ਪਰਗਟ ਸਿੰਘ, ਖੇਡ ਮੰਤਰੀ ਦੀ ਕੁਰਸੀ ਕੰਡਿਆਂ ਦੀ ਸੇਜ ਨਾਲੋਂ ਘੱਟ ਨਹੀਂ (-ਜਗਰੂਪ ਸਿੰਘ ਜਰਖੜ)

ਪੰਜਾਬ ਵਿਚ ਕਾਂਗਰਸ ਸਰਕਾਰ ਦੇ ਤਿੰਨ ਮਹੀਨੇ ਬਾਕੀ ਹਨ, ਚਾਰੇ ਪਾਸਿਆਂ ਤੋਂ ਸਿਆਸੀ ਕਲਾਬਾਜ਼ੀਆਂ ਅਤੇ ਧੋਬੀ ਪਟਕੇ ਵੱਜ ਰਹੇ ਹਨ, ਕੋਈ ਮੰਤਰੀ ਬਣ ਰਿਹਾ ਹੈ, ਕਿਸੇ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਕੋਈ ਅਸਤੀਫਾ ਦੇ ਰਿਹਾ, ਕੋਈ ਨਵੇਂ ਅਹੁਦੇ ਦੀ ਭਾਲ ਵਿਚ ਉਡਾਰੀ ਮਾਰ ਰਿਹਾ ਹੈ। ਚਾਰੇ ਪਾਸੇ ਖਲਬਲੀ ਮਚੀ ਪਈ ਹੈ। ਪੰਜਾਬ ਦੀ ਸਿਆਸਤ ਵਿਚੋਂ ਕੈਪਟਨ ਦੇ ਦਿਨ ਪੁੱਗ ਗਏ ਹਨ, ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਕੈਪਟਨ ਬਣ ਗਏ ਹਨ, ਸਿੱਧੂ ਦੀ ਮਿਜ਼ਾਈਲ ਦਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਕਦੋਂ ਅਤੇ ਕਿਵੇਂ ਕਿਧਰ ਨੂੰ ਚੱਲ ਜਾਵੇ, ਪੰਜਾਬ ਦੇ ਆਵਾਮ ਦੀਆਂ ਨਜ਼ਰਾਂ ਸਿਰਫ਼ ਸਿਆਸੀ ਆਗੂਆਂ ਦੀ ਮੌਜੂਦਾ ਕਾਰਗੁਜ਼ਾਰੀ ’ਤੇ ਲੱਗੀਆਂ ਹੋਈਆਂ ਹਨ, ਲੋਕ ਸਿਆਸਤ ਦੇ ਤੇਲ ਅਤੇ ਤੇਲ ਦੀ ਧਾਰ ਨੂੰ ਵੇਖ ਰਹੇ ਹਨ। ਫਿਰ ਹੀ ਉਨ੍ਹਾਂ ਨੇ ਇਹ ਫ਼ੈਸਲਾ ਲੈਣਾ ਹੈ ਕਿ 2022 ਵਿਚ ਅਗਲੀ ਸਰਕਾਰ ਕਿਸ ਦੀ ਬਣਾਉਣੀ ਹੈ? ਪੰਜਾਬ ਦੀ ਸਿਆਸਤ ਦੇ ਆਉਣ ਵਾਲੇ ਤਿੰਨ ਮਹੀਨੇ ਬੜੇ ਨਾਜ਼ੁਕ ਹਨ, ਜਿਹੜਾ ਵੀ ਆਪਣੀ ਉਸਾਰੂ ਕਾਰਗੁਜ਼ਾਰੀ ਦਾ ਪ੍ਰਭਾਵ ਲੋਕਾਂ ਵਿਚ ਛੱਡ ਗਿਆ ਓਸਦੀ ਹੀ 2022 ’ਚ ਬੱਲੇ-ਬੱਲੇ ਹੋਣੀ ਹੈ।

ਹਾਕੀ ਓਲੰਪੀਅਨ ਸਰਦਾਰ ਪਰਗਟ ਸਿੰਘ ਪੰਜਾਬ ਦੇ ਨਵੇਂ ਖੇਡ ਮੰਤਰੀ ਅਤੇ ਸਿੱਖਿਆ ਮੰਤਰੀ ਬਣੇ ਹਨ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਓਲੰਪੀਅਨ ਪੱਧਰ ਦੇ ਖਿਡਾਰੀ ਨੂੰ ਪੰਜਾਬ ਦਾ ਖੇਡ ਅਤੇ ਸਿੱਖਿਆ ਮੰਤਰੀ ਬਣਾਇਆ ਹੈ। ਹੁਣ ਤਕ ਪੰਜਾਬ ਦੀ ਸਿਆਸਤ ਵਿਚ ਉਹ ਖੇਡ ਮੰਤਰੀ, ਸਿੱਖਿਆ ਮੰਤਰੀ ਬਣੇ ਹਨ ਜਿਨ੍ਹਾਂ ਨੂੰ ਨਾ ਹੀ ਕੋਈ ਖੇਡਾਂ ਬਾਰੇ ਗਿਆਨ ਸੀ, ਨਾ ਹੀ ਪੜ੍ਹਾਈ ਦਾ ਇੱਲ ਤੇ ਕੁੱਕੜ ਆਉਂਦਾ ਸੀ। ਇਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੀ ਸਿਆਸਤ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਬਣੇ ਖੇਡ ਮੰਤਰੀ ਭਾਵੇਂ ਸੁਖਬੀਰ ਸਿੰਘ ਬਾਦਲ ਬਣੇ ਹੋਣ ਜਾਂ ਫਿਰ ਹਰਮਿੰਦਰ ਜੱਸੀ ਹੋਣ, ਗੁਲਜ਼ਾਰ ਸਿੰਘ ਰਣੀਕੇ ਹੋਣ ਜਾਂ ਪਵਨ ਟੀਨੂੰ ਹੋਣ, ਉਹ ਕਿਹੜੀ ਯੂਨੀਵਰਸਿਟੀ ਵਲੋਂ ਖੇਡੇ ਹਨ? ਬਸ ਖੇਡ ਮੰਤਰੀ ਬਣਨਾ ਉਨ੍ਹਾਂ ਦੀ ਇਕ ਸਿਆਸੀ ਖਾਨਾਪੂਰਤੀ ਹੀ ਸੀ। ਰਾਣਾ ਗੁਰਮੀਤ ਸੋਢੀ ਇਕ ਚੰਗੇ ਖਿਡਾਰੀ ਹੋ ਕੇ ਖੇਡ ਮੰਤਰੀ ਹੁੰਦੇ ਵੀ ਖਿਡਾਰੀਆਂ ਦੀਆਂ ਆਸਾਂ ’ਤੇ ਖ਼ਰਾ ਨਹੀਂ ਉਤਰ ਸਕੇ।

ਹੁਣ ਵਾਰੀ ਆ ਗਈ ਹੈ ਓਲੰਪੀਅਨ ਪਰਗਟ ਸਿੰਘ ਦੇ ਖੇਡ ਅਤੇ ਸਿੱਖਿਆ ਮੰਤਰੀ ਬਣਨ ਦੀ ਪਰ ਪਰਗਟ ਸਿੰਘ ਲਈ ਇਹ ਖੇਡ ਮੰਤਰੀ ਦਾ ਤਾਜ ਕਿਸੇ ਕੰਡਿਆਂ ਦੀ ਸੇਜ ਨਾਲੋਂ ਘੱਟ ਨਹੀਂ, ਕਿਉਂਕਿ ਅਹੁਦੇ ਦੇ ਨਾਲ-ਨਾਲ ਇਕ ਵੱਡੀ ਜ਼ਿੰਮੇਵਾਰੀ ਵੀ ਹੈ ਪਰ ਗੱਲ ਇਹ ਵੀ ਹੈ ਕਿ ਇਕੱਲੀਆਂ ਖੇਡਾਂ ਦਾ ਹੀ ਨਹੀਂ ਪੂਰੇ ਪੰਜਾਬ ਦਾ ਹੀ ਸਿਸਟਮ ਇੰਨਾ ਵਿਗੜ ਗਿਆ ਹੈ ਕਿ ਇਸ ਨੂੰ ਠੀਕ ਕਰਨਾ ‘ਕੋਈ ਖਾਲਾ ਜੀ ਦਾ ਵਾੜਾ’ ਨਹੀਂ ਹੈ, ਅੱਜ ਦੀ ਰਾਜਨੀਤੀ ਚਾਪਲੂਸਾਂ ਦੀ ਰਾਜਨੀਤੀ ਬਣ ਕੇ ਰਹਿ ਗਈ ਹੈ। ਸਿਆਣੇ ਬੰਦੇ, ਪੜ੍ਹੇ-ਲਿਖੇ ਲੋਕ ਸਿਆਸਤ ਦੇ ਭ੍ਰਿਸ਼ਟ ਸਿਸਟਮ ਤੋਂ ਦੁਖੀ ਹੋ ਕੇ ਦੂਰ ਚਲੇ ਗਏ ਹਨ, ਇਸ ਵਕਤ ਬਹੁਤੇ ਖਿਡਾਰੀਆਂ ਦੀ ਹਾਲਤ ਭਿਖਾਰੀਆਂ ਵਰਗੀ ਹੈ। ਚੰਗੇ ਤੋਂ ਚੰਗਾ ਖਿਡਾਰੀ ਵੀ ਨੌਕਰੀਆਂ ਲਈ ਦਰ-ਦਰ ਭਟਕਦਾ ਫਿਰਦਾ ਹੈ। ਅੱਜ ਵੱਡੀ ਲੋੜ ਹੈ ਵੱਖ-ਵੱਖ ਖੇਡ ਐਸੋਸੀਏਸ਼ਨਾਂ ਵਿਚ ਵੱਡੇ ਸੁਧਾਰਾਂ ਦੀ, ਬਹੁਤੀਆਂ ਖੇਡਾਂ ਦੀਆਂ ਜ਼ਿਲਾ ਪੱਧਰ ਅਤੇ ਰਾਜ ਪੱਧਰ ਦੀਆਂ ਚੈਂਪੀਅਨਸ਼ਿਪ ਨਹੀਂ ਹੋ ਰਹੀਆਂ ਹਨ। ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਖੇਡ ਸੈੱਲ ਖ਼ਤਮ ਹੋ ਗਏ ਹਨ, ਵੱਖ-ਵੱਖ ਵਿਭਾਗਾਂ ਦੀਆਂ ਵੱਖ-ਵੱਖ ਖੇਡਾਂ ਨਾਲ ਸਬੰਧਤ ਟੀਮਾਂ ਖਤਮ ਹੋ ਗਈਆਂ ਹਨ। ਖੇਡ ਕੋਲ ਲੋੜੀਂਦੇ ਕੋਚ ਨਹੀਂ ਹਨ। ਸਕੂਲਾਂ-ਕਾਲਜਾਂ ਦੇ ਖੇਡ ਵਿੰਗਾਂ ਦੀ ਠੋਸ ਪ੍ਰਕਿਰਿਆ ਹੋਣੀ ਚਾਹੀਦੀ ਹੈ।

ਸਭ ਤੋਂ ਅਹਿਮ ਵਿਚਾਰ ਇਹ ਹੈ ਕਿ ਪੰਜਾਬ ਨੂੰ ਇਕ ਸਾਰਥਕ, ਠੋਸ, ਉਸਾਰੂ ਅਤੇ ਖਿਡਾਰੀਆਂ ਦੇ ਹਿੱਤ ਵਾਲੀ ਖੇਡ ਨੀਤੀ ਚਾਹੀਦੀ ਹੈ ਜੋ ਪਿਛਲੇ 70 ਸਾਲਾਂ ਵਿਚ ਨਹੀਂ ਬਣੀ ਹੈ, ਇਸੇ ਕਰਕੇ ਪੰਜਾਬ ਵਿਚ ਖੇਡਾਂ ਦੇ ਖੇਤਰ ਵਿਚ ਵੱਡਾ ਨਿਘਾਰ ਆਇਆ ਹੈ। ਜੇਕਰ ਪਰਗਟ ਸਿੰਘ ਵਿਚ ਦਮ ਹੈ, ਖਿਡਾਰੀਆਂ ਲਈ ਠੋਸ ਖੇਡ ਨੀਤੀ ਬਣਾਵੇ। ਜੇ ਖੇਡ ਨੀਤੀ ਬਣਾਉਣ ਦਾ ਦਮ ਹੈ ਅਮਰੀਕਾ ਅਤੇ ਚੀਨ ਦੀ ਖੇਡ ਨੀਤੀ ਦੀ ਨਕਲ ਕਰੇ, ਜੇ ਨਹੀਂ ਤਾਂ ਘੱਟੋ-ਘੱਟ ਹਰਿਆਣਾ ਦੀ ਖੇਡ ਨੀਤੀ ਦੀ ਨਕਲ ਕਰਕੇ ਦੇਖ ਲਵੇ, ਜੇ ਉਹ ਵੀ ਨਹੀਂ ਕਰ ਸਕਦਾ ਤਾਂ ਘੱਟੋ-ਘੱਟ ਪੰਜਾਬ ਦੀ ਇਕ ਵੱਖਰੀ ਖੇਡ ਨੀਤੀ ਬਣਾਵੇ ਜੋ ਪੰਜਾਬ ਦੇ ਖਿਡਾਰੀਆਂ ਦਾ ਹਿੱਤ ਪੂਰਦੀ ਹੋਵੇ ਤਾਂ ਹੀ ਪੰਜਾਬ ਵਿਚ ਖੇਡਾਂ ਦਾ ਭਲਾ ਹੋ ਸਕਦਾ, ਨਹੀਂ ਤਾਂ ਜਿਸ ਤਰ੍ਹਾਂ ਦੇ ਪਹਿਲਾਂ ਖੇਡ ਮੰਤਰੀ ਆਏ, ਗੱਲਾਂ-ਬਾਤਾਂ ਅਤੇ ਬਿਆਨਬਾਜ਼ੀ ਨਾਲ ਹੀ ਖਿਡਾਰੀਆਂ ਦਾ ਢਿੱਡ ਭਰਦੇ ਰਹੇ, ਉਸੇ ਤਰ੍ਹਾਂ ਦਾ ਹੀ ਪਰਗਟ ਸਿੰਘ ਦਾ ਕਾਰਜਕਾਲ ਹੋਵੇਗਾ।

ਹੁਣ ਦੇਖਣਾ ਤਾਂ ਇਹ ਆਂ ਕਿ ਪਰਗਟ ਸਿੰਘ ਪੰਜਾਬ ਦੀ ਸਿਆਸਤ ਵਿਚ ਖੇਡ ਮੰਤਰੀ ਬਣਨ ਵਾਲਾ ਮੈਚ ਆਖਰੀ ਪਲਾਂ ਵਿਚ ਜਿੱਤਦਾ ਜਾਂ ਹਾਰਦਾ ਹੈ? ਸਮਾਂ ਅਜੇ ਕੁਝ ਬਾਕੀ ਹੈ। ਪੰਜਾਬ ਦੇ ਖਿਡਾਰੀਓ ਵੀਰੋ-ਭੈਣੋ, ਬਾਕੀ ਤੁਹਾਡਾ ਰੱਬ ਰਾਖਾ!

Leave a Reply

Your email address will not be published. Required fields are marked *