ਪੱਥਰ ਦਿਲ ਕਿਉਂ ਬਣਿਆ ਏ?-ਹਰਜਿੰਦਰ ਕੌਰ
ਕਈ ਨੰਗੇ ਪਿੰਡੇ ਠੁਰੀ ਜਾਂਦੇ ।
ਕੋਈ ਤਪਦੀ ਰੇਤਾ ਚ ਤੁਰੀ ਜਾਂਦੇ ।
ਤੂੰ ਬਣ- ਠਣ ਕੇ ਕਿਵੇਂ ਤਣਿਆ ਏ ?
ਹੱਡ ਮਾਸ ਦਾ ਬਣਿਆ ਏ ।
ਪਰ ਪੱਥਰ ਦਿਲ ਕਿਉਂ ਬਣਿਆ ?
ਕਈ ਭੁੱਖੇ ਪਿਆਸੇ ਮੁੱਕੀ ਜਾਂਦੇ ।
ਟੁਕੜੇ ਟੁਕੜੇ ਲਈ ਟੁੱਟੀ ਜਾਂਦੇ ।
ਤੂੰ ਰੱਜਾ ਪੁੱਜਾ ਕਿਵੇਂ ਗਿਣਿਆ ਏਂ?
ਹੱਡ ਮਾਸ ਦਾ ਬਣਿਆ ਏਂ।
ਪਰ ਪੱਥਰ ਦਿਲ..…..………?
ਦਿਨ ਦਿਹਾੜੇ ਪੱਤ ਲੁੱਟੀ ਜਾਂਦੇ ।
ਧੀਆਂ ਭੈਣਾਂ ਦੇ ਸਾਹ ਸੁੱਕੀ ਜਾਂਦੇ ।
ਤੂੰ ਬੁੱਤ ਜਿਹਾ ਕਿਵੇਂ ਬਣਿਆ ਏਂ ?
ਹੱਡ ਮਾਸ ਦਾ ਬਣਿਆ ਏਂ ।
ਪਰ ਪੱਥਰ ਦਿਲ…………. ?
ਨਸ਼ਿਆਂ ਦੇ ਹੜ੍ਹ ਵਗੀ ਜਾਂਦੇ ।
ਮਾਂਵਾਂ ਦੇ ਪੁੱਤ ਰੁੜ੍ਹੀ ਜਾਂਦੇ ।
ਤੂੰ ਵੈਣਾਂ ਤੋਂ ਕਿਵੇਂ ਅਣਸੁਣਿਆ ਏਂ?
ਹੱਡ ਮਾਸ ਦਾ ਬਣਿਆ ਏ ।
ਪਰ ਪੱਥਰ ਦਿਲ ……….. ?
ਕਈ ਇਨਸਾਫਾਂ ਲਈ ਰੁਲੀ ਜਾਂਦੇ ।
ਫੈਸਲੇ ਪੈਸਿਆਂ ਨਾਲ ਤੁਲੀ ਜਾਂਦੇ ।
ਤੂੰ ਅਣਜਾਣ ਜਿਹਾ ਕਿਵੇਂ ਬਣਿਆ ਏਂ?
ਹੱਡ ਮਾਸ ਦਾ ਬਣਿਆ ਏਂ।
ਪਰ ਪੱਥਰ ਦਿਲ ……………?
ਧਰਮਾਂ ਦੇ ਨਾਂ ਤੇ ਠਗੀ ਜਾਂਦੇ ।
ਬੇਗੁਨਾਹਾਂ ਦੇ ਲਹੂ ਵਗੀ ਜਾਂਦੇ ।
ਤੂੰ ਘੁੰਨ-ਵੱਟਾ ਕਿਵੇਂ ਬਣਿਆ ਏਂ?
ਹੱਡ ਮਾਸ ਦਾ ਬਣਿਆ ਏਂ।
ਪਰ ਪੱਥਰ ਦਿਲ …………….?
ਆਪਣਾ ਤੂੰ ਜ਼ਮੀਰ ਜਗਾ ਲੈ।
ਇਨਸਾਨੀਅਤ ਦਾ ਫਰਜ਼ ਨਿਭਾ ਲੈ।
ਤੂੰ ਐਨਾ ਖੁਦਗਰਜ਼ ਕਿਵੇਂ ਬਣਿਆ ਏਂ?
ਹੱਡ ਮਾਸ ਦਾ ਬਣਿਆ ਏਂ।
ਪਰ ਪੱਥਰ ਦਿਲ ਕਿਉਂ ਬਣਿਆ ਏਂ?
ਲੇਖਕ
ਹਰਜਿੰਦਰ ਕੌਰ
9464288784