਂ ਨਾ ਮਨਾਉਣ ਦੇ ਨਾਲ ਕੋਈ ਫਰਕ ਨਹੀਂ ਪੈਦਾ। ਫਰਕ ਤਾਂ ਉਸ ਵੇਲੇ ਪੈਦਾ ਹੈ ਜਦੋਂ ਗਿਆਨਵਾਨ ਮਨੁੱਖ ਦੀ ਰੀੜ੍ਹ ਦੀ ਹੱਡੀ ਸੱਪ ਵਾਂਗੂੰ ਲਚਕਦਾਰ ਜਾਂ ਲੋਹਾ ਬਣਦੀ ਹੈ । ਬਗ਼ੈਰ ਰੀੜ੍ਹ ਵਾਲਾ ਜੀਵ ਹਰ ਭੀੜ ਵਿੱਚ ਦੀ ਗੁਜਰ ਜਾਂਦਾ ਹੈ ਪਰ ਲੋਹੇ ਦੀ ਰੀੜ੍ਹ ਵਾਲਾ ਤਾਂ ਬਗੈਰ ਭੀੜ ਦੇ ਮੂਹਰੇ ਪਹਾੜ ਬਣ ਜਾਂਦਾ ਹੈ । ਤਣਿਆ ਵਾਲੇ ਰੁੱਖ ਲੰਮਾ ਸਮਾਂ ਜਿਉਦੇ ਤਾਂ ਰਹਿ ਸਕਦੇ ਹਨ ਪਰ ਉਹ ਕਿਸੇ ਦੇ ਲਈ ਫਲ ਤੇ ਫੁੱਲ ਨਹੀਂ ਦੇਦੇ ਸਗੋਂ ਅੰਤ ਨੂੰ ਉਹ ਬਾਲਣ ਦੇ ਕੰਮ ਕੰਮ ਆਉਦੇ ਹਨ । ਉਹ ਕਿਸੇ ਨੂੰ ਜਾਲ ਕੇ ਰਾਖ ਬਣਾ ਸਕਦੇ ਹਨ ਪਰ ਸਖਤ ਤੇ ਮਜ਼ਬੂਤ ਤਣੇ ਤੇ ਟਾਹਣੇ ਵਾਲੇ ਰੁੱਖ ਵਗਦੀ ਹਵਾ ਦਾ ਰੁਖ ਬਦਲ ਸਕਦੇ ਹਨ ਤੇ ਕਿਸੇ ਲਈ ਛਾਂ ਬਣ ਸਕਦੇ ਤੇ ਰਾਹ ਦਸੇਰਾ ਬਣ ਸਕਦੇ ਹਨ । ਉਹ ਰੁੱਖ ਸਦੀਆਂ ਤੇ ਯੁੱਗਾਂ ਤੱਕ ਜਿਉਦੇ ਹਨ ਤੇ ਮਾਰਗ ਦਰਸ਼ਨ ਬਣਦੇ ਹਨ । ਦੁੱਖ ਇਹ ਕਿ ਸਾਡੇ ਸਮਾਜ ਅੰਦਰ ਝਾੜੀਆਂ ਵਰਗਿਆਂ ਦੀ ਅਬਾਦੀ ਦਿਨੋਂ ਦਿਨ ਵੱਧ ਰਹੀ ਹੈ ਤੇ ਉਹ ਹਰ ਥਾਂ ਜੱਫਾ ਮਾਰ ਕੇ ਬਹਿ ਜਾਂਦੇ ਹਨ । ਰੁਪਈਆਂ ਦੇ ਨਾਲ ਤੁਸੀਂ ਡਿਗਰੀਆਂ ਖਰੀਦ ਸਕਦੇ ਹੋ ਪਰ ਗਿਆਨ ਨਹੀਂ ਨਹੀਂ ਖਰੀਦਿਆ ਜਾ ਸਕਦਾ। ਗਿਆਨ ਹਾਸਲ ਕਰਨ ਲਈ ਤਪੱਸਿਆ ਕਰਨੀ ਪੈਂਦੀ ਹੈ । ਪੜ੍ਹਨਾ ਤੇ ਵਿਚਾਰਨਾ ਪੈਦਾ ਹੈ। ਚਿੰਤਨ ਦੇ ਨਾਲ ਚੇਤਨਾ ਪੈਦਾ ਹੁੰਦੀ ਹੈ । ਚੇਤਨਾ ਦੇ ਨਾਲ ਵਿਚਾਰ ਪੈਦਾ ਹੁੰਦੇ ਹਨ । ਵਿਚਾਰਾਂ ਨਾਲ ਲਹਿਰ ਪੈਦਾ ਹੁੰਦੀ ਹੈ । ਲਹਿਰਾਂ ਨਾਲ ਰੁਖ ਬਦਲਿਆ ਜਾਂਦਾ ਹੈ। ਪਰ ਏਨੀ ਤਪੱਸਿਆ ਕੌਣ ਕਰੇ ? ਰੁਪਈਆ ਨਾਲ ਕੋਠੀ ਖਰੀਦ ਸਕਦੇ ਹੋ ਪਰ ਘਰ ਨਹੀਂ। ਘਰ ਬਣਾਉਣ ਦੇ ਲਈ ਰਿਸ਼ਤਿਆਂ ਦੀ ਵਿਆਕਰਨ ਦੀਆਂ ਧੁਨੀਆਂ ਦਾ ਹੋਣਾ ਤੇ ਉਨ੍ਹਾਂ ਨੂੰ ਸੁਰਬੱਧ ਦਾ ਗਿਆਨ ਹੀ ਕੋਠੀ ਨੂੰ ਘਰ ਬਣਾ ਸਕਦਾ ਹੈ । ਰਿਸ਼ਤਿਆਂ ਦੀ ਵਰਣਮਾਲਾ ਦੇ ਵਿੱਚ ਬਚਪਨ, ਜਵਾਨੀ ਤੇ ਬੁਢਾਪਾ ਇਕੋ ਫੇਰੇ ਜਾਂਦੀ ਉਹ ਮਾਲਾ ਹੁੰਦੀ ਹੈ ਜਿਸ ਦੇ ਵਿੱਚ ਲੋਰੀਆਂ, ਸੁਹਾਗ ਤੇ ਆਲੁਹਣੀਆ ਸ਼ਾਮਲ ਹੁੰਦੀਆਂ ਹਨ । ਜਿਹਨਾਂ ਇਮਾਰਤਾਂ ਦੇ ਵਿੱਚ ਇਹ ਤਿੰਨ ਹੀ ਰਿਸ਼ਤਿਆਂ ਦੀ ਮਾਲਾ ਨਹੀਂ ਹੁੰਦੀ ਉਹ ਘਰ ਨਹੀਂ ਹੁੰਦੇ ਭੂਤਵਾੜੇ ਹੁੰਦੇ ਹਨ । ਜਿਥੇ ਭੂਤ ਤਾਂ ਨੱਚਦੇ ਹਨ ਪਰ ਕਿਸੇ ਬੱਚੇ ਦੀ ਕਿਲਕਾਰੀ, ਕਿਸੇ ਕੁੜੀ ਦੀ ਫੁਲਕਾਰੀ ਤੇ ਬਾਪ ਦੀ ਟਿਚਕਾਰੀ ਨਹੀਂ ਹੁੰਦੀ। ਸਾਡੇ ਸਮਿਆਂ ਦੇ ਵਿੱਚ ਹੁਣ ਘਰ ਨਹੀਂ ਵੱਡੇ ਮਕਾਨ ਬਣਦੇ ਹਨ । ਇਹਨਾਂ ਮਕਾਨਾਂ ਦੇ ਵਿੱਚ ਦੂਜਿਆਂ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਦੁਖੀ ਕਰਨ ਲਈ ਸ਼ੋਅਰੂਮਾਂ ਵਾਂਗੂੰ ਵਸਤੂਆਂ ਨੂੰ ਨਾਲ ਸਜਾਇਆ ਜਾਂਦਾ ਹੈ। ਅਸੀਂ ਆਪਣੇ ਲਈ ਨਹੀਂ ਸਗੋਂ ਦੂਜਿਆਂ ਨੂੰ ਚੰਗਾ ਦਿਖਣ ਦੇ ਲਈ ਜਿਉਦੇ ਹਾਂ। ਸਾਡੇ !ਅੰਦਰ ਸਦੀਆਂ ਤੇ ਯੁੱਗਾਂ ਤੋਂ ਇਹ ਡਰ ਬਣਿਆ ਹੋਇਆ ਹੈ ਕਿ “ਲੋਕ ਕੀ ਕਹਿਣਗੇ ?” ਲੋਕਾਂ ਦੇ ਕੋਲ ਕਹਿਣ ਦੇ ਕੁੱਝ ਨਹੀਂ ਹੁੰਦਾ ਸਗੋਂ ਇਹ ਮਨ ਦਾ ਵਹਿਮ ਹੁੰਦਾ ਹੈ। ਇਸੇ ਕਰਕੇ ਅਸੀਂ ਜਿਉਦੇ ਨਹੀਂ ਸਗੋਂ ਸੱਪ ਵਾਂਗੂੰ ਰੀਂਘਦੇ ਹਾਂ ਤੇ ਚੀਕਦੇ ਹਾਂ ਬਗੈਰ ਗਰੀਸ ਲੱਗੇ ਗੱਡੇ ਦੇ ਪਹੀਏ ਵਾਂਗੂੰ । ਅਸੀਂ ਬਹੁਗਿਣਤੀ ਲੋਕ ਬਗੈਰ ਗਰੀਸ ਦੇ ਉਹ ਗੱਡੇ ਹੀ ਹਾਂ ਜੋ ਹਰ ਵੇਲੇ ਚੀਕਦੇ ਹਾਂ। ਸਾਡੇ ਸਮਿਆਂ ਦੇ ਵਿੱਚ ਸ਼ਬਦਾਂ ਦੇ ਅਰਥ ਤੇ ਅਰਥਾਂ ਦੇ ਸ਼ਬਦ ਬਦਲਦੇ ਜਾ ਰਹੇ ਹਨ । ਜ਼ਿੰਦਗੀ ਦੀ ਵਰਣਮਾਲਾ ਦੀ ਵਿਆਕਰਨ ਬਦਲ ਗਈ ਜਾਂ ਬਦਲ ਦਿੱਤੀ ? ਅਸੀਂ ਇਸ ਸਵਾਲ ਦੇ ਜਵਾਬ ਦੀ ਤਲਾਸ਼ ਲਈ ਕਿਸੇ ਛਾਂਦਾਰ ਰੁੱਖ ਥੱਲੇ ਨਹੀਂ ਬੈਠ ਦੇ ਸਗੋਂ ਧੁੱਪ ਵਿੱਚ ਬਹਿ ਕੇ ਮੁੜਕੋ ਮੁੜਕੀ ਹੁੰਦੇ ਹਾਂ ਤੇ ਉਦਾਸ ਨਹੀਂ ਸਗੋਂ ਨਿਰਾਸ਼ ਹੁੰਦੇ ਹਾਂ। ਵਕਤ ਦੀ ਧੁੱਪ ਤੁਹਾਨੂੰ ਕੁੱਝ ਪਲ ਦੇ ਸਕੂਨ ਦੇ ਸਕਦੀ ਹੈ ਪਰ ਛਾਂਦਾਰ ਰੁੱਖ ਵਰਗੀ ਸਾਦਗੀ ਤੇ ਸਬਰ ਨਹੀਂ ਦੇ ਸਕਦੀ। ਨਸ਼ਾ ਬੋਤਲ ਵਿੱਚ ਮਨ ਵਿੱਚ ਹੁੰਦਾ ਹੈ । ਮਨ ਜੇ ਤਨ ਵਿੱਚ ਨਾ ਹੋਵੇ ਤਾਂ ਤਨ ਦਿਸ਼ਾਹੀਣ ਹੋ ਜਾਂਦਾ ਹੈ । ਨਸ਼ਾ ਸਰੀਰ ਨਹੀਂ ਮਨ ਨੂੰ ਚੜ੍ਹਦਾ ਹੈ । ਦਿਨ ਤੇ ਰਾਤ ਦਾ ਸਫਰ ਇੱਕ ਦੂਜੇ ਦੇ ਮਿਲਾਪ ਲਈ ਦੌੜ ਦਾ ਹੈ । ਜਦ ਦਿਨ ਹੁੰਦਾ ਤੇ ਮਨ ਅੰਦਰ ਰਾਤ ਹੁੰਦੀ ਹੈ ਜਦ ਰਾਤ ਹੁੰਦੀ ਤੇ ਤਨ ਅੰਦਰ ਦਿਨ ਹੁੰਦਾ ਹੈ । ਇਹਨਾਂ ਦੋਹਾਂ ਦੀ ਦੂਰੀ ਅਕਸਰ ਉਮਰ ਦਾ ਪੰਧ ਬਣ ਜਾਂਦੀ ਹੈ । ਉਮਰ ਦਾ ਪੰਧ ਪਲਾਂ ਦਾ ਨਹੀਂ ਹੁੰਦਾ ਯੁਗਾਂ ਦਾ ਹੁੰਦਾ ਹੈ । ਅਸੀਂ ਉਮਰ ਦੇ ਪੰਧ ਨੂੰ ਜੀਵਨ ਨਾਲ ਸਗੋਂ ਕੀਤੇ ਕੰਮਾਂ ਨਾਲ ਉਸਦਾ ਵਰ ਮੇਚਦੇ ਹਾਂ। ਕਿਸੇ ਵਰ ਮੇਚਣ ਲਈ ਗਜ਼ ਜਾਂ ਪੈਮਾਨਿਆਂ ਦੀ ਲੋੜ ਨਹੀਂ ਹੁੰਦੀ। ਉਥੇ ਦੇ ਗੀਤ ਤੇ ਸੰਗੀਤ ਦੇ ਨਾਲ ਵੀ ਮਿਣਿਆ ਜਾ ਸਕਦਾ ਹੈ। ਸਾਡੇ ਸਮਿਆਂ ਦੇ ਸ਼ਹੀਦਾਂ ਤੇ ਗਦਾਰ ਨੂੰ ਜਦ ਇੱਕੋ ਤੱਕੜੀ ਵਿੱਚ ਤੋਲਿਆ ਜਾਂਦਾ ਹੈ । ਸ਼ਹੀਦਾਂ ਦੇ ਬਰਾਬਰ ਗਦਾਰ ਸਦਾ ਹੌਲੇ ਹੁੰਦੇ ਹਨ । ਉਨ੍ਹਾਂ ਦੇ ਹਵਾ ਵਿੱਚ ਲਟਕਦੇ ਸਰੀਰ ਸਦਾ ਹੀ ਜ਼ਿੰਦਗੀ ਦੇ ਮੱਥੇ ਵਿੱਚ ਜ਼ਖ਼ਮ ਕਰਦੇ ਹਨ। ਇਹਨਾਂ ਦੇ ਵਿੱਚ ਲੱਗੇ ਕਿੱਲ ਸਦਾ ਹੀ ਤੁਰੀ ਜਾਂਦੀ ਜ਼ਿੰਦਗੀ ਨੂੰ ਦਰਦ ਦੇਂਦੇ ਹਨ । ਗਦਾਰ ਸਦਾ ਹੀ ਸੂਲੀ ਚੜ੍ਹਦੇ ਹਨ ਤੇ ਮਰ ਜਾਂਦੇ ਹਨ । ਸ਼ਹੀਦ ਲੋਕ ਮਨਾ ਵਿੱਚ ਵਸਦੇ ਹਨ ਤੇ ਸਦਾ ਲਈ ਅਮਰ ਹੁੰਦੇ ਹਨ । ਮਰ ਗਿਆ ਨੂੰ ਲੋਕ ਰੋੰਦੇ ਹਨ । ਉਨ੍ਹਾਂ ਦੀਆਂ ਤਲਵਾਰਾਂ ਤੇ ਵਿਚਾਰਾਂ ਨੂੰ ਅੱਗ ਵਿੱਚ ਸਾੜ ਕੇ ਰਾਖ ਬਣਾਉਂਦੇ ਹਨ । ਸ਼ਹੀਦਾਂ ਨੂੰ ਲੋਕ ਸਦਾ ਮਨ ਵਿੱਚ ਵਸਾਈ ਰੱਖਦੇ ਹਨ । ਮਰ ਚੁਕਿਆਂ ਨਾਲ ਸਰਤੰਜ਼ ਖੇਡਣ ਵਾਲੇ ਬਹੁਗਿਣਤੀ ਤਨ ਫਜ਼ੂਲ ਦੀ ਜੰਗ ਲੜਦੇ ਹਨ । ਜੰਗ ਤੇ ਯੁੱਧ ਤਲਵਾਰਾਂ ਤੇ ਹਥਿਆਰਾਂ ਨਾਲ ਨਹੀਂ ਵਿਚਾਰਾਂ ਨਾਲ ਸੂਝ ਤੇ ਸਮਝ ਨਾਲ ਲੜੀ ਜਾਂਦੀ ਹੈ । ਵਿਚਾਰਾਂ ਨੂੰ ਤਲਵਾਰਾਂ ਦੀ ਨਹੀਂ ਹੁੰਦੀ । ਤਲਵਾਰਾਂ ਤੇ ਹਥਿਆਰ ਕੰਮ ਇੱਕ ਬਾਰ ਸੂਝ ਤੇ ਸਿਆਣਪ ਨਾਲ ਵਰਤੇ ਜਾਂਦੀਆਂ ਹਨ ਤੇ ਸਾਰੀ ਉਮਰ ਸੰਭਾਲ ਕੇ ਰੱਖੇ ਜਾਂਦੇ ਹਨ । ਜੰਗ ਦੋ ਧਿਰਾਂ ਵਿੱਚ ਹੁੰਦੀ ਹੈ।ਲੜਦੇ ਤੇ ਮਰਦੇ ਬਗੈਰ ਸਿਰਾਂ ਵਾਲੇ ਹੁੰਦੇ ਹਨ । ਯਤੀਮ ਪਰਵਾਰ ਹੁੰਦੇ ਹਨ ਤੇ ਰਾਜ ਸ਼ੈਤਾਨ ਕਰਦੇ ਹਨ । ਸ਼ੈਤਾਨ ਹੀ ਅੱਜ ਸਾਡੇ ਅੰਦਰ ਤੇ ਬਾਹਰ ਬੈਠਾ ਹੈ। ਇਹ ਵਰਤਾਰਾ ਸਦੀਆਂ ਤੋਂ ਜਾਰੀ ਹੈ । ਭਾਵਨਾਵਾਂ ਦੇ ਵਿੱਚ ਵਹਿੰਦੇ ਲੋਕ ਕੌਮ ਜਾਂ ਦੇਸ਼ ਲਈ ਕੁਰਬਾਨੀਆਂ ਦੇਦੇ ਹਨ ਤੇ ਸਮੇਂ ਦੀ ਸ਼ਹਾਦਤ ਦੇ ਹਨ । ਸ਼ਹੀਦ ਸਦਾ ਜਿਉਂਦੇ ਰਹਿੰਦੇ ਹਨ । ਬਾਕੀ ਸਭ ਕੁੱਝ ਨਾਸ਼ਵਾਨ ਹੈ ਪਰ ਦੂਜਿਆਂ ਦੇ ਜਗਦੇ ਦੀਵਿਆਂ ਵਿੱਚ ਤੇਲ ਪਾਉਣ ਵਾਲੇ ਘੱਟ ਹੁੰਦੇ ਹਨ । ਭੀੜ ਇਨਕਲਾਬ ਨਹੀਂ ਲਿਆਉਦੀ ਤੇ ਵਿਚਾਰ ਇਨਕਲਾਬ ਲਿਆਉਦੇ ਹਨ । ਆਓ ਆਪਣੇ ਵਿਚਾਰ ਬਦਲੀਏ !

ਬੁੱਧ ਸਿੰਘ ਨੀਲੋਂ
94643 70823

Leave a Reply

Your email address will not be published. Required fields are marked *