ਟਾਪਪੰਜਾਬ

ਮਾਨਸਾ ਦੀ ਜ਼ਰਖੇਜ਼ ਮਿੱਟੀ ‘ਚੋਂ ਉੱਭਰਦਾ ਨਵਾਂ ਨਾਮ ‘ਨਵਦੀਪ ਅਗਰੋਈਆ’

ਮਾਨਸਾ : ਮਾਲਵੇ ਦਾ ਦਿਲ ਮੰਨੇ ਜਾਂਦੇ ਮਾਨਸਾ ਦੀ ਧਰਤੀ ਦਾ ਕਲਾ ਦੇ ਨਾਲ ਗੂੜ੍ਹਾ ਸਬੰਧ ਹੈ। ਜੇਕਰ ਪਿਛਲੇ ਸਮੇਂ ‘ਚ ਝਾਤ ਮਾਰੀਏ ਤਾਂ ਇੱਥੋਂ ਦੀ ਧਰਤੀ ਨੇ ਅਨੇਕਾਂ ਕ੍ਰਾਂਤੀਕਾਰੀ, ਯੋਧੇ, ਲਿਖਾਰੀ ਤੇ ਕਲਾਕਾਰ ਪੈਦਾ ਕੀਤੇ ਹਨ, ਜਿਨਾਂ ਨੇ ਵਿਸ਼ਵ ਪੱਧਰ ਦੇ ਪਰਦੇ ‘ਤੇ ਵੱਡਾ ਨਾਮ ਕਮਾਇਆ ਹੈ। ਸੋ ਇਸੇ ਲੜੀ ਦੇ ਤਹਿਤ ਅੱਜ ਗੱਲ ਕਰਨ ਜਾ ਰਹੇ ਹਨ ਮਾਨਸਾ ਦੇ ਹੀ ਇੱਕ ਨੌਜਵਾਨ ਦੀ ਜੋ ਬਤੌਰ ਕੌਸਟਿਊਮ ਡਿਜ਼ਾਇਨਰ ਨਾ ਸਿਰਫ਼ ਪੌਲੀਵੁੱਡ ਬਲਕਿ ਬੌਲੀਵੁੱਡ ਦੀਆਂ ਫਿਲਮਾਂ ਵਿੱਚ ਵੀ ਵੱਡਾ ਨਾਮ ਕਮਾ ਰਿਹਾ ਹੈ, ਨਾਮ ਹੈ – ਨਵਦੀਪ ਅਗਰੋਈਆ।

ਜੇਕਰ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਸ ਖੇਤਰ ਦੀ ਚੇਟਕ ਨਵਦੀਪ ਨੂੰ ਬਚਪਨ ਤੋਂ ਹੀ ਲੱਗੀ, ਜਦ ਫਿਲਮਾਂ ਤੇ ਫੈਸ਼ਨ ਸ਼ੋਅ ਦੇਖਦੇ-ਦੇਖਦੇ ਉਸਨੇ ਆਪਣੇ ਇਸ ਸ਼ੌਂਕ ਨੂੰ ਪ੍ਰੋਫ਼ੈਸ਼ਨ ਵਜੋਂ ਅਪਣਾਉਣ ਦਾ ਮਨ ਬਣਾ ਲਿਆ। ਇਸ ਖੇਤਰ ਦੀ ਪ੍ਰੋਫੈਸ਼ਨਲ ਢੰਗ ਨਾਲ ਸਮਝ ਹਾਸਲ ਕਰਨ ਅਤੇ ਆਪਣਾ ਕਰੀਅਰ ਬਣਾਉਣ ਦੇ ਮਕਸਦ ਨਾਲ ਨਵਦੀਪ ਨੇ ਆਪਣੀ ਫੈਸ਼ਨ ਡਿਜ਼ਾਇਨਿੰਗ ‘ਚ B.Sc ਦੀ ਡਿਗਰੀ NIIFT ਤੋਂ ਅੱਵਲ ਦਰਜੇ ਵਿੱਚ ਹਾਸਲ ਕੀਤੀ, ਜਿਸ ਉਪਰੰਤ ਉਹ ਆਪਣੇ ਕਦੇ ਨਾ ਰੁਕਣ ਵਾਲੇ ਸਫ਼ਰਾਂ ‘ਤੇ ਹੋ ਚੱਲਿਆ।

ਇੱਕ ਪ੍ਰੋਫੈਸ਼ਨਲ ਕੌਸਟਿਊਮ ਡਿਜ਼ਾਇਨਰ ਵਜੋਂ ਉਸਨੇ ਆਪਣੀ ਜ਼ਿੰਦਗੀ ਦੀ ਪਹਿਲੀ ਫ਼ਿਲਮ ਦੇਵ ਖਰੌੜ ਦੀ ‘ਬਲੈਕੀਆ’ ਡਿਜ਼ਾਇਨ ਕੀਤੀ, ਜਿਸ ਨੇ ਨਾ ਸਿਰਫ਼ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਰਿਕਾਰਡਤੋੜ ਸਫ਼ਲਤਾ ਹਾਸਲ ਕੀਤੀ। ਇਸ ਫ਼ਿਲਮ ਵਿੱਚ ਦਿਖਾਏ ਸਨ 1970 ਦੇ ਦੌਰ ਨੂੰ ਨਵਦੀਪ ਅਗਰੋਈਆ ਨੇ ਉਸ ਸਮੇਂ ਦੇ ਪ੍ਰਚਲਿਤ ਫੈਸ਼ਨ ਦੇ ਅਨੁਸਾਰ ਹੂਬਹੂ ਪਰਦੇ ‘ਤੇ ਪੇਸ਼ ਕੀਤਾ, ਜਿਸ ਨੂੰ ਨਾ ਸਿਰਫ਼ ਪੰਜਾਬੀ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਬਲਕਿ ਇਸ ਨੇ  ਅਜੋਕੀ ਨੌਜਵਾਨੀ ਵਿੱਚ ਮੁੜ ਤੋਂ ਬੈੱਲ-ਬੌਟਮ ਪੈਂਟਾਂ ਪਾਉਣ ਦਾ ਰਿਵਾਜ਼ ਵੀ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਨਵਦੀਪ ਅਗਰੋਈਆ ਵੱਲੋਂ ਸ਼ਰੀਕ-2, ਯਾਰ ਅਣਮੁੱਲੇ-ਰਿਟਰਨਜ਼, ਬੈਚ-2013, ਨਿਸ਼ਾਨਾ ਸਮੇਤ ਹੋਰ ਵੀ ਬਹੁਤ ਸਾਰੀਆਂ ਮਕਬੂਲ ਪੰਜਾਬੀ ਫਿਲਮਾਂ ਕੀਤੀਆਂ ਗਈਆਂ, ਜਿਨਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ।

ਜੇਕਰ ਨਵਦੀਪ ਦੇ ਭਵਿੱਖੀ ਪ੍ਰਜੈਕਟਾਂ ਦੀ ਗੱਲ ਕਰੀਏ ਤਾਂ ਉਸ ਵਿੱਚ ਪੌਲੀਵੁੱਡ ਦੀ ਫ਼ਿਲਮ ਸੰਗਰਾਂਦ, ਚੱਲ ਭੱਜ ਚੱਲੀਏ, ਫ਼ੇਰ ਮਾਮਲਾ ਗੜਬੜ-ਗੜਬੜ ਅਤੇ ਬੌਲੀਵੁੱਡ ਦੀ ਫ਼ਿਲਮ ਮਮਾਕੂ ਆਦਿ ਕਤਾਰ ਵਿੱਚ ਹਨ, ਜੋ ਕਿ ਜਲਦ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀਆਂ ਹਨ।

ਇਸਤੋਂ ਬਿਨਾਂ ਜੇਕਰ ਨਵਦੀਪ ਅਗਰੋਈਆ ਦੇ ਡ੍ਰੀਮ ਪ੍ਰਾਜੈਕਟਾਂ ਦੀ ਗੱਲ ਕਰੀਏ ਤਾਂ ਉਸਦਾ ਸੁਪਨਾ ਆਪਣੇ ਬ੍ਰੈਂਡ ਲੇਬਲ ਅਤੇ ਆਪਣੇ ਇਲਾਕੇ ਦੇ ਨਾਮ ਨੂੰ ਆਪਣੀ ਵਿਲੱਖਣ ਕਲਾ ਸਦਕਾ ਹੌਲੀਵੁੱਡ ਲੈਵਲ ਤੱਕ ਅੰਤਰਾਸ਼ਟਰੀ ਪੱਧਰ ‘ਤੇ ਪਹੁੰਚਾਉਣ ਦਾ ਹੈ, ਜਿਸ ਨੂੰ ਸਾਕਾਰ ਕਰਨ ਲਈ ਮਾਲਵੇ ਦੀ ਮਿੱਟੀ ਦਾ ਇਹ ਮਿਹਨਤੀ ਨੌਜਵਾਨ ਦਿਨ-ਰਾਤ ਕਾਰਜਸ਼ੀਲ ਹੈ।

ਤਰਸੇਮ ਸਿੰਘ ਫਰੰਡ 99885-86107

Leave a Reply

Your email address will not be published. Required fields are marked *