ਕੇਂਦਰੀ ਬਜਟ 2025 ਵਿਚ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਪੂਰੀ ਤਰ੍ਹਾਂ ਕੀਤਾ ਨਜ਼ਰਅੰਦਾਜ਼ : ਪਰਵਿੰਦਰ ਸੋਹਾਣਾ
ਐਸ.ਏ.ਐਸ.ਨਗਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਐਸ.ਏ.ਐਸ.ਨਗਰ (ਮੋਹਾਲੀ) ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਕੇਂਦਰੀ ਬਜਟ 2025 ਵਿਚ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਐਮ.ਐੱਸ.ਪੀ. ਦੀ ਕਾਨੂੰਨੀ ਗਰੰਟੀ, ਕਿਸਾਨ ਕਰਜ਼ਾ ਮੁਆਫ਼ੀ, ਫ਼ਸਲੀ ਵਿਭਿੰਨਤਾ ਲਈ ਵਿਸ਼ੇਸ਼ ਫ਼ੰਡ ਜਾਂ ਕਿਸਾਨਾਂ ਲਈ ਨਵੀਆਂ ਯੋਜਨਾਵਾਂ ਸ਼ਾਮਲ ਨਹੀਂ ਕੀਤੀਆਂ ਗਈਆਂ। ਕੇਂਦਰੀ ਬਜਟ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਚੋਣਾਂ ‘ਤੇ ਧਿਆਨ ਦਿੱਤਾ ਗਿਆ ਹੈ, ਨਾ ਕਿ ਦੇਸ਼ ਦੇ ਇਕਸਾਰ ਵਿਕਾਸ ‘ਤੇ। ਉਨ੍ਹਾਂ ਦੋਸ਼ ਲਗਾਇਆ ਕਿ ਸਾਰਾ ਜ਼ੋਰ ਬਿਹਾਰ ਤੇ ਆਸਾਮ ਵਰਗੇ ਰਾਜਾਂ ‘ਤੇ ਦਿੱਤਾ ਗਿਆ, ਜਦਕਿ ਪੰਜਾਬ ਵਰਗੇ ਮਹੱਤਵਪੂਰਨ ਖੇਤਰਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਗਿਆ। ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਭਰੋਸੇ ਮੁਤਾਬਿਕ ਐਮ.ਐੱਸ.ਪੀ. ਦੀ ਗਰੰਟੀ ਲਈ ਬਜਟ ਵਿਚ ਕਿਤੇ ਨਜ਼ਰ ਨਹੀ ਆਈ। ਜਦ ਕਿ ਕਿਸਾਨ ਪੂਰੀ ਕਰਜ਼ਾ ਮੁਆਫ਼ੀ ਦੀ ਉਮੀਦ ਕਰ ਰਹੇ ਸਨ, ਪਰ ਬਜਟ ਵਿਚ ਇਸ ਸੰਬੰਧੀ ਵੀ ਕੋਈ ਤਜਵੀਜ਼ ਨਹੀਂ ਰੱਖੀ ਗਈ। ਉਨ੍ਹਾਂ ਪੀ.ਐਮ. ਫ਼ਸਲ ਬੀਮਾ ਯੋਜਨਾ ਬਾਰੇ ਵੀ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਕੀਮ ਵਿਚ ਹੋਰ ਸੁਧਾਰ ਅਤੇ ਵਾਧੂ ਫ਼ੰਡਾਂ ਦੀ ਲੋੜ ਸੀ, ਪਰ ਇਹ ਵੀ ਨਹੀਂ ਦਿੱਤੇ ਗਏ। ਪੰਜਾਬੀ ਕਿਸਾਨ ਉਮੀਦ ਕਰ ਰਹੇ ਸਨ ਕਿ ਉਨ੍ਹਾਂ ਨੂੰ ਝੋਨੇ ਦੇ ਫ਼ਸਲੀ ਚੱਕਰ ਤੋਂ ਬਚਾਉਣ ਲਈ ਵਿਸ਼ੇਸ਼ ਪੈਕੇਜ ਮਿਲੇਗਾ, ਪਰ ਕੋਈ ਵੀ ਫ਼ੰਡ ਇਸ ਲਈ ਉਪਲਬਧ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਹਿਰੀ ਸਿੰਚਾਈ ਪ੍ਰਣਾਲੀ ਦੀ ਅਪਗ੍ਰੇਡੇਸ਼ਨ ਲਈ ਵੀ ਕੋਈ ਵਿਸ਼ੇਸ਼ ਰਕਮ ਨਹੀਂ ਰੱਖੀ ਗਈ। ਇਸ ਦੇ ਇਲਾਵਾ ਸਰਹੱਦੀ ਰਾਜਾਂ ਤੇ ਉਦਯੋਗ ਖੇਤਰ ਲਈ ਵੀ ਕੋਈ ਪੈਕੇਜ ਨਹੀਂ ਦਿਤਾ ਗਿਆ। ਸ਼੍ਰੋਮਣੀ ਅਕਾਲੀ ਦਲ ਐਸ.ਏ.ਐਸ.ਨਗਰ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਬਜਟ ਨੂੰ ਪੰਜਾਬ ਅਤੇ ਕਿਸਾਨ ਵਿਰੋਧੀ ਕਰਾਰ ਦਿੰਦਿਆਂ, ਕੇਂਦਰੀ ਸਰਕਾਰ ਤੋਂ ਨਵੀਂ ਖੇਤੀਬਾੜੀ ਨੀਤੀ ਅਤੇ ਰੋਜ਼ਗਾਰ ਉਤਸ਼ਾਹੀ ਸਕੀਮਾਂ ਦੀ ਮੰਗ ਕੀਤੀ ਹੈ।