ਇਸ ਸਦੀ ਦੀ ਤ੍ਰਾਸਦੀ ਬਣਿਆ: ਮਹਾਂ ਕੁੰਭ ਮੀਡੀਏ ਦੀ ਖਾਮੋਸ਼ੀ, ਯੂਪੀ ਸਰਕਾਰ ਦੀ ਲਾਪ੍ਰਵਾਹੀ!ਬੁੱਧ ਸਿੰਘ ਨੀਲੋਂ
ਇਸ ਸਦੀ ਦਾ ਮਹਾਂ ਕੁੰਭ ਤ੍ਰਾਸਦੀ ਬਣ ਕੇ ਰਹਿ ਗਿਆ ਹੈ। ਯੂਪੀ ਦੇ ਇਲਾਹਾਬਾਦ ਸ਼ਹਿਰ ਦੇ ਉਸ ਸਥਾਨ ਉੱਤੇ ਇਹ ਘਟਨਾ ਪੁੰਨਿਆਂ ਦੀ ਰਾਤ ਨੂੰ ਵਾਪਰੀ, ਜਦੋਂ ਸ਼ਰਧਾਲੂਆਂ ਦੀ ਭੀੜ ਵਿੱਚ ਭਗਦੜ ਮੱਚ ਗਈ ਇਸ ਭਗਦੜ ਵਿੱਚ ਕਿੰਨੇ ਸ਼ਰਧਾਲੂਆਂ ਦੀ ਮੌਤ ਹੋਈ ਹੈ। ਇਸ ਬਾਰੇ ਯੂਪੀ ਸਰਕਾਰ ਖਾਮੋਸ਼ ਹੈ ਉਸ ਦੀ ਖਾਮੋਸ਼ੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਇਸ ਹਾਦਸੇ ਦੇ ਵਾਪਰਨ ਤੋਂ ਪਹਿਲਾਂ ਜਿਸ ਤਰ੍ਹਾਂ ਯੂਪੀ ਦੀ ਜੋਗੀ ਸਰਕਾਰ ਨੇ ਇਸ ਦੀ ਵੱਡੇ ਪੱਧਰ ਉੱਤੇ ਇਸ਼ਤਿਹਾਰਬਾਜ਼ੀ ਕਰਕੇ ਇਸ ਤੋਂ ਸਿਆਸੀ ਲਾਹਾ ਖੱਟਣ ਲਈ ਜਿਹੜੀ ਯੋਜਨਾ ਬਣਾਈ ਸੀ ਉਹ ਧਰੀ ਧਰਾਈ ਰਹਿ ਗਈ। ਯੂਪੀ ਸਰਕਾਰ ਦੇ ਮੁੱਖ ਮੰਤਰੀ ਜਿਹੜੇ ਖੁਦ ਇੱਕ ਜੋਗੀ ਅਖਾੜੇ ਦੇ ਮਹੰਤ ਹਨ। ਉਹ ਇਸ ਮਹਾ ਇਸ ਕੁੰਭ ਮੇਲੇ ਦੇ ਆਸਰੇ ਦਿੱਲੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਬੁਣ ਰਹੇ ਸਨ। ਉਨਾਂ ਦੀ ਇਹ ਇੱਛਾ ਸੀ ਕਿ ਇਸ ਮੇਲੇ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਪੇਸ਼ ਕਰਕੇ ਉਹ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਦਾ ਮੁੱਲ ਵੱਟਣਗੇ। ਦੇਸ਼ ਦਾ ਗੋਦੀ ਮੀਡੀਆ ਲਗਾਤਾਰ ਇਸ ਮੇਲੇ ਦੀ ਕਵਰੇਜ ਕਰਦਾ ਸੀ ਜਿਹੜਾ ਪਲ ਪਲ ਦੀ ਖਬਰ ਦੇ ਰਿਹਾ ਸੀ ਕਿ ਮੇਲੇ ਵਿੱਚ ਇਸ ਵੇਲੇ ਇੰਨੇ ਕਰੋੜ ਲੋਕ ਪੁੱਜ ਗਏ ਹਨ, ਲੱਖਾਂ ਲੋਕਾਂ ਨੇ ਸੰਗਮ ਉੱਤੇ ਡੁੱਬਕੀ ਲਗਾਈ।
ਕੁੰਭ ਦਾ ਮੇਲਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਇਸ ਦੇ ਵਿੱਚ ਕਦੇ ਵੀ ਸਥਾਨਕ ਪ੍ਰਸ਼ਾਸਨ ਨੇ ਦਖਲ ਅੰਦਾਜੀ ਨਹੀਂ ਸੀ ਕੀਤੀ ਤੇ ਨਾ ਹੀ ਸਿਆਸੀ ਪਾਰਟੀਆਂ ਨੇ ਇਸ ਤੋਂ ਕੋਈ ਲਾਹਾ ਖੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਵਾਰ ਜਿਸ ਤਰ੍ਹਾਂ ਦੇ ਹਾਲਾਤ ਇਸ ਸਥਾਨ ਉੱਤੇ ਹੋਏ ਉਸਨੇ ਹਰ ਇੱਕ ਸੂਝਵਾਨ ਵਿਅਕਤੀ ਦੀਆਂ ਭਾਵਨਾਵਾਂ ਨੂੰ ਬਲੂੰਦਰ ਕੇ ਰੱਖ ਦਿੱਤਾ। ਭਗਦੜ ਦੀ ਘਟਨਾ ਵਾਪਰਨ ਤੋਂ ਬਾਅਦ ਜਿਸ ਤਰ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਲੋਕਾਂ ਤੋਂ ਮੂੰਹ ਲੁਕਾਉਂਦੀ ਫਿਰ ਰਹੀ ਸੀ, ਉਸ ਤੋਂ ਇਹ ਸਪਸ਼ਟ ਨਜ਼ਰ ਆ ਰਿਹਾ ਸੀ ਕਿ ਹਾਦਸਾ ਬਹੁਤ ਵੱਡਾ ਵਾਪਰਿਆ ਹੈ। ਹਾਦਸੇ ਬਾਰੇ ਸਹੀ ਜਾਣਕਾਰੀ ਨਾ ਤਾਂ ਸਰਕਾਰ ਨੇ ਦਿੱਤੀ ਤੇ ਨਾ ਹੀ ਦੇਸ਼ ਦੇ ਉਸ ਗੋਦੀ ਮੀਡੀਏ ਨੇ ਜਿਹੜਾ ਇਹ ਦਾਵਾ ਕਰਦਾ ਹੈ ਕਿ ਉਹ ਪਲ ਪਲ ਦੀ ਖਬਰ ਸਭ ਤੋਂ ਪਹਿਲਾਂ ਆਪਣੇ ਚੈਨਲ ਉੱਤੇ ਪੇਸ਼ ਕਰਦਾ ਹੈ।
ਮਹਾ ਕੁੰਭ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਤੋਂ ਲੈ ਕੇ ਮਹੱਲਾ ਪ੍ਰਧਾਨ ਤੱਕ ਲੋਕ ਵੀਆਈਪੀ, ਵੀਵੀਆਈਪੀ ਕਾਰਡ ਲੈ ਕੇ ਸੰਗਮ ਤੇ ਵੀਆਈਪੀ ਡੁਬਕੀ ਲਗਾ ਰਹੇ ਸਨ। ਯੂਪੀ ਸਰਕਾਰ ਨੂੰ ਉਨਾਂ ਕਰੋੜਾਂ ਲੋਕਾਂ ਦਾ ਕੋਈ ਫਿਕਰ ਨਹੀਂ ਸੀ ਜਿਹੜੇ ਦੇਸ਼ ਅਤੇ ਵਿਦੇਸ਼ ਤੋਂ ਇਸ ਥਾਂ ਉੱਤੇ ਪੁੱਜੇ ਸਨ। ਪਹਿਲਾਂ ਯੂਪੀ ਸਰਕਾਰ ਨੇ ਅਤੇ ਗੋਦੀ ਮੀਡੀਏ ਨੇ ਦੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਜਿਹੜਾ ਇਸ ਵਾਰ ਡੁੱਬਕੀ ਨਹੀਂ ਲਗਾਏਗਾ ਉਸ ਦਾ ਇਸ ਦੁਨੀਆ ਤੇ ਆਉਣ ਦਾ ਕੋਈ ਮਨੋਰਥ ਨਹੀਂ। ਸਰਕਾਰ ਦੇ ਕਈ ਸਰਕਾਰੀ ਸਾਧਾਂ ਨੇ ਤਾਂ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਜਿਹੜਾ ਇਸ ਵਾਰ ਕੁੰਭ ਦੇ ਸੰਗਮ ਤੇ ਨਹੀਂ ਪੁੱਜੇਗਾ ਉਹ ਦੇਸ਼ਧ੍ਰੋਹੀ ਹੋਵੇਗਾ। ਮੀਡੀਏ ਉਤੇ ਐਂਕਰ ਇਹ ਦੱਸ ਰਿਹਾ ਸੀ ਕਿ ਇੰਨੇ ਕਰੋੜ ਕੁੰਭ ਵਿੱਚ ਪੁੱਜ ਗਏ ਹਨ, ਇੰਨੇ ਕਰੋੜ ਨੇ ਇਸ਼ਨਾਨ ਕਰ ਲਿਆ ਹੈ। ਮੀਡੀਏ ਦੇ ਕੈਮਰੇ ਬਹੁਤੇ ਤਾਂ ਦੇਸ਼ ਦੇ ਵੀਆਈਪੀ ਸਿਆਸੀ ਅਤੇ ਵਪਾਰੀਆਂ ਦੇ ਆਲੇ ਦੁਆਲੇ ਘੁੰਮ ਰਹੇ ਸਨ ਇਸ ਮੇਲੇ ਵਿੱਚ ਬਾਲੀਵੁੱਡ ਦੀਆਂ ਹੀਰੋਇਨ ਤੇ ਹੀਰੋ ਵੀ ਪੁੱਜੇ। 50 ਕਿਲੋਮੀਟਰ ਵਿੱਚ ਫੈਲੇ ਇਸ ਮੇਲੇ ਵਿੱਚ ਲੋਕਾਂ ਦੀ ਗਿਣਤੀ ਜਿਸ ਤਰ੍ਹਾਂ ਮੀਡੀਆ ਦੱਸ ਰਿਹਾ ਸੀ ਉਸ ਤੋਂ ਇੰਝ ਲੱਗਦਾ ਸੀ ਕਿ ਜਿਵੇਂ ਉਹ ਗਿਣਤੀ ਕਰ ਰਹੇ ਹੋਣ ਪਰ ਜਦੋਂ ਹਾਦਸਾ ਵਾਪਰ ਗਿਆ ਤਾਂ ਇਹੀ ਮੀਡੀਆ ਖਾਮੋਸ਼ ਹੋ ਗਿਆ। ਉਹ ਅੱਖਾਂ ਤੋਂ ਅੰਨੇ ਕੰਨਾਂ ਤੋਂ ਬੋਲੇ ਤੇ ਗੂੰਗੇ ਹੋ ਗਏ ਸਨ। ਮੇਲੇ ਦੇ ਸ਼ੁਰੂ ਹੋਣ ਵੇਲੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਆਖਿਆ ਸੀ ਕਿ 1950 ਵਿੱਚ ਕੁੰਭ ਦੇ ਮੇਲੇ ਵਿੱਚ ਹਾਦਸਾ ਵਾਪਰ ਗਿਆ ਸੀ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ
ਲਾਲ ਨਹਿਰੂ ਸਨ। ਉਨਾਂ ਨੇ ਇਸ ਮੇਲੇ ਵਾਪਰੇ ਹਾਦਸੇ ਦੀ ਲੈ ਕੇ ਕੋਈ ਬਿਆਨਬਾਜੀ ਨਹੀਂ ਸੀ ਕੀਤੀ। ਪਰ ਜਦੋਂ ਪੁੰਨਿਆਂ ਦੀ ਰਾਤ ਨੂੰ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਕਿੰਨੇ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਅਤੇ ਕਿੰਨੇ ਲੋਕ ਜਖਮੀ ਹੋਏ ਇਸ ਦਾ ਕੋਈ ਵੀ ਅੰਕੜਾ ਨਾ ਤਾਂ ਸਰਕਾਰ ਤੇ ਨਾ ਹੀ ਦੇਸ਼ ਦਾ ਗੋਦੀ ਮੀਡੀਆ ਦੱਸ ਸਕਿਆ ਹੈ।
ਇਸ ਮੇਲੇ ਵਿੱਚ ਪੁੱਜਣ ਵਾਲੇ ਲੋਕਾਂ ਨੂੰ 10 ਤੋਂ 25 ਕਿਲੋਮੀਟਰ ਤੱਕ ਦਾ ਸਫਰ ਪੈਦਲ ਕਰਨਾ ਪਿਆ ਤੇ ਦੂਜੇ ਪਾਸੇ ਵੀਆਈਪੀ ਨੂੰ ਇਸ਼ਨਾਨ ਘਾਟ ਤੱਕ ਉੱਤੇ ਲੈ ਕੇ ਜਾਣ ਦੀ ਪੂਰੀ ਵਿਵਸਥਾ ਸੀ। ਵੀਆਈਪੀ ਲੋਕਾਂ ਦੀਆਂ ਗੱਡੀਆਂ ਜਦੋਂ ਇਸ਼ਨਾਨ ਘਾਟ ਵੱਲ ਜਾ ਰਹੀਆਂ ਸਨ ਤਾਂ ਉਹ ਪੈਦਲ ਤੁਰੇ ਜਾ ਰਹੇ ਲੋਕਾਂ ਨੂੰ ਚੜਾ ਰਹੀਆਂ ਸਨ। ਉਨਾਂ ਨੂੰ ਇਸ਼ਨਾਨ ਘਾਟ ਤੇ ਜਾਂਦਿਆਂ ਵੇਖ ਕੇ ਹਰ ਇੱਕ ਦੇ ਮਨ ਵਿੱਚ ਇਹ ਸਵਾਲ ਉੱਠਦਾ ਸੀ ਕਿ ਦੇਸ਼ ਵਿੱਚ ਇਹ ਨਵੀਂ ਨਸਲ ਕਿੱਥੋਂ ਪੈਦਾ ਹੋ ਗਈ ਹੈ ਜਿਸ ਨੇ ਆਮ ਮਨੁੱਖ ਤੇ ਖਾਸ ਮਨੁੱਖ ਦੋ ਤਰ੍ਹਾਂ ਦੀ ਨਸਲ ਬਣਾ ਦਿੱਤੀ ਹੈ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕੁੰਭ ਵੀਆਈਪੀ ਅਖਾੜਾ ਬਣ ਕੇ ਰਹਿ ਗਿਆ ਹੋਵੇ। ਕਿਉਂਕਿ ਦੇਸ਼ ਦੇ ਮੰਤਰੀ ਤੇ ਹੋਰ ਵੀਆਈਪੀ ਕੈਮਰੇ ਦੇ ਸਾਹਮਣੇ ਡੁਬਕੀਆਂ ਲਗਾ ਰਹੇ ਸਨ ਜਿਸ ਤਰ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਸ਼ਨਾਨ ਕਰਾਉਣ ਲਈ ਸਾਧਾਂ ਦਾ ਇੱਕ ਟੋਲਾ ਉਸ ਦੇ ਆਲੇ ਦੁਆਲੇ ਮੱਖੀਆਂ ਵਾਂਗ ਫਿਰ ਰਿਹਾ ਸੀ। ਜਦ ਕਿ ਦੂਸਰੇ ਪਾਸੇ ਲੋਕ ਪੈਦਲ ਤੁਰੇ ਜਾ ਰਹੇ ਸਨ। ਵੀਆਈਪੀ ਨੂੰ ਲੰਘਾਉਣ ਦੇ ਲਈ ਜਿਸ ਤਰ੍ਹਾਂ ਆਮ ਲੋਕਾਂ ਨੂੰ ਪੁਲਾਂ ਉੱਤੇ ਰੋਕਿਆ ਗਿਆ ਉਸ ਦੇ ਨਾਲ ਲੋਕਾਂ ਅੰਦਰ ਰੋਸ ਵੀ ਪੈਦਾ ਹੁੰਦਾ ਗਿਆ। ਜਦੋਂ ਰਾਤ ਨੂੰ ਇਕੱਠ ਵੱਧ ਗਿਆ ਤਾਂ ਲੋਕਾਂ ਦੇ ਵਿੱਚ ਆਪ ਮੁਹਾਰੇ ਇਸ਼ਨਾਨ ਘਾਟ ਤੱਕ ਪੁੱਜਣ ਦੀ ਦੌੜ ਲੱਗ ਪਈ। ਜਿਉਂ ਹੀ ਇਹ ਦੌੜ ਸ਼ੁਰੂ ਹੋਈ ਤਾਂ ਮੌਤ ਦਾ ਤਾਂਡਵ ਨਾਚ ਸ਼ੁਰੂ ਹੋ ਗਿਆ। ਕਿਉਂਕਿ ਰਸਤੇ ਵਿੱਚ ਬਹੁਤ ਸਾਰੇ ਲੋਕ ਸੁੱਤੇ ਪਏ ਸਨ ਜਿਨਾਂ ਦੇ ਉੱਪਰ ਦੀ ਲੱਖਾਂ ਲੋਕ ਲੰਘ ਗਏ। ਹਾਦਸਾ ਵਾਪਰਨ ਤੋਂ ਬਾਅਦ ਜਿਸ ਤਰ੍ਹਾਂ ਕਈ ਘੰਟੇ ਸਰਕਾਰ ਵੱਲੋਂ ਇਸ ਦੀ ਸੂਚਨਾ ਆਮ ਲੋਕਾਂ ਨੂੰ ਦਿੱਤੀ ਨਹੀਂ ਗਈ। ਪਹਿਲਾਂ ਤਾਂ ਯੂਪੀ ਸਰਕਾਰ ਨੇ ਇਹ ਐਲਾਨ ਕੀਤਾ ਕਿ ਲੋਕ ਅਫਵਾਹਾਂ ਉੱਤੇ ਭਰੋਸਾ ਨਾ ਕਰਨ। ਪਰ ਜਦੋਂ ਇਹ ਹਾਦਸਾ ਵਾਪਰ ਗਿਆ ਉਸ ਤੋਂ ਬਾਅਦ ਵੀ ਸਰਕਾਰ ਨੇ ਐਲਾਨ ਨਹੀਂ ਕੀਤਾ ਸਗੋਂ ਸਰਕਾਰ ਸੱਚ ਨੂੰ ਲੁਕਾਉਣ ਲਈ ਝੂਠ ਦਾ ਸਹਾਰਾ ਲੈਂਦੀ ਰਹੀ ਪਰ ਜਿਉਂ ਜਿਉਂ ਮੀਡੀਏ ਵਿੱਚ ਮੇਲੇ ਵਿੱਚ ਪੁੱਜੇ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਕਰਨ ਦਿੱਤੀਆਂ ਤਾਂ ਯੂਪੀ ਅਤੇ ਕੇਂਦਰ ਸਰਕਾਰ ਦੇ ਸਿਰ ਉੱਤੇ 100 ਘੜਾ ਪਾਣੀ ਦਾ ਪੈ ਗਿਆ। ਦੇਸ਼ ਦੇ ਅਖਾੜਿਆਂ ਅਤੇ ਹੋਰ ਵੱਡੇ ਸੰਤਾਂ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕਰਦਿਆਂ ਇਹ ਆਖਿਆ ਕਿ ਰਾਜ ਸਰਕਾਰ ਨੇ ਉਨ੍ਹਾਂ ਦੇ ਨਾਲ ਝੂਠ ਬੋਲਿਆ ਅਤੇ ਉਹਨਾਂ ਨੇ ਸੱਚ ਨੂੰ ਲੁਕਾਉਣ ਦੇ ਲਈ ਸਾਧਾਂ ਸੰਤਾਂ ਦੇ ਨਾਲ ਧੋਖਾ ਧੜੀ ਕੀਤੀ ਹੈ।
ਇਸ ਤੋਂ ਪਹਿਲਾਂ ਕੁੰਭ ਦੇ ਮੇਲੇ ਵਿੱਚ ਵੱਖ-ਵੱਖ ਅਖਾੜਿਆਂ ਦੇ ਸਾਧ ਪੁੱਜਦੇ ਸਨ ਤੇ ਇਸ ਸ਼ਾਹੀ ਇਸ਼ਨਾਨ ਵਿੱਚ ਕਿਸ ਨੇ ਪਹਿਲਾਂ ਇਸ਼ਨਾਨ ਕਰਨਾ ਹੈ, ਇਸ ਦੀ ਰਜ਼ਾਮੰਦੀ ਉਹਨਾਂ ਦੀ ਆਪਸ ਵਿੱਚ ਹੋ ਜਾਂਦੀ ਸੀ। ਪਰ ਇਸ ਵਾਰ ਸਰਕਾਰ ਨੇ ਇਸ ਮੇਲੇ ਤੋਂ ਸਿਆਸੀ ਲਾਹਾ ਖੱਟਣ ਦੇ ਲਈ ਜਿਹੜੀ ਕੋਸ਼ਿਸ਼ ਕੀਤੀ ਉਸ ਦਾ ਖਮਿਆਜਾ ਸਰਕਾਰ ਨੂੰ ਅਗਲੇ ਸਮਿਆਂ ਵਿੱਚ ਭੁਗਤਣਾ ਪਵੇਗਾ।
ਦੁੱਖ ਦੀ ਗੱਲ ਤਾਂ ਇਹ ਹੈ ਅਜੇ ਤੱਕ ਸਰਕਾਰੀ ਤੌਰ ਤੇ ਮੌਤਾਂ ਦੀ ਗਿਣਤੀ 30 ਦੱਸੀ ਜਾ ਰਹੀ ਹੈ ਜਦਕਿ ਗੈਰ ਸਰਕਾਰੀ ਸੂਤਰਾਂ ਵੱਲੋਂ ਮੌਤਾਂ ਦੀ ਗਿਣਤੀ ਇਸ ਤੋਂ ਕਈ ਗੁਣਾ ਵੱਧ ਦੱਸੀ ਜਾ ਰਹੀ ਹੈ। ਜਿਸ ਤਰ੍ਹਾਂ ਦੀਆਂ ਵੀਡੀਓਜ ਸਾਹਮਣੇ ਆ ਰਹੀਆਂ ਹਨ ਉਹਨਾਂ ਨੂੰ ਦੇਖਦਿਆਂ ਰੂਹ ਕੰਬਦੀ ਹੈ। ਲੋਕ ਰੋ ਰੋ ਕੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਵਿੱਚੋਂ ਕਿਸ ਨੂੰ ਇਸ ਮੇਲੇ ਵਿੱਚ ਗਵਾ ਲਿਆ ਹੈ।
ਕੇਂਦਰ ਵਿੱਚ ਰਾਜ ਕਰ ਰਹੀ ਭਾਜਪਾ ਸਰਕਾਰ ਨੇ ਇਸ ਮੇਲੇ ਨੂੰ ਜਿਸ ਤਰ੍ਹਾਂ ਕੌਮਾਂਤਰੀ ਪੱਧਰ ਤੇ ਉਛਾਲਿਆ ਸੀ ਹੁਣ ਜਦੋਂ ਐਡਾ ਵੱਡਾ ਹਾਦਸਾ ਵਾਪਰ ਗਿਆ ਤਾਂ ਸਰਕਾਰ ਦੀ ਮੂੰਹ ਵਿੱਚ ਘੁੰਗਣੀਆਂ ਪੈ ਗਈਆਂ ਹਨ। ਦੇਸ਼ ਵਿੱਚ ਇਸ ਤਰ੍ਹਾਂ ਦੇ ਪਹਿਲਾਂ ਵੀ ਹਾਦਸੇ ਵਾਪਰਦੇ ਰਹਿੰਦੇ ਹਨ ਕਿਉਂਕਿ ਦੇਸ਼ ਦੀ ਬਹੁ ਗਿਣਤੀ ਜਨਤਾ ਅਨਪੜ੍ਹ ਹੈ। ਉਨ੍ਹਾਂ ਦੀ ਸ਼ਰਧਾ ਉਨ੍ਹਾਂ ਦੀ ਮੌਤ ਦਾ ਤਾਂਡਵ ਨਾਚ ਬਣ ਕੇ ਰਹਿ ਗਈ।
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਯੂਪੀ ਦੇ ਮੁੱਖ ਮੰਤਰੀ ਅਦਿਤਿਆ ਨਾਥ ਜੋਗੀ ਨੈਤਿਕ ਆਧਾਰ ਤੇ ਆਪਣਾ ਅਸਤੀਫਾ ਦੇ ਕੇ ਆਪਣੇ ਮੱਠ ਵਿੱਚ ਪੁੱਜ ਜਾਂਦੇ ਪਰ ਉਹਨਾਂ ਨੇ ਤਾਂ ਬੇਸ਼ਰਮੀ ਦੀ ਲੋਈ ਲਾ ਦਿੱਤੀ ਹੈ। ਯੂਪੀ ਸਰਕਾਰ ਨੇ ਇਸ ਮੇਲੇ ਵਿੱਚ ਮਾਰੇ ਗਏ ਲੋਕਾਂ ਅਤੇ ਜਖਮੀਆਂ ਨੂੰ ਸੰਭਾਲਣ ਦੀ ਬਜਾਏ ਉਹਨਾਂ ਉੱਤੇ ਪਰਦਾ ਨੋਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਇਸ ਮੇਲੇ ਵਿੱਚ ਯੂਪੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੋਈ ਵੀ ਮੁਸਲਮਾਨ ਇਸ ਵੇਲੇ ਵਿੱਚ ਨਾ ਜਾਵੇ ਤੇ ਨਾ ਹੀ ਰਸਤੇ ਦੇ ਵਿੱਚ ਆਪਣੀ ਕੋਈ ਦੁਕਾਨ ਲਗਾਵੇ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਯੂਪੀ ਦੇ ਮਦਰਸਿਆਂ ਅਤੇ ਮੁਸਲਮਾਨਾਂ ਨੇ ਜਿਸ ਤਰ੍ਹਾਂ ਦਿਲ ਖੋਲ ਕੇ ਕੁੰਭ ਦੇ ਮੇਲੇ ਵਿੱਚ ਆਏ ਸ਼ਰਧਾਲੂਆਂ ਦੀ ਸੇਵਾ ਸੰਭਾਲ ਕੀਤੀ ਇਸ ਨੇ ਯੂਪੀ ਸਰਕਾਰ ਦੇ ਮੂੰਹ ਉੱਤੇ ਚਪੇੜ ਮਾਰ ਦਿੱਤੀ। ਮੁਸਲਮਾਨ ਸੇਵਕਾਂ ਨੇ ਇਹ ਆਖਦੇ ਆਂ ਸਰਕਾਰ ਦੀ ਉਸ ਮਨਸਾ ਦਾ ਪਰਦਾਫਾਸ਼ ਕੀਤਾ ਜਿਹੜੀ ਇਹ ਕਹਿ ਰਹੀ ਸੀ ਕਿ ਕੋਈ ਵੀ ਮੁਸਲਮਾਨ ਇਸ ਮੇਲੇ ਵਿੱਚ ਨਾ ਜਾਵੇ। ਇੱਕ ਮੁਸਲਮਾਨ ਆਗੂ ਨੇ ਮੀਡੀਏ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ ਤਾਂ ਉਨਾਂ ਨੂੰ ਇਸ ਗੰਗਾ ਇਸ਼ਨਾਨ ਤੋਂ ਰੋਕ ਲਿਆ ਪਰ ਲੱਖਾਂ ਸ਼ਰਧਾਲੂ ਅੱਜ ਉਹਨਾਂ ਦੇ ਕੋਲ ਪੁੱਜ ਗਏ ਹਨ ਜਿਸ ਦੀ ਉਹ ਸੇਵਾ ਸੰਭਾਲ ਕਰ ਰਹੇ ਹਨ ਮੁਸਲਮਾਨ ਭਾਈਚਾਰੇ ਨੇ ਜਿਸ ਤਰ੍ਹਾਂ ਇਸ ਹਾਦਸੇ ਤੋਂ ਬਾਅਦ ਲੋਕਾਂ ਦੀ ਸੇਵਾ ਸੰਭਾਲ ਕੀਤੀ ਉਸ ਨੇ ਇਸ ਗੱਲ ਦਾ ਅਹਿਸਾਸ ਕਰਾ ਦਿੱਤਾ ਕਿ ਜਾਤ ਪਾਤ ਅਤੇ ਧਰਮ ਤੋਂ ਉੱਪਰ ਇਨਸਾਨੀਅਤ ਹੁੰਦੀ ਹੈ। ਇਸ ਇਨਸਾਨੀਅਤ ਨੂੰ ਬਚਾਉਣ ਦੇ ਲਈ ਕੁਦਰਤ ਨੇ ਜਿਸ ਤਰ੍ਹਾਂ ਆਮ ਲੋਕਾਂ ਦਾ ਸਾਥ ਦਿੱਤਾ ਉੱਥੇ ਰਾਜ ਸਰਕਾਰ ਦੇ ਮੂੰਹ ਉੱਤੇ ਚਪੇੜ ਵੀ ਮਾਰੀ ਹੈ ਜਿਹੜੀ ਲੰਮੇ ਸਮੇਂ ਤੋਂ ਹਿੰਦੂ ਮੁਸਲਿਮ ਵਿਚਕਾਰ ਲਗਾਤਾਰ ਦਰਾੜ ਖੜੀ ਕਰਕੇ ਆਪਣੀਆਂ ਰੋਟੀਆਂ ਸੇਕਦੀ ਰਹੀ ਹੈ।
ਜਦੋਂ ਦੀ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਈ ਹੈ ਉਸ ਵੇਲੇ ਤੋਂ ਭਾਜਪਾ ਅਤੇ ਉਸ ਦੀ ਮਾਂ ਆਰਐਸਐਸ ਨੇ ਹਿੰਦੂ ਮੁਸਲਿਮ ਵਿਚਕਾਰ ਇੱਕ ਅਜਿਹੀ ਜੰਗ ਸ਼ੁਰੂ ਕੀਤੀ ਹੋਈ ਸੀ ਜਿਸ ਵਿੱਚ ਆਮ ਲੋਕ ਪਿਛਲੇ ਦਹਾਕੇ ਤੋਂ ਅਣਆਈ ਮੌਤ ਮਰ ਰਹੇ ਸਨ।
ਕੁੰਭ ਦੇ ਮੇਲੇ ਵਿੱਚ ਹੁਣ ਤੱਕ ਕਿੰਨੇ ਲੋਕ ਮਾਰੇ ਗਏ ਇਸ ਦਾ ਸਹੀ ਅੰਕੜਾ ਅਜੇ ਤੱਕ ਜਾਰੀ ਨਹੀਂ ਹੋਇਆ ਤੇ ਲੱਖਾਂ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲੱਭਦੇ ਕੁੰਭ ਦੇ ਅਖਾੜਿਆਂ ਵਿੱਚ ਅਤੇ ਹਸਪਤਾਲਾਂ ਵਿੱਚ ਫਿਰਦੇ ਹਨ ਪਰ ਉਹਨਾਂ ਨੂੰ ਕਿਧਰੇ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਨਜ਼ਰ ਨਹੀਂ ਆਉਂਦੇ।
ਯੂਪੀ ਸਰਕਾਰ ਨੇ ਪਹਿਲਾਂ ਤਾਂ ਦੇਸ਼ ਦੇ ਲੋਕਾਂ ਨੂੰ ਇੱਥੇ ਪੁੱਜਣ ਲਈ ਵੱਡੇ ਪੱਧਰ ਉੱਤੇ ਪ੍ਰਚਾਰ ਕੀਤਾ ਪਰ ਜਦੋਂ ਹਾਦਸਾ ਵਾਪਰ ਗਿਆ ਤਾਂ ਯੂਪੀ ਦੇ ਵਿੱਚੋਂ ਆਮ ਲੋਕਾਂ ਨੂੰ ਬਾਹਰ ਕੱਢਣ ਲਈ ਸੁਰੱਖਿਆ ਬਲ ਦਾ ਸਹਾਰਾ ਲਿਆ ਜਾ ਰਿਹਾ ਹੈ। ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਯੂਪੀ ਰਾਹੀਂ ਲੰਘਣ ਵਾਲੇ ਹੋਰ ਨਾਲ ਰਾਜਾਂ ਵਿੱਚ ਜਾਣ ਵਾਲੇ ਲੋਕਾਂ ਲਈ ਕਈ ਕਈ ਘੰਟੇ ਸੜਕਾਂ ਉੱਤੇ ਰੁਕਣਾ ਪੈ ਗਿਆ। ਮੀਡੀਏ ਵਿੱਚ ਇਹ ਚਰਚਾ ਹੁੰਦੀ ਰਹੀ ਕਿ ਆਮ ਲੋਕਾਂ ਨੂੰ ਬਿਨਾਂ ਅੰਨ ਪਾਣੀ ਤੋਂ ਕਈ ਕਈ ਘੰਟੇ ਭੁੱਖੇ ਰਹਿਣਾ ਪੈ ਗਿਆ। ਸਰਕਾਰ ਦੀ ਨਾਕਾਮੀ ਸਿਰ ਚੜ ਕੇ ਬੋਲ ਰਹੀ ਸੀ ਪਰ ਯੂਪੀ ਸਰਕਾਰ ਆਪਣੀਆਂ ਨਕਾਮੀਆਂ ਨੂੰ ਲੁਕਾਉਣ ਦੇ ਲਈ ਲੱਖ ਯਤਨ ਕਰ ਰਹੀ ਸੀ ਪਰ ਸੱਚ ਪਰਦੇ ਪਾੜ ਕੇ ਸਾਹਮਣੇ ਆ ਰਿਹਾ ਸੀ।
ਦੇਸ਼ ਦਾ ਮੀਡੀਆ ਜਿਸ ਤਰ੍ਹਾਂ ਚੁੱਪ ਹੋਇਆ ਹੈ ਇਸ ਨੇ ਇਹ ਦਰਸਾ ਦਿੱਤਾ ਹੈ ਕਿ ਉਹ ਆਮ ਲੋਕਾਂ ਦਾ ਹਮਦਰਦ ਨਹੀਂ ਸਗੋਂ ਉਹ ਤਾਂ ਪੂੰਜੀਪਤੀਆਂ ਦੀ ਰਖੇਲ ਹੈ। ਕਿਉਂਕਿ ਮੇਲੇ ਵਿੱਚ ਜੋ ਕੁਝ ਵੀ ਵਾਪਰਿਆ ਉਸ ਨੂੰ ਲੁਕਾਉਣ ਦੇ ਲਈ ਗੋਦੀ ਮੀਡੀਏ ਨੇ ਵੀ ਵੱਡੀ ਭੂਮਿਕਾ ਨਿਭਾਈ। ਪੁਲਿਸ ਪ੍ਰਸ਼ਾਸਨ ਜਿਹੜਾ ਵੀਆਈਪੀ ਦੀ ਸੇਵਾ ਵਿੱਚ ਲੱਗਿਆ ਹੋਇਆ ਸੀ ਉਹ ਵੀ ਆਮ ਲੋਕਾਂ ਦੀ ਭੀੜ ਤੋਂ ਲਾਂਭੇ ਰਿਹਾ।
ਇਸ ਤਰ੍ਹਾਂ ਦੇ ਹਾਦਸੇ ਉਦੋਂ ਤੱਕ ਵਾਪਰਦੇ ਰਹਿਣਗੇ ਜਦੋਂ ਤੱਕ ਲੋਕ ਇਸ ਅੰਨੀ ਸ਼ਰਧਾ ਤੋਂ ਮੁਕਤੀ ਪ੍ਰਾਪਤ ਨਹੀਂ ਕਰਦੇ। ਇਹ ਸੱਚ ਹੈ ਕਿ ਗੰਗਾ ਇਸ਼ਨਾਨ ਕਰਨ ਦੇ ਨਾਲ ਪਾਪ ਨਹੀਂ ਧੋਏ ਜਾ ਸਕਦੇ। ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਜਿਹੜਾ ਮਨੁੱਖ ਬੀਜਦਾ ਹੈ ਉਸ ਨੂੰ ਉਹੀ ਵੱਢਣਾ ਪੈਂਦਾ ਹੈ ਪਰ ਸਿਆਸੀ ਪਾਰਟੀਆਂ ਅਤੇ ਰਾਜ ਕਰ ਰਹੀ ਧਿਰ ਨੇ ਜਿਸ ਤਰ੍ਹਾਂ ਕੁੰਭ ਦੇ ਮੇਲੇ ਨੂੰ ਖਿਡਾਉਣਾ ਬਣਾ ਕੇ ਦੇਸ਼ ਤੇ ਵਿਦੇਸ਼ ਦੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ ਅੱਜ ਉਹਨਾਂ ਦੇ ਮੂੰਹ ਉੱਤੇ ਇਹ ਹਾਦਸਾ ਕਾਲਖ ਮਲ ਗਿਆ ਹੈ।
ਭਾਜਪਾ ਸਰਕਾਰ ਵਲੋਂ ਹਮੇਸ਼ਾ ਹਿੰਦੂ ਮੁਸਲਿਮ ਨੂੰ ਆਪਸ ਵਿੱਚ ਵੰਡਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਜਦੋਂ ਕੋਈ ਵੀ ਕੋਈ ਇਸ ਤਰ੍ਹਾਂ ਦਾ ਹਾਦਸਾ ਵਾਪਰ ਦਾ ਹੈ, ਉਸ ਵੇਲੇ ਇਹ ਜਾਤ ਪਾਤ ਡੂੰਘੇ ਖੂਹ ਵਿੱਚ ਡਿੱਗ ਜਾਂਦੀ ਹੈ। ਜਿਸ ਦਿਨ ਇਹ ਹਾਦਸਾ ਵਾਪਰਿਆ ਉਸ ਰਾਤ ਮੁਸਲਮਾਨ ਭਾਈਚਾਰੇ ਨੇ ਆਪਣੇ ਘਰ ਤੇ ਮਸਜਿਦਾਂ ਸ਼ਰਧਾਲੂਆਂ ਦੇ ਲਈ ਖੋਲ੍ਹ ਦਿੱਤੀਆਂ। ਉਹਨਾਂ ਦੇ ਰਹਿਣ ਸਹਿਣ, ਖਾਣ ਪੀਣ ਤੇ ਇਲਾਜ ਲਈ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ। ਦੂਜੇ ਪਾਸੇ ਸ਼ਰਧਾਲੂਆਂ ਲਈ ਬਣਾਏ ਜਾ ਰਹੇ ਲੰਗਰ ਵਿੱਚ ਇੱਕ ਪੁਲਿਸ ਅਫਸਰ ਮਿੱਟੀ ਪਾ ਰਿਹਾ ਸੀ। ਜਿਸ ਤਰ੍ਹਾਂ ਮੁਸਲਮਾਨ ਭਾਈਚਾਰੇ ਨੇ ਇਸ ਦੁੱਖ ਦੀ ਘੜੀ ਵਿੱਚ ਹਿੰਦੂ ਸ਼ਰਧਾਲੂਆਂ ਦੀ ਸੇਵਾ ਸੰਭਾਲ ਕੀਤੀ ਹੈ, ਉਸਨੇ ਗੰਗਾ ਜਮਨਾ ਤਹਿਜ਼ੀਬ ਦੀ ਮਿਸਾਲ ਪੈਦਾ ਕੀਤੀ ਹੈ।
ਸਿਆਸੀ ਪਾਰਟੀਆਂ ਦੇ ਆਗੂਆਂ ਨੇ ਗੰਗਾ ਵਿੱਚ ਡੁੱਬਕੀ ਲਗਾ ਕੇ ਆਪਣੇ ਪਾਪ ਧੋਣ ਦੀ ਕੋਸ਼ਿਸ਼ ਕੀਤੀ ਪਰ ਕੁੰਭ ਮੇਲਾ ਉਸ ਵੇਲੇ ਮੌਤ ਦਾ ਤਾਂਡਵ ਨਾਚ ਕਰਨ ਲੱਗਾ ਜਦੋਂ ਭਗਦੜ ਮੱਚ ਗਈ। ਇਸ ਭਗਦੜ ਕਿੰਨੇ ਭਾਰਤਵਾਸੀ ਸਦਾ ਲਈ ਗੰਗਾ ਵਿੱਚ ਡੁੱਬ ਗਏ, ਇਸ ਅਜੇ ਤੱਕ ਵੀ ਸੱਚ ਸਾਹਮਣੇ ਨਹੀਂ ਆਇਆ। ਇਹ ਸੱਚ ਕਦੇ ਵੀ ਸਾਹਮਣੇ ਨਹੀਂ ਆਵੇਗਾ। ਕਿਉਂਕਿ ਜਿਹੜੀ ਸਰਕਾਰ ਲਾਸ਼ਾਂ ਉੱਤੇ ਪੈਰ ਰੱਖ ਸੱਤਾ ਦੀ ਕੁਰਸੀ ਤੱਕ ਪੁੱਜੀ ਹੋਵੇ, ਉਹਨੂੰ ਲਾਸ਼ਾਂ ਨਾਲ ਕੋਈ ਸਰੋਕਾਰ ਨਹੀਂ। ਉਹ ਤਾਂ ਚਾਹੁੰਦੀ ਹੈ ਕਿ ਲੋਕ ਆਪਣੀ ਮੌਤ ਖੁਦ ਮਰ ਜਾਣ।
ਦੇਸ਼ ਮੰਡਲੇਸਵਰ ਯੂਪੀ ਦੇ ਮੁੱਖ ਮੰਤਰੀ ਜੋਗੀ ਅਦਿੱਤਿਆ ਨਾਥ ਤੋਂ ਅਸਤੀਫਾ ਮੰਗ ਰਹੇ ਹਨ। ਉਹ ਪਤਾ ਨਹੀਂ ਕਿਸ ਭੜੋਲੇ ਵਿਚ ਲੁਕਿਆ ਹੋਇਆ ਹੈ। ਦਿੱਲੀ ਸਰਕਾਰ ਦੇਸ਼ ਨੂੰ ਗਾਜਰਾਂ ਵੰਡ ਰਹੀ ਹੈ। ਸ਼ਰਧਾਲੂ ਗੰਗਾ ਕਿਨਾਰੇ ਭੁੱਖ ਨਾਲ ਮਰ ਰਹੇ ਹਨ। ਗੋਦੀ ਮੀਡੀਆ ਮੂੰਹ ਉੱਤੇ ਕਾਲਖ਼ ਮਲਣ ਲੱਗਿਆ ਹੋਇਆ ਹੈ।
ਜਿਹੜੇ ਹਰ ਸਮੇਂ ਜ਼ਹਿਰ ਉਗਲਦੇ ਸਨ, ਉਹ ਖਾਮੋਸ਼ ਹਨ। ਜਿਹਨਾਂ ਸਿੱਖਾਂ ਤੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ, ਉਹ ਸ਼ਰਧਾਲੂਆਂ ਦੀ ਸੇਵਾ ਕਰਨ ਲੱਗੇ ਹਨ। ਇਸ ਹਾਦਸੇ ਵਿੱਚ ਉਹਨਾਂ ਨੇ ਮਨੁੱਖਤਾ ਨੂੰ ਜਿਉਂਦੇ ਰੱਖਿਆ ਤੇ ਯੂਪੀ ਸਰਕਾਰ ਨੇ ਜਿਸ ਮਾਨਵਤਾ ਨੂੰ ਖ਼ਤਮ ਕਰ ਦਿੱਤਾ ਸੀ। ਉਸ ਮਾਨਵਤਾ ਦੇ ਦਰਸ਼ਨ ਯੂਪੀ ਦੇ ਮਦਰੱਸਿਆਂ, ਮਸਜਿਦਾਂ ਤੇ ਮੁਸਲਮਾਨਾਂ ਦੇ ਘਰਾਂ ਵਿੱਚ ਕੀਤੇ ਜਾ ਸਕਦੇ ਹਨ।
ਯੂਪੀ ਸਰਕਾਰ ਨੂੰ ਹਰ ਕੋਈ ਲਾਹਣਤਾਂ ਪਾ ਰਿਹਾ ਹੈ ਕਿ ਉਹਨਾਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ, ਸਗੋਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਹ ਹਾਦਸਾ ਇਸ ਸਦੀ ਦਾ ਸਭ ਤੋਂ ਵੱਡਾ ਹੈ। ਇਸ ਨੇ ਮਨੁੱਖ ਦੀਆਂ ਅੱਖਾਂ ਉਤੋਂ ਪੱਟੀ ਉਤਾਰੀ ਵੀ ਹੈ ਤੇ ਕਈਆਂ ਦੇ ਬੰਨ੍ਹੀ ਵੀ ਹੈ। ਲੋਕ ਕਦੋਂ ਤੱਕ ਇਸ ਤਰ੍ਹਾਂ ਮਰਦੇ ਰਹਿਣਗੇ?
ਬੁੱਧ ਸਿੰਘ ਨੀਲੋਂ
9464370823