ਓਪਰੀ ਹਵਾ

ਅੰਮ੍ਰਿਤ ਕੌਰ
ਕਹਾਣੀ

‘‘ਐਨੀਆਂ ਹੌਲੀਆਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ।’’ ਜੰਗੀਰੋ ਦੇ ਹੱਥ ਵਿਚ ਕੰਨਾਂ ਦੀਆਂ ਵਾਲੀਆਂ ਫੜੀਆਂ ਸਨ ਜਿਨ੍ਹਾਂ ਨੂੰ ਉਹ ਹਲਕਾ ਜਿਹਾ ਉਛਾਲ ਕੇ ਵਜ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪ੍ਰੀਤ ਨੇ ਦੇਖਿਆ ਕਿ ਇਹ ਉਹੀ ਵਾਲੀਆਂ ਸਨ ਜਿਹੜੀਆਂ ਉਸ ਦੇ ਪੇਕਿਆਂ ਨੇ ਉਸ ਦੀ ਸੱਸ ਜੰਗੀਰੋ ਨੂੰ ਪਾਈਆਂ ਸਨ। ਦੋ ਕੁ ਦਿਨਾਂ ਬਾਅਦ ਜੰਗੀਰੋ ਪ੍ਰੀਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ। ਕਦੇ ਉਨ੍ਹਾਂ ਦੇ ਦਿੱਤੇ ਕੱਪੜਿਆਂ ਵਿੱਚ ਨੁਕਸ ਕੱਢਦੀ। ਪਰ ਪ੍ਰੀਤ ਹਮੇਸ਼ਾ ਚੁੱਪ ਕਰ ਜਾਂਦੀ।

ਪ੍ਰੀਤ ਦੇ ਵਿਆਹ ਨੂੰ ਅਜੇ ਮਸਾਂ ਛੇ ਕੁ ਮਹੀਨੇ ਹੋਏ ਹੋਣਗੇ। ਬੜਾ ਅਜੀਬੋ ਗਰੀਬ ਵਰਤਾਰਾ ਉਹਨੂੰ ਦੇਖਣ ਨੂੰ ਮਿਲਿਆ। ਛੇ ਮਹੀਨਿਆਂ ਵਿੱਚ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਉਸ ਦੀ ਸੱਸ ਉਸ ਤੋਂ ਖ਼ੁਸ਼ ਨਹੀਂ। ਫਿਰ ਉਹ ਸੋਚਦੀ ਕਿ ਸੱਸ ਨੂੰਹ ਦੇ ਰਿਸ਼ਤੇ ਵਿੱਚ ਐਨਾ ਕੁ ਤਾਂ ਸਭ ਪਾਸੇ ਚੱਲਦਾ ਹੈ। ਜੇਕਰ ਪਿੰਡ ਦੀ ਕੋਈ ਕੁੜੀ ਪ੍ਰੀਤ ਕੋਲ ਸਿਲਾਈ, ਕਢਾਈ, ਬੁਣਾਈ ਆਦਿ ਦਾ ਕੋਈ ਨਮੂਨਾ ਲੈਣ ਆ ਜਾਂਦੀ ਤਾਂ ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਕਿ ਉਸ ਦੀ ਸੱਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਖ਼ਾਸ ਕਰਕੇ ਉਸ ਵੇਲੇ ਜਦੋਂ ਕੁੜੀਆਂ ਪ੍ਰੀਤ ਦੀ ਤਾਰੀਫ਼ ਕਰਦੀਆਂ। ਕਈ ਵਾਰ ਉਸ ਦਾ ਜੀਅ ਕੀਤਾ ਕਿ ਪੁੱਛ ਲਵੇ। ਪਰ ਜੰਗੀਰੋ ਪ੍ਰੀਤ ਦੀ ਕਹੀ ਗੱਲ ਨੂੰ ਇਸ ਤਰ੍ਹਾਂ ਉਛਾਲਦੀ ਕਿ ਪ੍ਰੀਤ ਨੇ ਜੋ ਸੋਚਿਆ ਵੀ ਨਾ ਹੁੰਦਾ ਉਹੋ ਜਿਹੇ ਮਤਲਬ ਕੱਢ ਲੈਂਦੀ। ਪ੍ਰੀਤ ਨੂੰ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ। ਇਸ ਕਰਕੇ ਉਹ ਚੁੱਪ ਰਹਿਣਾ ਹੀ ਠੀਕ ਸਮਝਦੀ। ਜਦੋਂ ਪ੍ਰੀਤ ਜੰਗੀਰੋ ਦੀ ਕਹੀ ਚੁਭਵੀਂ ਗੱਲ ’ਤੇ ਵੀ ਚੁੱਪ ਰਹਿੰਦੀ ਤਾਂ ਜੰਗੀਰੋ ਨੂੰ ਹੋਰ ਵੀ ਖਿਝ ਚੜ੍ਹਦੀ। ਕਈ ਵਾਰ ਉਹ ਬੁੜਬੁੜਾਉਂਦੀ ‘ਮਟੁੰਨ ਜਿਹੀ ਕਿੱਥੋਂ ਸਾਡੇ ਕਰਮਾਂ ਵਿੱਚ ਧਰੀ ਪਈ ਤੀ।’

ਪ੍ਰੀਤ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਈ ਦਿਨਾਂ ਤੋਂ ਉਸ ਦੀ ਸੱਸ ਦੇ ਹੱਥੋਂ ਭਾਂਡੇ ਛੁੱਟ ਜਾਂਦੇ। ਕਦੇ ਕਦੇ ਕੋਈ ਦਾਲ ਸਬਜ਼ੀ ਡੁੱਲ੍ਹ ਜਾਂਦੀ। ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਉਹ ਜਾਣਬੁੱਝ ਕੇ ਇਉਂ ਕਰਦੀ ਹੋਵੇ।

ਇਕ ਦਿਨ ਤਾਂ ਹੱਦ ਈ ਹੋ ਗਈ। ਜੰਗੀਰੋ ਨੇ ਉਸ ਨੂੰ ਗਿੱਚੀਓਂ ਫੜ ਲਿਆ, ਨਾਲ ਨਾਲ ਬੋਲ ਰਹੀ ਸੀ, ‘‘ਮੈਂ ਖ਼ਤਮ ਕਰ ਦੇਊਂ ਇਹਨੂੰ… ਮੁੰਡੇ ਦੇ ਸਿਰ ’ਚ ਕੁਸ਼ ਪਾ ਕੇ ਵਸ ’ਚ ਕਰ ਲਿਆ।’’

ਪ੍ਰੀਤ ਬਹੁਤ ਡਰ ਗਈ ਸੀ। ਉਸ ਨੇ ਆਪਣਾ ਆਪ ਮਸਾਂ ਛੁਡਾਇਆ। ਉਸ ਤੋਂ ਬਾਅਦ ਉਸ ਦੀ ਸੱਸ ਜੰਗੀਰੋ ਅੰਦਰ ਜਾ ਕੇ ਮੰਜੇ ’ਤੇ ਡਿੱਗ ਪਈ। ਪ੍ਰੀਤ ਡਰਦੀ ਉਸ ਦੇ ਕੋਲ ਵੀ ਨਾ ਗਈ। ਸ਼ਾਮ ਨੂੰ ਜਦੋਂ ਉਸ ਦਾ ਸਹੁਰਾ ਬਲਦੇਵ ਸਿੰਘ ਘਰ ਆਇਆ ਤਾਂ ਉਸ ਦੀ ਜਾਨ ’ਚ ਜਾਨ ਆਈ। ਉਸ ਨੇ ਸਹੁਰੇ ਨੂੰ ਇਹ ਗੱਲ ਦੱਸਣੀ ਜ਼ਰੂਰੀ ਸਮਝੀ।

‘‘ਬਾਪੂ ਜੀ! ਬੇਬੇ ਜੀ ਠੀਕ ਨਹੀਂ ਲੱਗਦੇ, ਕਿਸੇ ਡਾਕਟਰ ਨੂੰ ਦਿਖਾ ਦਿਓ… ਪਤਾ ਨਹੀਂ ਕੀ ਹੋ ਗਿਆ ਸੀ ਅੱਜ!’’

ਪਰ ਜੰਗੀਰੋ ਵਿੱਚੋਂ ਹੀ ਆਪਣੀ ਕੋਈ ਹੋਰ ਗੱਲ ਸੁਣਾਉਣ ਲੱਗੀ। ਪ੍ਰੀਤ ਨੂੰ ਮੌਕਾ ਹੀ ਨਾ ਦਿੱਤਾ ਆਪਣੀ ਗੱਲ ਕਹਿਣ ਦਾ। ਉਸ ਦੇ ਸਹੁਰੇ ਨੇ ਦੂਸਰੇ ਦਿਨ ਪ੍ਰੀਤ ਤੋਂ ਸਾਰੀ ਗੱਲ ਸੁਣ ਲਈ। ਖੇਤ ਜਾਣ ਲੱਗਿਆਂ ਬਲਦੇਵ ਨੇ ਕਿਹਾ, ‘‘ਪ੍ਰੀਤ ਪੁੱਤ, ਤੂੰ ਆਪਣਾ ਧਿਆਨ ਰੱਖੀਂ।’’

ਦੋ ਕੁ ਦਿਨ ਲੰਘੇ ਜੰਗੀਰੋ ਨੇ ਫਿਰ ਪ੍ਰੀਤ ਨੂੰ ਗੁੱਤੋਂ ਫੜ ਲਿਆ। ਸਬੱਬ ਨਾਲ ਬਲਦੇਵ ਖੇਤੋਂ ਘਰੇ ਆ ਗਿਆ। ਉਸ ਨੇ ਪ੍ਰੀਤ ਨੂੰ ਉਸ ਦੇ ਹੱਥੋਂ ਛੁਡਾਇਆ ਤੇ ਉਸ ਨੂੰ ਧੱਕਾ ਦੇ ਕੇ ਮੰਜੇ ’ਤੇ ਸੁੱਟ ਦਿੱਤਾ। ਪ੍ਰੀਤ ਡਰ ਨਾਲ ਕੰਬ ਰਹੀ ਸੀ। ਜੰਗੀਰੋ ਅਜੇ ਵੀ ਕਚੀਚੀਆਂ ਵੱਟ ਰਹੀ ਸੀ। ਬਲਦੇਵ ਸਿੰਘ ਨੇ ਪਾਣੀ ਦਾ ਗਲਾਸ ਭਰ ਕੇ ਜੰਗੀਰੋ ਦੇ ਮੂੰਹ ’ਤੇ ਮਾਰਿਆ ਤਾਂ ਉਸ ਨੂੰ ਹੋਸ਼ ਜਿਹੀ ਆਈ।

‘‘ਮੇਰੇ ’ਤੇ ਪਾਣੀ ਕਿਉਂ ਪਾਇਆ…?’’

‘‘ਤੂੰ ਦੱਸ ਪਹਿਲਾਂ… ਤੂੰ ਕੀ ਜਲੂਸ ਕੱਢਣ ਲੱਗੀ ਸੀ?’’ ਬਲਦੇਵ ਗੁੱਸੇ ਨਾਲ ਭਰਿਆ ਪਿਆ ਸੀ।

‘‘ਮੈਨੂੰ ਤਾਂ ਕੁਸ਼ ਵੀ ਯਾਦ ਨ੍ਹੀਂ। ਪਤਾ ਨ੍ਹੀਂ ਕੀ ਹੋ ਗਿਆ ਸੀ ਮੈਨੂੰ।’’

‘‘ਪਹਿਲਾਂ ਜਦੋਂ ਬੇਬੇ ਜਿਉਂਦੀ ਸੀ, ਉਦੋਂ ਵੀ ਤੇਰਾ ਏਹੀ ਕੁੱਤਖਾਨਾ ਚੱਲਦਾ ਸੀ।’’

‘‘ਮੈਨੂੰ ਲੱਗਦੈ ਮੇਰਾ ਤਵੀਤ ਜੂਠਾ ਹੋ ਗਿਆ… ਗ੍ਰਹਿਣ ਲੱਗਿਆ ਸੀ ਪਿੱਛੇ ਜਿਹੇ ਕਈ ਦਿਨ ਹੋ ਗਏ।’’ ਉਹ ਉਦਾਸ ਜਿਹੀ ਹੋ ਕੇ ਬੋਲੀ।

‘‘ਹੁਣ ਕੰਮ ਦੇ ਮੌਸਮ ਵਿੱਚ ਮੈਂ ਕਿੱਥੋਂ ਟੈਮ ਕੱਢਾਂ… ਸਿਆਣਿਆਂ ਕੋਲ ਜਾਣ ਦਾ।’’

ਪ੍ਰੀਤ ਨੇ ਇਹੋ ਜਿਹਾ ਕੁਝ ਕਦੇ ਨਹੀਂ ਸੀ ਦੇਖਿਆ, ਨਾ ਹੀ ਕਦੇ ਸੁਣਿਆ ਸੀ… ਧਾਗੇ ਤਵੀਤ… ਇਹ ਕੀ ਚੱਕਰ ਹੈ… ਉਸ ਨੇ ਤਾਂ ਸੁਣਿਆ ਹੋਇਆ ਸੀ ਕਿ ਭੂਤ ਪ੍ਰੇਤ ਕੁਝ ਵੀ ਨਹੀਂ ਹੁੰਦਾ। ਫਿਰ ਇਹ ਕੀ…? ਉਸ ਨੂੰ ਬੜਾ ਡਰ ਲੱਗ ਰਿਹਾ ਸੀ। ਉਸ ਦਾ ਪਤੀ ਡੇਢ ਕੁ ਮਹੀਨੇ ਲਈ ਕਿਸੇ ਕੰਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੱਢਣ ਗਿਆ ਹੋਇਆ ਸੀ। ਜਦੋਂ ਉਸ ਦਾ ਫੋਨ ਆਉਂਦਾ ਕਈ ਵਾਰ ਪ੍ਰੀਤ ਦਾ ਦਿਲ ਕਰਦਾ ਕਿ ਬੇਬੇ ਦੀ ਹਾਲਤ ਬਾਰੇ ਦੱਸ ਦੇਵੇ। ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਕਿਉਂ ਘਰੋਂ ਦੂਰ ਬੈਠੇ ਦੀ ਚਿੰਤਾ ਵਧਾਉਣੀ ਐ। ਉਸ ਦਾ ਪਤੀ ਪੜ੍ਹਿਆ-ਲਿਖਿਆ ਸੀ, ਪਰ ਕਿੰਨੀ ਕੁ ਦੇਰ ਨੌਕਰੀ ਦੀ ਉਮੀਦ ’ਤੇ ਰਹਿੰਦਾ? ਜ਼ਮੀਨ ਬਹੁਤੀ ਤਾਂ ਨਹੀਂ ਸੀ, ਪਰ ਪਿਉ-ਪੁੱਤਰ ਮਿਹਨਤੀ ਸਨ ਅਤੇ ਫਜ਼ੂਲ ਖਰਚੀ ਵੀ ਨਹੀਂ ਸਨ ਕਰਦੇ। ਗੁਜ਼ਾਰਾ ਠੀਕ ਚੱਲਦਾ ਸੀ। ਮੁੰਡੇ ਨੂੰ ਖੇਤੀ ਤੋਂ ਇਲਾਵਾ ਵੀ ਜੇ ਕੋਈ ਕੰਮ ਮਿਲਦਾ ਤਾਂ ਉਹ ਕਰ ਲੈਂਦਾ ਸੀ।

ਪਹਿਲਾਂ ਤਾਂ ਜੰਗੀਰੋ ਨੂੰ ਹਫ਼ਤੇ ਦੋ ਹਫ਼ਤੇ ਬਾਅਦ ਹੀ ਕਸਰ ਹੁੰਦੀ ਸੀ, ਪਰ ਹੁਣ ਤੀਜੇ ਕੁ ਦਿਨ ਉਸ ਨੂੰ ਓਪਰੀ ਹਵਾ ਆ ਦਬੋਚਦੀ। ਸਭ ਤੋਂ ਪਹਿਲਾ ਕੰਮ ਉਸ ਦਾ ਇਹ ਹੁੰਦਾ ਕਿ ਉਹ ਪ੍ਰੀਤ ਨੂੰ ਕੋਈ ਨਾ ਕੋਈ ਤਕਲੀਫ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਭਾਵੇਂ ਸਰੀਰਕ ਹੋਵੇ ਜਾਂ ਮਾਨਸਿਕ। ਉਸ ਵਿਚ ਅੰਤਾਂ ਦਾ ਜ਼ੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ। ਪ੍ਰੀਤ ਦੀ ਮਾਂ ਨੂੰ ਉੱਡਦੀ ਉੱਡਦੀ ਖ਼ਬਰ ਮਿਲੀ ਕਿ ਪ੍ਰੀਤ ਦੀ ਸੱਸ ਨੂੰ ਓਪਰੀ ਹਵਾ ਨੇ ਦਬੋਚਿਆ ਹੋਇਆ ਹੈ। ਉਹ ਆਪਣੇ ਪਤੀ ਨਾਲ ਸਲਾਹ ਕਰਕੇ ਪ੍ਰੀਤ ਨੂੰ ਮਿਲਣ ਚਲੀ ਗਈ। ਉਸ ਦੀ ਮਾਂ ਨੇ ਉਸ ਤੋਂ ਸਾਰੀਆਂ ਗੱਲਾਂ ਪੁੱਛੀਆਂ। ਉਸ ਨੇ ਸਾਰਾ ਕੁਝ ਸੱਚ ਸੱਚ ਦੱਸ ਦਿੱਤਾ। ਉਸ ਨੂੰ ਆਪਣੀ ਧੀ ਦੀ ਚਿੰਤਾ ਹੋਣ ਲੱਗੀ। ਉਹ ਪ੍ਰੀਤ ਕੋਲ ਇਕ ਰਾਤ ਰੁਕ ਗਈ, ਪਰ ਉਸ ਦੇ ਹੁੰਦਿਆਂ ਪ੍ਰੀਤ ਦੀ ਸੱਸ ਠੀਕ ਰਹੀ। ਉਸ ਦੇ ਜਾਣ ਤੋਂ ਦੋ ਕੁ ਦਿਨ ਬਾਅਦ ਫੇਰ ਉਹੀ ਕੰਮ ਸ਼ੁਰੂ ਹੋ ਗਿਆ।

ਇਕ ਦਿਨ ਜਦੋਂ ਪ੍ਰੀਤ ਦੀ ਸੱਸ ਪੂਰੇ ਰੋਹ ਵਿਚ ਆਈ ਹੋਈ ਸੀ ਤਾਂ ਪ੍ਰੀਤ ਦੇ ਮਾਂ ਪਿਓ ਵੀ ਉਸੇ ਵਕਤ ਪਹੁੰਚ ਗਏ ਜਿਵੇਂ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਬੁਲਾਇਆ ਹੋਵੇ। ਪ੍ਰੀਤ ਦੀ ਮਾਂ ਨੂੰ ਆਪਣੀ ਧੀ ਦੀ ਹਾਲਤ ਦੇਖ ਕੇ ਬਹੁਤ ਤਰਸ ਆਇਆ। ਉਸ ਨੇ ਪ੍ਰੀਤ ਨੂੰ ਛੁਡਾ ਕੇ ਇਕ ਪਾਸੇ ਕੀਤਾ। ਪ੍ਰੀਤ ਦੀ ਸੱਸ ਝਈਆਂ ਲੈ ਲੈ ਪੈ ਰਹੀ ਸੀ। ਨਾਲ ਹੀ ਭੂਤਰੇ ਸਾਨ੍ਹ ਵਾਂਗ ਫੁੰਕਾਰ ਰਹੀ ਸੀ। ਸੱਚੀਂ ਲੋਹੜੇ ਦਾ ਜ਼ੋਰ ਪਤਾ ਨਹੀਂ ਕਿੱਥੋਂ ਆਇਆ ਸੀ ਉਸ ਵਿਚ। ਉਸ ਨੇ ਇਕ ਵਾਰ ਫਿਰ ਪ੍ਰੀਤ ਨੂੰ ਆ ਦਬੋਚਿਆ। ਕੋਸ਼ਿਸ਼ ਕਰਨ ’ਤੇ ਵੀ ਉਹ ਜੰਗੀਰੋ ਦੇ ਹੱਥੋਂ ਉਸ ਨੂੰ ਛੁਡਾ ਨਾ ਸਕੀ।

ਬਲਦੇਵ ਸਿੰਘ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਉਹ ਸ਼ਰਮ ਨਾਲ ਮਰਨਹਾਕਾ ਹੋਇਆ ਪਿਆ ਸੀ। ਪ੍ਰੀਤ ਦੀ ਮਾਂ ਨੇ ਕੁੜਮ ਅੱਗੇ ਹੱਥ ਜੋੜ ਕੇ ਰੋਣੀ ਆਵਾਜ਼ ਵਿਚ ਕਿਹਾ, ‘‘ਹੁਣ ਮੈਨੂੰ ਮੁਆਫ਼ ਕਰਨਾ ਵੀਰ ਜੀ! ਹੁਣ ਮਾਣ ਸਤਿਕਾਰ ਵਾਲੇ ਸਾਰੇ ਬੰਨ੍ਹ ਟੁੱਟਣਗੇ।’’ ਇਹ ਕਹਿ ਕੇ ਉਸ ਨੇ ਖੂੰਜੇ ਪਈ ਸੋਟੀ ਚੁੱਕੀ ਤੇ ਪ੍ਰੀਤ ਦੀ ਸੱਸ ਦੀਆਂ ਲੱਤਾਂ ’ਤੇ ਦੋ ਠੋਕੀਆਂ। ਜੰਗੀਰੋ ਨੇ ਇਕ ਹੱਥ ਨਾਲ ਸੋਟੀ ਖੋਹਣ ਦੀ ਕੋਸ਼ਿਸ਼ ਕੀਤੀ। ਪ੍ਰੀਤ ਦੀ ਮਾਂ ਵੀ ਆਪਣੀ ਧੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਸੀ। ਜੰਗੀਰੋ ਢਿੱਲੀ ਜਿਹੀ ਪੈ ਗਈ। ਹੁਣ ਪ੍ਰੀਤ ਦੀ ਮਾਂ ਫੁੰਕਾਰ ਰਹੀ ਸੀ। ਉਸ ਨੇ ਇਕ ਵਾਰ ਫਿਰ ਸੋਟੀ ਉਲਾਰੀ, ਪਰ ਆ ਕੇ ਪ੍ਰੀਤ ਦੇ ਪਿਓ ਨੇ ਸੋਟੀ ਫੜ ਲਈ। ਪ੍ਰੀਤ ਦੀ ਮਾਂ ਅੱਖਾਂ ਲਾਲ ਕਰੀ ਅਜੇ ਵੀ ਜੰਗੀਰੋ ਵੱਲ ਕਹਿਰ ਦੀ ਨਿਗ੍ਹਾ ਨਾਲ ਦੇਖ ਰਹੀ ਸੀ।

‘‘ਮੈਨੂੰ ਲੱਗਦੈ ਪ੍ਰੀਤ ਦੀ ਮਾਂ ਨੂੰ ਵੀ ਕੋਈ ਭੂਤ ਆ ਕੇ ਚਿੰਬੜ ਗਿਆ।’’ ਉਸ ਨੇ ਸੋਟੀ ਪਰ੍ਹੇ ਰੱਖਦਿਆਂ ਬਲਦੇਵ ਨੂੰ ਕਿਹਾ। ਬਲਦੇਵ ਨੇ ਕੁੜਮ ਦੀ ਬਾਂਹ ਫੜੀ ਤੇ ਬੈਠਕ ਵਿਚ ਲੈ ਗਿਆ। ਜੰਗੀਰੋ ਹੌਲੀ ਹੌਲੀ ਅੰਦਰ ਜਾ ਕੇ ਮੰਜੇ ’ਤੇ ਪੈ ਗਈ। ਪ੍ਰੀਤ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਪ੍ਰੇਸ਼ਾਨ ਸੀ। ਉਹ ਪਾਣੀ ਦਾ ਗਲਾਸ ਲੈ ਕੇ ਮਾਂ ਕੋਲ ਆਈ, ਪਰ ਮਾਂ ਨੇ ਕਿਹਾ ਕਿ ਪਾਣੀ ਆਪਣੀ ਸੱਸ ਨੂੰ ਦੇ ਕੇ ਆਵੇ। ਉਹ ਅੰਦਰ ਗਈ, ਪਰ ਉਸ ਦੀ ਸੱਸ ਨੇ ਵਾਰ ਵਾਰ ਕਹਿਣ ’ਤੇ ਵੀ ਪਾਣੀ

ਨਾ ਫੜਿਆ। ਉਹ ਭਰੀਆਂ ਅੱਖਾਂ ਨਾਲ ਬਾਹਰ ਆ ਗਈ

ਅਤੇ ਰਸੋਈ ਵਿਚ ਚਲੀ ਗਈ। ‘‘ਕੀ ਹਾਲ ਕਰ’ਤਾ

ਮੇਰੀ ਜੁਆਕੜੀ ਦਾ। ਚੁੜੇਲ ਜ੍ਹੀ ਨੇ।’’ ਉਹ ਅਜੇ ਵੀ ਗੁੱਸੇ

ਵਿਚ ਬੁੜਬੁੜਾ ਰਹੀ ਸੀ।

ਪ੍ਰੀਤ ਨੂੰ ਉਸ ਦੀ ਮਾਂ ਨੇ ਪੜ੍ਹਾਈ ਦੇ ਨਾਲ ਨਾਲ ਘਰ ਦਾ ਹਰ ਕੰਮ ਸਿਖਾਇਆ ਸੀ। ਸਿਲਾਈ, ਕਢਾਈ, ਬੁਣਾਈ… ਰਸੋਈ ਦੇ ਸਭ ਕੰਮ… ਇੰਨੇ ਕੁ ਕੰਮ ਕਿ ਸਹੁਰੇ ਘਰ ਵਾਲੇ ਉਸ ਦੀ ਕਦਰ ਕਰਨ। ਦਾਜ ਵੀ ਬਣਦਾ ਸਰਦਾ ਦਿੱਤਾ। ਛਾਪਾਂ, ਛੱਲਿਆਂ ਦੀਆਂ ਮੰਗਾਂ ਵੀ ਪੂਰੀਆਂ ਕੀਤੀਆਂ। ਭਾਵੇਂ ਪ੍ਰੀਤ ਦਾ ਸਹੁਰਾ ਤੇ ਪਤੀ ਦਾਜ ਦੇ ਖ਼ਿਲਾਫ਼ ਸਨ, ਪਰ ਵਿਚੋਲੇ ਨੇ ਇਹ ਆਖਿਆ ਕਿ ਕੁੜੀ ਵਾਲੇ ਮਾਣ ਤਾਣ ਕਰਨਾ ਚਾਹੁੰਦੇ ਹਨ ਅਤੇ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਕਿ ਇੰਨਾ ਕੁ ਤਾਂ ਆਪਾਂ ਨੂੰ ਬਿਨਾਂ ਮੰਗਿਆਂ ਹੀ ਦੇਣਾ ਪਊ। ਭਾਵੇਂ ਪ੍ਰੀਤ ਘਰ ਦਾ ਸਾਰਾ ਕੰਮ ਬੜੇ ਸੁਚੱਜੇ ਤਰੀਕੇ ਨਾਲ ਕਰਦੀ, ਪਰ ਜੰਗੀਰੋ ਨੇ ਕਦੇ ਵੀ ਉਸ ਦੀ ਤਾਰੀਫ਼ ਨਾ ਕੀਤੀ। ਸਗੋਂ ਕਈ ਵਾਰ ਠੀਕ ਕੰਮਾਂ ਵਿਚ ਵੀ ਨੁਕਸ ਕੱਢ ਦਿੰਦੀ ਸੀ। ਪ੍ਰੀਤ ਦਾ ਸਹੁਰਾ ਬੜਾ ਬੀਬਾ ਬੰਦਾ ਸੀ। ਕਈ ਵਾਰੀ ਜਦੋਂ ਜੰਗੀਰੋ ਐਧਰ ਓਧਰ ਗਈ ਹੁੰਦੀ ਤਾਂ ਉਹ ਪ੍ਰੀਤ ਨੂੰ ਆਖ ਦਿੰਦਾ, ‘‘ਧੀਏ, ਇਹਦਾ ਸੁਭਾਅ ਈ ਇਹੋ ਜਿਹਾ, ਤੂੰ ਦਿਲ ’ਤੇ ਨਾ ਲਾਇਆ ਕਰ ਏਹਦੀਆਂ ਗੱਲਾਂ।’’

‘‘ਤੁਸੀਂ ਫ਼ਿਕਰ ਨਾ ਕਰੋ ਬਾਪੂ ਜੀ।’’ ਜਦੋਂ ਪ੍ਰੀਤ ਐਨਾ ਆਖ ਦਿੰਦੀ ਤਾਂ ਬਲਦੇਵ ਨੂੰ ਤਸੱਲੀ ਹੋ ਜਾਂਦੀ ਸੀ।

ਪਰ ਅੱਜ ਤਾਂ ਬਲਦੇਵ ਦਾ ਸਿਰ ਸ਼ਰਮ ਨਾਲ ਝੁਕ ਰਿਹਾ ਸੀ ਜੋ ਉਸ ਦੇ ਘਰੇ ਜਲੂਸ ਨਿਕਲਿਆ। ਐਨਾ ਕੁ ਸ਼ੁਕਰ ਸੀ ਕਿ ਉਨ੍ਹਾਂ ਦਾ ਘਰ ਪਿੰਡ ਤੋਂ ਥੋੜ੍ਹਾ ਹਟ ਕੇ ਸੀ। ਪਰ ਹੁਣ ਜੰਗੀਰੋ ਚੁੱਪ ਕਰਕੇ ਮੱਥਾ ਫੜੀ ਬੈਠੀ ਸੀ। ਪ੍ਰੀਤ ਦੀ ਮਾਂ ਵੀ ਅੰਦਰ ਜਾ ਕੇ ਉਸ ਕੋਲ ਮੰਜੇ ’ਤੇ ਪੈਂਦ ਵੱਲ ਜਾ ਬੈਠੀ। ਜੰਗੀਰੋ ਕਹਿਣ ਲੱਗੀ, ‘‘ਮੈਨੂੰ ਤਾਂ ਭੋਰਾ ਪਤਾ ਨ੍ਹੀਂ ਲੱਗਦਾ… ਮੈਂ ਕੀ ਕਰੀ ਜਾਨੀ ਆਂ। ਮੈਥੋਂ ਤਾਂ ਜਾਣੀ ਕੋਈ ਧੱਕੇ ਨਾਲ ਹੀ ਕਰਵਾ ਲੈਂਦਾ ਸਭ ਕੁਸ਼। ਪਰ ਭੈਣ ਜੀ… ਪ੍ਰੀਤ ਨੇ ਕਦੇ ਦੱਸਿਆ ਈ ਨ੍ਹੀਂ ਥੋਨੂੰ ਵੀ ਕਸਰ ਹੁੰਦੀ ਹੈ।’’

ਪ੍ਰੀਤ ਵੀ ਉਨ੍ਹਾਂ ਕੋਲ ਆ ਕੇ ਬੈਠ ਗਈ, ਪਰ ਉਸ ਦੀ ਮਾਂ ਨੇ ਉਸ ਨੂੰ ਚਾਹ ਬਣਾਉਣ ਲਈ ਭੇਜ ਦਿੱਤਾ ਅਤੇ ਜੰਗੀਰੋ ਨੂੰ ਕਹਿਣ ਲੱਗੀ, ‘‘ਦੇਖੋ ਭੈਣ ਜੀ, ਨਾ ਤਾਂ ਮੈਨੂੰ ਕੋਈ ਕਸਰ ਹੁੰਦੀ ਐ… ਨਾ ਥੋਨੂੰ। ਇਹ ਤੁਸੀਂ ਵੀ ਜਾਣਦੇ ਓ ਤੇ ਮੈਂ ਵੀ…।’’ ਜੰਗੀਰੋ ਦਾ ਮੂੰਹ ਅੱਡਿਆ ਗਿਆ।

ਪ੍ਰੀਤ ਦੀ ਮਾਂ ਦੇ ਅੰਦਰ ਗੁੱਸਾ ਤਾਂ ਬਹੁਤ ਸੀ, ਫਿਰ ਵੀ ਉਹ ਹੌਲੀ ਆਵਾਜ਼ ਵਿਚ ਬੋਲੀ, ‘‘ਜੇ ਮੇਰੀ ਧੀ ਕੰਮ ਨ੍ਹੀਂ ਕਰਦੀ, ਥੋਡੇ ਮੂਹਰੇ ਬੋਲਦੀ ਐ… ਆਏ ਗਏ ਦੀ ਇੱਜ਼ਤ ਨੀਂ ਕਰਦੀ… ਤਾਂ ਦੱਸੋ …ਓਹਤੋਂ ਪਾਪ ਕੀ ਹੋ ਗਿਆ… ਜਿਹੜਾ ਉਹਨੂੰ ਐਨਾ ਦੁਖੀ ਕਰਦੇ ਓਂ। ਨਾਲੇ ਮੇਰੀ ਇਕ ਗੱਲ ਸੁਣ ਲਓ… ਜੇ ਤੁਸੀਂ ਸਾਡੀ ਧੀ ਨੂੰ ਪਿਆਰ ਦਿਓਗੇ… ਅਸੀਂ ਵੀ ਥੋਨੂੰ ਅੱਖਾਂ ’ਤੇ ਬਿਠਾਵਾਂਗੇ, ਪਰ ਜੇ ਤੁਸੀਂ ਸਾਡੀ ਧੀ ਨੂੰ ਹੀ ਔਖਾ ਕਰੋਗੇ… ਫਿਰ ਨਾ ਅਸੀਂ ਥੋਡੇ ਕੁਸ਼ ਲੱਗੇ… ਨਾ ਤੁਸੀਂ ਸਾਡੇ। ਓਪਰੀ ਹਵਾ ਜਿਵੇਂ ਥੋਨੂੰ ਮੇਰੀ ਧੀ ਨੂੰ ਗਿੱਚੀਓਂ ਫੜਨ ਲਈ ਮਜਬੂਰ ਕਰਦੀ ਐ… ਮੇਰੇ ਆਲ਼ੀ ਓਪਰੀ ਹਵਾ ’ਚ ਵੀ ਬਥੇਰਾ ਜੋਰ ਐ। ਅੱਜ ਤਾਂ ਥੋੜ੍ਹੀ ਸ਼ਰਮ ਸੀ… ਅੱਗੇ ਤੋਂ ਇਹ ਵੀ ਚੱਕੀ ਜਾਊ। ਜੇ ਥੋਨੂੰ ਇਹ ਹੋਊ ਕਿ ਅਸੀਂ ਕੁੜੀ ਨੂੰ ਲੈ ਜਾਂਗੇ… ਇਹ ਭੁੱਲ ਜੋ ਤੁਸੀਂ… ਫੇਰ ਨਾ ਆਖਣਾ ਕਿ ਮੇਰਾ ’ਕੱਲਾ ’ਕੱਲਾ ਪੁੱਤ ਅੱਡ ਹੋ ਕੇ ਬਹਿ ਗਿਆ।’’ ਜੰਗੀਰੋ ਸੁਣ ਕੇ ਸੁੰਨ ਹੋ ਗਈ।

‘‘ਮੇਰੀ ਇਕ ਗੱਲ ਹੋਰ ਵੀ ਸੁਣ ਲਓ, ਇਹ ਗੱਲ ਆਪਣੇ ਦੋਹਾਂ ਵਿਚ ਰਹੇ ਤਾਂ ਚੰਗੀ ਗੱਲ ਐ…।’’ ਪ੍ਰੀਤ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਦਿਆਂ ਫਿਰ ਆਖਿਆ, ‘‘ਨਾਲੇ ਭੈਣ ਜੀ, ਤੁਸੀਂ ਆਪ ਸਿਆਣੇ ਓ ਧਾਗੇ ਤਵੀਤਾਂ ’ਚ ਉਲਝਿਆ ਬੰਦਾ ਕਦੇ ਸੁਖੀ ਨ੍ਹੀਂ ਰਹਿੰਦਾ। ਖ਼ੂਨ ਪਸੀਨੇ ਦੀ ਅੱਧੀ ਤੋਂ ਵੱਧ ਕਮਾਈ ਤਾਂ ਪਖੰਡੀ ਸਾਧਾਂ ਦੀਆਂ ਗੋਗੜਾਂ ਈ ਭਰਦੀ ਐ…।’’ ਜੰਗੀਰੋ ਚੁੱਪ ਕਰ ਕੇ ਸੁਣੀ ਜਾ ਰਹੀ ਸੀ। ਐਨੇ ਨੂੰ ਪ੍ਰੀਤ ਚਾਹ ਲੈ ਕੇ ਆ ਗਈ।

ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਪ੍ਰੀਤ ਦੀ ਮਾਂ ਨੇ ਜੰਗੀਰੋ ਤੋਂ ਹੱਥ ਜੋੜ ਕੇ ਭੁੱਲਾਂ ਚੁੱਕਾਂ ਦੀ ਖਿਮਾ ਮੰਗੀ ਅਤੇ ਕਿਹਾ, ‘‘ਜੇ ਭੈਣ ਜੀ, ਹੁਣ ਕਦੇ ਓਪਰੀ ਹਵਾ ਧੱਕਾ ਕਰਨ ਲੱਗੇ ਤਾਂ ਮੈਂ ਜਿਹੜਾ ਮੰਤਰ ਦੱਸਿਆ ਉਹਨੂੰ ਯਾਦ ਕਰ ਲੈਣਾ ਬੱਸ। ਫੇਰ ਨ੍ਹੀਂ ਓਪਰੀ ਹਵਾ ਨੇੜੇ ਲੱਗਦੀ।’’

Leave a Reply

Your email address will not be published. Required fields are marked *