ਟਾਪਪੰਜਾਬ

ਡਾਚੀ ਵਾਲਿਆ ਮੋੜ ਮੁਹਾਰ ਵੇ-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ

ਬੰਦੇ ਵਿਚਲੇ ਗੁਣ ਉਸ ਦੀ ਹਰ ਥਾਂ ਤੇ ਕਦਰ ਕਰਵਾਉਂਦੇ ਹਨ। ਪੰਜਾਹ ਸਾਲ ਪਹਿਲੇ ਜੇ ਇਸ ਕਦਰ ਔਰਤ ਸਮਾਜ ਦੇ ਵੱਖ ਵੱਖ ਪਹਿਲੂਆਂ ਤੇ ਆਪਣੀ ਕਦਰ ਬਣਾਵੇ ਤਾਂ ਇਸ ਤੋਂ ਵੱਡਾ ਸੁਨਹਿਰੀ ਪੰਨਾ ਨਹੀਂ ਲਿਖਿਆ ਜਾ ਸਕਦਾ। ਇਸ ਪ੍ਰਸੰਗ ਵਿੱਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਨਾਮ ਆਉਂਦਾ ਹੈ। ਸਮਾਜਿਕ ਕਦਰਾਂ ਕੀਮਤਾਂ, ਸੱਭਿਆਚਾਰ ਦੀ ਤਸਵੀਰ, ਸੱਭਿਅਤਾ ਦੀ ਗਵਾਹ ਅਤੇ ਸੂਰਤ ਦਾ ਸਿਰਨਾਵਾਂ ਸਾਂਭੀ ਬੈਠੀ ਇਸ ਔਰਤ ਨੇ ਗਾਇਕੀ ਦੀ ਤਸਵੀਰ ਅਤੇ ਤਸੀਰ ਨੂੰ ਇੱਕ ਅਲੱਗ ਵੰਨਗੀ ਵਾਲਾ ਬਿੰਬ ਦਿੱਤਾ।  ਸਮੁੰਦਰ ਰੂਪੀ ਪੰਜਾਬੀ ਸੱਭਿਆਚਾਰ ਨੂੰ ਸੰਖੇਪਤਾ ਵਿੱਚ ਪ੍ਰਗਟ ਕਰ ਕੇ ਬੁੱਧੀਮਾਨੀ ਵਾਲਾ ਰੁੱਤਬਾ ਵੀ ਪਾਇਆ। ਇਸ ਦੇ ਗੀਤਾਂ ਵਿੱਚ ਗੂੜ੍ਹੇ ਅਤੇ ਸਾਫ਼ ਰੰਗ ਹੀ ਦਿਖਦੇ ਹਨ, ਘਸਮੈਲੇ ਨਹੀਂ। ਤਤਕਾਲੀ ਦੌਰ ਵਿੱਚ ਗੀਤ, ਸੰਗੀਤ ਅਤੇ ਸੱਭਿਆਚਾਰ ਨੂੰ ਪੁੰਗਾਰਿਆ ਅਤੇ ਸ਼ੰਗਾਰਿਆ। ਔਖੀ ਘੜੀ ਇਹ ਸੀ ਕਿ ਔਰਤ ਪਰਦੇ ਪਿੱਛੇ ਸੀ। ਇਸ ਮਾਣਮੱਤੀ ਧੀ ਨੇ ਦੱਸ ਦਿੱਤਾ ਕਿ”ਮਰਦ ਕੋਲ ਦਿ੍ਸ਼ਟੀ ਹੈ, ਪਰ ਔਰਤ ਕੋਲ ਅੰਤਰ ਦਿ੍ਸ਼ਟੀ ਹੈ”ਅੱਜ ਲਈ ਤਾਂ ਉਸ ਦੇ ਗੀਤ ਹੋਰ ਵੀ ਮਾਰਗਦਰਸ਼ਕ ਹਨ। ਭਟਕਿਆ  ਅਤੇ ਗੑਸਿਆ ਸੱਭਿਆਚਾਰ ਅੱਜ ਸੁਰਿੰਦਰ ਕੌਰ ਨੂੰ ਆਵਾਜ਼ ਮਾਰਦਾ ਹੈ। ਪੰਜਾਬੀ ਜ਼ਬਾਨ ਦਾ ਦਰਪਣ ਬਣੀ ਇਹ ਗਾਇਕਾ ਅੰਦਰੋਂ ਖੁੱਭ ਕੇ ਸੱਭਿਆਚਾਰ ਨੂੰ ਨਿਹਾਰਦੀ ਅਤੇ ਨਿਖਾਰਦੀ ਸੀ। ਅੱਜ ਤੱਕ ਇਸ ਦੀਆਂ ਪਾਈਆਂ ਪੈਂੜਾਂ ਆਪਣਾ ਬਦਲ ਤਲਾਸ਼ਦੀਆਂ ਹਨ।
25 ਨਵੰਬਰ 1929 ਨੂੰ ਸਾਂਝੇ ਪੰਜਾਬ ਦੀ ਧਰਤੀ ਲਾਹੌਰ ਵਿੱਚ ਅੱਖਾਂ ਖੋਲ੍ਹ ਕੇ ਪਹਿਲੀ ਕਿਲਕਾਰੀ ਮਾਰੀ। ਦਿਨ ਪਰ ਦਿਨ  ਇਹ ਕਿਲਕਾਰੀ ਰਸੀਲੀ ਅਤੇ ਸੁਰੀਲੀ ਹੁੰਦੀ ਹੋਈ 77 ਵਰ੍ਹੇ 15 ਜੂਨ 2006 ਤੱਕ ਸੱਭਿਆਚਾਰ ਦੇ ਬਾਗਾਂ ਵਿੱਚ ਮਹਿਕ ਬਿਖੇਰਦੀ ਰਹੀ। ਜੇ ਇਸ ਦੇ ਗੀਤਾਂ ਨੂੰ ਮਾਰਗ ਦਰਸ਼ਕ ਰੱਖਿਆ ਹੁੰਦਾ ਤਾਂ ਸੱਭਿਆਚਾਰ ਵਿੱਚ ਅੱਜ ਵਾਲਾ ਘੜਮੱਸ ਨਾ ਮੱਚਦਾ। ਇਸ ਹਲੀਮੀ ਭਰੀ ਮੂਰਤ ਨੇ ਸਦਾਚਾਰੀ ਜਾਮੇ ਵਿੱਚ ਰਹਿ ਕੇ ਇਤਿਹਾਸ ਨੂੰ ਇੱਕ ਝਾਕੀ ਵਾਂਗ ਪੇਸ਼ ਕੀਤਾ। ਇਹ ਅੱਜ ਵੀ ਲੋੜ ਪੈਣ ਤੇ ਉਦਾਹਰਨ ਲਈ ਕਾਫੀ ਹੈ। ਪੰਜਾਬੀ ਦੇ ਤੌਰ ਤਰੀਕੇ, ਖਾਣ ਪੀਣ, ਰਹਿਣ ਸਹਿਣ ਅਤੇ ਆਲੇ ਦੁਆਲੇ ਨੂੰ ਇੱਕ ਮੰਜ਼ਲ ਤੇ ਪਹੁੰਚਾਇਆ ਤੇ ਖੁਦ ਵੀ ਮੰਜ਼ਲ ਬਣ ਗਈ।
    ਇਸ ਦੀ ਪਛਾਣ ਕਰਨ ਵਿੱਚ ਫਾਡੀ ਰਿਹਾ। ਸਮੇਂ ਸਮੇਂ ਤੇ ਜੰਮੇ ਭਵੱਕੜਾ ਨੂੰ ਪੰਜਾਬੀਆ ਨੇ ਵੀ ਸਿੱਕੇ ਦੇ ਦੂਜੇ ਪਾਸੇ ਨੂੰ ਨਹੀਂ ਦੇਖਿਆ। ਹੈਰਾਨੀ ਉਦੋਂ ਹੋਈ ਜਦੋਂ ਇਹਨਾਂ ਦੀ ਧੀ ਡੋਲੀ ਗੁਲੇਰੀਆ ਨੇਕਿਸਾਨ ਅੰਦੋਲਨ ਵਿੱਚ ਸੋਲਾਂ ਵਰ੍ਹੇ ਬਾਅਦ ਨੁਕਤਾ ਸਾਂਝਾ ਕੀਤਾ ਕਿ ਮੇਰੀ ਮਾਂ ਨੂੰ ਪਦਮ ਸ਼੍ਰੀ ਵੀ ਹਰਿਆਣਾ ਨੇ ਦਿੱਤਾ। ਸੇਵਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਕੀਤੀ। ਇਹ ਸੋਚਣ ਅਤੇ ਵਿਚਾਰਨ ਦਾ ਨੁਕਤਾ ਹੈ। ਡੋਲੀ ਨੇ ਤਾਂ ਇਹ ਵੀ ਕਿਹਾ ਕਿ ਮੇਰੀ ਮਾਂ ਦੀ ਪੰਜਾਬ ਵਿੱਚ ਮਰਨ ਦੀ ਇੱਛਾ ਸੀ। ਪਰ ਪੰਜਾਬ ਨੇ ਸਾਰ ਨਹੀਂ ਲਈ। ਪੰਜਾਬੀਆਂ ਦੀ ਰੂਹ ਏ ਰਵਾਂ ਸੁਰਿੰਦਰ ਕੌਰ ਨੇ ਢੋਲੇ, ਮਾਹੀਏ, ਭਾਬੋ, ਜਿੰਦੂਆ, ਡੋਲੀ, ਸਲੇਟੀ ਅਤੇ ਚਾਦਰ ਆਦਿ ਨੂੰ ਗੀਤਾਂ ਜਰੀਏ ਰੂਪਮਾਨ ਕਰਕੇ ਮਹਿਕ ਖਿਲਾਰੀ। ਸੱਚਾ ਤਰਾਜੂ ਇਹ ਹੈ ਕਿ ਅੱਜ ਵੀ ਉਸ ਦਾ ਬਦਲ ਨਹੀਂ ਹੈ। ਬਟਵਾਰੇ ਤੋਂ ਬਾਅਤ ਵੀ ਲਹਿੰਦੇ ਪੰਜਾਬ ਵਿੱਚ ਸੁਰਿੰਦਰ ਕੌਰ ਨੂੰ ਰੂਹ ਨਾਲ ਪੜਿਆ ਸੁਣਿਆ ਜਾਂਦਾ ਹੈ। ਸੱਭਿਆਚਾਰਕ ਸਫਾਂ ਵਿੱਚ ਸੁਰਿੰਦਰ ਕੌਰ ਅੱਜ ਵੀ ਜੀਉਂਦੀ ਹੈ।
 ਬੱਚੇ ਜੰਮਣ ਤੋਂ ਸੱਭਿਆਚਾਰ ਦੀ ਨਿਆਂਈ ਸੁਰੂ ਹੋ ਜਾਂਦੀ ਹੈ। ਪਰਤ ਦਰ ਪਰਤ ਉਸ ਨੇ ਇਸ ਨੂੰ ਨਿਖਾਰ ਕੇ ਗਾਇਆ। ਅੱਜ ਜਦੋਂ ਉਸ ਦਾ ਗਾਣਾ,
 “ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਂਏ ” ਜਦੋਂ ਕੰਨੀਂ ਪੈਂਦਾ ਹੈ ਤਾਂ ਧੀਆਂ ਧਿਆਣੀਆਂ ਦਾ ਪਿਆਰ ਅਤੇ ਮੋਹ ਆਪ ਮੁਹਾਰੇ ਡੁੱਲ੍ਹਣ ਲੱਗ ਜਾਂਦਾ ਹੈ।ਬਾਬਲ ਧੀ ਦੇ ਪਿਆਰ ਵਿੱਚ ਇਹ ਗਾਣਾ ਹੰਝੂ ਕੇਰਨ ਲਾ ਦਿੰਦਾ ਹੈ। ਸੱਸ ਦੇ ਰਿਸ਼ਤੇ ਨੂੰ ਕੁੜੱਤਣ ਵਿੱਚੋਂ ਕੱਢ ਕੇ ਸਦਾਚਾਰੀ ਵੰਨਗੀ ਦਿੱਤੀ ਨਾਲ ਹੀ ਸੱਸ ਪੑਤੀ ਮਾੜੀ ਸੋਚ ਅਤੇ ਹਊਏ ਨੂੰ ਸੁਰਾਂ ਵਿੱਚ ਪਰੋਇਆ
” ਮਾਵਾਂ ਲਾਡ ਲਡਾਵਣ ਧੀਆਂ ਵਿਗਾੜਨ ਲਈ, ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ “
 ਪਿਆਰ ਨੂੰ ਸਮੇਂ ਦੇ ਤਰਾਜੂ ਵਿੱਚ ਰੱਖ ਕੇ ਇੱਕ ਸਦਾਬਹਾਰ ਗਾਣਾ ਗਾਇਆ ਜਿਸ ਦੀਆਂ ਪੈੜਾਂ ਅਤੇ ਪ੍ਰਛਾਈਆਂ ਵਿੱਚ ਦਾ ਫਿਲਮਾਂਕਣ ਅੱਜ ਵੀ ਪਿਆਰ ਦੀਆਂ ਲੀਹਾਂ ਉੱਤੇ ਚੱਲਣ ਦੀ ਆਵਾਜ਼ ਮਾਰਦਾ ਹੈ,   “ਡਾਚੀ ਵਾਲਿਆ ਮੋੜ ਮੁਹਾਰ ਵੇ, ਸੋਹਣੀ ਵਾਲਿਆ ਨੂੰ ਲੈ ਚੱਲ ਨਾਲ ਵੇ”
ਉਸ ਦੇ ਗੀਤ, ਸੰਗੀਤ ਅਤੇ ਸੱਭਿਆਚਾਰ ਨੂੰ ਪ੍ਰਭਾਸਿਤ ਕਰਦੇ ਹਨ। ਅੱਜ ਦੀ ਪੀੜ੍ਹੀ ਨੂੰ ਸੱਭਿਆਚਾਰ ਦੀਆਂ ਇਹਨਾਂ ਭਾਸਾਵਾਂ ਬਾਰੇ ਪਤਾ ਹੀ ਨਹੀਂ ਹੈ। ਕਾਰਲ ਮਾਰਕਸ ਨੇ ਕਿਹਾ ਸੀ, ” ਕਿਸੇ ਕੌਮ ਦੇ ਪੰਜ ਗਾਣੇ ਸੁਣਾਓ ਮੈਂ ਅਗਲੀ ਪੀੜ੍ਹੀ ਦਾ ਭਵਿੱਖ ਦੱਸ ਦੇਵਾਂਗਾ”ਇਸ ਤਰਜ਼ ਤੇ ਜੇ ਸੁਰਿੰਦਰ ਕੌਰ ਵਰਗੀ ਸੁਥਰੀ ਗਾਇਕੀ ਰਹਿੰਦੀ ਤਾਂ ਅੱਜ ਵਰਗੇ ਲੱਚਰ, ਹਥਿਆਰ ਅਤੇ ਫੋਕੇਪੁਣੇ ਸੱਭਿਆਚਾਰ ਤੋਂ ਦੂਰ ਰਹਿ ਕੇ ਸਮਾਜਿਕ ਖੁਸ਼ਹਾਲੀ ਬਣੀ ਰਹਿਣੀ ਸੀ।
ਸੁਰਿੰਦਰ ਕੌਰ ਨੇ ਜੰਮਣ ਤੋਂ ਗਾਉਣ ਤੱਕ ਲਾਹੌਰ ਨਾਲ ਨੇੜਲਾ ਸੰਬੰਧ ਰੱਖਿਆ। ਉਸ ਨੇ 1943 ਵਿੱਚ ਆਪਣਾ ਪਹਿਲਾ ਗਾਣਾ ਵੀ ਲਾਹੌਰ ਰੇਡੀਓ ਤੋਂ ਗਾਇਆ ਸੀ। ਇਥੋਂ ਹੀ ਉਸ ਨੇ ਆਪਣੀ ਹਸਤੀ ਨੂੰ ਪ੍ਰਭਾਸਿਤ ਕੀਤਾ। ਉਸ ਗਾਣੇ ਸਬਕ ਅਤੇ ਸਿਖਿਆ ਵਾਲੇ ਹੀ ਰਹੇ। ਸੁਰਿੰਦਰ ਕੌਰ ਦੇ ਗੀਤ ਨਾ ਨਵੇਂ ਹਨ ਨਾ ਹੀ ਪੁਰਾਣੇ ਹਨ। ਇਹ ਤਾਂ ਜੰਗਲ ਦੇ ਰੁੱਖ ਵਾਂਗ ਹਨ ਜਿਹਨਾਂ ਦੀਆਂ ਜੜ੍ਹਾ ਧਰਤੀ ਵਿੱਚ ਬੇਹੱਦ ਡੂੰਘੀਆਂ ਹਨ, ਪਰ ਪੱਤੇ ਆਉਂਦੇ ਜਾਂਦੇ ਰਹਿੰਦੇ ਹਨ। ਅੱਜ ਭਾਵੇਂ ਗੀਤਾਂ ਦੇ ਤੌਰ ਤਰੀਕੇ ਬਦਲ ਗਏ ਹਨ, ਪਰ ਪੰਜਾਬੀ ਗੀਤ, ਸੰਗੀਤ ਅਤੇ ਸੱਭਿਆਚਾਰ ਦੀ ਰੂਹ ਅੱਜ ਵੀ ਸੁਰਿੰਦਰ ਕੌਰ ਦੇ ਗੀਤਾਂ ਵਿੱਚ ਧੜਕਦੀ ਹੈ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ
9878111445

Leave a Reply

Your email address will not be published. Required fields are marked *