ਖੋਜ ਕਾਰਜ ਤੇ ਕਰੋਨਾ

ਹਰਪ੍ਰੀਤ ਕੌਰ ਹਰਫ਼

ਆਖ਼ਰ ਮੇਰਾ ਖੋਜ-ਪ੍ਰਬੰਧ ਮੁਕੰਮਲ ਹੋ ਹੀ ਗਿਆ!

ਪਰ 19 ਮਾਰਚ 2020 ਦੀ ਦੁਪਹਿਰ ਢਲੇ ਆਏ ਪ੍ਰਸ਼ਾਸਕੀ ਹੁਕਮ ਅਧੀਨ, ਹੋਸਟਲ ਛੱਡ ਪਿੰਡ ਨੂੰ, ਘਰ ਨੂੰ ਅਚਾਨਕ ਭੱਜਣ ਵੇਲੇ ਮੈਂ ਇਹ ਸੋਚ ਵੀ ਨਹੀਂ ਸੀ ਸਕਦੀ।

ਲੌਕਡਾਊਨ, ਕਰੋਨਾ, ਕੋਵਿਡ-19 ਸ਼ਬਦ ਮੇਰੇ ਕੰਨਾਂ ਵਿੱਚ ਬੰਬ ਬਣ ਫਟੇ ਸਨ। ਮੇਰਾ ਦਿਲ ਤੇ ਦਿਮਾਗ਼ ਸੁੰਨ ਹੋ ਗਏ ਸਨ।

ਮੇਰੇ ਖੋਜ-ਪ੍ਰਬੰਧ ਦਾ ਕੀ ਬਣੇਗਾ? ਇਹ ਸੋਚ ਮਨ ਬੁਝ ਜਿਹਾ ਗਿਆ ਸੀ।

ਸਾਰਾ ਕੁਝ ਕਮਰੇ ਵਿੱਚ ਬੰਦ ਕਰਕੇ ਤਾਰਿਆਂ ਦੀ ਲੋਏ ਮੈਂ ਪਿੰਡ ਪੁੱਜੀ ਸਾਂ। ਮੇਰੀ ਮਾਂ ਮੈਨੂੰ ਪੰਜ ਘੰਟਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਈ ਭਾਗੋ ਹੋਸਟਲ ਵਿੱਚੋਂ ਕਾਰ ਰਾਹੀਂ ਘਰ ਲੈ ਆਈ ਸੀ।

ਬੰਗਾ ਨੇੜੇ ਮੇਰਾ ਪਿੰਡ ਮਾਹਿਲ ਗਹਿਲਾਂ ਹੈ।

ਇਹ ਪਿੰਡ ਪੰਜਾਬ ਦੇ ਉਸ ਪਿੰਡ ਤੋਂ ਕੁਝ ਕਿਲੋਮੀਟਰ ਹੀ ਦੂਰ ਹੈ ਜਿੱਥੇ ਪਹਿਲੀ ਵਾਰ ਕਰੋਨਾ ਆ ਪ੍ਰਗਟ ਹੋਇਆ ਸੀ।

ਪਿੰਡ ਪਠਲਾਵਾ। ਮੇਰਾ ਨਾਨਕਾ ਪਿੰਡ।

ਕਰੋਨਾ ਦਾ ਪਹਿਲਾ ਸ਼ਿਕਾਰ ਭਾਈ ਬਲਦੇਵ ਸਿੰਘ ਇਸੇ ਪਿੰਡ ਦਾ ਹੀ ਨਿਵਾਸੀ ਸੀ। ਮੇਰਾ ਨਾਨਕਾ ਪਰਿਵਾਰ ਉਸ ਨੂੰ ਜਾਣਦਾ ਸੀ।

ਮੇਰੀ ਨੀਂਦ ਉੱਡ ਗਈ।

ਮੇਰੀ ਸਾਰੀ ਖੋਜ-ਸਮੱਗਰੀ, ਸਰਟੀਫਿਕੇਟ, ਲਿਖੇ ਖੋਜ-ਪੱਤਰ ਹੋਸਟਲ ਦੇ ਕਮਰੇ ਵਿੱਚ ਹੀ ਰਹਿ ਗਏ ਸਨ।

ਮਾਰਚ 21 ਨੂੰ ਲੌਕਡਾਊਨ ਹੋ ਗਿਆ ਤੇ ਨਾਲ ਹੀ ਕਰਫਿਊ ਵੀ ਲੱਗ ਗਿਆ।

ਅਜੀਬ ਜਿਹੀ ਦਹਿਸ਼ਤ, ਡਰ ਦਿਲ-ਦਿਮਾਗ਼ ਉੱਤੇ ਛਾਈ ਜਾਂਦਾ ਸੀ। ਲੌਕਡਾਊਨ ਕਦੋਂ ਖੁੱਲ੍ਹੇਗਾ? ਖੁੱਲ੍ਹੇਗਾ ਵੀ ਜਾਂ ਨਹੀਂ?

ਮੀਡੀਏ ਦੀ ਆਡੀਉ-ਵੀਡੀਓ ਬੰਬਾਰੀ! ਪ੍ਰਧਾਨ ਮੰਤਰੀ ਵੱਲੋਂ ਮਿੱਠੇ ਸ਼ਬਦਾਂ ਨਾਲ ਲੋਕ ਮਨਾਂ ਨੂੰ ਦਿੱਤੇ ਜਾ ਰਹੇ ਦਿਲਾਸੇ।

ਆਵਾਜਾਈ ਦੇ ਸਾਰੇ ਸਾਧਨ ਬੰਦ। ਘਰੋਂ ਸੈਂਕੜੇ-ਹਜ਼ਾਰਾਂ ਮੀਲ ਦੂਰ ਰੋਜ਼ੀ ਕਮਾਉਣ ਆਏ ਲੋਕਾਂ ਨੇ ਬੁਰੇ ਹਾਲੀਂ ਆਪਣੇ ਪਰਿਵਾਰਾਂ ਕੋਲ ਪਹੁੰਚਣ ਲਈ ਸਪੇਸ ਸ਼ਟਲ ਦੇ ਜ਼ਮਾਨੇ ਵਿਚ ਵੀ ਰੇਲ ਦੀਆਂ ਪਟੜੀਆਂ, ਸੜਕਾਂ, ਖੇਤਾਂ ਤੇ ਜੰਗਲ-ਬੇਲਿਆਂ ਰਾਹੀਂ ਕਰੋਨਾ ਤੋਂ ਬੇਖ਼ੌਫ਼ ਹੋ ਕੇ ਫਿਰ ਤੋਂ ਪੈਰਾਂ ਉੱਤੇ ਤੁਰ ਕੇ ਆਪਣੇ ਘਰ ਪਰਤਣ ਦਾ ਹੌਂਸਲਾ ਕੀਤਾ। ਐਨੀ ਹਫੜਾ-ਦਫੜੀ ਮਚਾਉਣ ਦੀ ਲੋੜ ਸੀ ਸਾਡੀ ਸਰਕਾਰ ਨੂੰ? ਪ੍ਰਧਾਨ ਮੰਤਰੀ ਨੂੰ? ਲੋੜ ਹੈ ਵੀ ਸੀ ਕਿ ਨਹੀਂ? ਮੈਨੂੰ ਸ਼ਾਹੀਨ ਬਾਗ਼ ਯਾਦ ਆਇਆ। ਦਿੱਲੀ ਅੰਦਰ ਫ਼ਰਵਰੀ ਦੇ ਅੰਤ ਵਿੱਚ ਹੋਏ ਦੰਗਿਆਂ ਸਮੇਤ ਦਿੱਲੀ ਦੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨਾਲ ਹੋਈਆਂ ਅਨੇਕ ਪੁਲੀਸ ਤੇ ਪ੍ਰਸ਼ਾਸਕੀ ਵਧੀਕੀਆਂ ਯਾਦ ਆਈਆਂ। ਕੀ ਕਰੋਨਾ ਐਨਾ ਹੀ ਆਪਹੁਦਰਾ ਹੋ ਗਿਆ ਹੈ?

ਇਸ ਮਹਾਂਮਾਰੀ ਤੋਂ ਬਚ ਵੀ ਜਾਵਾਂਗੇ?

ਚੌਵੀ ਘੰਟੇ ਇਹੋ ਸੋਚਾਂ ਦਿਲ-ਦਿਮਾਗ਼ ਨੂੰ ਹੋਰ-ਹੋਰ ਉਲਝਾਈ ਰੱਖਦੀਆਂ।

ਕਮਰੇ ਵਿੱਚ ਮੀਂਹ ਦਾ ਪਾਣੀ ਨਾ ਆ ਵੜੇ, ਹਵਾ ਨਾਲ ਖਿੜਕੀ ਦਾ ਸ਼ੀਸ਼ਾ ਹੀ ਨਾ ਟੁੱਟ ਜਾਵੇ। ਸਿਉਂਕ ਹੀ ਨਾ ਖਾ ਜਾਵੇ ਸਾਰਾ ਕੁਝ। ਕਿੰਨੇ ਸਾਲ ਲਾ ਕੇ ਖੋਜ ਸਮੱਗਰੀ ਇੱਕਠੀ ਕੀਤੀ ਸੀ। ਬਚਾਂਗੇ ਵੀ ਕਿ ਨਹੀਂ!? ਮੀਡੀਆ ਨੂੰ ਵੇਖ-ਵੇਖ ਸੁਣ-ਸੁਣ ਦਿਲ ਘਾਊਂ-ਮਾਊਂ ਹੋਣ ਲੱਗਦਾ।

ਸਾਰਾ ਦਿਨ ਘਰ ਦੇ ਅੰਦਰ ਹੀ ਤਾੜੇ ਰਹਿੰਦੇ। ਮੋਬਾਈਲ ਤੇ ਟੀ.ਵੀ. ਵੇਖਦੇ ਸੁਣਦੇ ਅੱਕਣ ਲੱਗੇ।

ਮੇਰੀ ਖੋਜ ਦਾ ਵਿਸ਼ਾ ਗੁਰੂ ਅਰਜਨ ਦੇਵ ਜੀ ਸਨ। ਉਹ ਗੀਤਾ ਵਾਲੇ ਅਰਜਨ ਨਹੀਂ ਸਨ ਜਿਸ ਨੂੰ ਦੁਚਿੱਤੀਆਂ ਅੰਦਰੋਂ ਬਾਹਰ ਕੱਢਣ ਲਈ ਰੱਬ ਨੂੰ ਅਵਤਾਰ ਧਾਰਨ ਕਰਨਾ ਪਿਆ ਸੀ।

ਇਹ ਅਰਜਨ ਤਾਂ ਗੁਰੂ ਅਰਜਨ ਦੇਵ ਜੀ ਸਨ, ਆਦਿ ਬੀੜ ਦੇ ਸਾਜਣਹਾਰ, ਧਰਮ ਗ੍ਰੰਥ ਸੰਪਾਦਤ ਕਰਨ ਵਾਲੇ ਵਿਸ਼ਵ ਦੇ ਪਹਿਲੇ ਸ਼ਹੀਦ ਸੰਪਾਦਕ ਗੁਰੂ, ਸਿੱਖਾਂ ਦੇ ਪੰਜਵੇਂ ਗੁਰੂ ਜਿਨ੍ਹਾਂ ਨੇ ਮਾਨਵ ਨੂੰ ਸਹਿਜ ਤੇ ਸਰਲ ਮਾਰਗ ਦਿਖਾਇਆ ਸੀ। ਦੁਬਿਧਾ ਨੂੰ ਤੱਜਣ ਦਾ ਸੰਦੇਸ਼ ਦਿੱਤਾ ਸੀ। ਇਸ ਮਾਰਗ ਉੱਤੇ ਚੱਲਣ ਦੀ ਨਿਰਭੈ ਜਾਚ ਸਿਖਾਈ ਸੀ।

ਖ਼ੁਦ ਦਾ ਬਲੀਦਾਨ ਦੇ ਕੇ ਨਿਤਾਣੇ ਮਾਨਵ ਨੂੰ ਨਿਰਭਉ ਬਣਾਇਆ ਸੀ ਅਤੇ ਆਪਣੇ ਆਪ ਨੂੰ ਵਲੀ/ਹੰਕਾਰੀ ਸਮਝਣ ਵਾਲੇ ਬਾਦਸ਼ਾਹ ਨੂੰ ਰੀਣ ਕਰ ਦਿੱਤਾ ਸੀ।

ਕਰੋਨਾ ਮਹਾਂਮਾਰੀ ਵੇਲੇ ਕੁਲ ਮਾਨਵ ਜਾਤੀ ਨੂੰ ਧੀਰ ਬੰਧਾਉਣ ਵਾਸਤੇ ਬਹੁਤ ਸਮਾਜਿਕ ਸਥਾਨਾਂ ਸਮੇਤ ਗੁਰਦੁਆਰੇ ਅਰਦਾਸ, ਧਰਵਾਸ ਤੇ ਅੰਨ ਸਥਾਨ ਹੋ ਗਏ ਸਨ।

ਗੁਰੂ ਜੀ ਦਾ ਜੀਵਨ ਤੇ ਬਾਣੀ ਮੇਰੇ ਮਨ ਅੰਦਰ ਗੂੰਜਣ ਲੱਗੀ ਸੀ। ਆਪਣੀ ਖੋਜ ਦੌਰਾਨ ਮੈਂ ਇਸ ਨਾਲ ਆਤਮਸਾਤ ਹੋ ਗਈ ਸਾਂ। ਜੀਵਨ ਦੀ ਹਨੇਰੀ ਗੁਫ਼ਾ ਅੰਦਰ ਤੁਰਨ ਵੇਲੇ ਇਹ ਮੈਨੂੰ ਪ੍ਰਕਾਸ਼ ਬਖ਼ਸ਼ਦੀ ਸੀ।

ਪਰ ਪ੍ਰਾਣੀ-ਮਾਤਰ ਮੈਂ ਫਿਰ ਵੀ ਡੋਲਦੀ ਰਹਿੰਦੀ।

ਲੌਕਡਾਊਨ ਵਧਦਾ ਗਿਆ।

ਘਰ ਅੰਦਰ ਨਜ਼ਰਬੰਦੀ ਹੋਰ ਲੰਬੀ ਹੁੰਦੀ ਗਈ।

ਖੋਜ ਸਮੱਗਰੀ ਨਾਲ ਭਰਿਆ-ਭਕੁੰਨਿਆ ਹੋਸਟਲ ਦਾ ਕਮਰਾ ਮਿੱਟੀ ਦਾ ਢੇਰ ਬਣ ਗਿਆ ਲੱਗਦਾ।

ਇੱਕ ਦਿਨ ਮੈਸੇਜ ਆਇਆ: ਸਰਕਾਰ ਨੇ ਕਰੋਨਾ ਪੀੜਤਾਂ ਨੂੰ ਇਕਾਂਤਵਾਸ ਵਿਚ ਰੱਖਣ ਵਾਸਤੇ ਵਿਦਿਅਕ ਅਦਾਰਿਆਂ ਦੇ ਹੋਸਟਲ ਵਰਤਣ ਦਾ ਫ਼ੈਸਲਾ ਕੀਤਾ ਹੈ।

ਮੇਰਾ ਦਿਲ ਬਹਿ ਗਿਆ।

ਖੋਜ ਸਮੱਗਰੀ, ਸਰਟੀਫਿਕੇਟ ਅਤੇ ਹੋਰ ਕਿੰਨਾ ਨਿਕਸੁੱਕ ਮੈਨੂੰ ਫੇਰ ਯਾਦ ਆਇਆ।

ਬੰਦਾ ਕਿੰਨਾ ਬੇਬਸ ਤੇ ਨਿਤਾਣਾ ਹੋ ਗਿਆ ਹੈ ਜਾਂ ਕਰ ਦਿੱਤਾ ਗਿਆ ਹੈ ਕਰੋਨਾ ਕਾਰਨ। ਦਾਅਵਾ ਬ੍ਰਹਿਮੰਡ ਨੂੰ ਧੁਰ ਤੱਕ ਜਾਣ ਲੈਣ ਦਾ, ਸਰ ਕਰ ਲੈਣ ਦਾ ਕੀਤਾ ਜਾਂਦਾ ਹੈ, ਪਰ ਖੁਰਦਬੀਨ ਨਾਲ ਵੀ ਨਾ ਦਿਸ ਸਕਣ ਵਾਲੇ ਨਿੱਕੇ ਜਿਹੇ ਵਾਇਰਸ ਅੱਗੇ ਸਾਹਸੱਤਹੀਣ ਹੋਏ ਇਸ ਆਦਮੀ ਦਾ ਹੰਕਾਰ ਅੱਜ ਘਸ ਕੇ ਧੂੜ-ਕਣ ਤੋਂ ਵੀ ਪਤਲਾ ਹੋ ਗਿਆ ਸੀ।

ਪ੍ਰਸ਼ਾਸਕਾਂ ਦੇ ਅਜੀਬੋ ਗਰੀਬ ਆਦੇਸ਼: ਵਿਦਿਆਰਥੀਆਂ ਦੇ ਕਮਰੇ ਖਾਲੀ ਕਰਕੇ ਸਮਾਨ ਇੱਕ ਹਾਲ ਕਮਰੇ ਵਿੱਚ ਢੇਰੀ ਕਰ ਦਿਓ।

ਸਿਉਂਕ, ਸਲਾਬ।

ਮੇਰੇ ਸਰਟੀਫਿਕੇਟ, ਕਿਤਾਬਾਂ, ਖੋਜ ਪੱਤਰ, ਖੋਜ ਸਮੱਗਰੀ, ਕੱਪੜਾ-ਲੀੜਾ। ਅੱਖਾਂ ਅੱਗੇ ਹਨੇਰਾ ਛਾ ਗਿਆ।

ਕਈ ਦਿਨ ਖੋਜ ਸੰਗੀਆਂ ਦੇ ਬਦਲਵੇਂ ਮੈਸੇਜ ਆਉਂਦੇ ਰਹੇ।

ਯੂਨੀਵਰਸਿਟੀ ਅਧਿਕਾਰੀਆਂ ਵੱਲੋਂ 8 ਮਈ ਨੂੰ ਫ਼ੋਨ ਆਇਆ: ਦੋ ਦਿਨਾਂ ਦੇ ਵਿਚ-ਵਿਚ ਆ ਕੇ ਆਪਣੇ ਕਮਰੇ ਖਾਲੀ ਕਰੋ। ਇਸ ਤੋਂ ਬਾਅਦ ਤੁਹਾਡੇ ਸਾਮਾਨ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ। ਕਰਫ਼ਿਊ ਤੇ ਲੌਕਡਾਊਨ ਦੌਰਾਨ ਘਰਾਂ ਵਿੱਚ ਤਾੜੇ ਵਿਦਿਆਰਥੀਆਂ ਲਈ ਇਹ ਆਦੇਸ਼ ਐਟਮ ਬੰਬ ਫਟਣ ਵਰਗਾ ਸੀ। ਕਰੋਨਾ ਤੋਂ ਵੀ ਕਿਤੇ ਵੱਧ ਖ਼ਤਰਨਾਕ।

ਅਸੀਂ ਯੂਨੀਵਰਸਿਟੀ ਪਹੁੰਚਣ ਦੀਆਂ ਜੁਗਤਾਂ ਸੋਚਦੇ ਰਹੇ। ਮੇਰੀ ਮਾਂ, ਭੈਣ ਤੇ ਪਰਿਵਾਰ ਦੇ ਹੋਰ ਜੀਆਂ ਦੇ ਸਾਹ ਸੁੱਕਦੇ ਰਹੇ।

ਕਰਫਿਊ, ਪੁਲੀਸ, ਚੋਰ-ਉਚੱਕਿਆਂ ਦਾ ਖ਼ੌਫ਼ ਤੇ ਕਰੋਨਾ।

ਇੱਕਲੇ ਧੀ-ਪੁੱਤ। ਸੁੰਨੀਆਂ ਸੜਕਾਂ।

ਪਿੰਡ ਤੋਂ ਚਾਰ ਜ਼ਿਲ੍ਹੇ ਲੰਘ ਕੇ ਆਉਣੀ ਸੀ ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੈਨੂੰ ਸੰਤ ਸਿੰਘ ਸੇਖੋਂ ਦੀ ਕਹਾਣੀ ‘ਪੇਮੀ ਦੇ ਨਿਆਣੇ’ ਯਾਦ ਆਈ। ਕਰੋਨਾ ਤੇ ਪੁਲੀਸ ਇਸ ਕਹਾਣੀ ਦਾ ਪਾਤਰ ‘ਰਾਸ਼ਾ’ ਜਾਪਿਆ। ਮੈਂ ਤੇ ਗੁਰਪ੍ਰੀਤ ਮੈਨੂੰ ਰਾਸ਼ੇ ਤੋਂ ਬਚ ਕੇ ਲੰਘਣ ਦੀਆਂ ਵਿਧੀਆਂ ਸੋਚਦੇ ਪੇਮੀ ਦੇ ਨਿਆਣੇ ਅਨੁਭਵ ਹੋਣ ਲੱਗੇ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੇਰੇ ਲਈ ਮਾਂ ਪੇਮੀ ਬਣ ਗਈ ਸੀ।

ਅਸੀਂ ਤੜਕਸਾਰ ਉੱਠੇ।

ਮਈ 9 ਨੂੰ, ਮੇਰਾ ਛੋਟਾ ਭਰਾ ਗੁਰਪ੍ਰੀਤ ਤੇ ਮੈਂ ਸਵੇਰੇ 4 ਵਜੇ ਘਰੋਂ ਕਾਰ ਰਾਹੀਂ ਪਟਿਆਲਾ ਯੂਨੀਵਰਸਿਟੀ ਨੂੰ ਚੱਲ ਪਏ ਸਾਂ।

ਸੁੰਨੀਆਂ ਸੜਕਾਂ, ਪੁਲੀਸ ਨਾਕੇ, ਪੁੱਛ ਪੜਤਾਲ। ਅਤਿ-ਭੈਅ ਦੇ ਵਾਤਾਵਰਣ ਵਿੱਚ ਅਸੀਂ ਕਰੀਬ ਸਾਢੇ ਨੌਂ ਵਜੇ ਯੂਨੀਵਰਸਿਟੀ ਗੇਟ ਉੱਤੇ ਪਹੁੰਚ ਗਏ।

ਯੂਨੀਵਰਸਿਟੀ ਗੇਟ ਤੋਂ ਪ੍ਰਵਾਨਗੀ ਪਾਸ ਉਪਰੰਤ ਆਦੇਸ਼ ਮਿਲਿਆ ਕਿ ਤੁਸੀਂ ਸਿੱਧੇ ਆਪਣੇ ਕਮਰੇ ਵਿਚੋਂ ਸਾਮਾਨ ਲੈ ਕੇ ਵਾਪਸ ਆਪਣੇ ਘਰ ਹੀ ਜਾਣਾ ਹੈ, ਇੱਥੇ ਤੇ ਰਾਹ ਵਿੱਚ ਕਿਸੇ ਨੂੰ ਵੀ ਨਹੀਂ ਮਿਲਣਾ।

ਹੋਸਟਲ ਦੇ ਕਮਰੇ ਵਿੱਚ ਆਪਣਾ ਸਾਮਾਨ ਸਹੀ ਸਲਾਮਤ ਵੇਖ ਮੈਨੂੰ ਮਾਈ ਭਾਗੋ ਦੀ ਯਾਦ ਆਈ ਜਿਹੜੀ ਮੇਰੇ ਖੋਜ ਵਿਸ਼ੇ ਦਾ ਯਾਦਗਾਰੀ ਪੁਰਖਾ ਵੀ ਸੀ।

ਮੁਕਤਸਰ ਦੀ ਜੰਗ ਯਾਦ ਆਈ। ਗੁਰੂ ਜੀ ਯਾਦ ਆਏ।

ਚਾਲੀ ਮੁਕਤਿਆਂ ਦੇ ਜੂਝ ਜਾਣ ਦਾ ਦ੍ਰਿਸ਼ ਅੱਖਾਂ ਅੱਗੇ ਸਾਕਾਰ ਹੋ ਗਿਆ।

ਕਮਰਾ ਖੋਲ੍ਹ ਮੈਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਚੁੱਕ ਸਤਿਕਾਰ ਸਹਿਤ ਸੰਭਾਲ ਲਈਆਂ ਸਨ।

ਹੋਸਟਲ ਦੀ ਲਿਫ਼ਟ ਬੰਦ ਸੀ। ਸੱਤ ਮੰਜ਼ਿਲਾ ਹੋਸਟਲ ਮੈਨੂੰ ਵਲੀ ਕੰਧਾਰੀ ਦਾ ਕੁੰਡ ਜਾਪਿਆ ਸੀ।

ਮੈਨੂੰ ਤੇ ਮੇਰੇੇ ਭਰਾ ਗੁਰਪ੍ਰੀਤ ਨੂੰ ਹੀ ਪਤਾ ਹੈ ਕਿ ਅਸੀਂ ਛੇਵੀਂ ਮੰਜ਼ਿਲ ਤੋਂ ਆਪਣਾ ਸਾਰਾ ਸਾਮਾਨ ਕਿਵੇਂ ਬਿਨਾ ਕਿਸੇ ਓਪਰੀ ਚੀਜ਼ ਨੂੰ ਛੂਹੇ ਹੱਥੀਂ ਉਤਾਰਿਆ ਸੀ। ਸੱਤ ਸੌ ਦੇ ਕਰੀਬ ਪੁਸਤਕਾਂ ਤੇ ਹੋਰ ਸਾਮਾਨ ਅਸੀਂ ਆਪਣੀ ਕਾਰ ਵਿੱਚ ਤੂੜ ਲਿਆ। ਬੈਠਣ ਲਈ ਵੀ ਥਾਂ ਨਾ ਬਚੀ। ਜਿਵੇਂ ਕਿਵੇਂ ਆਪਣੇ ਆਪ ਨੂੰ ਕਾਰ ਵਿੱਚ ਸਾਮਾਨ ਦੇ ਨਾਲ ਹੀ ਤੂੜ ਲਿਆ।

ਪੁਲੀਸ ਤੇ ਕਰੋਨਾ ਦੀ ਦਹਿਸ਼ਤ ਤੇ ਪੁੱਛ-ਗਿੱਛ ਤੋਂ ਖ਼ੌਫ਼ਜ਼ਦਾ ਅਸੀਂ ਦੋਵੇਂ ਜਣੇ ਦੁਪਹਿਰ ਬਾਅਦ ਮਸਾਂ ਘਰ ਪਹੁੰਚੇ ਸਾਂ, ਬਿਨਾਂ ਕਿਸੇ ਬਰੇਕ ਦੇ ਬਿਨਾਂ ਕੁਝ ਖਾਧੇ-ਪੀਤੇ।

ਨਾਕਿਆਂ ਉੱਤੇ ਪੁਲੀਸ ਵਾਲੇ ਘੋਖਵੇਂ ਪ੍ਰਸ਼ਨ ਪੁੱਛਦੇ। ਅਸੀਂ ਕਿਤਾਬਾਂ ਵਿੱਚ ਫਸੇ ਅੰਦਰੋਂ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਿਸਰਚ ਸਕਾਲਰ ਆਖ ਆਖ ਸਫ਼ਾਈਆਂ ਦਿੰਦੇ ਰਹਿੰਦੇ।

ਮਨ ਨੂੰ ਥੋੜ੍ਹੀ ਤਸੱਲੀ ਹੋਈ ਸੀ ਕਿ ਮੈਂ ਖ਼ੁਦ ਕਰੋਨਾ ਤੋਂ ਬਚਾਂ ਭਾਵੇਂ ਨਾ ਬਚਾਂ ਪਰ ਮੈਂ ਮੁਸ਼ਕਿਲਾਂ ਨਾਲ ਇਕੱਠੀ ਕੀਤੀ ਆਪਣੀ ਖੋਜ ਸਮੱਗਰੀ ਨੂੰ ਘਰ ਤੱਕ ਸੁਰੱਖਿਅਤ ਲੈ ਆਈ ਸਾਂ।

ਕਈ ਦਿਨ ਇਸ ਖਿਲਾਰੇ ਨੂੰ ਸੰਭਾਲਦਿਆਂ ਗੁਜ਼ਰ ਗਏ।

ਮਨ ਟੁੱਟ ਚੁੱਕਾ ਸੀ। ਖੋਜ-ਪ੍ਰਬੰਧ ਵਿਸਰਨ ਲੱਗ ਪਿਆ ਸੀ। ਅਜੀਬ ਜਿਹੀ ਬੇਵਸੀ ਭਾਰੂ ਹੋਣ ਲੱਗ ਪਈ ਸੀ।

ਯੂਨੀਵਰਸਿਟੀ ਕਦੋਂ ਖੁੱਲ੍ਹੇਗੀ? ਕੋਈ ਉੱਤਰ ਨਹੀਂ ਸੀ ਮਿਲ ਰਿਹਾ।

ਬਸ ਘਰ ਦੇ ਜੀਆਂ ਤੇ ਪ੍ਰੋਫ਼ੈਸਰ ਸਾਹਿਬ ਦੇ ਫ਼ੋਨਾਂ ਨੇ ਮੇਰੀ ਸੱਤਿਆ ਬਚਾਈ ਰੱਖੀ ਹੋਈ ਸੀ।

ਮੈਂ ਬਹੁਤ ਮੁਸ਼ਕਿਲ ਨਾਲ ਆਪਣੇ ਆਪ ਨੂੰ ਫੇਰ ਤੋਂ ਖੜ੍ਹਾ ਕੀਤਾ। ਭੰਗ ਹੋਈ ਇਕਾਗਰਤਾ ਨੂੰ ਮੁੜ ਇਕੱਤਰ ਕੀਤਾ।

ਅਣਮੰਨੇ ਮਨ ਨਾਲ ਬੇਹੱਦ ਭੈਅ ਅਧੀਨ ਬਤੌਰ ਰਿਸਰਚ ਸਕਾਲਰ ਜੁਆਇੰਨ ਕਰਨ ਵੇਲੇ ਪਹਿਲੀ ਠਹਿਰ ਬਣੀ ਪੀ.ਜੀ. ਵਿੱਚ ਦੁਬਾਰਾ ਆ ਸਿਰ ਲੁਕੋਇਆ।

ਬਹੁਤ ਹੀ ਪਰਹੇਜ਼ ਪੂਰਨ ਯੁਗਤਾਂ ਨਾਲ ਖੋਜ ਕਾਰਜ ਦੁਬਾਰਾ ਆਰੰਭ ਕੀਤਾ।

ਕੰਪਿਊਟਰ ਬਾਰੇ ਹੋਰ ਗਿਆਨ ਗ੍ਰਹਿਣ ਕੀਤਾ। ਖ਼ੁਦ ਟਾਈਪ ਕਰਨੀ, ਸੈਟਿੰਗ ਕਰਨੀ ਤੇ ਸੇਵਿੰਗ ਕਰਨੀ ਸਿੱਖੀ। ਸੰਜਮ ਨਾਲ ਤੁਰਨਾ-ਫਿਰਨਾ, ਖਾਣਾ-ਪੀਣਾ ਸਿੱਖਿਆ। ਜੀਵਨ ਨਵੇਂ ਅਨੁਭਵਾਂ ਨਾਲ ਭਰਪੂਰ ਹੋਇਆ। ਬਾਵਜੂਦ ਘੱਟ ਸਾਧਨਾਂ ਅਤੇ ਭੈਅ ਦੇ ਮਾਹੌਲ ਅਧੀਨ ਆਖ਼ਰ ਮੈਂ ਆਪਣਾ ਖੋਜ-ਪ੍ਰਬੰਧ ਮੁਕੰਮਲ ਕਰ ਹੀ ਲਿਆ।

Leave a Reply

Your email address will not be published. Required fields are marked *