ਸ਼ਰਤ

ਐਂਟੋਨ ਚੈਖ਼ਵ

ਇਹ ਗੱਲ 1870 ਈਸਵੀ ਦੀ ਪੱਤਝੜ ਦੇ ਮੌਸਮ ਦੀ ਹੈ। ਇਕ ਅਮੀਰ ਸ਼ਾਹੂਕਾਰ ਨੇ ਖ਼ੁਸ਼ੀ ਨਾਲ ਆਪਣੇ ਦੋਸਤਾਂ ਤੇ ਜਾਣਕਾਰਾਂ ਨੂੰ ਰਾਤ ਦੇ ਖਾਣੇ ’ਤੇ ਬੁਲਾਇਆ। ਉਹ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨ ਲੱਗੇ। ਇਨ੍ਹਾਂ ਗੱਲਾਂ ਦੇ ਦਰਮਿਆਨ ਹੀ ਉਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਛੇਤੀ ਹੀ ਮੌਤ ਦੀ ਸਜ਼ਾ ’ਤੇ ਪਹੁੰਚ ਗਿਆ। ਕਈ ਜਣੇ ਬਹਿਸ ਕਰਨ ਲੱਗੇ ਕਿ ਮੌਤ ਦੀ ਸਜ਼ਾ ਦੇਣਾ ਅਨੈਤਿਕ ਕੰਮ ਹੈ ਤੇ ਇਸ ਦੀ ਥਾਂ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ, ਪਰ ਕਈਆਂ ਨੂੰ ਮੌਤ ਦੀ ਸਜ਼ਾ ’ਤੇ ਵੀ ਕੋਈ ਇਤਰਾਜ਼ ਨਹੀਂ ਸੀ। ਮੇਜ਼ਬਾਨ ਵੀ ਮੌਤ ਦੀ ਸਜ਼ਾ ਦੀ ਪੂਰੀ ਤਰ੍ਹਾਂ ਹਮਾਇਤ ਕਰ ਰਿਹਾ ਸੀ।

ਜਦੋਂ ਇਹ ਬਹਿਸ ਚੱਲ ਰਹੀ ਸੀ ਤਾਂ ਮੇਜ਼ਬਾਨ ਨੇ ਇਸ ਵਿਸ਼ੇ ’ਤੇ ਆਪਣੇ ਮਹਿਮਾਨਾਂ ’ਚ ਸ਼ਾਮਲ ਇਕ ਨੌਜਵਾਨ ਵਕੀਲ ਦੇ ਵਿਚਾਰ ਜਾਣਨੇ ਚਾਹੇ।

ਵਕੀਲ ਨੇ ਕਿਹਾ, ‘‘ਮੌਤ ਦੀ ਸਜ਼ਾ ਤੇ ਉਮਰ ਕੈਦ, ਦੋਵੇਂ ਇਕੋ ਜਿਹੀਆਂ ਹੀ ਅਨੈਤਿਕ ਸਜ਼ਾਵਾਂ ਹਨ, ਪਰ ਫਿਰ ਵੀ ਮੈਨੂੰ ਇਨ੍ਹਾਂ ਦੋਵਾਂ ’ਚੋਂ ਇਕ ਚੁਣਨੀ ਪਏ ਤਾਂ ਮੈਂ ਉਮਰ ਕੈਦ ਨੂੰ ਹੀ ਠੀਕ ਸਮਝਾਂਗਾ। ਮਰ ਜਾਣ ਨਾਲੋਂ ਕਿਸੇ ਨਾ ਕਿਸੇ ਤਰ੍ਹਾਂ ਜਿਊਂਦੇ ਰਹਿਣਾ ਬਿਹਤਰ ਹੈ।’’

ਮੇਜ਼ਬਾਨ ਮੇਜ਼ ’ਤੇ ਆਪਣਾ ਮੁੱਕਾ ਮਾਰਦਿਆਂ ਜ਼ੋਰ ਦੀ ਚੀਖਿਆ, ‘‘ਮੈਂ ਤੇਰੇ ਨਾਲ ਵੀਹ ਲੱਖ ਡਾਲਰ ਦੀ ਸ਼ਰਤ ਲਾਉਂਦਾ ਹਾਂ ਕਿ ਤੂੰ ਕੈਦ ’ਚ ਬਿਲਕੁਲ ਇਕੱਲਾ ਪੰਜ ਸਾਲ ਵੀ ਨਹੀਂ ਰਹਿ ਸਕਦਾ।’’

‘‘ਜੇ ਤੁਸੀਂ ਇਹ ਗੱਲ ਬੜੀ ਇਮਾਨਦਾਰੀ ਨਾਲ ਕਹਿ ਰਹੇ ਹੋ ਤਾਂ ਮੈਨੂੰ ਸ਼ਰਤ ਮਨਜ਼ੂਰ ਹੈ, ਪਰ ਮੈਂ ਪੰਜ ਨਹੀਂ ਸਗੋਂ ਪੂਰੇ ਪੰਦਰਾਂ ਸਾਲ ਕੈਦ ’ਚ ਰਹਾਂਗਾ।’’

‘‘ਪੰਦਰਾਂ ਸਾਲ? ਠੀਕ ਹੈ! ਮੈਂ ਆਪਣੇ ਵੀਹ ਲੱਖ ਡਾਲਰ ਦਾਅ ’ਤੇ ਲਾਉਂਦਾ ਹਾਂ।’’

ਪਰ ਫੇਰ ਕੁਝ ਚਿਰ ਸੋਚ ਕੇ, ਮੇਜ਼ਬਾਨ ਨੇ ਵਕੀਲ ਨੂੰ ਇਸ ਗੱਲ ਬਾਰੇ ਦੁਬਾਰਾ ਸੋਚਣ ਲਈ ਕਿਹਾ। ਨੌਜਵਾਨ ਵਕੀਲ ਤਾਂ ਪਹਿਲਾਂ ਹੀ ਲਾਲਚ ਵੱਸ ਹੋ ਕੇ ਅੰਨ੍ਹਾ ਹੋ ਗਿਆ ਸੀ। ਅਜਿਹਾ ਕਰਨ ਨਾਲ ਉਸ ਨੇ ਉਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਵੀ ਬਚ ਜਾਣਾ ਸੀ ਜਿਹੜੀਆਂ ਜ਼ਿੰਦਗੀ ’ਚ ਸੈੱਟ ਹੋਣ ਲਈ ਹਰ ਇਕ ਨੂੰ ਝੱਲਣੀਆਂ ਪੈਂਦੀਆਂ ਹਨ। ਇਸ ਵੇਲੇ ਉਹ ਸਿਰਫ਼ ਪੰਝੀ ਸਾਲਾਂ ਦਾ ਸੀ। ਉਸ ਦਾ ਸੋਚਣਾ ਸੀ ਕਿ ਕੈਦ ਕੱਟਣ ਤੋਂ ਬਾਅਦ ਉਸ ਦੀ ਉਮਰ ਚਾਲੀ ਸਾਲ ਹੋ ਜਾਵੇਗੀ ਤੇ ਬਾਕੀ ਦੀ ਸਾਰੀ ਜ਼ਿੰਦਗੀ ਉਹ ਸ਼ਾਹੂਕਾਰ ਦੇ ਪੈਸੇ ਨਾਲ ਐਸ਼ੋ-ਆਰਾਮ ਨਾਲ ਬਿਤਾਏਗਾ। ਉਸ ਨੇ ਬੇਫ਼ਿਕਰੀ ਨਾਲ ਜਵਾਬ ਦਿੱਤਾ, ‘‘ਤੁਸੀਂ ਆਪਣੇ ਵੀਹ ਲੱਖ ਦਾਅ ’ਤੇ ਲਾ ਦਿਉ ਤੇ ਮੈਂ ਆਪਣੀ ਆਜ਼ਾਦੀ ਦਾਅ ’ਤੇ ਲਾਉਂਦਾ ਹਾਂ।’’ ਖਾਣੇ ਵਾਲੀ ਮੇਜ਼ ’ਤੇ ਚਿੰਤਾ ਤੇ ਹੈਰਾਨੀ ਭਰੇ ਬੇਚੈਨ ਜਿਹੇ ਮਾਹੌਲ ’ਚ ਇਸ ਗੱਲ ’ਤੇ ਸਹਿਮਤੀ ਹੋ ਗਈ ਕਿ ਵਕੀਲ 14 ਨਵੰਬਰ 1870 ਨੂੰ ਦੁਪਹਿਰੇ ਬਾਰਾਂ ਵਜੇ ਆਪਣੀ ਪੰਦਰਾਂ ਸਾਲਾਂ ਦੀ ਇਕੱਲਤਾ ਭਰੀ ਸਜ਼ਾ ਸ਼ੁਰੂ ਕਰੇਗਾ ਜਿਹੜੀ 14 ਨਵੰਬਰ 1885 ਨੂੰ ਦੁਪਹਿਰੇ ਬਾਰਾਂ ਵਜੇ ਖ਼ਤਮ ਹੋਵੇਗੀ। ਇਹ ਸਜ਼ਾ ਸ਼ਾਹੂਕਾਰ ਦੀ ਆਪਣੀ ਹੀ ਰਿਹਾਇਸ਼ ’ਚ ਬਣੇ ਹੋਏ ਇਕ ਛੋਟੇ ਜਿਹੇ ਘਰ ’ਚ ਦਿੱਤੀ ਜਾਵੇਗੀ ਜਿਹੜਾ ਸਖ਼ਤ ਨਿਗਰਾਨੀ ਹੇਠ ਰਹੇਗਾ। ਬਾਹਰ ਦੇ ਕਿਸੇ ਵੀ ਆਦਮੀ ਨਾਲ ਉਸਦਾ ਕੋਈ ਸਬੰਧ ਨਹੀਂ ਰਹੇਗਾ ਤੇ ਉਸ ਨੂੰ ਸਜ਼ਾ ਦੇ ਇਨ੍ਹਾਂ ਪੰਦਰਾਂ ਸਾਲਾਂ ’ਚ ਸਮਾਂ ਬਿਤਾਉਣ ਲਈ ਇਕ ਪਿਆਨੋ ਦਿੱਤਾ ਜਾਵੇਗਾ ਤੇ ਜਿੰਨੀਆਂ ਕਿਤਾਬਾਂ ਉਹ ਚਾਹੇਗਾ, ਪੜ੍ਹਨ ਨੂੰ ਦਿੱਤੀਆਂ ਜਾਣਗੀਆਂ। ਇਹ ਵੀ ਫ਼ੈਸਲਾ ਹੋਇਆ ਕਿ ਜੇ ਵਕੀਲ ਨੇ ਆਪਣੇ ਵੱਲੋਂ ਸ਼ਰਤ ਤੋੜਨ ਦੀ ਕੋਈ ਕੋਸ਼ਿਸ਼ ਕੀਤੀ, ਭਾਵੇਂ ਅਜਿਹੀ ਕੋਸ਼ਿਸ਼ ਉਹ ਸਜ਼ਾ ਖ਼ਤਮ ਹੋਣ ਦੇ ਆਖ਼ਰੀ ਮਿੰਟ ਹੀ ਕਰੇ ਤਾਂ ਸ਼ਾਹੂਕਾਰ ’ਤੇ ਉਸ ਸ਼ਰਤ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।

ਇੰਜ ਇਕੱਲਤਾ ਭਰੀ ਸਜ਼ਾ ਸ਼ੁਰੂ ਹੋ ਗਈ। ਸ਼ੁਰੂ ਸ਼ੁਰੂ ’ਚ ਵਕੀਲ ਕੁਝ ਢਹਿੰਦੀ ਕਲਾ ਤੇ ਇਕੱਲਤਾ ਮਹਿਸੂਸ ਕਰਨ ਲੱਗਾ ਅਤੇ ਆਪਣਾ ਜ਼ਿਆਦਾ ਸਮਾਂ ਪਿਆਨੋ ਵਜਾਉਣ ’ਤੇ ਬਿਤਾਉਣ ਲੱਗਾ। ਫੇਰ ਉਸ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਪਹਿਲਾਂ ਤਾਂ ਉਸ ਨੇ ਪੜ੍ਹਨ ਲਈ ਸਮਕਾਲੀ ਨਾਵਲ ਤੇ ਨਿੱਕੀਆਂ ਕਹਾਣੀਆਂ ਨੂੰ ਚੁਣਿਆ। ਫਿਰ ਉਸ ਨੇ ਸ੍ਰੇਸ਼ਟ ਨਾਵਲ ਪੜ੍ਹਨ ਵੱਲ ਧਿਆਨ ਕੇਂਦਰਿਤ ਕੀਤਾ। ਜਿੰਨੇ ਵੀ ਉਸ ਨੂੰ ਅਜਿਹੇ ਸ੍ਰੇਸ਼ਟ ਨਾਵਲ ਮਿਲੇ, ਉਨ੍ਹਾਂ ਨੂੰ ਪੜ੍ਹ ਕੇ ਉਸ ਨੇ ਇਕ ਤੋਂ ਬਾਅਦ ਇਕ ਕਰਕੇ ਛੇ ਭਾਸ਼ਾਵਾਂ ਸਿੱਖੀਆਂ। ਇਨ੍ਹਾਂ ਭਾਸ਼ਾਵਾਂ ’ਤੇ ਪੂਰੀ ਪਕੜ ਬਣਾ ਕੇ ਉਸ ਨੇ ਆਪਣਾ ਮਨ ਬਾਈਬਲ, ਧਰਮ ਸ਼ਾਸਤਰ ਤੇ ਅਧਿਆਤਮਿਕਤਾ ਦੀਆਂ ਕਿਤਾਬਾਂ ਪੜ੍ਹਨ ’ਤੇ ਇਕਾਗਰ ਕਰ ਲਿਆ।

ਇਸ ਸਮੇਂ ਦੌਰਾਨ ਜੂਏ ਤੇ ਸ਼ਿਅਰ ਬਾਜ਼ਾਰ ਦੀ ਸੱਟੇਬਾਜ਼ੀ ਨੇ ਸ਼ਾਹੂਕਾਰ ਨੂੰ ਲਗਭਗ ਦੀਵਾਲੀਆ ਕਰ ਦਿੱਤਾ ਸੀ। ਹੁਣ ਉਸ ਨੂੰ ਫ਼ਿਕਰ ਸੀ ਕਿ ਉਹ ਵਕੀਲ ਦੀ ਸ਼ਰਤ ਦੇ ਪੈਸੇ ਉਸ ਨੂੰ ਦੇ ਨਹੀਂ ਸਕੇਗਾ ਤੇ ਇਸ ਬਦਨਾਮੀ ਤੋਂ ਬਚਣ ਲਈ ਉਸ ਨੇ ਵਕੀਲ ਦਾ ਕਤਲ ਕਰਨ ਦਾ ਫ਼ੈਸਲਾ ਕਰ ਲਿਆ।

ਹੁਣ ਵਕੀਲ ਦੀ ਕੈਦ ’ਚੋਂ ਰਿਹਾਅ ਹੋਣ ਤੋਂ ਇਕ ਦਿਨ ਪਹਿਲਾਂ ਦੀ ਸ਼ਾਮ ਆ ਗਈ ਸੀ। ਰਾਤ ਦੇ ਸੰਨਾਟੇ ਵਿਚ ਸ਼ਾਹੂਕਾਰ ਆਪਣੀ ਖ਼ਤਰਨਾਕ ਯੋਜਨਾ ਸਿਰੇ ਚਾੜ੍ਹਨ ਲਈ ਵਕੀਲ ਦੇ ਕਮਰੇ ’ਚ ਦਾਖ਼ਲ ਹੋਇਆ। ਵਕੀਲ ਕੁਰਸੀ ’ਤੇ ਗੂੜ੍ਹੀ ਨੀਂਦ ’ਚ ਸੁੱਤਾ ਪਿਆ ਸੀ ਤੇ ਉਸ ਨੇ ਆਪਣਾ ਸਿਰ ਕਿਤਾਬਾਂ ਦੇ ਢੇਰ ’ਤੇ ਰੱਖਿਆ ਹੋਇਆ ਸੀ। ਜਿਉਂ ਹੀ ਸ਼ਾਹੂਕਾਰ ਵਕੀਲ ਦੇ ਨੇੜੇ ਪੁੱਜਾ, ਉਹ ਮੇਜ਼ ’ਤੇ ਇਕ ਲੰਬੀ ਚਿੱਠੀ ਪਈ ਦੇਖ ਕੇ ਹੈਰਾਨ ਰਹਿ ਗਿਆ। ਇਹ ਚਿੱਠੀ ਸ਼ਾਹੂਕਾਰ ਨੂੰ ਹੀ ਲਿਖੀ ਗਈ ਸੀ। ਕੰਬਦੇ ਹੱਥਾਂ ਨਾਲ ਉਸ ਨੇ ਉਹ ਚਿੱਠੀ ਫੜੀ ਤੇ ਪੜ੍ਹਨ ਲੱਗਿਆ। ਇਸ ਉੱਪਰ ਲਿਖਿਆ ਸੀ:

‘‘ਕੱਲ ਬਾਰਾਂ ਵਜੇ ਮੇਰੀ ਆਜ਼ਾਦੀ ਮੈਨੂੰ ਵਾਪਸ ਮਿਲ ਜਾਣੀ ਹੈ। ਮੈਂ ਪੰਦਰਾਂ ਸਾਲਾਂ ’ਚ ਦੱਬ ਕੇ ਦੁਨਿਆਵੀ ਜੀਵਨ ਦਾ ਅਧਿਅਨ ਕੀਤਾ ਹੈ…। ਤੁਹਾਡੀਆਂ ਕਿਤਾਬਾਂ ਨੇ ਮੈਨੂੰ ਬੜੀਆਂ ਸਿਆਣਪ ਭਰੀਆਂ ਗੱਲਾਂ ਸਿਖਾਈਆਂ ਹਨ…। ਮੈਂ ਨਤੀਜਾ ਕੱਢਿਆ ਹੈ ਕਿ ਇਹ ਸਭ ਕੁਝ ਛਲਾਵਾ ਹੈ, ਤੁਸੀਂ ਜਿੰਨੇ ਮਰਜ਼ੀ ਅਭਿਮਾਨੀ ਹੋਵੋ, ਸਿਆਣੇ ਹੋਵੋ ਅਤੇ ਹਰ ਪੱਖੋਂ ਬਿਹਤਰ ਹੋਵੋ, ਪਰ ਮੌਤ ਤੁਹਾਨੂੰ ਇਸ ਦੁਨੀਆਂ ਤੋਂ ਇੰਜ ਲੈ ਜਾਵੇਗੀ ਜਿਵੇਂ ਤੁਹਾਡੀ ਹਸਤੀ ਇਕ ਚੂਹੇ ਤੋਂ ਵੱਧ ਨਾ ਹੋਵੇ…। ਤੁਸੀਂ ਆਪਣਾ ਵਿਵੇਕ ਗੁਆ ਚੁੱਕੇ ਹੋ, ਤੇ ਗ਼ਲਤ ਰਾਹ ’ਤੇ ਪੈ ਗਏ ਹੋ…। ਇਸ ਲਈ ਮੈਨੂੰ ਤੁਹਾਡੇ ’ਤੇ ਹੈਰਾਨੀ ਹੁੰਦੀ ਹੈ ਕਿ ਤੁਸੀਂ ਦੁਨਿਆਵੀ ਚੀਜ਼ਾਂ ਬਦਲੇ ਸਵਰਗ ਦਾ ਸੌਦਾ ਕਰਦੇ ਹੋ! ਆਪਣੇ ਆਪ ’ਤੇ ਇਹ ਗੱਲ ਸੱਚਮੁੱਚ ਸਿੱਧ ਕਰਨ ਲਈ ਮੈਂ ਹੁਣ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੀਆਂ ਤੁਹਾਡੇ ਲਈ ਜ਼ਰੂਰੀ ਹਨ। ਮੈਂ ਉਹ ਵੀਹ ਲੱਖ ਡਾਲਰ ਛੱਡ ਰਿਹਾ ਹਾਂ ਜਿਨ੍ਹਾਂ ਨੂੰ ਕਦੇ ਸਵਰਗ ਸਮਝ ਕੇ ਮੈਂ ਉਨ੍ਹਾਂ ਦਾ ਸੁਪਨਾ ਦੇਖਿਆ ਸੀ, ਪਰ ਹੁਣ ਮੈਂ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ। ਆਪਣੇ ਆਪ ਨੂੰ ਮੈਂ ਇਸ ਪੈਸੇ ਦੇ ਹੱਕ ਤੋਂ ਮੁਕਤ ਕਰਾਉਣ ਲਈ ਮੈਂ ਇੱਥੋਂ ਮਿਥੇ ਹੋਏ ਸਮੇਂ ਤੋਂ ਪੰਜ ਮਿੰਟ ਪਹਿਲਾਂ ਚਲਾ ਜਾਵਾਂਗਾ ਤੇ ਸ਼ਰਤ ਵਾਲਾ ਇਕਰਾਰਨਾਮਾ ਆਪਣੇ ਆਪ ਹੀ ਖ਼ਤਮ ਹੋ ਜਾਵੇਗਾ…।’’

ਚਿੱਠੀ ਪੜ੍ਹਨ ਤੋਂ ਬਾਅਦ ਸ਼ਾਹੂਕਾਰ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਉਹ ਆਪਣੇ ਆਪ ’ਚ ਸ਼ਰਮਿੰਦਾ ਜਿਹਾ ਹੋ ਕੇ ਕਮਰੇ ’ਚੋਂ ਬਾਹਰ ਆ ਗਿਆ। ਅਗਲੇ ਦਿਨ ਸ਼ਾਹੂਕਾਰ ਨੇ ਆਪਣੀਆਂ ਹੰਝੂਆਂ ਭਰੀਆਂ ਅੱਖਾਂ ਨਾਲ ਦੇਖਿਆ ਕਿ ਵਕੀਲ ਕਮਰੇ ’ਚੋਂ ਨਿਕਲ ਕੇ ਦੁਪਹਿਰ ਦੇ ਬਾਰਾਂ ਵਜੇ ਤੋਂ ਕੁਝ ਸਮਾਂ ਪਹਿਲਾਂ ਹੀ ਅਲੋਪ ਹੋ ਗਿਆ ਸੀ।

ਅੰਤ ਵਿੱਚ ਸ਼ਾਹੂਕਾਰ ਨੇ ਵਕੀਲ ਦੀ ਚਿੱਠੀ ਫ਼ਾਇਰ ਪਰੂਫ਼ ਲਾਕਰ ’ਚ ਰੱਖ ਕੇ ਉਸ ਨੂੰ ਤਾਲਾ ਲਾ ਦਿੱਤਾ।
ਐਂਟੋਨ ਚੈਖ਼ਵ ਦੀ ਕਹਾਣੀ ‘ਦਿ ਬੈੱਟ’ ’ਤੇ ਆਧਾਰਿਤ
ਪੰਜਾਬੀ ਰੂਪ: ਬਲਰਾਜ ਧਾਰੀਵਾਲ

Leave a Reply

Your email address will not be published. Required fields are marked *