ਯੂਕੇ: 11ਵੇਂ ਯੂਕੇ ਭੰਗੜਾ ਐਵਾਰਡ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ
ਬਰਮਿੰਘਮ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਕਲਚਰ ਯੂਨਾਈਟਿਡ ਵੱਲੋਂ ਵੈਸਟ ਬਰੋਮਵਿਚ (ਇੰਗਲੈਂਡ) ਵਿਖੇ ਗਿਆਰ੍ਹਵਾਂ ਸਲਾਨਾ ਯੂਕੇ ਭੰਗੜਾ ਐਵਾਰਡ ਕਰਵਾਇਆ ਜਾ ਰਿਹਾ ਹੈ । ਇਸ ਰੈੱਡ ਕਾਰਪੇਟ ਪਰਿਵਾਰਕ ਸਮਾਗਮ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਕਲਾ, ਕਲਾਕਾਰਾਂ ਅਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨ ਹਾਸਲ ਕਰਨ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਮੂਲੀਅਤ ਕਰਨਗੇ। ਇਹ ਸਨਮਾਨ ਵੱਖ-ਵੱਖ 24 ਸ਼੍ਰੇਣੀਆਂ ਵਿੱਚ ਪੇਸ਼ ਕੀਤੇ ਜਾਣਗੇ ਜਿਨ੍ਹਾਂ ਦਾ ਉਦੇਸ਼ ਪੰਜਾਬੀ ਸੰਗੀਤ ਅਤੇ ਲੋਕ ਨਾਚ ਵਿੱਚ ਪ੍ਰਤਿਭਾਸ਼ਾਲੀ ਹਸਤੀਆਂ ਨੂੰ ਪਛਾਣ ਕੇ, ਸ਼ਲਾਘਾ ਕਰਨਾ ਅਤੇ ਪ੍ਰੇਰਿਤ ਕਰਨਾ ਹੈ। ਇਹਨਾਂ ਵੱਕਾਰੀ ਸ਼੍ਰੇਣੀਆਂ ਵਿੱਚ ਸਰਵੋਤਮ ਮੀਡੀਆ, ਸਰਵੋਤਮ ਰਿਪੋਰਟਰ, ਸਰਵੋਤਮ ਪੇਸ਼ਕਾਰ, ਸਰਬੋਤਮ ਭੰਗੜਾ ਫਿਟਨੈਸ, ਸਰਵੋਤਮ ਈਵੈਂਟ, ਸਰਵੋਤਮ ਡੀਜੇ ਰੋਡ ਸ਼ੋਅ, ਸਰਵੋਤਮ ਢੋਲ ਕਲਾਕਾਰ, ਸਰਬੋਤਮ ਡਾਂਸ ਕਲਾਕਾਰ, ਸਰਬੋਤਮ ਗੀਤਕਾਰ, ਸਰਬੋਤਮ ਸੰਗੀਤ ਨਿਰਮਾਤਾ, ਸਰਬੋਤਮ ਸੰਗੀਤਕਾਰ, ਸਰਬੋਤਮ ਬੈਂਡ, ਸਰਵੋਤਮ ਰਿਕਾਰਡ ਲੇਬਲ, ਸਰਵੋਤਮ ਵੀਡੀਓ ਨਿਰਦੇਸ਼ਕ, ਸਰਵੋਤਮ ਮਿਊਜ਼ਿਕ ਵੀਡੀਓ, ਬੈਸਟ ਸਿੰਗਲ, ਬੈਸਟ ਐਲਬਮ, ਬੈਸਟ ਅਰਬਨ ਆਰਟਿਸਟ, ਬੈਸਟ ਨਿਊਕਮਰ, ਬੈਸਟ ਫੀਮੇਲ ਸਿੰਗਰ, ਬੈਸਟ ਮੇਲ ਸਿੰਗਰ, ਬੈਸਟ ਇੰਟਰਨੈਸ਼ਨਲ ਆਰਟਿਸਟ, ਵਿਸ਼ੇਸ਼ ਯੋਗਦਾਨ ਐਵਾਰਡ, ਲਾਈਫਟਾਈਮ ਅਚੀਵਮੈਂਟ ਐਵਾਰਡ ਆਦਿ ਵਰਨਣਯੋਗ ਹਨ। ਇਸ ਵਿਸ਼ਵ ਪੱਧਰੀ ਸਮਾਗਮ ਦੇ ਆਯੋਜਕ ਬੌਬੀ ਬੋਲਾ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਸਿਰ ਫਿਰ ਹੀ ਉੱਚਾ ਰਹਿ ਸਕਦਾ ਹੈ, ਜੇ ਸੰਗੀਤ, ਕਲਾ, ਕਲਾਕਾਰਾਂ ਤੇ ਮਿਹਨਤੀ ਲੋਕਾਂ ਦੀ ਸਮੇਂ ਸਮੇਂ ‘ਤੇ ਹੌਸਲਾ ਅਫਜਾਈ ਹੁੰਦੀ ਰਹੇ। ਉਹਨਾਂ ਦੱਸਿਆ ਕਿ ਇਸ ਵਿਸ਼ਵ ਪ੍ਰਸਿੱਧ ਸਨਮਾਨ ਸਮਾਰੋਹ ਦੀਆਂ ਹੁਣੇ ਤੋਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਵੱਖ ਵੱਖ ਸ਼੍ਰੇਣੀਆਂ ਵਿੱਚ ਸਨਮਾਨ ਲਈ ਸੁਝਾਏ ਗਏ ਨਾਂਵਾਂ ਵਾਲੇ ਪ੍ਰਤੀਭਾਗੀ ਵੋਟਾਂ ਦੇ ਆਧਾਰ ‘ਤੇ ਚੁਣੇ ਜਾਣਗੇ। ਵੋਟਾਂ ਦੀ ਗਿਣਤੀ ਉਪਰੰਤ 14 ਦਸੰਬਰ 2024 ਨੂੰ ਹੋਣ ਵਾਲੇ ਸਮਾਰੋਹ ਵਿੱਚ ਸਨਮਾਨ ਭੇਂਟ ਕੀਤੇ ਜਾਣਗੇ।