ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 359 ਵਾਂ ਪ੍ਰਕਾਸ਼ ਦਿਵਸ ਗੁਰੂ ਤੇਗ ਬਹਾਦਰ ਪਬਲਿਕ ਸਕੂਲ ,ਹਜ਼ਾਰਾ ਵਲੋਂ ਨਾਲ ਮਨਾਇਆ
ਸਾਹਿਬ- ਏ -ਕਮਾਲ ਬਾਦਸ਼ਾਹ ਦਰਵੇਸ਼ , ਦਸ਼ਮੇਸ਼ ਪਿਤਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 359 ਵਾਂ ਪ੍ਰਕਾਸ਼ ਦਿਵਸ ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ,ਹਜ਼ਾਰਾ ਦੀ ਪ੍ਰਬੰਧਕ ਕਮੇਟੀ ,ਸਮੂਹ ਸਟਾਫ ,ਵਿਦਿਆਰਥੀਆਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਨ ਜਰਨੈਲ, ਉੱਚ ਕੋਟੀ ਦੇ ਵਿਦਵਾਨ,ਗੁਰਬਾਣੀ ਤੇ ਸੰਗੀਤ ਦੇ ਰੱਸਈਏ, ਅੰਮ੍ਰਿਤ ਦੇ ਦਾਤੇ, ਭਗਤੀ ਅਤੇ ਸ਼ਕਤੀ ਦੇ ਮਾਲਕ ,ਸਰਬੰਸ ਦਾਨੀ, ਮਰਦ ਅਗੰਮੜੇ , ਆਪੇ ਗੁਰ ਚੇਲੇ ਵਰਗੇ ਗੁਣਾ ਦੇ ਧਾਰਨੀ ਸਨ। ਸਮਾਰੋਹ ਦੀ ਸ਼ੁਰੁਆਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਪਾਠ ਤੋਂ ਉਪਰੰਤ ਬੱਚਿਆਂ ਨੇ ਦਸ਼ਮੇਸ਼ ਪਿਤਾ ਜੀ ਦੇ ਜੀਵਨ ਦੇ ਸੰਬੰਧ ਵਿੱਚ ਲੈਕਚਰ ਦਿੱਤੇ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਬੱਚਿਆਂ ਨੇ ਸ਼ਬਦ “ਮੈ ਹੂ ਪਰਮ ਪੁਰਖ ਕੋ ਦਾਸਾ “, “ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਾਹਿ “,” ਸ਼ਾਹਿ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ “ ਅਤੇ “ਦਾਮ ਤੋਂ ਨਾ ਦੇ ਸਕੂੰ ” ਦਾ ਗਾਇਨ ਬੜੇ ਹੀ ਪਿਆਰ ਨਾਲ ਕੀਤਾ ਅਤੇ ਸਾਰੀ ਸੰਗਤ ਨੂੰ ਸ਼ਰਧਾ ਭਾਵ ਨਾਲ ਜੋੜ ਦਿੱਤਾ। ਸ਼ਬਦ ਕੀਰਤਨ ਤੋਂ ਉਪਰੰਤ ਆਨੰਦ ਸਾਹਿਬ ਦੀਆਂ 6 ਪਉੜਿਆਂ ਦੀ ਅਰਦਾਸ ਕਰਕੇ ਸਮੂਹ ਸਿੱਖ ਪੰਥ ਅਤੇ ਸਕੂਲ ਦੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਤੋਂ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈ ਕੇ ਦੇਗ ਵਰਤਾਈ ਗਈ ਅਤੇ ਸਮੂਹ ਸੰਗਤ ਨੂੰ ਲੰਗਰ ਛਕਾਇਆ ਗਿਆ। ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਸੀ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਲੈ ਕੇ ਸ਼ਬਦ ਗਾਇਨ ,ਅਰਦਾਸ ਅਤੇ ਹੁਕਮਨਾਮੇ ਤੱਕ ਸਾਰੇ ਕਾਰਜ ਬੱਚਿਆਂ ਨੇ ਆਪ ਕੀਤੇ।
ਦੀਵਾਨ ਦੀ ਸਮਾਪਤੀ ਦੇ ਉਪਰੰਤ ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾ, ਡਾਇਰੈਕਟਰ ਸ਼੍ਰੀਮਤੀ ਨਿਸ਼ਾ ਮੜਿਆ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮੀਤਾਲ ਕੌਰ ਨੇ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾ ਅਤੇ ਸਮੁੱਚੀ ਲੋਕਾਈ ਨੂੰ ਅਕਾਲ ਪੁਰਖ ਨਾਲ ਜੁੜਨ ਅਤੇ ਕੇਵਲ ਪਰਮਾਤਮਾ ਦਾ ਓਟ ਆਸਰਾ ਲੈਣ ਲਈ ਪ੍ਰੇਰਿਆ । ਇਸ ਮੌਕੇ ਤੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾ ਨੇ ਇਲਾਕਾ ਨਿਵਾਸੀਆਂ ਨੂੰ ਜੀ ਆਇਆਂ ਆਖਦੇ ਹੋਏ ਸਕੂਲ ਦੇ ਕਾਰਜਾਂ ਬਾਬਤ ਵਿਸਤਾਰ ਨਾਲ ਜਾਣਕਾਰੀ ਦਿੱਤੀ।ਇਹ ਸਕੂਲ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੇਂਡੂ ਖੇਤਰ ਵਿੱਚ ,ਜਿੱਥੇ ਇੰਗਲਿਸ਼ ਮੀਡੀਅਮ ਰਾਹੀ CBSE ਦੇ ਸਿਲੇਬਸ ਅਨੁਸਾਰ ਇਲਾਕੇ ਦੇ ਬੱਚਿਆਂ ਨੂੰ ਮਿਆਰੀ ਵਿੱਦਿਆ ਪ੍ਰਦਾਨ ਕਰ ਕਿਹਾ ਹੈ ,ਉਥੇ ਬੱਚਿਆਂ ਨੂੰ ਆਪਣੇ ਇਤਿਹਾਸ ਅਤੇ ਗੁਰਬਾਣੀ ਵਰਗੇ ਵਡਮੁੱਲੇ ਵਿਰਸੇ ਦੀ ਜਾਣਕਾਰੀ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ। ਸਕੂਲ ਵਿੱਚ ਸਮੇਂ-ਸਮੇਂ ਪੰਜਾਬੀ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਉਹਨਾਂ ਨੇ ਬੱਚਿਆਂ ਅਤੇ ਸਮੂਹ ਸੰਗਤਾਂ ਨੂੰ ਦਸ਼ਮੇਸ਼ ਪਿਤਾ ਦੇ ਫਲਸਫੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਅਪੀਲ ਕੀਤੀ। ਅੱਜ ਦੇ ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਸ: ਜਸਵਿੰਦਰ ਸਿੰਘ ਸਰੋਆ ,ਸ: ਜਸਵਿੰਦਰ ਸਿੰਘ ਕਾਕਾ,ਸ: ਰਾਜਬੀਰ ਸਿੰਘ ਬਾਜਵਾ, ਸਾਰੇ ਟਰੱਸਟੀ ਅਤੇ ਇਲਾਕੇ ਦੇ ਪਤਵੰਤੇ ਸੱਜਣ ਸ: ਅਮਰਜੀਤ ਸਿੰਘ ਕਿਸ਼ਨਪੁਰਾ ,ਸ: ਸੂਬਾ ਸਿੰਘ ਹਰਦੀਪ ਨਗਰ ,ਸ:ਹਰਜੋਤ ਸਿੰਘ ਪਰਸਰਾਮਪੁਰ ਅਤੇ ਬੀਬੀ ਨਰਿੰਦਰ ਕੌਰ ਗੁਲਮੋਹਰ ਸਿਟੀ ਆਦਿ ਸੱਜਣਾ ਨੇ ਹਾਜ਼ਰੀ ਭਰੀ ਅਤੇ ਸਮਾਗਮ ਦੀ ਭਰਪੂਰ ਸਰਾਹਣਾ ਕੀਤੀ।