ਟਾਪਫ਼ੁਟਕਲ

ਸਾਡੀ ਜੀਭ ਨੂੰ ਲਕਵਾ ਮਾਰ ਗਿਆ!-ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ

ਸਾਡੀ ਜੀਭ ਨੂੰ ਲਕਵਾ ਮਾਰ ਗਿਆ!

ਮਾਏ ਨੀ ਮਾਏ ਮੇਰੇ ਦਿਲਾਂ ਦੀਏ
ਮਹਿਰਮੇ-
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ ਵਾਰ।
ਹੋ ਗਿਆ ਹੁਣ ਸਾਡੀ ਸੋਚ ਨੂੰ ਨੀ ਪੋਲੀਓ-
ਜੀਭ ਦਿੱਤੀ ਲਕਵੇ ਨੇ ਮਾਰ।

ਮਾਏ ਨੀ ਮਾਏ ਮੇਰੇ ਦਿਲਾਂ ਦੀਏ
ਮਹਿਰਮੇ-
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ ਵਾਰ।

ਲੱਭ ਕੋਈ ਮਾਂਦਰੀ ਜੋ ਚੂਸੇ ਜ਼ਹਿਰ ਝੂਠ ਵਾਲੀ-
ਸੱਚ ਵਾਲੇ ਮਣਕੇ ਨੂੰ ਲਾ।
ਢੂੰਡ ਕੋਈ ਵੈਦ ਜਿਹੜਾ ਪੁੜੀ ਦੇਵੇ
ਅਣਖਾਂ ਦੀ।
ਬੈਠੇ ਅਸੀਂ ਇੱਜਤਾਂ ਗੁਆ।
ਸਿਰ ਉੱਤੋਂ ਚੁੰਨੀਆਂ ਨਾ ਲੱਥ ਜਾਣ
ਸਾਡੇ ਮਾਏ-
ਕੰਨਿਆਂ ਦੀ ਛੇਤੀ ਲੈ ਲਾ ਸਾਰ-
ਮਾਏ ਨੀ ਮਾਏ ਮੇਰੇ ਦਿਲਾਂ ਦੀਏ
ਮਹਿਰਮੇ-
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ ਵਾਰ।
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ
ਵਾਰ…..।

ਲੋਭ ਵਾਲਾ ਘੁਣ ਸਾਡੇ ਹੱਡਾਂ
ਤਾਈਂ ਲੱਗਿਆ ਏ,
ਕਰ ਮਾਏ ਓਹਦਾ ਵੀ ਉਪਾਅ।
ਦੂਜਿਆਂ ਦੀ ਥਾਲੀ ਵਿੱਚ ਲੱਡੂ ਵੱਡਾ ਦਿਸਦਾ ਹੈ,
ਉਹ ਵੀ ਮਾਏ ਦਿੱਸਣੋਂ ਹਟਾ।
ਬੱਕਰੀ ਦੇ ਦੁੱਧ ਵਾਲਾ ਫਹਾ ਧਰ
ਅੱਖਾਂ ਉੱਤੇ-
ਅੱਖਾਂ ਵਿੱਚ ਆਵੇ ਜੇ ਸੁਧਾਰ।
ਮਾਏ ਨੀ ਮਾਏ ਮੇਰੇ ਦਿਲਾਂ ਦੀਏ
ਮਹਿਰਮੇ-
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ ਵਾਰ।
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ
ਵਾਰ…..।

ਜਿਹੜਾ ਸਾਡੇ ਮਨਾਂ ਵਿੱਚੋਂ
ਈਰਖਾ ਮਿਟਾਵੇ ਮਾਏ,
ਟਿੱਲੇ ਵਾਲਾ ਸਾਧ ਕੋਈ ਭਾਲ।
ਜਤ ਅਤੇ ਸਤ ਕਾਇਮ ਹੋਵੇ ਨੀ ਲੰਗੋਟੇ ਵਾਲਾ,
ਬਣੇ ਜਿਹੜਾ ਦੁਖੀਆਂ ਦੀ ਢਾਲ।
ਪਾਪ ਵਾਲਾ ਤਾਪ ਸਾਡੇ ਹੱਡਾਂ ਵਿੱਚੋਂ ਕੱਢੇ ਜਿਹੜਾ-
ਹੰਕਾਰ ਵਾਲੀ ਖੰਘ ਦੇਵੇ ਮਾਰ।
ਮਾਏ ਨੀ ਮਾਏ ਮੇਰੇ ਦਿਲਾਂ ਦੀਏ
ਮਹਿਰਮੇ-
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ ਵਾਰ।
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ
ਵਾਰ…..।

ਆਟੇ ਵਾਲਾ ਪੇੜਾ ਸਾਡੇ ਸਿਰਾਂ ਤੋਂ
ਦੀ ਵਾਰ ਮਾਏ,
ਗਊ ਮਾਤਾ ਨੂੰ ਹੀ ਵੇਖ ਲੈ ਖੁਆ।
ਖੌਰੇ ਸਾਡੇ ਚਾਵਾਂ ਵਾਲਾ ਘਾਣ ਹੋਣੋਂ ਹਟ ਜਾਵੇ,
ਰਹੇ ਨਾ ਅਧੂਰਾ ਕੋਈ ਚਾਅ।
ਅਦਾਲਤਾਂ-ਵਕਾਲਤਾਂ ਦੀ ਲੋੜ ਪੈਣੋਂ
ਹਟ ਜਾਵੇ-
ਲੰਮੀ ਕੋਈ ਨਿਗ੍ਹਾ ਮਾਏ ਮਾਰ।
ਮਾਏ ਨੀ ਮਾਏ ਮੇਰੇ ਦਿਲਾਂ ਦੀਏ
ਮਹਿਰਮੇ-
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ ਵਾਰ।
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ
ਵਾਰ…..।

ਸਵਾ ਗਜ ਕੱਪੜੇ ‘ਚ ਬੰਨ
ਸਤਨਾਜਾ ਮਾਏ,
ਭੌਣ ਉੱਤੇ ਵੇਖ ਲੈ ਤੂੰ ਪਾ।
ਸ਼ਾਇਦ ਏਸ ਦੁਨੀਆ ਤੋਂ ਧੋਖੇ ਸਾਰੇ
ਮੁੱਕ ਜਾਣ,
ਲਈਏ ਜੂਨ ਸੁੱਖਾਂ ਦੀ ਹੰਢਾ।
ਸੁੱਖ ਵਾਲੀ ਰੋਟੀ ਮਿਲੇ, ਮਿਲੇ ਭਾਵੇਂ ਅੱਧੀ ਮਾਏ-
ਲਈਏ ਅਸੀਂ ਅੱਧੀ ‘ਤੇ ਹੀ ਸਾਰ।
ਮਾਏ ਨੀ ਮਾਏ ਮੇਰੇ ਦਿਲਾਂ ਦੀਏ
ਮਹਿਰਮੇ-
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ ਵਾਰ।
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ
ਵਾਰ…..।

‘ਦਾਨੀ’ ਕੋਈ ਦੱਸ ਤੂੰ ਵੀ ਧਾਗਾ
ਤੇ ਤਬੀਤ ਕੋਈ।
ਜੀਹਦੇ ਨਾਲ ਸੁਖੀ ਵਸੇ ਜੱਗ।
‘ਫੁੱਲੋ ਮਿੱਠੀ’ ਵਾਲਿਆ ਨਾ ਇਹੋ
ਕਹਿਕੇ ਸਾਰ ਦਈਂ,
ਘਰ ਘਰ ਲੱਗੀ ਇਹੋ ਅੱਗ।
ਹੱਕ ਸੱਚ ਦੀ ਕਮਾਈ ਨਾਲ ਬੇੜੇ ਸਦਾ ਪਾਰ ਹੁੰਦੇ-
ਸੱਚਿਆਂ ਦਾ ਰੱਬ ਹੁੰਦਾ ਯਾਰ।
ਮਾਏ ਨੀ ਮਾਏ ਮੇਰੇ ਦਿਲਾਂ ਦੀਏ
ਮਹਿਰਮੇ-
ਛੱਡ ਤੂੰ ਵੀ ਮਿਰਚਾਂ ਨਾ ਵਾਰ।
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ
ਵਾਰ।
ਸਾਡੇ ਸਿਰਾਂ ‘ਤੋਂ ਦੀ ਮਿਰਚਾਂ ਨਾ
ਵਾਰ……।
ਧੰਨਵਾਦ ਸਹਿਤ-
ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ
94170-79316
88473-57895
ਮਿਤੀ 26 ਮਈ 2025

Leave a Reply

Your email address will not be published. Required fields are marked *