ਟਾਪਦੇਸ਼-ਵਿਦੇਸ਼

ਕਾਫ਼ਲੇ ਵੱਲੋਂ ਜਿੰਦਰ ਕਹਾਣੀਕਾਰ ਨਾਲ਼ ਕੀਤੀ ਗਈ ਵਿਸ਼ੇਸ਼ ਮੀਟਿੰਗ

ਬਰੈਂਪਟਨ:- (ਰਛਪਾਲ ਕੌਰ ਗਿੱਲ) ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਵੱਲੋਂ ਢਾਹਾਂ ਪੁਰਸਕਾਰ ਦੇ ਵਿਜੇਤਾ ਅਤੇ ਉਘੇ ਕਹਾਣੀਕਾਰ ਜਿੰਦਰ ਨਾਲ਼
ਬਹੁਤ ਹੀ ਛੋਟੇ ਨੋਟਿਸ `ਤੇ ਮੁਲਾਕਾਤ ਲਈ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਵਿੱਚ ਬਹੁਤ ਸਾਰੇ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਲਵਾਈ ਅਤੇ ਜਿੰਦਰ ਨਾਲ
ਬਹੁਤ ਹੀ ਸੁਖਾਵੇਂ ਤੇ ਖੁੱਲ੍ਹੇ ਮਹੌਲ ਵਿੱਚ ਗੱਲਬਾਤ ਕੀਤੀ ਗਈ।
ਜਰਨੈਲ ਸਿੰਘ ਕਹਾਣੀਕਾਰ ਨੇ ਜਿੰਦਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਿੰਦਰ ਸਮਰੱਥ ਕਹਾਣੀਕਾਰ ਹੈ ਜਿਸਦੀ ਸਾਹਿਤਕ ਚਰਚਾ ਉਸਦੀ ਕਹਾਣੀ “ਤੁਸੀਂ
ਨਹੀਂ ਸਮਝ ਸਕਦੇ” ਇੱਕ ਪਰਚੇ ਵਿੱਚ ਛਪਣ ਨਾਲ਼ ਸ਼ੁਰੂ ਹੋਈ ਤੇ ਉਸ ਤੋਂ ਬਾਅਦ “ਕਤਲ” ਨਾਂ ਦੀ ਕਹਾਣੀ ਨਾਲ਼ ਉਸਦੀ ਪਛਾਣ ਪਕੇਰੀ ਹੋਈ। ਉਨ੍ਹਾਂ ਦੱਸਿਆ ਕਿ
ਜਿੰਦਰ ‘ਸ਼ਬਦ’ ਨਾਂ ਦਾ ਪਰਚਾ ਵੀ ਕੱਢਦਾ ਹੈ ਜਿਸਦੇ 108 ਅੰਕ ਛੱਪ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿੰਦਰ ਦੇ ਕਈ ਕਹਾਣੀ-ਸੰਗਹ੍ਰਿ, ਰੇਖਾ-ਚਿੱਤਰ ਅਤੇ ਇਕ
ਸਫ਼ਰਨਾਮਾ ਵੀ ਆ ਚੁੱਕੇ ਹਨ ਜਦਕਿ ਉਨ੍ਹਾਂ ਦੀਆਂ ਕੁਝ ਕਿਤਾਬਾਂ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਈਆਂ ਹਨ।
ਜਿੰਦਰ ਨੇ ਆਪਣੀ ਗੱਲਬਾਤ ਆਪਣੇ ਲੇਖਕ ਬਣਨ ਦੇ ਸਬੱਬ ਤੋਂ ਸ਼ੁਰੂ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਐੱਮ.ਏ. ਕਰਨ ਤੋਂ ਬਾਅਦ ਕਿਸੇ ਚਾਹ ਦੀ ਦੁਕਾਨ `ਤੇ
ਉਸਤਾਦ ਸ਼ਾਇਰ ਉਲਫ਼ਤ ਬਾਜਵਾ ਸਾਹਿਬ ਨੂੰ ਮਿਲਣਾ, ਬਾਜਵਾ ਸਾਹਿਬ ਵੱਲੋਂ ਉਸਨੂੰ ਆਲ ਇੰਡੀਆ ਰੇਡੀਓ `ਤੇ ਲਿਜਾ ਕੇ ਸ਼ਾਇਰ ਅਤੇ ਰੇਡੀਓ ਡਾਇਰੈਕਟਰ
ਐੱਸ.ਐੱਸ.ਮੀਸ਼ਾ ਨੂੰ ਮਿਲਾਉਣਾ ਅਤੇ ਕਹਿਣਾ ਕਿ “ਕੁਝ ਲਿਖ ਕੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰ”, ਉਸ ਲਈ ਪ੍ਰੇਰਨਾ ਬਣਿਆ ਅਤੇ ਉਹ ਕਹਾਣੀ ਲਿਖਣ ਵੱਲ
ਪ੍ਰੇਰਿਤ ਹੋ ਗਏ।
ਜਿੰਦਰ ਨੇ ਦੱਸਿਆ ਕਿ ਉਸ ਨੂੰ ਪੜ੍ਹਣ ਦਾ ਬਹੁਤ ਸ਼ੌਕ ਹੈ। ਉਸਦੇ ਸ਼ਬਦਾਂ ਵਿੱਚ, “ਮੈਂ ਜੁੱਤੀ ਭਾਵੇਂ ਪੰਜ ਸੌ ਰੁਪਏ ਦੀ ਹੀ ਪਾਵਾਂ ਪਰ ਕਿਤਾਬਾਂ `ਤੇ ਪੰਜ ਹਜ਼ਾਰ ਖਰਚਣ ਤੋਂ
ਵੀ ਸੰਕੋਚ ਨਹੀਂ ਕਰਦਾ।“ ਉਸਨੇ ਆਪਣੀਆਂ ਕਹਾਣੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਸਾਂਝੀ ਕੀਤੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ
ਅਵਾਰਡ ‘ਸੇਫ਼ਟੀ ਕਿੱਟ” ਸੰਗਹ੍ਰਿ ਨੂੰ ਮਿਲ਼ਿਆ ਹੈ ਪਰ ਉਹ “ਆਵਾਜ਼ਾਂ” ਕਹਾਣੀ-ਸੰਗਹ੍ਰਿ ਨੂੰ ਆਪਣੀ ਉੱਤਮ ਰਚਨਾ ਮੰਨਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲਿਖਣ ਲਈ
ਉਨ੍ਹਾਂ ਨੂੰ ਕਿਸੇ ਖ਼ਾਸ ਵਾਤਾਵਰਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਜਦੋਂ ਉਹ ਸਿਰਜਣ-ਪ੍ਰਕਿਰਿਆ ਵਿੱਚ ਹੁੰਦੇ ਹਨ ਤਾਂ ਗਰਮੀ/ਸਰਦੀ ਦੇ ਅਹਿਸਾਸ ਤੋਂ ਮੁਕਤ ਹੁੰਦੇ ਹਨ।
ਸਾਹਿਤ ਵਿੱਚ ਜਾਤੀ-ਵੰਡ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਾਲੇ `ਚ ਪ੍ਰੇਮ ਪ੍ਰਕਾਸ਼ ਹਮੇਸ਼ਾਂ ਸ਼ਰਾਰਤਾਂ ਕਰਦਾ ਰਿਹਾ ਹੈ ਅਤੇ ਇਸ ਵੰਡ `ਤੇ ਅਫ਼ਸੋਸ ਜ਼ਾਹਿਰ
ਕਰਦਿਆਂ ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਵਿਚਲੀ ਇਹ ਵੰਡ ਹੁਣ ਅਨੇਕਾਂ ਗਰੁੱਪਾਂ ਦੇ ਰੂਪ ਵਿੱਚ ਫੈਲ ਚੁੱਕੀ ਹੈ।
ਜਿੰਦਰ ਨੇ ਕਿਹਾ ਕਿ ਮੇਰੀ ਕਿਤਾਬ “ਸੇਫ਼ਟੀ ਕਿੱਟ” ਨੂੰ ਢਾਹਾਂ ਦਾ ਅਵਾਰਡ ਮਿਲਣਾ, ਮੇਰੀ ਪ੍ਰਾਪਤੀ ਵੀ ਹੈ ਤੇ ਖੁਸ਼ੀ ਵੀ ਹੈ। ਜਿੰਦਰ ਦੇ ਸਾਹਿਤਕ ਸਫ਼ਰ ਬਾਰੇ ਮੀਟਿੰਗ
ਵਿੱਚ ਹਾਜ਼ਰ ਲੇਖਕਾਂ ਤੇ ਸਾਹਿਤਕਾਰਾਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਜਵਾਬ ਬਹੁਤ ਸੰਜੀਦਗੀ ਨਾਲ ਦਿੱਤੇ ਗਏ। ਸੁਆਲ ਪੁੱਛਣ ਵਾਲਿਆਂ ਵਿੱਚ ਖ਼ਾਸ ਕਰਕੇ ਸ਼ਮੀਲ,
ਕੁਲਵਿੰਦਰ ਖਹਿਰਾ, ਪਿਆਰਾ ਸਿੰਘ ਕੁਦੋਵਾਲ, ਮਲਵਿੰਦਰ, ਜਗੀਰ ਸਿੰਘ ਕਾਹਲੋਂ, ਕੁਲਦੀਪ ਪਾਹਵਾ, ਕੁਲਜੀਤ ਮਾਨ, ਸੁਖਚਰਨਜੀਤ ਗਿੱਲ, ਹਰਮਿੰਦਰ ਢਿੱਲੋਂ, ਰਿੰਟੂ
ਭਾਟੀਆ ਤੇ ਬਲਦੇਵ ਰਹਿਪਾ ਦੇ ਨਾਂ ਸ਼ਾਮਲ ਹਨ।
ਵਰਿਆਮ ਸਿੰਘ ਸੰਧੂ ਨੇ ਜਿੰਦਰ ਨੂੰ ਵਧਾਈ ਦੇਂਦਿਆ ਕਿਹਾ ਕਿ ਮੈਂ ਜਿੰਦਰ ਨੂੰ ਇੱਕ ਵਾਰ ਸੁਝਾਅ ਦੇਂਦਿਆ ਕਿਹਾ ਸੀ ਕਿ ਮਿੰਨੀ ਕਹਾਣੀ ਲਿਖਦਿਆਂ ਵੱਡਾ ਕਹਾਣੀਕਾਰ
ਨਹੀਂ ਬਣਿਆ ਜਾ ਸਕਦਾ ਇਸ ਲਈ ਵੱਡੀ ਕਹਾਣੀ ਲਿਖਣੀ ਸ਼ੁਰੂ ਕਰ। ਪੰਜਾਬੀ ਸਾਹਿਤ ਪ੍ਰਤੀ ਪਾਠਕਾਂ ਦੀ ਘਾਟ `ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇ ਲੇਖਕ ਨੇ
‘ਪੜ੍ਹਨਯੋਗ’ ਲਿਖਿਆ ਹੋਵੇ ਤਾਂ ਪਾਠਕ ਜ਼ਰੂਰ ਪੜ੍ਹਦੇ ਹਨ। ਇਸ ਗੱਲ ਦੀ ਪ੍ਰੋੜ੍ਹਤਾ ਵਿੱਚ ਦਲੀਲ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਹਰ ਸਾਲ
ਪੁਸਤਕ ਮੇਲੇ ਲੱਗਦੇ ਹਨ ਜਿੱਥੇ 50, 55 ਲੱਖ ਤੋਂ ਵੱਧ ਰੁਪਏ ਦੀਆਂ ਕਿਤਾਬਾਂ ਦੀ ਵਿੱਕਰੀ ਹੁੰਦੀ ਹੈ। ਉਨ੍ਹਾਂ ਇਸ ਗੱਲ `ਤੇ ਵੀ ਅਫ਼ਸੋਸ ਜ਼ਾਹਿਰ ਕੀਤਾ ਕਿ ਲੇਖਕ ਖੁਦ
ਹੀ ਦੂਸਰਿਆਂ ਦੀਆਂ ਕਿਤਾਬਾਂ ਨਹੀਂ ਪੜ੍ਹਦੇ।
ਮੀਟਿੰਗ ਵਿੱਚ ਗੁਰਦੇਵ ਚੌਹਾਨ, ਹਰਦਿਆਲ ਸਿੰਘ ਝੀਤਾ, ਮੇਜਰ ਮਾਂਗਟ, ਸੋਹਣ ਸਿੰਘ, ਡਾ. ਜਸਵੰਤ ਸਿੰਘ ਕੰਬੋਜ, ਮਨਪ੍ਰੀਤ ਸਹੋਤਾ, ਰਜਵੰਤ ਕੌਰ ਸੰਧੂ, ਸੁਰਜੀਤ
ਕੌਰ,ਸਿਕੰਦਰ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਡਾ। ਸੋਹਨ ਸਿੰਘ ਪਰਮਾਰ, ਹਰਵਿੰਦਰ ਪਰਮਾਰ, ਰਜਿੰਦਰ ਸ਼ੰਕਰ, ਹਰਪਾਲ ਭਾਟੀਆ, ਗੁਰਪ੍ਰੀਤ ਬਟਾਲਵੀ, ਬਲਤੇਜ ਸਿੰਘ
ਕੜਿਆਲਵੀ ਤੇ ਹੀਰਾ ਰੰਧਾਵਾ ਵੀ ਸ਼ਾਮਲ ਹੋਏ।
ਅਖੀਰ ਤੇ ਕਾਫ਼ਲਾ ਸੰਚਾਲਕ ਰਛਪਾਲ ਕੋਰ ਗਿੱਲ ਨੇ ਸਭ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *