ਧੀਆਂ ਦੀ ਲੋਹੜੀ” ਬੂਟਾ ਗ਼ੁਲਾਮੀ ਵਾਲਾ
ਪੁੱਤਰਾਂ ਤੇ ਧੀਆਂ ਵਿੱਚ ਫਰਕ ਨਾਂ ਕੋਈ
ਰੱਬ ਕੋਲੋਂ ਦਾਤ ਕਿਤੇ ਮੰਗ ਕੇ ਤਾਂ ਵੇਖਿਉ
ਪੁੱਤਰਾਂ ਤੋਂ ਵੱਧ ਤੁਹਾਨੂੰ ਮਿਲੇਗਾ ਪਿਆਰ
ਧੀਆਂ ਦੀ ਲੋਹੜੀ ਕਿਤੇ ਵੰਡ ਕੇ ਤਾਂ ਵੇਖਿਉ
ਧੀਆਂ ਪੁੱਤਾਂ ਤੋਂ ਵੀ ਲੱਗਣ ਪਿਆਰੀਆਂ
ਸੁੱਖ ਮਾਪਿਆਂ ਦੀ ਮੰਗਣ ਵਿਚਾਰੀਆਂ
ਸੰਗ ਇਨ੍ਹਾਂ ਦੀ ਦੇ ਵਿੱਚ, ਕਦੇ ਸੰਗ ਕੇ ਤਾਂ ਵੇਖਿਉ
ਪੁੱਤਰਾਂ ਤੋਂ ਵੱਧ ਤੁਹਾਨੂੰ ਮਿਲੇਗਾ ਪਿਆਰ
ਧੀਆਂ ਦੀ ਲੋਹੜੀ ਕਿਤੇ ਵੰਡ ਕੇ ਵੇਖਿਉ
ਹਰ ਪਾਸੇ ਮੱਲਾਂ, ਅੱਜ ਧੀਆਂ ਨੇ ਹੈ ਮਾਰੀਆਂ
ਦੱਸੋ ਕਿਹੜੀ ਗੱਲੋਂ ਘੱਟ, ਧੀਆਂ ਨੇ ਵਿਚਾਰੀਆਂ
ਦਿਲ ਧੀਆਂ ਦੇ ਪਿਆਰ ਵਿੱਚ, ਰੰਗ ਕੇ ਤਾਂ ਵੇਖਿਉ
ਪੁੱਤਰਾਂ ਤੋਂ ਵੱਧ ਤੁਹਾਨੂੰ ਮਿਲੇਗਾ ਪਿਆਰ
ਧੀਆਂ ਦੀ ਲੋਹੜੀ ਕਿਤੇ ਵੰਡ ਕੇ ਵੇਖਿਉ
ਧੀਆਂ ਅਤੇ ਕੂੰਜਾਂ ਦੀ, ਲੰਮੀ ਉਡਾਰੀ ਬਈ
ਜਾਣਾ ਪੈਂਦਾ ਉਥੇ, ਜਿਥੇ ਚੋਗ ਹੈ ਖਿਲਾਰੀ ਬਈ
ਸੱੱਚੀ ਰੱਬ ਕੋਲੋਂ ਖ਼ੈਰ ,ਕਿਤੇ ਮੰਗ ਕੇ ਤਾਂ ਵੇਖਿਉ
ਪੁੱਤਰਾਂ ਤੋਂ ਵੱਧ ਤੁਹਾਨੂੰ ਮਿਲੇਗਾ ਪਿਆਰ
ਧੀਆਂ ਦੀ ਲੋਹੜੀ ਕਿਤੇ ਵੰਡ ਕੇ ਵੇਖਿਉ
ਗ਼ੁਲਾਮੀ ਵਾਲਾ ਆਖੇ, ਧੀਆਂ ਜੱਗ ਉੱਤੇ ਸ਼ਾਨ ਏ
ਧੀਆਂ ਨਾਲ ਬੂਟੇ, ਸਾਰਾ ਵੱਸਦਾ ਜਹਾਨ ਏ
ਦਿਲੋਂ ਕਿਤੇ ਰਿਸਤਾ,ਗੰਢ ਕੇ ਤਾਂ ਵੇਖਿਉ
ਪੁੱਤਰਾਂ ਤੋਂ ਵੱਧ ਤੁਹਾਨੂੰ ਮਿਲੇਗਾ ਪਿਆਰ
ਧੀਆਂ ਦੀ ਲੋਹੜੀ ਕਿਤੇ ਵੰਡ ਕੇ ਵੇਖਿਉ
ਬੂਟਾ ਗੁਲਾਮੀ ਵਾਲਾ
ਕੋਟ ਈਸੇ ਖਾਂ ਮੋਗਾ