ਕੇਂਦਰ ਨਾਲ ਕਿਸਾਨਾਂ ਦੀ 14 ਨੂੰ ਵਾਰਤਾ ਲਈ ਕੀਤੇ ਜਾ ਰਹੇ ਸਾਰੇ ਲੋੜੀਂਦੇ ਪ੍ਰਬੰਧ
ਖਨੌਰੀ ਬਾਰਡਰ(ਯੂ. ਐਨ. ਆਈ.)-ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਰੱਦ ਕਰ ਦਿੱਤਾ ਗਿਆ ਹੈ, ਪਰ 26 ਜਨਵਰੀ ਨੂੰ ਟਰੈਕਟਰ ਮਾਰਚ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਹੋਵੇਗਾ। ਭਾਜਪਾ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅਤੇ ਦਫਤਰਾਂ ਦੇ ਸਾਹਮਣੇ ਟਰੈਕਟਰ ਖੜ੍ਹੇ ਕੀਤੇ ਜਾਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਟਰੈਕਟਰ ਮਾਰਚ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਕੀਤਾ ਜਾਵੇਗਾ। ਵੱਡੇ ਕਾਰਪੋਰੇਟ ਘਰਾਣਿਆਂ ਦੇ ਸ਼ਾਪਿੰਗ ਮਾਲਾਂ ਅਤੇ ਗੋਦਾਮਾਂ ਦੇ ਸਾਹਮਣੇ ਟਰੈਕਟਰ ਖੜ੍ਹੇ ਕਰਕੇ ਵੀ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਦੂਜੇ ਪਾਸੇ ਕਰੀਬ 56 ਦਿਨਾਂ ਬਾਅਦ ਜਗਜੀਤ ਸਿੰਘ ਡੱਲੇਵਾਲ ਟਰਾਲੀ ’ਚੋਂ ਬਾਹਰ ਆ ਸਕਦੇ ਹਨ। ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਉਨ੍ਹਾਂ ਦੀ ਟਰਾਲੀ ਦੀ ਥਾਂ ਦੇ ਨੇੜੇ ਉੱਪਰ ਖੁੱਲ੍ਹੀ ਟਰਾਲੀ ’ਚ ਰੱਖਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਦਿਨ ਦੇ ਸਮੇਂ ਧੁੱਪ ਲੱਗ ਸਕੇ ਅਤੇ ਉਨ੍ਹਾਂ ਨੂੰ ਖੁੱਲ੍ਹੀ ਹਵਾ ’ਚ ਚੰਗੀ ਆਕਸੀਜਨ ਮਿਲ ਸਕੇ। ਮਿਲੀ ਜਾਣਕਾਰੀ ਮੁਤਾਬਿਕ ਜਗਜੀਤ ਸਿੰਘ ਡੱਲੇਵਾਲ ਦੇ ਲਈ ਅੱਜ ਸ਼ਾਮ ਤੱਕ ਇੱਕ ਕਮਰਾ ਬਣਾ ਕੇ ਤਿਆਰ ਕੀਤਾ ਜਾਵੇਗਾ ਇਸ ਕਮਰੇ ’ਚ ਇੱਕ ਪਾਸੇ ਸ਼ੀਸ਼ਾ ਵੀ ਤਿਆਰ ਕੀਤਾ ਜਾਵੇਗਾ। ਜਿਸ ਪਾਸੇ ਨੂੰ ਧੁੱਪ ਹੋਵੇਗੀ, ਇਸ ਕਮਰੇ ਦਾ ਇਹ ਫਾਇਦਾ ਹੋਵੇਗਾ ਕਿ ਜਿਸ ਪਾਸੇ ਵੀ ਧੁੱਪ ਹੋਵੇਗੀ ਉਸ ਪਾਸੇ ਨੂੰ ਉਸ ਕਮਰੇ ਨੂੰ ਹੇਠਾਂ ਲੱਗੇ ਪਹੀਏ ਦੀ ਮਦਦ ਨਾਲ ਘੁੱਮਾ ਦਿੱਤਾ ਜਾਵੇਗਾ। ਮਰਨ ਵਰਤ ਖੋਲ੍ਹਣ ’ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੇਰੇ ਕਿਸਾਨ ਨੇਤਾ ਸਾਥੀ ਕਹਿ ਰਹੇ ਹਨ ਪਰ ਇੰਨ੍ਹੇ ਵੱਡੇ ਅੰਦੋਲਨ ਨੂੰ ਇਸ ਤਰ੍ਹਾਂ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਮਰਨ ਵਰਤ ਨਹੀਂ ਰੱਖਿਆ ਹੁੰਦਾ ਤਾਂ ਸਰਕਾਰ ’ਤੇ ਦਬਾਅ ਨਹੀਂ ਪੈਂਦਾ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹਾਰੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਸਾਥੀ ਉਨ੍ਹਾਂ ਨੂੰ ਮਿਲਣ ਦੇ ਲਈ ਆਏ ਸੀ ਗੱਲਬਾਤ ਹੋਈ ਪਰ ਮੀਟਿੰਗਾਂ ’ਚ ਕੋਈ ਨਹੀਂ ਗਿਆ।