ਭੰਗੀਆਂ ਦੀ ਤੋਪ (-ਸੁਭਾਸ਼ ਪਰਿਹਾਰ)

ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ’ਤੇ ਉਸ ਦੀ ਮਾਸੀ ਦੇ ਪੁੱਤ ਨੇ ਜ਼ਮਜ਼ਮਾ ਨਾਂ ਦੀ ਤੋਪ ਬਣਵਾਈ। ਆਪਣੇ ਵਤਨ ਪਰਤਦੇ ਅਬਦਾਲੀ ਨੇ ਇਹ ਤੋਪ ਲਾਹੌਰ ਦੇ ਗਵਰਨਰ ਨੂੰ ਸੌਂਪ ਦਿੱਤੀ। ਇਹ ਲੇਖ ਇਸ ਤੋਪ ਦੇ ਭੰਗੀਆਂ ਦੀ ਤੋਪ ਵਜੋਂ ਜਾਣੇ ਜਾਣ ਦੀ ਕਹਾਣੀ ਦੱਸਦਾ ਹੈ।

ਦੱਖਣੀ ਏਸ਼ੀਆ ਵਿਚ ਬਾਰੂਦ ਦੀ ਵਰਤੋਂ ਤੇਰ੍ਹਵੀਂ ਸਦੀ ਦੇ ਸ਼ੁਰੂ ਵਿਚ ਚੀਨ ਤੋਂ ਮੰਗੋਲਾਂ ਰਾਹੀਂ ਆਈ ਮੰਨੀ ਜਾਂਦੀ ਹੈ। ਤੋਪਾਂ ਵਿਚ ਇਸ ਦੀ ਵਰਤੋਂ ਲਗਭਗ 300 ਵਰ੍ਹੇ ਮਗਰੋਂ ਹੋਣ ਲੱਗੀ। ਬਾਬਰ ਵੱਲੋਂ 1526 ਦੌਰਾਨ ਪਾਣੀਪਤ ਦੀ ਲੜਾਈ ਵਿਚ ਇਸ ਦੇ ਇਸਤੇਮਾਲ ਦਾ ਸਪਸ਼ਟ ਜ਼ਿਕਰ ਮਿਲਦਾ ਹੈ। ਸਾਰੇ ਮੁਗ਼ਲ ਕਾਲ ਦੌਰਾਨ ਦੁਸ਼ਮਣਾਂ ਦੇ ਕਿਲ੍ਹੇ ਢਾਹੁਣ ਲਈ ਤੋਪਾਂ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਰਹੀ। ਸ਼ੁਰੂ ਵਿਚ ਤਾਂ ਇਨ੍ਹਾਂ ਦੀ ਵਰਤੋਂ ਪੱਥਰ ਜਾਂ ਧਾਤ ਦੇ ਭਾਰੀ ਗੋਲ਼ੇ ਸੁੱਟਣ ਲਈ ਕੀਤੀ ਜਾਂਦੀ ਸੀ। ਧਾਤ ਦੇ ਗੋਲ਼ਿਆਂ ਦੀ ਖ਼ਾਸੀਅਤ ਇਹ ਸੀ ਕਿ ਇਹ ਹਲ਼ਕੇ ਹੋਣ ਕਰਕੇ ਦੂਰ ਸੁੱਟੇ ਜਾ ਸਕਦੇ ਸਨ ਅਤੇ ਇਨ੍ਹਾਂ ਨੂੰ ਖੋਖਲੇ ਬਣਾ ਕੇ ਅੰਦਰ ਬਾਰੂਦ ਭਰਿਆ ਜਾ ਸਕਦਾ ਸੀ। ਤੋਪ ਆਮ ਤੌਰ ’ਤੇ ਲੋਹੇ ਜਾਂ ਕਾਂਸੀ ਨੂੰ ਢਾਲ਼ ਕੇ ਬਣਾਈ ਹੁੰਦੀ ਸੀ। ਠੋਸ ਧਾਤੂ ਦੀ ਬਣੀ ਹੋਣ ਕਰਕੇ ਇਹ ਵਜ਼ਨੀ ਹੁੰਦੀ ਸੀ ਅਤੇ ਇਸ ਨੂੰ ਇੱਧਰ-ਉੱਧਰ ਲਿਜਾਣ ਲਈ ਲੱਕੜ ਦੇ ਪਹੀਆਂ ਉੱਪਰ ਜੜ ਦਿੱਤਾ ਜਾਂਦਾ ਸੀ। ਬਹੁਤੀਆਂ ਵੱਡੀਆਂ ਤੋਪਾਂ ਹਮਲੇ ਵਾਲੀ ਥਾਂ ਤੋਂ ਥੋੜ੍ਹਾ ਪਹਿਲੇ ਹੀ ਢਾਲੀਆਂ ਜਾਂਦੀਆਂ ਸਨ। 

ਭਾਰਤੀ ਇਤਿਹਾਸ ਵਿਚ ਅਨੇਕਾਂ ਤੋਪਾਂ ਪ੍ਰਸਿੱਧ ਹੋਈਆਂ ਹਨ, ਜਿਵੇਂ ਜੈ-ਵਾਣ, ਜਹਾਂਕੁਸ਼ਾ ਅਤੇ ਕਈ ਹੋਰ। ਪਰ ਪੰਜਾਬ ਦੀ ਇੱਕੋ ਅਜਿਹੀ ਤੋਪ ਹੈ ਜਿਸ ਦਾ ਆਪਣਾ ਲੰਮਾ ਇਤਿਹਾਸ ਹੈ, ਅਤੇ ਇਹ ਹੈ – ਭੰਗੀਆਂ ਦੀ ਤੋਪ ਜਿਸ ਦਾ ਅਸਲ ਨਾਂ ਜ਼ਮਜ਼ਮਾ ਸੀ।

ਤਿੰਨ ਕੁ ਦਹਾਕੇ ਪਹਿਲਾਂ ਮੈਂ ਪਾਕਿਸਤਾਨ ਗਿਆ ਤਾਂ ਇਸ ਤੋਪ ਨੂੰ ਨੇੜਿਓਂ ਵੇਖਣ ਦਾ ਮੌਕਾ ਵੀ ਮਿਲ ਗਿਆ। ਉੱਥੇ ਇਹ ਲਾਹੌਰ ਮਿਊਜ਼ੀਅਮ ਦੇ ਸਾਹਮਣੇ, ਮਾਲ ਰੋਡ ’ਤੇ ਪ੍ਰਦਰਸ਼ਿਤ ਕੀਤੀ ਹੋਈ ਹੈ। ਪੱਛਮੀ ਦੁਨੀਆ ਵਿਚ ਇਸ ਤੋਪ ਦੀ ਬਹੁਤੀ ਮਸ਼ਹੂਰੀ ਲਿਖਾਰੀ ਰੁਡਯਾਰਡ ਕਿਪਲਿੰਗ ਦੇ ਨਾਵਲ ਕਿਮ ਵਿਚ ਜ਼ਿਕਰ ਆਉਣ ਕਰਕੇ ਹੋਈ ਹੈ ਜੋ ਕਿ ਪਹਿਲੀ ਵਾਰ ਅਕਤੂਬਰ 1901 ਵਿਚ ਛਪਿਆ ਸੀ। ਸਲਮਾਨ ਰਸ਼ਦੀ ਦੀ 1994 ਵਿਚ ਛਪੀ ਕਹਾਣੀ ਦਾ ‘ਪ੍ਰੋਫੈਟ’ਸ ਹੇਅਰ’ ਵਿਚ ਇਸ ਦਾ ਮਾਮੂਲੀ ਜਿਹਾ ਜ਼ਿਕਰ ਆਉਂਦਾ ਹੈ।

ਚੌਦਾਂ ਫੁੱਟ ਸਾਢੇ ਚਾਰ ਇੰਚ ਲੰਮੀ ਅਤੇ ਸਾਢੇ ਨੌਂ ਇੰਚ ਚੌੜੇ ਮੂੰਹ ਵਾਲੀ ਇਸ ਤੋਪ ’ਤੇ ਫ਼ਾਰਸੀ ਭਾਸ਼ਾ ਵਿਚ ਦੋ ਆਲੇਖ ਉੱਕਰੇ ਹੋਏ ਹਨ ਜੋ ਇਸ ਦੇ ਢਾਲਣ ਦੇ ਸਾਲ, ਬਣਾਉਣ ਅਤੇ ਬਣਵਾਉਣ ਵਾਲਿਆਂ ਦੇ ਨਾਵਾਂ ਬਾਰੇ ਕੋਈ ਸ਼ੱਕ ਨਹੀਂ ਰਹਿਣ ਦਿੰਦੇ। ਮੁੱਖ ਆਲੇਖ 22 ਸਤਰਾਂ ਵਿਚ ਹੈ ਜਿਸ ਦੀ ਫ਼ਾਰਸੀ ਇਬਾਰਤ ਅਤੇ ਇਸ ਦਾ ਅੰਗਰੇਜ਼ੀ ਅਨੁਵਾਦ ਸੱਯਦ ਮੁਹੰਮਦ ਲਤੀਫ਼ ਨੇ ਲਾਹੌਰ ਬਾਰੇ 1892 ਵਿਚ ਛਪੀ ਆਪਣੀ ਕਿਤਾਬ ਵਿਚ ਦਰਜ ਕਰ ਦਿੱਤਾ ਸੀ (ਭਾਵੇਂ ਇਸ ਵਿਚ ਮਾਮੂਲੀ ਗ਼ਲਤੀ ਵੀ ਸੀ)। ਇਸ ਦੀ ਇਬਾਰਤ ਦਾ ਮੋਟਾ ਮੋਟਾ ਪੰਜਾਬੀ ਅਨੁਵਾਦ ਇੰਜ ਹੈ:  ਫ਼ਰੀਦੂਨ ਸ਼ਾਹ ਵਰਗੇ ਇੱਜ਼ਤਦਾਰ, ਜਮਸ਼ੇਦ ਵਰਗੇ ਸਨਮਾਨਿਤ, ਨਿਰਪੱਖ ਨਿਆਂਕਾਰ,  (ਸ਼ਾਹੀ) ਤਖ਼ਤਾਂ ਦੇ ਜੇਤੂ, ਆਪਣੇ ਯੁਗ ਦੇ ਗੌਹਰ (ਮੋਤੀ) ਅਹਿਮਦ ਸ਼ਾਹ ਦੇ ਰਾਜ ਵਿਚ ਬਾਦਸ਼ਾਹ ਦੀ ਦਹਿਲੀਜ਼ ਤੋਂ ਪ੍ਰਤਾਪੀ ਵਜ਼ੀਰ ਨੂੰ, ਹਰ ਸੰਭਵ ਹੁਨਰ ਨਾਲ ਪਹਾੜ ਜਿੰਨੀ ਵੱਡੀ ਅਤੇ ਅਜਗਰ ਵਰਗੀ ਭਿਆਨਕ ਤੋਪ ਢਾਲਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਸਵਰਗਵਾਸੀ ਖ਼ਾਲਾਜ਼ਾਦ (ਮਾਸੀ ਦੇ ਪੁੱਤ), ਸ਼ਾਹ ਦੇ ਸੇਵਕ, ਸ਼ਾਹ ਵਲੀ ਖ਼ਾਨ ਵਜ਼ੀਰ ਨੇ ਇਸ ਵੱਡੀ ਮੁਹਿੰਮ ਨੂੰ ਸਿਰੇ ਲਾਉਣ ਲਈ ਬਹੁਤ ਸਾਰੇ ਮਾਹਿਰ ਕਾਮਿਆਂ ਨੂੰ ਬੁਲਾਇਆ ਤਾਂ ਜੋ ਸ਼ਾਹ ਦੀ ਸਰਪ੍ਰਸਤੀ ਹੇਠ ਅਰਸ਼ੀ (ਚਰਖ਼) ਕਿਲ੍ਹਿਆਂ ਦੀ ਵਿਨਾਸ਼ਕ ਜ਼ਮਜ਼ਮਾ ਨਾਂ ਦੀ ਤੋਪ ਬਣਾਈ ਜਾਵੇ। ਮੈਂ ਇਸਦੀ [ਢਾਲਣ ਦੀ] ਤਾਰੀਖ਼ ਦਾ ਵਰ੍ਹਾ ਪੁੱਛਿਆ [ਤਾਂ] ਉਸ ਨੇ ਵਹਿਸ਼ਤ ਨਾਲ ਇੰਜ ਕਿਹਾ: ‘‘ਮੈਂ ਭੇਤ ਦਾ ਖ਼ੁਲਾਸਾ ਤਾਂ ਕਰਾਂਗੀ ਜੇ ਤੁਸੀਂ ਇਸ ਦਾ ਮੁੱਲ ਆਪਣੀ ਜਾਨ ਨਾਲ ਚੁਕਾਓਂਗੇ’’। ਮੇਰੇ ਸਹਿਮਤ ਹੋਣ ’ਤੇ ਉਸ ਨੇ ਜਵਾਬ ਦਿੱਤਾ: ‘‘ਤੋਪ ਪੈਅਕਰੀ ਅਜ਼ਦਹਾਈ, ਆਤਿਸ਼ਬਾਜ਼’’ [ਅੱਗ ਵਰ੍ਹਾਉਣ ਵਾਲੇ ਅਜਗਰ ਵਰਗੀ ਤੋਪ] 

ਲਿਖਤ ਦੇ ਸ਼ੁਰੂ ਵਿਚ ਆਏ ਨਾਂ ਫ਼ਰੀਦੂਨ ਅਤੇ ਜਮਸ਼ੇਦ ਦੋ ਇਰਾਨੀ ਬਾਦਸ਼ਾਹ ਹੋਏ ਮੰਨੇ ਜਾਂਦੇ ਹਨ ਜਿਨ੍ਹਾਂ ਦਾ ਨਾਂ ਇਸਲਾਮੀ ਜਗਤ ਵਿਚ ਸ਼ਾਨ-ਓ-ਸ਼ੌਕਤ ਅਤੇ ਇਨਸਾਫ਼ਪਸੰਦੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ (ਉਂਜ ਇਹ ਦੋਵੇਂ ਬਾਦਸ਼ਾਹ ਇਰਾਨ ’ਤੇ ਅਰਬ ਮੁਸਲਮਾਨਾਂ ਦੇ ਕਬਜ਼ੇ ਨਾਲੋਂ ਪੁਰਾਤਨ ਹਨ)। ਆਖ਼ਰੀ ਛੇ ਸਤਰਾਂ ਵਿਚ ਵਿਸ਼ੇਸ਼ ਅਰਬੀ ਢੰਗ ਨਾਲ ਤੋਪ ਦੇ ਢਾਲਣ ਦੀ ਤਾਰੀਖ਼ ਦੱਸੀ ਗਈ ਹੈ ਜਿਸ ਮੁਤਾਬਿਕ ਜਵਾਬ ਵਿਚ ਕਹੇ ਸ਼ਬਦਾਂ ਦੇ ਅੱਖਰਾਂ ਦਾ ਮੁੱਲ ਜੋੜਨ ’ਤੇ ਸੰਖਿਆ 1169 ਪ੍ਰਾਪਤ ਹੁੰਦੀ ਹੈ ਅਤੇ ਹਿਜਰੀ ਸੰਮਤ ਦਾ ਇਹ ਸਾਲ ਹੀ ਇਸ ਤੋਪ ਦੇ ਢਾਲਣ ਦਾ ਵਰ੍ਹਾ ਸੀ। 

ਤੋਪ ’ਤੇ ਦੂਜਾ ਆਲੇਖ ਇਸ ਦੇ ਮੂੰਹ ਦੁਆਲੇ ਉਕਰਿਆ ਹੋਇਆ ਹੈ ਜਿਸ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ: ਆਪਣੇ ਸਮੇਂ ਦੇ ਮੋਤੀ (ਦੁੱਰ) ਸ਼ਾਹ ਵਲੀ ਖ਼ਾਨ ਵਜ਼ੀਰ ਨੇ ਕਿਲ੍ਹੇ ਢਾਹੁਣ ਵਾਲੀ ਜ਼ਮਜ਼ਮਾ ਨਾਂ ਦੀ ਤੋਪ ਬਣਵਾਈ। ਕਰਤਾ – ਸ਼ਾਹ ਨਜ਼ੀਰ।

ਇਨ੍ਹਾਂ ਦੋਵੇਂ ਆਲੇਖਾਂ ਤੋਂ ਸਪਸ਼ਟ ਹੈ ਕਿ ‘ਜ਼ਮਜ਼ਮਾ’ ਨਾਂ ਦੀ ਇਹ ਤੋਪ 1169 ਹਿਜਰੀ ਵਿਚ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਨਾਲ ਉਸ ਦੇ ਮਾਸੀ ਦੇ ਪੁੱਤ, ਵਜ਼ੀਰ ਸ਼ਾਹ ਵਲੀ ਖ਼ਾਨ ਨੇ ਬਣਵਾਈ ਸੀ। ਸਾਲ 1169 ਹਿਜਰੀ ਸਾਂਝੇ ਸੰਮਤ ਦਾ ਵਰ੍ਹਾ 1757 ਬਣਦਾ ਹੈ। ਸ਼ਾਹ ਨਜ਼ੀਰ ਇਸ ਦੇ ਮੁੱਖ ਕਾਰੀਗਰ ਦਾ ਨਾਂ ਸੀ। 

ਤੋਪ ਦਾ ਨਾਂ ਜ਼ਮਜ਼ਮਾ ਇਸ ਲਈ ਬਿਲਕੁਲ ਢੁਕਵਾਂ ਸੀ ਕਿਉਂਕਿ ਇਸ ਦਾ ਮਤਲਬ ਹੁੰਦਾ ਹੈ: ਸ਼ੇਰ ਦੀ ਦਹਾੜ। ਪੁਰਾਤਨ ਸਮੇਂ ਵਿਚ ਕਈ ਹੋਰ ਤੋਪਾਂ ਦੇ ਮੂੰਹ ਹੀ ਦਹਾੜਦੇ ਸ਼ੇਰ ਦੇ ਜਾਂ ਅੱਗ ਵਰ੍ਹਾਉਣ ਵਾਲੇ ਮਿਥਿਹਾਸਕ ਅਜਗਰ ਦੇ ਸਿਰ ਵਰਗੇ ਬਣਾਏ ਜਾਂਦੇ 

ਸੀ। ਜ਼ਫ਼ਰਨਾਮਾ-ਇ-ਰਣਜੀਤ ਸਿੰਘ ਦਾ ਲਿਖਾਰੀ ਅਮਰਨਾਥ ਵੀ ਇਸ ਦਾ ਜ਼ਿਕਰ ‘‘ਸ਼ੇਰ ਦੇ ਮੂੰਹ ਵਾਲੀ ਤੋਪ’’ ਕਹਿ ਕੇ ਕਰਦਾ ਹੈ।

ਕਿਹਾ ਜਾਂਦਾ ਹੈ ਕਿ ਉਸ ਸਮੇਂ ਇਕ ਨਹੀਂ ਸਗੋਂ ਇਸ ਨਾਲ ਦੀਆਂ ਦੋ ਤੋਪਾਂ ਢਾਲ਼ੀਆਂ ਗਈਆਂ ਸਨ, ਅਤੇ ਇਨ੍ਹਾਂ ਲਈ ਲੋੜੀਂਦਾ ਪਿੱਤਲ ਲਾਹੌਰ ਦੇ ਹਰੇਕ ਪਰਿਵਾਰ ਤੋਂ ਟੈਕਸ ਦੇ ਰੂਪ ਵਿਚ ਸਭ ਤੋਂ ਵੱਡਾ ਭਾਂਡਾ ਲੈ ਕੇ ਇਕੱਠਾ ਕੀਤਾ ਗਿਆ ਸੀ। ਅਬਦਾਲੀ ਨੇ ਇਨ੍ਹਾਂ ਤੋਪਾਂ ਦੀ ਵਰਤੋਂ ਮਰਹੱਟਿਆਂ ਨਾਲ ਪਾਣੀਪਤ ਦੀ ਤੀਜੀ ਲੜਾਈ ਵਿਚ ਕੀਤੀ ਸੀ ਜੋ 1761 ਵਿਚ ਲੜੀ ਗਈ ਸੀ। ਮਰਹੱਟਿਆਂ ਨੂੰ ਹਰਾਉਣ ਵਿਚ ਇਨ੍ਹਾਂ ਤੋਪਾਂ ਦੀ  ਮਹੱਤਵਪੂਰਨ ਭੂਮਿਕਾ ਰਹੀ। ਇਤਿਹਾਸਕਾਰ ਜੇਮਜ਼ ਡੱਫ਼ ਮੁਤਾਬਿਕ ਇਸ ਜੰਗ ਵਿਚ ਮਰੇ ਇਕ ਲੱਖ ਮਰਹੱਟੇ ਸਿਪਾਹੀਆਂ ਵਿਚੋਂ 40,000 ਸਿਪਾਹੀ ਇਨ੍ਹਾਂ ਤੋਪਾਂ ਨਾਲ ਮਰੇ ਸਨ। 

ਜੰਗ ਮਗਰੋਂ ਇਨ੍ਹਾਂ ਤੋਪਾਂ ਨੂੰ ਕਾਬਲ ਲਿਜਾਣ ਲਈ ਸਾਧਨਾਂ ਦੀ ਘਾਟ ਹੋਣ ਕਰਕੇ ਅਬਦਾਲੀ ਨੇ ਇਹ ਤੋਪ ਲਾਹੌਰ ਦੇ ਗਵਰਨਰ ਖ਼ਵਾਜ਼ਾ ਉਬੈਦ ਅੱਲਾਹ ਕੋਲ ਹੀ ਛੱਡ ਦਿੱਤੀ। ਦੂਜੀ ਤੋਪ ਉਹ ਆਪਣੇ ਨਾਲ ਲੈ ਗਿਆ, ਪਰ ਚਨਾਬ ਦਰਿਆ ਪਾਰ ਕਰਨ ਲੱਗਿਆ ਉਸ ਦੇ ਲੱਕੜ ਦੇ ਪਹੀਏ ਟੁੱਟ ਗਏ ਅਤੇ ਤੋਪ ਪਾਣੀ ਵਿਚ ਹੀ ਰੁੜ੍ਹ ਗਈ। 

ਤੋਪ ਜ਼ਮਜ਼ਮਾ ਅਠਾਰ੍ਹਵੀਂ ਸਦੀ ਦੇ ਅੱਧ ਤੋਂ ਲੈ ਕੇ ਉੰਨੀਵੀਂ ਸਦੀ ਦੇ ਅੰਤ ਤਕ, ਲਗਭਗ ਡੇਢ ਸਦੀ ਉੱਤਰ-ਪੱਛਮੀ ਭਾਰਤ ਵਿਚ ਫ਼ੌਜੀ ਸ਼ਕਤੀ ਦਾ ਪ੍ਰਤੀਕ ਬਣੀ ਰਹੀ ਅਤੇ ਇਸ ਨੇ ਅਨੇਕਾਂ ਲੜਾਈਆਂ ਵਿਚ ਆਪਣੀ ਲਾਹੇਵੰਦੀ ਸਿੱਧ ਕੀਤੀ।

ਅਬਦਾਲੀ ਦੇ ਮੁੜਨ ਦੇ ਅਗਲੇ ਵਰ੍ਹੇ ਭੰਗੀ ਮਿਸਲ ਦੇ ਮੁਖੀ ਹਰੀ ਸਿੰਘ ਨੇ ਉਬੈਦ ਅੱਲਾਹ ਨਾਲ ਜੰਗ ਕਰ ਕੇ ਉਸ ਦਾ ਸਾਰਾ ਅਸਲਾ ਗੋਲ਼ਾ-ਬਾਰੂਦ ਆਪਣੇ ਕਬਜ਼ੇ ਵਿਚ ਕਰ ਲਿਆ ਜਿਸ ਵਿਚ ਇਹ ਤੋਪ ਵੀ ਸ਼ਾਮਿਲ ਸੀ ਪਰ ਦੋ ਵਰ੍ਹੇ ਤੀਕ ਇਹ ਲਾਹੌਰ ਕਿਲ੍ਹੇ ਦੇ ਸ਼ਾਹ ਬੁਰਜ ਵਿਚ ਪਈ ਰਹੀ। ਉਸ ਤੋਂ ਬਾਅਦ ਇਹ ਇਸੇ ਮਿਸਲ ਦੇ ਸਰਦਾਰ ਲਹਿਣਾ ਸਿੰਘ ਅਤੇ ਗੁੱਜਰ ਸਿੰਘ ਦੇ ਕਬਜ਼ੇ ਵਿਚ ਆ ਗਈ। ਸ਼ਾਇਦ ਇਸ ਸਮੇਂ ਹੀ ਇਸ ਦਾ ਨਾਂ ‘ਭੰਗੀਆਂ ਦੀ ਤੋਪ’ ਪੈ ਗਿਆ। ਉਨ੍ਹਾਂ ਨੇ ਇਹ ਤੋਪ ਸ਼ੁਕਰਚਕੀਆ ਮਿਸਲ ਦੇ ਮੁਖੀ ਚੜ੍ਹਤ ਸਿੰਘ (ਮਹਾਰਾਜਾ ਰਣਜੀਤ ਸਿੰਘ ਦਾ ਦਾਦਾ) ਨੂੰ ਜਿੱਤ ਵਿਚ ਉਸ ਦੇ ਬਣਦੇ ਹਿੱਸੇ ਦੇ ਤੌਰ ’ਤੇ ਦੇ ਦਿੱਤੀ। ਭੰਗੀ ਸਰਦਾਰਾਂ ਦਾ ਖ਼ਿਆਲ ਸੀ ਕਿ ਭਾਰੀ ਹੋਣ ਕਰਕੇ ਚੜ੍ਹਤ ਸਿੰਘ ਇਸ ਨੂੰ ਲਿਜਾ ਨਹੀਂ ਸਕੇਗਾ ਅਤੇ ਇਹ ਉਨ੍ਹਾਂ ਕੋਲ ਹੀ ਰਹਿ ਜਾਵੇਗੀ। ਪਰ ਉਨ੍ਹਾਂ ਦੀ ਆਸ ਦੇ ਉਲਟ ਚੜ੍ਹਤ ਸਿੰਘ ਇਸ ਨੂੰ ਸਫ਼ਲਤਾਪੂਰਵਕ ਆਪਣੇ ਗੁੱਜਰਾਂਵਾਲਾ ਦੇ ਕਿਲ੍ਹੇ ਵਿਚ ਲੈ ਗਿਆ।

ਚੜ੍ਹਤ ਸਿੰਘ ਤੋਂ ਇਹ ਤੋਪ ਚੱਠੇ ਪਠਾਣਾਂ ਨੇ ਖੋਹ ਲਈ ਅਤੇ ਉਹ ਇਸ ਨੂੰ ਅਹਿਮਦਨਗਰ ਲੈ ਗਏ ਜਿੱਥੇ ਜਾ ਕੇ ਇਹ ਪਠਾਣ ਭਰਾਵਾਂ ਅਹਿਮਦ ਖ਼ਾਨ ਅਤੇ ਪੀਰ ਮੁਹੰਮਦ ਵਿਚਕਾਰ ਝਗੜੇ ਦਾ ਕਾਰਨ ਬਣ ਗਈ। ਇਸ ਝਗੜੇ ਵਿਚ ਅਹਿਮਦ ਖ਼ਾਨ ਦੇ ਦੋ ਪੁੱਤਰ ਅਤੇ ਪੀਰ ਮੁਹੰਮਦ ਦਾ ਇਕ ਪੁੱਤਰ ਮਾਰੇ ਗਏ। ਗੁੱਜਰ ਸਿੰਘ ਭੰਗੀ ਨੇ ਇਸ ਝਗੜੇ ਵਿਚ ਪੀਰ ਮੁਹੰਮਦ ਦਾ ਸਾਥ ਦਿੱਤਾ ਪਰ ਜਿੱਤ ਮਗਰੋਂ ਇਹ ਤੋਪ ਆਪਣੇ ਨਾਲ ਹੀ ਲੈ ਆਇਆ। ਦੋ ਸਾਲ ਬਾਅਦ ਇਹ ਫੇਰ ਚੜ੍ਹਤ ਸਿੰਘ ਦੇ ਹੱਥ ਆ ਗਈ ਜਿਸ ਤੋਂ ਇਕ ਵਾਰ ਫੇਰ ਇਹ ਚੱਠੇ ਪਠਾਣਾਂ ਨੇ ਖੋਹ ਲਈ। ਅਗਲੇ ਸਾਲ ਸਰਦਾਰ ਝੰਡਾ ਸਿੰਘ ਭੰਗੀ ਪਠਾਣਾਂ ਨਾਲ ਜੰਗ ਜਿੱਤ ਕੇ ਇਹ ਤੋਪ ਅੰਮ੍ਰਿਤਸਰ ਲੈ ਆਇਆ ਅਤੇ 1802 ’ਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਕਿਲ੍ਹੇ ਵਿਚੋਂ ਭੰਗੀਆਂ ਨੂੰ ਕੱਢ ਕੇ ਇਸ ਤੋਪ ’ਤੇ ਕਬਜ਼ਾ ਕਰ ਲਿਆ ਜਿਸ ਦਾ ਜ਼ਿਕਰ ਸਮਕਾਲੀ ਇਤਿਹਾਸ ਉਮਦਾ ਉੱਤਵਾਰੀਖ਼ ਦਾ ਲਿਖਾਰੀ ਲਾਲਾ ਸੋਹਨ ਲਾਲ ਸੂਰੀ ਇੰਜ ਕਰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ‘‘ਕਿਲ੍ਹੇ ਵਿਚ ਦਾਖ਼ਲ ਹੋ ਕੇ ਪੰਜ ਵੱਡੀਆਂ ਤੋਪਾਂ ਤੇ ਕੁਝ ਛੋਟੀਆਂ ਤੋਪਾਂ ਆਪਣੇ ਕਬਜ਼ੇ ’ਚ ਕਰ ਲਈਆਂ।’’ ਪੰਜ ਵੱਡੀਆਂ ਤੋਪਾਂ ਵਿਚ ਜ਼ਮਜ਼ਮਾ ਵੀ ਸ਼ਾਮਿਲ ਹੋਵੇਗੀ। ਰਣਜੀਤ ਸਿੰਘ ਨੇ ਇਸ ਤੋਪ ਦੀ ਵਰਤੋਂ ਡਸਕਾ, ਕਸੂਰ, ਸੁਜਾਨਪੁਰ, ਵਜ਼ੀਰਾਬਾਦ ਅਤੇ ਮੁਲਤਾਨ ਉੱਤੇ ਕੀਤੇ ਹਮਲਿਆਂ ਵਿਚ ਕੀਤੀ। ਇਨ੍ਹਾਂ ਵਿਚੋਂ ਮੁਲਤਾਨ ਦੇ ਹਮਲੇ ਵਿਚ ਇਸ ਤੋਪ ਨੂੰ ਕਾਫ਼ੀ ਨੁਕਸਾਨ ਪੁੱਜਾ। ਮੁਲਤਾਨ ਦੇ ਆਖ਼ਰੀ ਹਮਲੇ ਦੌਰਾਨ ਇਸ ਤੋਪ ਦਾ ਇਕ ਪਹੀਆ ਟੁੱਟ ਗਿਆ ਪਰ ਫੇਰ ਵੀ ਇਸ ਦੀ ਵਰਤੋਂ ਜਾਰੀ ਰੱਖੀ ਗਈ ਤਾਂ ਇਹ ਪਿਛਾਂਹ ਵੱਲ ਚੱਲ ਗਈ ਜਿਸ ਨਾਲ 100 ਤੋਂ ਵੱਧ ਆਪਣੇ ਹੀ ਸਿਪਾਹੀ ਮਾਰੇ ਗਏ।

ਇਸ ਘਟਨਾ ਤੋਂ ਮੈਨੂੰ ਯਾਦ ਆਇਆ ਕਿ ਅਧਿਆਪਕ ਦੇ ਤੌਰ ’ਤੇ ਮੇਰੀ ਪਹਿਲੀ ਨੌਕਰੀ ਦੇ ਦਿਨਾਂ ਵਿਚ ਮੇਰਾ ਇਕ ਸਹਿਕਰਮੀ ਹੁੰਦਾ ਸੀ- ਗੁਰਬਚਨ ਸਿੰਘ, ਜਿਸ ਬਾਰੇ ਪਤਾ ਹੀ ਨਹੀਂ ਸੀ ਲੱਗਦਾ ਕਿ ਗੱਲਬਾਤ ਦੌਰਾਨ ਉਹ ਕਿਸ ਦੇ ਪੱਖ ਵਿਚ ਬੋਲੇਗਾ। ਮੇਰਾ ਦੂਜਾ ਸਹਿਕਰਮੀ ਭਗਵਾਨ ਸਿੰਘ ਕਹਿੰਦਾ: ਇਹ ਤਾਂ ‘ਭੰਗੀਆਂ ਦੀ ਤੋਪ’ ਐ, ਪਤਾ ਨਹੀਂ ਕਿੱਧਰ ਨੂੰ ਚੱਲ ਜਾਵੇ। ਭਗਵਾਨ ਸਿੰਘ ਦੀ ਟਿੱਪਣੀ ਦਾ ਪਿਛੋਕੜ ਸ਼ਾਇਦ ਇਹੋ ਘਟਨਾ ਸੀ। ਖ਼ੈਰ, ਇਸ ਤੋਂ ਬਾਅਦ ਤੋਪ ਨੂੰ ਨਕਾਰਾ ਕਰਾਰ ਦੇ ਕੇ ਲਾਹੌਰ ਵਿਖੇ ਦਿੱਲੀ ਦਰਵਾਜ਼ੇ ਮੂਹਰੇ ਰੱਖ ਦਿੱਤਾ।

ਪਹਿਲੇ ਅੰਗਰੇਜ਼-ਸਿੱਖ ਯੁੱਧ ਵਿਚ ਜਿੱਤ ਮਗਰੋਂ ਅੰਗਰੇਜ਼ਾਂ ਨੇ ਇਸ ਤੋਪ ’ਤੇ ਕਬਜ਼ਾ ਕਰ ਲਿਆ। 1864 ਵਿਚ ਇਤਿਹਾਸਕਾਰ ਮੌਲਵੀ ਨੂਰ ਅਹਿਮਦ ਚਿਸ਼ਤੀ ਨੇ ਇਹ ਤੋਪ ਲਾਹੌਰ ਮਿਊਜ਼ੀਅਮ ਦੇ ਪਿਛਲੇ ਪਾਸੇ ਵਜ਼ੀਰ ਖ਼ਾਨ ਦੇ ਬਾਗ਼ ਵਿਚ ਪਈ ਵੇਖੀ ਸੀ। ਫਰਵਰੀ 1870 ਵਿਚ ਜਦ ਡਿਊਕ ਆਫ਼ ਐਡਨਬਰਾ ਲਾਹੌਰ ਪੁੱਜਾ ਤਾਂ ਉਸ ਦੇ ਸਵਾਗਤ ਲਈ ਇਸ ਤੋਪ ਨੂੰ ਅਜਾਇਬਘਰ ਦੇ ਦਰਵਾਜ਼ੇ ਮੂਹਰੇ ਸਜਾ ਦਿੱਤਾ ਗਿਆ। ਇਸ ਮਗਰੋਂ ਇਹੋ ਤੋਪ ਦਾ ਪੱਕਾ ਟਿਕਾਣਾ ਬਣ ਗਿਆ। 

Leave a Reply

Your email address will not be published. Required fields are marked *