ਅੱਲ੍ਹੜ ਉਮਰ ਦੀ ਮਾਨਸਿਕਤਾ ਨੂੰ ਬਚਾਉਣ ਦੀ ਲੋੜ (-ਬਲਜਿੰਦਰ ਮਾਨ)


ਸ਼੍ਰੋਮਣੀ ਬਾਲ ਸਾਹਿਤ ਲੇਖਕ

ਮੀਡੀਆ ਵਿੱਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋ ਰਹੀਆਂ ਖ਼ਬਰਾਂ ਇਕ ਸੱਭਿਅਕ ਸਮਾਜ ਨੂੰ ਹਲੂਣਾ ਮਾਰਨ ਵਾਲੀਆਂ ਹਨ। ਕਿਤੇ ਦਸ ਸਾਲਾਂ ਦਾ ਬੱਚਾ ਤੇ ਕਿਤੇ ਚੌਦਾਂ ਪੰਦਰਾਂ ਸਾਲ ਦੇ ਕਿਸ਼ੋਰ ਕਿਸ਼ੋਰੀਆਂ ਬਲਾਤਕਾਰ ਵਰਗੀਆਂ ਘਿਨੌਣੀਆਂ ਵਾਰਦਾਤਾਂ ਵਿੱਚ ਸ਼ਾਮਲ ਅਤੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਭ ਘਟਨਾਵਾਂ ਦਾ ਮੁੱਖ ਕਾਰਨ ਸੋਸ਼ਲ ਮੀਡੀਏ ਦੀ ਆਜ਼ਾਦੀ ਹੈ। ਅਜਿਹੀਆਂ ਵਾਰਦਾਤਾਂ ਪਿਛਲੀ ਸਦੀ ਵਿੱਚ ਵੀ ਵਾਪਰਦੀਆਂ ਰਹੀਆਂ ਹਨ ਪਰ ਉਨ੍ਹਾਂ ਦੀ ਗਿਣਤੀ ਨਾ ਮਾਤਰ ਸੀ। ਦੋਸ਼ੀਆਂ ਦੀ ਉਮਰ ਵੀ ਜ਼ਿਆਦਾ ਹੁੰਦੀ ਸੀ। ਹੁਣ ਤਾਂ ਐਨਾ ਬੁਰਾ ਹਾਲ ਹੋ ਗਿਆ ਹੈ ਕਿ ਪੁੱਛੋ ਕੁਝ ਨਾ। ਇੱਕੋ ਇੱਕ ਬੱਚਾ ਹੋਣ ਕਰਕੇ ਉਨ੍ਹਾਂ ਨੂੰ ਖੁੱਲ੍ਹ ਅਤੇ ਸਹੂਲਤਾਂ ਵੀ ਲੋੜ ਤੋਂ ਵੱਧ ਮਿਲ ਗਈਆਂ ਹਨ। ਪਹਿਲੇ ਪਹਿਲ ਤਾਂ ਸਿਰਫ ਟੀ.ਵੀ ਅਤੇ ਫਿਲਮਾਂ ਦੇ ਨੰਗੇਜ਼ ਦਾ ਹੀ ਪ੍ਰਭਾਵ ਪੈਂਦਾ ਸੀ, ਜਿਸਦਾ ਪ੍ਰਭਾਵ ਐਨਾ ਵਿਸ਼ਾਲ ਨਹੀਂ ਸੀ ਪਰ ਹੁਣ ਤਾਂ ਚੌਵੀ ਘੰਟੇ ਅਸੀਂ ਸਭ ਕਾਸੇ ਦਾ ਭੰਡਾਰ ਜੇਬ ਵਿੱਚ ਚੁੱਕੀ ਫਿਰ ਰਹੇ ਹਾਂ। ਜਿੱਥੇ ਮਰਜ਼ੀ ਜਦੋਂ ਮਰਜ਼ੀ, ਜੋ ਜੀਅ ਕਰਦਾ ਦੇਖੋ ਅਤੇ ਸੁਣੋ। ਇਸ ਮਰਜ਼ੀ ਨੇ ਹੀ ਸਾਰੀ ਖੇਡ ਖ਼ਰਾਬ ਕਰ ਦਿੱਤੀ ਹੈ। ਮਾਪਿਆਂ ਦੇ ਰੋਟੀ ਰੋਜ਼ੀ ਦੇ ਰੁਝੇਵਿਆਂ ਨੇ ਬੱਚਿਆਂ ਦੀਆਂ ਸਭ ਵਾਗਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ। ਇਸੇ ਕਰਕੇ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ। 
    
ਬੱਚੇ ਉਮਰ ਤੋਂ ਪਹਿਲਾਂ ਜੁਆਨ ਹੋ ਰਹੇ ਹਨ
ਡਾ.ਧਰਮਪਾਲ ਸਾਹਿਲ ਨੇ ਆਪਣੇ ਨਾਵਲ ‘ਖਿੜਨ ਤੋਂ ਪਹਿਲਾਂ’ ਵਿੱਚ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਉਭਾਰਿਆ ਹੈ, ਜਿਸ ਵਿੱਚ ਮਾਤਾ ਅਤੇ ਪੁੱਤਰੀ ਇੱਕੋ ਬੰਦੇ ਨਾਲ ਅਸ਼ਲੀਲ ਚੈਟ ਕਰਦੀਆਂ ਹਨ। ਇਥੋਂ ਇਹ ਵੀ ਸਾਬਤ ਹੁੰਦਾ ਹੈ ਕਿ ਸਾਡੀ ਆਧੁਨਿਕਤਾ ਨੇ ਸਾਡੇ ਬੱਚਿਆਂ ਦਾ ਬਾਲਪਨ ਖੋਹ ਲਿਆ ਹੈ। ਮੀਡੀਏ ਦੇ ਪ੍ਰਭਾਵ ਕਾਰਨ ਬੱਚੇ ਅੱਲ੍ਹੜ ਅਤੇ ਜੁਆਨੀ ਦੀ ਅਵਸਥਾ ਵਿੱਚ ਨਿਸ਼ਚਤ ਸਮੇਂ ਤੋਂ ਪਹਿਲਾਂ ਪੁੱਜ ਰਹੇ ਹਨ। ਪੁਰਾਣੇ ਜ਼ਮਾਨੇ ਵਿੱਚ ਜਿਹੜਾ ਸਰੀਰਕ ਗਿਆਨ ਕਿਸ਼ੋਰਾਂ ਨੂੰ ਜੁਆਨ ਹੋਣ ਉਪਰੰਤ ਪਤਾ ਲਗਦਾ ਸੀ; ਅੱਜਕਲ੍ਹ ਦੇ ਬੱਚੇ ਉਸ ਅਵਸਥਾ ਵਿੱਚ ਪੁੱਜਣ ਤੋਂ ਪਹਿਲਾਂ ਹੀ ਸਿੱਖ ਜਾਂਦੇ ਹਨ। ਇਸੇ ਕਰਕੇ ਬਾਲ ਉਮਰ ਦੇ ਸਮਾਜਿਕ ਅਪਰਾਧਾਂ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸ਼ਹਿਰੀ ਜੀਵਨ ਵਿੱਚ ਇਨ੍ਹਾਂ ਅਪਰਾਧਾਂ ਦੀ ਗਿਣਤੀ ਪਿੰਡਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਪੇਂਡੂ ਜੀਵਨ ਵਿਚੋਂ ਸਾਦਗੀ ਨੂੰ ਮੁਬਾਈਲ ਅਤੇ ਨੈੱਟ ਨੇ ਖ਼ਤਮ ਕਰ ਦਿੱਤਾ ਹੈ। ਬਹੁਤੇ ਬੱਚੇ ਪੜ੍ਹਾਈ ਦੀ ਬਜਾਏ ਨੰਗੇਜ਼ ਵਾਲੀਆਂ ਸਾਈਟਸ ‘ਤੇ ਬਹੁਤਾ ਸਮਾਂ ਬਿਤਾ ਰਹੇ ਹਨ। ਇਸੇ ਕਰਕੇ ਉਨ੍ਹਾਂ ਦੀ ਮਾਨਸਿਕਤਾ ਵਿੱਚ ਬੁਰੀਆਂ ਭਾਵਨਾਵਾਂ ਦਾ ਵਿਕਾਸ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਇਨ੍ਹਾਂ ਭਾਵਨਾਵਾਂ ਦੇ ਗੁਲਾਮ ਹੋ ਕੇ ਉਹ ਕੁਕਰਮ ਕਰਨ ਲਈ ਤੁਰ ਪੈਂਦੇ ਹਨ। ਸੋਸ਼ਲ ਮੀਡੀਏ ਦੀ ਭੜਕਾਊ ਦਿੱਖ ਅਤੇ ਪ੍ਰਚਾਰ ਉਨ੍ਹਾਂ ਦੀ ਮੱਤ ਨੂੰ ਖਾ ਰਿਹਾ ਹੈ। ਚੰਗੇ ਮੰਦੇ ਦਾ ਫਰਕ ਕਰਨ ਦੀ ਸਮਰੱਥਾ ਨੂੰ ਖੋਰਾ ਲੱਗ ਰਿਹਾ ਹੈ।
    
ਅਧਿਆਪਕਾਂ ਤੇ ਮਾਪਿਆਂ ਸਿਰ ਵੱਡੀ ਜ਼ਿੰਮੇਵਾਰੀ
ਚੰਚਲ ਮਨ ‘ਤੇ ਦੇਖਣ ਸੁਣਨ ਦਾ ਬਹੁਤ ਪ੍ਰਭਾਵ ਪੈਂਦਾ ਹੈ। ਇਸ ਲਈ ਅੱਜ ਬਾਲ ਮਨ ਨੂੰ ਅੱਲ੍ਹੜ ਉਮਰ ਦੀਆਂ ਗਲਤੀਆਂ ਤੋਂ ਬਚਾਉਣ ਦੀ ਵਿਸ਼ੇਸ਼ ਲੋੜ ਬਣ ਗਈ ਹੈ। ਆਨ ਲਾਈਨ ਪੜ੍ਹਾਈ ਨੇ ਉਨ੍ਹਾਂ ਨੂੰ ਮੁਬਾਈਲ ਦੇਖਣ ਦੀ ਪੂਰਨ ਆਜ਼ਾਦੀ ਤਸਦੀਕ ਕਰ ਦਿੱਤੀ ਹੈ। ਵਿਚਾਰੇ ਅਨਪੜ੍ਹ ਮਾਂ ਬਾਪ ਕੁੱਝ ਨਹੀਂ ਜਾਣਦੇ ਕਿ ਉਨ੍ਹਾਂ ਦਾ ਲਾਡਲਾ ਜਾਂ ਲਾਡਲੀ ਕੀ ਪੜ੍ਹ ਰਹੇ ਹਨ ਅਤੇ ਫੋਨ ’ਤੇ ਕੀ ਦੇਖ ਰਹੇ ਹਨ। ਇਨ੍ਹਾਂ ਭੈੜੇ ਹਾਲਾਤ ਵਿੱਚ ਮਾਪਿਆਂ ਅਤੇ ਅਧਿਆਪਕਾਂ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਆ ਪਈ ਹੈ। ਉਨ੍ਹਾਂ ਨੇ ਬੱਚਿਆਂ ਨੂੰ ਇਨ੍ਹਾਂ ਸਾਧਨਾਂ ਦੀ ਸਹੀ ਵਰਤੋਂ ਲਈ ਵੀ ਤਿਆਰ ਕਰਨਾ ਹੈ। ਬੱਚੇ ਨੂੰ ਪੜ੍ਹਦੇ ਸਮੇਂ ਆਪਣੀ ਨਿਗ੍ਹਾ ਤੋਂ ਦੂਰ ਇਕੱਲੇ ਨਾ ਛੱਡੋ। ਜੇਕਰ ਉਹ ਇਕੱਲਾ ਬੈਠ ਕੇ ਫੋਨ ਲੁਕਾ ਕੇ ਪੜ੍ਹਦਾ ਹੈ ਤਾਂ ਖ਼ਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਪੜ੍ਹਾਈ ਨੂੰ ਛੁਪਾਉਣ ਦੀ ਲੋੜ ਨਹੀਂ ਹੁੰਦੀ। ਮਾੜੀ ਚੀਜ਼ ਹੀ ਲੁਕਾਈ ਜਾਂਦੀ ਹੈ। ਸਮਾਜਿਕ ਨਿਘਾਰ ਨੂੰ ਬਚਾਉਣ ਲਈ ਇਸ ਨੈੱਟ ਵਿਚੋਂ ਨਿਕਲਣ ਵਾਸਤੇ ਸਾਨੂੰ ਸਭ ਨੂੰ ਸੁਚੇਤ ਹੋਣਾ ਪਵੇਗਾ। ਮਾਪਿਆਂ ਅਤੇ ਅਧਿਆਪਕਾਂ ਨੂੰ ਖ਼ਾਸ ਖਿਆਲ ਕਰਨਾ ਪਵੇਗਾ। ਬੱਚੇ ਕੋਲ ਚੌਵੀ ਘੰਟੇ ਮੋਬਾਈਲ ਦਾ ਰਹਿਣਾ ਕਿਸੇ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਉਮਰ ਵਿੱਚ ਜਿਹੋ ਜਿਹੀ ਮਾਨਸਿਕਤਾ ਵਿਕਸਤ ਹੋ ਜਾਂਦੀ ਹੈ। ਉਹ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ। ਉਸਦੀ ਮਾਨਸਿਕਤਾ ਵਿਚ ਇਕ ਕਾਮ ਚੋਰ ਵਸ ਜਾਂਦਾ ਹੈ, ਜੋ ਕਿਸੇ ਥਾਂ ਵੀ ਆਪਣਾ ਵਿਕਰਾਲ ਰੂਪ ਧਾਰ ਕੇ ਉਸਦੇ ਅਕਸ ਨੂੰ ਕਲੰਕਿਤ ਕਰ ਸਕਦਾ ਹੈ। ਇਸ ਉਮਰ ਦਾ ਤਿਲਕਿਆ ਅੱਲ੍ਹੜ ਸਾਰੀ ਉਮਰ ਤਿਲਕਦਾ ਹੀ ਜਾਂਦਾ ਹੈ।ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ:

ਉਮਰ ਜੁਆਨੀ ਤਿਲ੍ਹਕਣ ਹੁੰਦੀ, ਹਰ ਇਕ ਨੂੰ ਤਿਲ੍ਹਕਾਵੇ।
ਇਸ ਉਮਰ ਦਾ ਤਿਲ੍ਹਕਿਆ ਬੰਦਾ, ਪੈਰੀਂ ਕਦੇ ਨਾ ਆਵੇ।

ਰੌਚਕ ਅਤੇ ਨਰੋਆ ਸਾਹਿਤ ਸਮੇਂ ਦੀ ਲੋੜ ਹੈ
ਸੋ ਅੱਜ ਲੋੜ ਹੈ ਕਲੰਕਤ ਹੋ ਰਹੀ ਮਾਨਸਿਕਤਾ ਨੂੰ ਬਚਾਉਣ ਦੀ। ਇਸ ਦਾ ਸਹੀ ਅਤੇ ਸੁਚੱਜਾ ਤਰੀਕਾ ਬੱਚਿਆਂ ਨੂੰ ਨਰੋਈ ਸੋਚ ਪ੍ਰਦਾਨ ਕਰਨਾ ਹੈ। ਨਰੋਈ ਸੋਚ ਪ੍ਰਦਾਨ ਕਰਨ ਲਈ ਉਨ੍ਹਾਂ ਹੱਥ ਨਿੱਗਰ ਸੁਨੇਹਾ ਦੇਣ ਵਾਲੀਆਂ ਰੌਚਕ ਪੁਸਤਕਾਂ ਦੇਣਾ ਸਾਡੀ ਜ਼ਿੰਮੇਵਾਰੀ ਹੈ। ਸਕੂਲ ਅਤੇ ਘਰ ਵਿੱਚ ਇਸ ਮੀਡੀਏ ਦੀ ਸਹੀ ਵਰਤੋਂ ਦੀ ਵਿਧੀ ਸਿਖਾਈ ਜਾਵੇ। ਮਨ ਮਰਜ਼ੀ ਕਰਨ ਵਾਲੇ ਕਿਸ਼ੋਰ ਜਾਂ ਕਿਸ਼ੋਰੀ ਨੂੰ ਕਦੀ ਮਿੱਠਾ ਫਲ ਨਹੀਂ ਮਿਲਿਆ। ਮਨ ਦੀ ਮਰਜ਼ੀ ਕਿਸੇ ਬੰਧਸ਼ ਜਾਂ ਤਜਰਬੇਕਾਰ ਦੀ ਅਗਵਾਈ ਹੇਠ ਹੋਵੇ ਤਾਂ ਨਤੀਜੇ ਬਿਹਤਰ ਆ ਸਕਦੇ ਹਨ। ਇਸ ਉਮਰੇ ਮਨ ਦਾ ਵਿਚਲਿਤ ਹੋਣਾ ਬੜਾ ਸੁਭਾਵਿਕ ਹੁੰਦਾ ਹੈ। ਚੰਗੀ ਸੰਗਤ ਅਤੇ ਨਰੋਏ ਸਾਹਿਤ ਨਾਲ ਮਾਨਸਿਕ ਅਵਸਥਾ ਨੂੰ ਨਿੱਗਰ ਬਣਾਇਆ ਜਾ ਸਕਦਾ ਹੈ। ਜੇਕਰ ਬੱਚਿਆਂ ਦੀ ਸੰਗਤ ਬਿਹਤਰ ਹੋਵੇ ਫਿਰ ਕੋਈ ਡਰ ਨਹੀਂ ਰਹਿੰਦਾ। ਸੋ ਨੈੱਟ ਦੇ ਡਰਾਉਣੇ ਅਤੇ ਅਸੱਭਿਅਕ ਪ੍ਰਭਾਵ ਤੋਂ ਬਚਣ ਲਈ ਸ਼ਲੀਨਤਾ ਵਾਲੇ ਫਿਲਮਾਂਕਣ ਅਤੇ ਗੀਤ ਸੰਗੀਤ ਦੀ ਚੋਣ ਕਰਨੀ ਪਵੇਗੀ। ਇਸ ਸੰਸਾਰ ਵਿਚ ਸਭ ਕੁੱਝ ਮਾੜਾ ਹੀ ਨਹੀਂ ਹੈ। ਚੰਗੇ ਅਤੇ ਨਰੋਏ ਵਿਚਾਰ, ਗੀਤ ਸੰਗੀਤ ਅਤੇ ਫਿਲਮਾਂ ਵੀ ਉਪਲੱਭਧ ਹਨ। ਲੋੜ ਹੈ ਉਨ੍ਹਾਂ ਦੀ ਭਾਲ ਅਤੇ ਚੋਣ ਕਰਨ ਦੀ। ਇਸ ਲਈ ਅੱਲ੍ਹੜ ਉਮਰ ਦੀ ਤਿਲਕਣਬਾਜ਼ੀ ਤੋਂ ਬਚਣ ਲਈ ਸਾਡੀ ਸੋਚ ਹਮੇਸ਼ਾਂ ਰਚਨਾਤਮਿਕ ਕਾਰਜਾਂ ਵਿੱਚ ਜੁਟੀ ਰਹਿਣੀ ਚਾਹੀਦੀ ਹੈ।

Leave a Reply

Your email address will not be published. Required fields are marked *