ਟਾਪਪੰਜਾਬ

ਖੇਡ ਵਿਅਕਤੀ ਦੇ ਵਿਕਾਸ ਅਤੇ ਅਨੁਸ਼ਾਸਨ ਵਿੱਚ ਸਹਾਈ- ਸੀਪੀ ਸਵਪਨ ਸ਼ਰਮਾ

ਜਲੰਧਰ: ਪੰਜਾਬ ਰਾਜ ਸੀਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2024 ਅੱਜ ਤੋਂ ਜਲੰਧਰ ਦੇ ਪ੍ਰਸਿੱਧ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਸ਼ੁਰੂ ਹੋ ਗਈ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਵੱਲੋਂ ਆਯੋਜਿਤ ਇਹ ਚੈਂਪੀਅਨਸ਼ਿਪ 2 ਦਸੰਬਰ ਤੱਕ ਚਲੇਗੀ। ਇਸ ਚੈਂਪੀਅਨਸ਼ਿਪ ਵਿੱਚ ਰਾਜ ਦੇ ਲਗਭਗ 200 ਖਿਡਾਰੀ ਭਾਗ ਲੈ ਰਹੇ ਹਨ।

ਸ਼ਨੀਵਾਰ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵਿਅਕਤੀ ਦੇ ਵਿਕਾਸ ਵਿੱਚ ਖੇਡਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, “ਖੇਡਾਂ ਸਿਰਫ ਸ਼ਾਰੀਰਕ ਸਹਿਨਸ਼ੀਲਤਾ ਬਾਰੇ ਹੀ ਨਹੀਂ ਹਨ, ਬਲਕਿ ਇਨ੍ਹਾਂ ਨਾਲ ਵਿਅਕਤੀ ਦਾ ਵਿਕਾਸ, ਅਨੁਸ਼ਾਸਨ, ਟੀਮ ਵਰਕ ਅਤੇ ਦ੍ਰਿੜਤਾ ਮਜ਼ਬੂਤ ਹੁੰਦੀ ਹੈ।” ਇਸ ਮੌਕੇ ਉਨ੍ਹਾਂ ਨੇ ਸਟੇਡੀਅਮ ਨੂੰ ਖੇਡ ਸੁਵਿਧਾ ਦੇ ਰੂਪ ਵਿੱਚ ਵਿਕਾਸ ਕਰਨ ਲਈ ਡੀਬੀਏ ਜਲੰਧਰ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ।

ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਡੀਬੀਏ ਮੈਂਬਰ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਮੀਡੀਆ ਨੂੰ ਦੱਸਿਆ ਕਿ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਨਾਲ ਸਬੰਧਤ ਕਈ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਨ੍ਹਾਂ ਖਿਡਾਰੀਆਂ ‘ਚ ਜਲੰਧਰ ਤੋਂ ਮਾਨਿਆ ਰਲ੍ਹਨ, ਦਿਵਯਮ ਸਚਦੇਵਾ, ਮ੍ਰਿਦੁਲ ਝਾ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਨਕਦ ਇਨਾਮ ਦੇ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ, ‘ਥੌਮਸ ਕੱਪ’ ਜਿੱਤਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਐਸ. ਵਿਜੇਦੀਪ ਸਿੰਘ ਅਤੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਸਚਿਨ ਰਤੀ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿੱਚ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦਸੰਬਰ ਵਿੱਚ ਬੰਗਲੁਰੂ ‘ਚ ਹੋਣ ਵਾਲੇ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪੰਜਾਬ ਵੱਲੋਂ ਹਿੱਸਾ ਲੈਣ ਦਾ ਮੌਕਾ ਮਿਲੇਗਾ।

ਇਸ ਸਮਾਰੋਹ ਵਿੱਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਅਧਿਕਾਰੀ ਰਾਕੇਸ਼ ਖੰਨਾ, ਸੰਦੀਪ ਰਿਣਵਾ, ਚਿਤਰੰਜਨ ਬੰਸਲ, ਨਰੇਸ਼ ਬੁਧੀਆ, ਅਨਿਲ ਭਟ੍ਟੀ, ਸ਼ਮਸ਼ੇਰ ਢਿੱਲੋ, ਵਿਸ਼ਾਲ ਰਲ੍ਲਨ ਅਤੇ ਧੀਰਜ ਸ਼ਰਮਾ ਵੀ ਮੌਜੂਦ ਸਨ। ਜਲੰਧਰ ਦੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਨੇ ਇਸ ਆਯੋਜਨ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਲਈ ਪ੍ਰਾਯੋਜਕਾਂ ਘਨਸ਼ਿਆਮ ਸਵੀਟਸ ਅਤੇ ਵਿਕਟਰ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *