ਦਿੱਲੀ ਚੋਣਾਂ ਲਈ ਪ੍ਰਚਾਰ ਬੰਦ-ਵੋਟਿੰਗ ਕੱਲ
ਨਵੀਂ ਦਿੱਲੀ(ਯੂ. ਐਨ. ਆਈ.)-ਦਿੱਲੀ ਚੋਣਾਂ ਲਈ ਅੱਜ ਪ੍ਰਚਾਰ ਬੰਦ ਹੋ ਗਿਆ। ਚੋਣ ਕਮਿਸ਼ਨ ਨੇ ਦਿੱਲੀ ਅਸੈਂਬਲੀ ਲਈ 5 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਾਲੇ ਦਿਨ ਐਗਜ਼ਿਟ ਪੋਲ ਜਾਰੀ ਕਰਨ ’ਤੇ ਰੋਕ ਲਾ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਇਹ ਪਾਬੰਦੀ ਸਵੇਰੇ 7 ਵਜੇ ਤੋਂ ਸ਼ਾਮ 6:30 ਵਜੇ ਤੱਕ ਆਇਦ ਰਹੇਗੀ। ਚੋਣ ਕਮਿਸ਼ਨ ਨੇ ਇਕ ਹੁਕਮ ਵਿਚ ਕਿਹਾ, ‘‘1951 ਦੇ ਲੋਕ ਪ੍ਰਤੀਨਿਧ ਐਕਟ ਦੀ ਧਾਰਾ 126ਏ ਦੇ ਉਪ ਖੰਡ (1) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਚੋਣ ਕਮਿਸ਼ਨ ਨੋਟੀਫਾਈ ਕਰਦਾ ਹੈ ਕਿ 5 ਫਰਵਰੀ 2025 (ਬੁੱਧਵਾਰ) ਨੂੰ ਸਵੇਰੇ 7 ਵਜੇ ਤੋਂ ਸ਼ਾਮੀਂ 6:30 ਵਜੇ ਤੱਕ ਕਿਸੇ ਵੀ ਪ੍ਰਿੰਟ, ਇਲੈਕਟ?ਰਾਨਿਕ ਜਾਂ ਹੋਰ ਕਿਸੇ ਤਰੀਕੇ ਨਾਲ ਐਗਜ਼ਿਟ ਪੋਲ ਦੇ ਸੰਚਾਲਨ, ਪ੍ਰਕਾਸ਼ਨ ਜਾਂ ਪ੍ਰਚਾਰ ਪਸਾਰ ਉੱਤੇ ਰੋਕ ਰਹੇਗੀ।’’ ਕਾਬਿਲੇਗੌਰ ਹੈ ਕਿ ਦਿੱਲੀ ਅਸੈਂਬਲੀ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਇਸ ਤੋਂ ਇਲਾਵਾ ਯੂਪੀ ਦੀ ਮਿਲਕੀਪੁਰ ਅਸੈਂਬਲੀ ਸੀਟ ਤੇ ਤਾਮਿਲ ਨਾਡੂ ਦੀ ਇਰੋਡ (ਪੂਰਬੀ) ਅਸੈਂਬਲੀ ਸੀਟ ਲਈ ਜ਼ਿਮਨੀ ਚੋਣ 5 ਫਰਵਰੀ ਅਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ।