ਹੱਡ ਬੀਤੀ ਜੱਗ ਬੀਤੀ: ਫੇਰੀ ਸਾਹਿਤ ਸਭਾ ਦੀ… -ਅਲੀ ਰਾਜਪੁਰਾ

ਮੁੱਢੋਂ ਹੀ ਸਾਹਿਤ ਨਾਲ ਲਗਾਅ ਹੋਣ ਕਰਕੇ ਜਦੋਂ ਵੀ ਕੋਈ ਅਖ਼ਬਾਰ ਕਿਤਾਬ ਕਿਤੋਂ ਮਿਲ ਜਾਂਦੀ, ਮੈਨੂੰ ਓਨਾ ਚਿਰ ਸਬਰ ਨਾ ਆਉਂਦਾ ਜਦੋਂ ਤੀਕ ਉਹਨੂੰ ਪੜ੍ਹ ਨਾ ਲੈਂਦਾ। ਇਸ ਆਦਤ ਕਰਕੇ ਅਣਗਿਣਤ ਵਾਰ ਮੈਨੂੰ ਜ਼ਲੀਲ ਵੀ ਹੋਣਾ ਪਿਆ।

ਜਦੋਂ ਮੈਂ ਸੇਠ  ਕੋਲ਼ ਕੰਮ ਕਰਦਾ ਸਾਂ ਤਾਂ ਸਾਡੀ ਅਕਸਰ ਇਸ ਕਰਕੇ ਹੀ ਖਹਿ ਬਾਜ਼ੀ ਹੋ ਜਾਂਦੀ ਸੀ। ਸੇਠ ਆਪਣੀ ਥਾਂ ਸਹੀ ਸੀ ਤੇ ਮੈਂ ਆਪਣੀ ਆਦਤ ਤੋਂ ਮਜਬੂਰ, ਕਿਉਂਕਿ ਸੇਠ ਹਮੇਸ਼ਾ ਇਹੋ ਗੱਲ ’ਤੇ ਜ਼ੋਰ ਦਿੰਦਾ ਸੀ ਕਿ ਗ੍ਰਾਹਕ ਸਾਡਾ ਰੱਬ ਐ ਤੇ ਅਸੀਂ ਕਿਸੇ ਗਾਹਕ ਦਾ ਨਿਰਾਦਰ ਨਹੀਂ ਕਰਨਾ। ਪਰ ਫੇਰ ਵੀ ਮੈਂ ਗਲਤੀ ਕਰ ਖੜਦਾ ਜਿਹੜੀ ਕਿ ਸੇਠ ਲਈ ਜਰਨੀ ਔਖੀ ਹੁੰਦੀ ਅਤੇ ਉਹ ਮੇਰੀ ਗ਼ਲਤੀ ’ਤੇ ਮੱਚ ਜਾਂਦਾ, ‘ਓ ਤੈਨੂੰ ਕਿੰਨੀ ਵਾਰ ਕਿਹਾ ਤੂੰ ਪਹਿਲਾਂ ਗਾਹਕ ਨੂੰ ਤੋਰਿਆ ਕਰ, ਆ ਪੜ੍ਹਨ ਪੜ੍ਹਾਉਣ ਦਾ ਕੰਮ ਬਾਅਦ ‘ਚ ਨਹੀਂ ਹੁੰਦਾ ਤੇਰੇ ਤੋਂ। ਤੂੰ ਤਾਂ ਜਮ੍ਹਾਂ ਈ ਸਿੱਧਰਾ ਐ, ਜਿਸ ਨੂੰ ਇੱਕ ਵਾਰ ਕਹੀ ਗੱਲ ਸਮਝ ਨਹੀਂ ਆਉਂਦੀ। ਮੇਰੇ ਯਾਰ, ਜੇ ਪਸ਼ੂ ਨੂੰ ਵੀ ਇੱਕ ਵਾਰ ਝਿੜਕ ਦਿਓ, ਉਹ ਵੀ ਸਮਝ ਜਾਂਦਾ ਏ ਪਰ ਤੂੰ ਤਾਂ ਜਮ੍ਹਾਂ ਈ ਕਮਲਾ ਐਂ ਹੱਦ ਏ ਤੇਰੇ ਵਾਲ਼ੀ ਇਨ੍ਹਾਂ ਕਾਗਜ਼ਾਂ ਦੇ ਟੁਕੜਿਆਂ ਚੋਂ ਦੱਸ ਕੀ ਕੱਢੇਂਗਾ? ਮੈਂ ਤੈਨੂੰ ਆ ਨਿੱਕੀਆਂ ਨਿੱਕੀਆਂ ਗੱਲਾਂ ਹੀ ਸਮਝਾਉਂਦਾ ਰਹੂ… ਤੂੰ ਆਪਣਾ ਦਿਮਾਗ ਕਦੋਂ ਵਰਤੇਂਗਾ…!”  ਸੇਠ ਲਗਾਤਾਰ ਬੋਲਦਾ ਅਤੇ ਮੈਂ ਨੀਵੀਂ ਪਾ ਕੇ ਖੜ੍ਹ ਜਾਂਦਾ ਜਾਂ ਕੋਈ ਕੰਮ ਕਰਨ ਲੱਗਦਾ। ਸੇਠ ਇੱਕ ਜਦੋਂ  ਵਾਰ ਸ਼ੁਰੂ ਹੋ ਜਾਂਦਾ ਤਾਂ ਰੁਕਣ ਦਾ ਨਾਮ ਨਾ ਲੈਂਦਾ। ਸੇਠ ਬੋਲ ਕੇ ਭੜਾਸ ਕੱਢਦਾ ਅਤੇ ਮੈਂ ਦੱਬੀ ਆਵਾਜ਼ ’ਚ ਬੋਲ ਕੇ ਮਨ ਹੌਲਾ ਕਰ ਲੈਂਦਾ….ਅਨੇਕਾਂ ਵਾਰ ਮੈਂ ਸੋਚਦਾ ਕਿ ਮੇਰਾ ਭਵਿੱਖ ਕੀ ਹੈ?

ਮੈਂ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਕੁੱਤੇ ਖਾਣੀ ਕਰਵਾਉਂਦਾ ਰਹੂੰ….ਖੈਰ। ਇੱਕ ਵਾਰ ਮੈਂ ਸਾਹਿਤ ਸਭਾ ਦੀ ਮੀਟਿੰਗ ਵਿੱਚ ਜਾਣਾ ਸੀ, ਜਿਹੜੀ ਕਿ ਹਰ ਮਹੀਨੇ ਦੇ ਦੂਜੇ ਐਤਵਾਰ ਹੁੰਦੀ। ਸਵੇਰੇ ਤਾਂ ਮੇਰੇ ਨਾਲ ਆ ਕੁਝ ਹੋ ਕੇ ਹਟਿਆ ਸੀ, ਮੇਰਾ ਜਿਗਰਾ ਨਾ ਪਵੇ ਸੇਠ ਨੂੰ ਦੱਸਣ ਦਾ। ਮੈਂ ਵਿਉਂਤ ਘੜੀ ਕਿ ਮੇਰੀ ਦਾਦੀ ਢਿੱਲੀ ਐ, ਇਸ ਕਰਕੇ ਮੈਂ ਘਰ ਛੇਤੀ ਜਾਣਾ ਏ। ਸੇਠ ਨੇ ਬਹੁਤੇ ਸਵਾਲ ਜੁਆਬ ਨਾ ਕੀਤੇ ਅਤੇ ਮੈਨੂੰ ਘਰੇ ਤੋਰ ਦਿੱਤਾ। ਜਦੋਂ ਮੈਂ ਸਾਹਿਤ ਸਭਾ ’ਚ ਪਹੁੰਚਿਆ ਤਾਂ ਸਾਰੇ ਸਾਹਿਤਕਾਰ ਜੁੜ ਚੁੱਕੇ ਸੀ। ਸਭਾ ਦੇ ਚਿਹਰਿਆਂ ’ਤੇ ਲਾਲੀ ਠਾਠਾਂ ਮਾਰ ਰਹੀ ਸੀ। 

ਮੈਂ ਸਭ ਤੋਂ ਛੋਟੀ ਉਮਰ ਦਾ ਹੋਣ ਕਰਕੇ ਮਲੂਕੜਾ ਜਿਹਾ ਨਜ਼ਰ ਆਉਂਦਾ ਸਾਂ ਸਾਰੇ ਮੈਨੂੰ ਸਲਾਹਾਂ ਵੰਡਦੇ।  ਕੁਝ ਮੇਰੇ ਮਿਲਾਪੜੇਪਣ  ’ਤੇ ਹਾਂ ਜੀ ਹਾਂ ਜੀ ਕਰਨ ਕਰ ਕੇ ਖ਼ੁਸ਼ ਹੁੰਦੇ ਤੇ ਇਕ ਦੋ  ਨੂੰ ਮੈਂ ਰੜਕਣ ਵੀ ਲੱਗਿਆ ਸਾਂ, ਕਿਉਂਕਿ ਮੇਰੀਆਂ  ਲਿਖਤਾਂ “ਜਨ ਸਾਹਿਤ” ,”ਪੰਜਾਬੀ ਦੁਨੀਆ” ,”ਕੌਮਾਂਤਰੀ ਪਰਦੇਸੀ”, “ਦੇਸ਼ ਸੇਵਕ” , ” ਪੰਜਾਬੀ ਟ੍ਰਿਬਿਊਨ”, “ਜਗ ਬਾਣੀ ” ਵਰਗੇ ਵੱਡੇ ਅਖ਼ਬਾਰਾਂ ਦਾ ਸ਼ਿੰਗਾਰ ਬਣਨ ਲੱਗੀਆਂ ਸਨ। ਪਰ ਜਿਹੜੇ ਸਲਾਹਾਂ ਵੰਡਦੇ ਸਨ, ਉਹ ਉਮਰ ਅਤੇ ਅਹੁਦਿਆਂ ’ਚ ਵੱਡੇ ਸਨ ਪਰ ਛਪਣ ਛਪਾਈ ਦੇ ਮਾਮਲੇ ਵਿੱਚ ਮੇਰੇ ਤੋਂ ਪਿੱਛੇ ਰਹਿ ਚੁੱਕੇ ਸਨ। ਕਈਆਂ ਨੇ ਤਾਂ ਕੋਈ ਡਿਗਰੀ ਕੋਲ਼ ਨਾ ਹੁੰਦਿਆਂ ਵੀ ਆਪਣੇ ਨਾਂ ਮੂਹਰੇ ਡਾਕਟਰ ਤੱਕ ਜੋੜਿਆ ਹੋਇਆ ਸੀ। ਮੈਨੂੰ ਉਹ ਸਾਹਿਤਕਾਰ ਨਾਲੋਂ ਗੀਤਕਾਰ ਬਣਿਆ ਦੇਖਣਾ ਚਾਹੁੰਦੇ ਸਨ। ਖ਼ੈਰ ਮੈਨੂੰ ਬਹੁਤ ਸਮਾਂ ਬਾਅਦ ਸਮਝ ਲੱਗੀ ਕਿ ਉਹ ਕਿਉਂ ਮੈਨੂੰ ਸਿਰਫ ਗੀਤਕਾਰੀ ਬਣਿਆ ਦੇਖਣਾ ਚਾਹੁੰਦੇ ਹਨ? ਕਈ ਵਾਰ ਏਦਾਂ ਦੀਆਂ ਘਟਨਾਵਾਂ ਵੀ ਹੋਈਆਂ ਹੋਈਆਂ ਜਿਸ ’ਚ ਬਾਹਰੋਂ ਸੱਦੇ ਹੋਏ ਮਹਿਮਾਨ ਸਾਹਿਤਕਾਰਾਂ ਸਾਹਮਣੇ ਨੀਵਾਂ ਦਿਖਾਉਂਣ ਦੀ ਕੋਸ਼ਿਸ਼ ਵੀ ਕੀਤੀ।

ਜਿਉਂ ਜਿਉਂ ਸਭਾ ਦੇ ਲੇਖਕਾਂ ਚ ਮੇਰੇ ਪ੍ਰਤੀ ਈਰਖਾ ਵਧਦੀ ਗਈ ਤਿਉਂ ਤਿਉਂ ਅੱਗੇ ਵਧਣ ਦਾ ਜਨੂੰਨ ਮੇਰੇ ਵੀ ਸਿਰ ਚੜ੍ਹ ਬੋਲਣ ਲੱਗਿਆ। ਮੇਰੀ ਸਹਿਣਸ਼ੀਲਤਾ ਨੇ ਮੈਨੂੰ ਇੱਕ ਨਹੀਂ ਅਨੇਕਾਂ ਵਾਰ ਡਿੱਗਦੇ ਨੂੰ ਬੋਚਿਆ। ਇਸੇ ਤਰ੍ਹਾਂ ਮੈਂ ਉਸ ਦਿਨ ਸਭਾ ਦੀ ਮੀਟਿੰਗ ’ਚ ਆਪਣੀ ਰਚਨਾ ਪੇਸ਼ ਕੀਤੀ, ਤਾ। ਜਿਸ ’ਚ “ਟੋਲ਼ਣਾ ” ਸ਼ਬਦ ਆਉਂਦਾ ਸੀ, ਜਿਹੜਾ ਕਿ ਮੈਂ ਕਈ ਥਾਵਾਂ ਪੜ੍ਹਿਆ ਹੋਇਆ ਸੀ, ਤਾਂ ਕਰਕੇ ਵਰਤਿਆ ਪਰ ਸਭਾ ਦੇ ਕੁਝ ਲੇਖਕਾਂ ਨੂੰ ਉਹ ਸ਼ਬਦ ਬਹੁਤ ਰੜਕਿਆ, ਜਿਨ੍ਹਾਂ ਮੈਨੂੰ ਸੁਝਾਅ ਜਾਂ ਸਮਝਾਉਣ ਦੀ ਬਜਾਏ ਜ਼ਲੀਲ ਕੀਤਾ। ਮੈਂ ਸਭ ਤੋਂ ਛੋਟਾ ਹੋਣ ਕਰ ਕੇ ਕੁਝ ਨਾ ਬੋਲਿਆ ਬਸ ਸੁਣਦਾ ਰਿਹਾ ਸ਼ਾਮ ਨੂੰ ਸਭਾ ਦੀ ਮੀਟਿੰਗ ਤੋਂ ਸਿੱਧਾ ਘਰ ਆਇਆ, ਜਦੋਂ ਸਵੇਰੇ ਦੁਕਾਨ ’ਤੇ ਜਾਣ ਨੂੰ ਤਿਆਰ ਹੋ ਰਿਹਾ ਸੀ ਤਾਂ ਬਾਹਰੋਂ ਆਵਾਜ਼ ਸੁਣਾਈ ਪਈ, ਜਿਹੜੀ ਕਿ ਮੈਨੂੰ ਕੁਝ ਜਾਣੀ ਪਛਾਣੀ ਲੱਗੀ। ਬਾਪੂ ਨੇ ਅੰਦਰੋਂ ਆਵਾਜ਼ ਦਿੱਤੀ ਸੇਠਾ ਲੰਘਿਆ ਲੰਘਿਆ। ਮੈਂ ਡਰ ਗਿਆ ਅੱਜ ਫੁੱਟੂ ਭਾਂਡਾ, ਅੱਜ ਨੀ ਖੈਰ ਮੇਰਾ, ਬਾਪੂ ਵੀ ਘਰੇ ਈ ਆ, ਅਜੇ ਮੈਂ ਅੰਦਰੋ ਅੰਦਰੀ ਉਧੇੜ ਬੁਣ ਹੀ ਕਰ ਰਿਹਾ ਸੀ ਕਿ ਸੇਠ ਨੇ ਪੈਂਦਿਆਂ ਹੀ ਬਾਪੂ ਨੂੰ ਪੁੱਛ ਲਿਆ ਮਾਤਾ ਕਿਵੇਂ ਆ ਪਾਲ ਸਿਆਂ ? ਬਾਪੂ ਚੁੱਪ ।

ਬਾਪੂ ਨੇ ਹੈਰਾਨੀ ਨਾਲ ਕਿਹਾ ਕਿਉਂ ਮਾਤਾ ਨੂੰ ਕੀ ਹੋਇਆ ? ਸੇਠ ਫੇਰ ਬੋਲਿਆ ਅਲੀ ਦੱਸਦਾ ਸੀ ਢਿੱਲੀ ਆ ਤਾਹੀਂ ਕੱਲ੍ਹ ਦੁਕਾਨ ਤੋਂ ਵੀ ਛੇਤੀ ਆ ਗਿਆ ਸੀ। ਹੁਣ ਮੈਂ ਚੱਲਿਆ ਸੀ ਸ਼ਹਿਰ ਨੂੰ ਸੋਚਿਆ ਖ਼ਬਰਸਾਰ ਲੈ ਚੱਲਾਂ ਮਾਤਾ ਦੀ । ਬਹਿ ਜਾ ਸੇਠਾ। ਮੈਂ ਬੁਲਾਉਂਦਾ ਅਲੀ ਨੂੰ। ਬਾਪੂ ਗੜਕਵੀਂ ਆਵਾਜ਼ ‘ਚ ਬੋਲਿਆ ਉਹ ਮਰਾਸੀਆਂ ਏਧਰ ਆ ਮੈਂ ਕਮੀਜ਼ ਕਾਲਰ  ਠੀਕ ਕਰਦਾ ਬਾਹਰ ਨਿਕਲਿਆ ਆਉਂਦਿਆਂ ਹੀ ਬਾਪੂ ਨੇ ਪੁੱਛਿਆ, ” ਕਿਹੜੀ ਤੇਰੀ ਮਾਂ ਢਿੱਲੀ ਸੀ , ਤੂੰ ਸੇਠ ਨੂੰ ਕੀ  ਕਹਿ ਕੇ ਛੁੱਟੀ ਲੈ ਕੇ ਆਇਆ ਸੀ ।” ਮੈਂ ਕਦੇ ਸੇਠ ਨੂੰ ਦੇਖਦਾ ਕਦੇ ਬਾਪੂ ਨੂੰ ਜਦੋਂ ਬਾਪੂ ਨੇ ਦੋ ਤਿੰਨ ਵਾਰ ਪੁੱਛਿਆ ਤਾਂ ਮੈਂ ਡਰਦੇ ਨੇ ਕਿਹਾ “ਸਾਹਿਤ ਸਭਾ” ‘ਚ ਗਿਆ ਸੀ। ਇੰਨਾ ਕਹਿਣ ਦੀ ਦੇਰ ਸੀ ਬਾਪੂ ਨੇ  ਪੈਰ ‘ਚ ਪਾਈ ਜੁੱਤੀ ਲਾਹ ਕੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਨਾਲ਼ ਬੋਲੀ ਜਾ ਰਿਹਾ ਸੀ ਸਾਲਿਆ ਤੈਨੂੰ ਕਿੰਨੀ ਵਾਰ ਕਿਹਾ ਆ ਮਰਾਸੀਪੁਣਾ ਛੱਡਦੇ ਵੱਡਾ ਮੋਹਨ ਸਿੰਘ ਬਣਦਾ ਏ ਕੌਣ ਪੁੱਛਦਾ ਏ ਲੇਖਕਾਂ, ਗਾਉਣ ਵਾਲ਼ਿਆਂ ਨੂੰ ਭੁੱਖੇ ਮਰਦੇ ਆਂ ਭੁੱਖੇ ਕਦੇ ਇਨ੍ਹਾਂ ਦੇ ਪਿਛੋਕੜ ‘ਚ ਝਾਕ ਕੇ ਦੇਖੀਂ, ਨੰਦ ਲਾਲ ਨੂਰਪੁਰੀ ਭੰਗ ਦੇ ਭਾੜੇ ਗਿਆ ਕੀ ਮਿਲਿਆ ਇੰਨੀਆਂ ਕਿਤਾਬਾਂ ਲਿਖ ਕੇ ਪੁੱਤ ਮੇਰਿਆ ਇਹ ਘਰ ਫੂਕ ਕੇ ਤਮਾਸ਼ਾ ਦੇਖਣ ਵਾਲ਼ਾ ਕੰਮ ਐ। ਬੀਬੀ ਤੇ ਸੇਠ ਨੇ ਮੈਨੂੰ ਉਸ ਦਿਨ ਮਸਾ ਬਚਾਇਆ ਬਾਪੂ ਤੋਂ  ਨਹੀਂ ਤਾਂ ਪਤਾ ਨਹੀਂ ਬਾਪੂ  ਕਿੰਨੀ ਕੁ ਜੁੱਤੀ ਫੇਰਦਾ। ਮੈਂ ਪੈਰਾਂ ਭਾਰ ਬਾਪੂ ਕੋਲ ਬੈਠ ਗਿਆ ਤੇ ਬਾਪੂ ਬਿਨਾਂ ਰੁਕੇ ਲੈਕਚਰ ਦੇ ਰਿਹਾ ਸੀ ਮੇਰੇ ਹੰਝੂ ਧਰਤੀ ਤੇ ਡਿੱਗਦੇ ਤੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਸੀ” ਮਨਾਂ ਹੁਣ ਕੁਝ ਨਾ ਕੁਝ ਜ਼ਰੂਰ ਬਣ ਕੇ ਦਿਖਾਉਣਾ ਐ ।”

Leave a Reply

Your email address will not be published. Required fields are marked *