ਸੁਪਨੇ

ਭਾਰਤ ਭੂਸ਼ਨ ਆਜ਼ਾਦ ਕੋਟਕਪੂਰਾ

ਕਰੋਨਾ ਮਹਾਂਮਾਰੀ ਦਾ ਦੌਰ, ਮੰਦਵਾੜੇ ਦਾ ਮਾਹੌਲ, ਹਰ ਮਨੁੱਖ ਲਈ ਰੋਟੀ-ਟੁੱਕ ਦਾ ਜੁਗਾੜ ਔਖਾ ਚੱਲ ਰਿਹਾ ਸੀ। ਮਹਾਂਮਾਰੀ ਕਾਰਨ ਇਸ ਸਾਲ ਦਾਖ਼ਲੇ ਦੀ ਰੁੱਤ ਲੇਟ ਸ਼ੁਰੂ ਹੋਈ। ਇੱਕ ਦਿਨ ਮੈਂ ਕੰਮਕਾਜ ਨਾ ਹੋਣ ਕਰ ਕੇ ਵਿਹਲਾ ਸੀ ਤੇ ਟਹਿਲਦਿਆਂ ਆਪਣੇ ਇਕ ਦੋਸਤ ਨੂੰ ਮਿਲਣ ਚਲਾ ਗਿਆ। ਉੱਥੇ ਵੇਖਿਆ ਕਿ ਮੁੰਡੇ-ਕੁੜੀਆਂ ਯੂਨੀਵਰਸਿਟੀਆਂ ਦੇ ਦਾਖ਼ਲੇ ਭਰਨ ਲਈ ਬੈਠੇ ਸਨ। ਮੇਰਾ ਦੋਸਤ ਵਾਰੀ-ਵਾਰੀ ਸਾਰਿਆਂ ਦੇ ਫਾਰਮ ਭਰ ਰਿਹਾ ਸੀ।

ਅਖ਼ੀਰ ਇੱਕ ਹੋਰ ਲੜਕੀ ਆਪਣੀ ਮਾਂ ਨਾਲ ਫਾਰਮ ਭਰਵਾਉਣ ਆਈ। ਉਸ ਨੇ ਮੇਰੇ ਦੋਸਤ ਨੂੰ ਕਿਹਾ, ‘’ਵੀਰੇ ਫਾਰਮ ਭਰਵਾਉਣਾ ਹੈ।’’ ਮੇਰੇ ਦੋਸਤ ਨੇ ਸਵਾਲ ਕੀਤਾ ਕਿ ਕਿਹੜਾ ਫਾਰਮ ਭਰਨਾ ਐ? ਕੁੜੀ ਕਹਿੰਦੀ ‘ਵੀਰੇ ਮੈਂ ਬੀਐਸਸੀ ਨਾਨ-ਮੈਡੀਕਲ ਦੀ ਪੜ੍ਹਾਈ ਕਰਨੀ ਹੈ।’ ਦੋਸਤ ਨੇ ਆਪਣੀ ਸਮਝ ਮੁਤਾਬਕ ਪੰਜਾਬੀ ਯੂਨੀਵਰਸਿਟੀ ਦਾ ਪੋਰਟਲ ਖੋਲ੍ਹ ਲਿਆ ਤੇ ਡੇਟਾ ਭਰਨ ਲਈ ਪੁੱਛਣ ਲੱਗਿਆ। ਇਹ ਵੇਖ ਕੇ ਕੁੜੀ ਕਹਿੰਦੀ, ‘’ਵੀਰ ਮੈਂ ਸਰਕਾਰੀ ਨਹੀਂ ਦਾਖਲਾ ਲੈਣਾ। ਮੈਂ ਚੰਡੀਗੜ੍ਹ ਹੀ ਪੜ੍ਹਨਾ ਐ…।’’ ਉਸ ਨੇ ਚੰਡੀਗੜ੍ਹ ਨੇੜਲੀ ਇਕ ਪ੍ਰਾਈਵੇਟ ਯੂਨੀਵਰਸਿਟੀ ਦਾ ਨਾਂ ਲਿਆ। ਦੋਸਤ ਨੇ ਕੁੜੀ ਵੱਲੋਂ ਦੱਸੀ ਯੂਨੀਵਰਸਿਟੀ ਦੀ ਵੈਬਸਾਈਟ ਖੋਲ੍ਹੀ ਤੇ ਫਾਰਮ ਭਰ ਆਪਣਾ ਮਿਹਤਾਨਾ ਲੈ ਲਿਆ।

ਸਾਹਮਣੇ ਬੈਠਾ ਆਪਣੇ ਮੂੰਹ ਆਏ ਵਾਕ ਨੂੰ ਮੈਂ ਰੋਕ ਨਾ ਸਕਿਆ ਤੇ ਕੁੜੀ ਨੂੰ ਪੁੱਛਿਆ, ‘‘ਬੇਟਾ, ਤੁਸੀਂ ਬੀਐਸਸੀ ਕਰਨੀ ਹੈ ਤਾਂ ਸਾਡੇ ਫ਼ਰੀਦਕੋਟ ਜ਼ਿਲ੍ਹੇ ‘ਚ ਦੋ ਕਾਲਜ ਬਰਜਿੰਦਰਾ ਕਾਲਜ ਤੇ ਯੂਨੀਵਰਸਿਟੀ ਕਾਲਜ ਜੈਤੋ ਹੈ, ਤੁਸੀਂ ਉੱਥੇ ਕਿਉਂ ਨੀਂ ਕਰਦੇ? ਸਵੇਰੇ ਜਾਉਗੇ, ਪੜ੍ਹਾਈ ਕਰਕੇ ਤੁਸੀ ਦੁਪਹਿਰ ਨੂੰ ਘਰ ਆਪਣੇ ਪਰਿਵਾਰ ‘ਚ ਆ ਜਾਇਆ ਕਰੋਗੇ।’’

ਉਹ ਕਹਿੰਦੀ, ‘‘ਨਈਂ ਅੰਕਲ! ਮੈਂ ਸਿਰਫ ਚੰਡੀਗੜ੍ਹ ਹੀ ਪੜ੍ਹਨਾ ਹੈ।’’ ਉਸ ਦੀ ਮਾਂ ਦੱਸਣ ਲੱਗੀ ਕਿ ਉਹਦਾ ਪਤੀ ਲੱਕੜ ਦਾ ਮਿਸਤਰੀ ਹੈ। ਦਿਹਾੜੀ ਕਦੇ ਲੱਗਦੀ ਐ, ਕਦੇ ਨਹੀਂ। ਮਾਂ ਦੀਆਂ ਅੱਖਾਂ ਵਿਚ ਮੈਂ ਮਾਪਿਆਂ ਦੀ ਬੇਵਸੀ ਸਾਫ਼ ਵੇਖ ਰਿਹਾ ਸੀ। ਉਹ ਮਜਬੂਰ ਸੀ ਆਪਣੀ ਔਲਾਦ ਦੀ ਜ਼ਿੱਦ ਅੱਗੇ। ਉਹ ਮੇਰੀ ਸਾਰੀ ਗੱਲ ਨੂੰ ਸਮਝ ਰਹੀ ਸੀ ਪਰ ਉਹਦੀਆਂ ਅੱਖਾਂ ਮੈਨੂੰ ਇਹ ਬਿਆਨ ਕਰ ਰਹੀਆਂ ਸਨ ਕਿ ਅਸੀਂ ਇਸਦੀ ਮਹਿੰਗੀ ਪੜ੍ਹਾਈ ਲਈ ਕਰਜ਼ੇ ਚੁੱਕ ਲਵਾਂਗੇ ਪਰ ਤੁਸੀਂ ਸਾਡੀ ਧੀ ਨੂੰ ਕੁਝ ਨਾ ਕਹੋ। ਕੁੜੀ ਦੀਆਂ ਅੱਖਾਂ ‘ਚ ਚੰਡੀਗੜ੍ਹ ਜਾ ਕੇ ਪੜ੍ਹਨ ਦਾ ਵੱਖਰਾ ਰੰਗ ਦਿਖਾਈ ਦੇ ਰਿਹਾ ਸੀ।

ਘਰ ਪਰਤਦਾ ਮੈਂ ਸੋਚ ਰਿਹਾ ਸਾਂ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬੱਚੇ ਆਪਣੇ ਮਾਪਿਆਂ ਨੂੰ ਇਸ ਤਰਾਂ ਬੇਵਸੀ ਦੀ ਹਾਲਤ ‘ਚ ਆਖਿਰ ਕਿਉਂ ਪਾਉਂਦੇ ਹਨ। ਕਿਉਂ ਨਹੀਂ ਬੱਚੇ ਵੱਡੇ ਸ਼ਹਿਰਾਂ ਅਤੇ ਰੰਗੀਨ ਦੁਨੀਆਂ ਦਾ ਆਨੰਦ ਮਾਣਨ ਤੋਂ ਪਹਿਲਾਂ ਆਪਣੇ ਮਾਪਿਆਂ ਦੀ ਆਰਥਿਕ ਹਾਲਤ ਬਾਰੇ ਵਿਚਾਰ ਕਰਦੇ। ਯੂਨੀਵਰਸਿਟੀਆਂ ‘ਚ ਜਾ ਕੇ ਪੜ੍ਹਾਈ ਜ਼ਰੂਰ ਕਰਨ, ਪਰ ਜੇ ਤੁਹਾਡੇ ਜਾਂ ਮਾਪਿਆਂ ਦੀ ਜੇਬ ਇਜਾਜ਼ਤ ਦਿੰਦੀ ਹੋਵੇ ਤਾਂ ਹੀ….!!

Leave a Reply

Your email address will not be published. Required fields are marked *