ਜ਼ਿੰਦਗੀ

ਗਗਨਦੀਪ ਕੌਰ

ਜ਼ਿੰਦਗੀ ਵੀ ਇਕ ਅਜੀਬ ਜਿਹੀ ਸ਼ੈਅ ਹੈ। ਇਸ ਨੂੰ ਜਿਉਣਾ ਇਕ ਕਲਾ ਹੈ। ਇਹ ਕਿਤਾਬ ਦੇ ਪੰਨਿਆਂ ਤਰ੍ਹਾਂ ਹੁੰਦੀ ਹੈ। ਜਿਸ ਤਰ੍ਹਾਂ ਕਿਤਾਬ ਵਿੱਚ ਪੰਨੇ ਅਤੇ ਅਧਿਆਇ ਹੁੰਦੇ ਹਨ, ਉਸੇ ਤਰ੍ਹਾਂ ਹੀ ਜ਼ਿੰਦਗੀ ਵਿੱਚ ਵੀ ਹਰ ਦਿਨ ਇਕ ਪੰਨੇ ਤਰ੍ਹਾਂ ਅਤੇ ਅਧਿਆਇ ਵਾਂਗੂੰ ਬਚਪਨ, ਜਵਾਨੀ ਅਤੇ ਬੁਢਾਪਾ ਬੀਤਦੇ ਹਨ। ਜ਼ਿੰਦਗੀ ਇਕ ਖ਼ੂਬਸੂਰਤ ਅਹਿਸਾਸ ਦਾ ਨਾਮ ਹੈ। ਇਸ ਦੀਆਂ ਰਾਹਵਾਂ ਸਾਡੇ ਲਈ ਬੜੀਆਂ ਹੀ ਅਨਮੋਲ ਹੁੰਦੀਆਂ ਹਨ। ਆਪਣੇ ਚੁਣੇ ਗਏ ਰਾਹਾਂ ’ਤੇ ਸਾਡੀ ਸਫ਼ਲਤਾ ਜਾਂ ਅਸਫ਼ਲਤਾ ਨਿਰਭਰ ਕਰਦੀ ਹੈ। ਜ਼ਿੰਦਗੀ ਨੇ ਰਾਹਵਾਂ ਦੇ ਆਧਾਰ ’ਤੇ ਵੱਖ ਵੱਖ ਮੋੜ ਲੈ ਕੇ ਆਪਣਾ ਸਫ਼ਰ ਤੈਅ ਕਰਨਾ ਹੁੰਦਾ ਹੈ।

ਜ਼ਿੰਦਗੀ ਦੀਆਂ ਰਾਹਵਾਂ ਹਰ ਇਨਸਾਨ ਦੀਆਂ ਆਪਣੀਆਂ ਹੁੰਦੀਆਂ ਹਨ। ਬਚਪਨ ਤੋਂ ਅੰਤ ਤਕ ਇਹ ਆਪਣੇ ਰਾਹ ਤਲਾਸ਼ਦੀ ਹੀ ਰਹਿੰਦੀ ਹੈ। ਇਹ ਸਮਝ ਲੈਣਾ ਚਾਹੀਦਾ ਹੈ ਕਿ ਖੜੋਤ ਜ਼ਿੰਦਗੀ ਦਾ ਖਾਤਮਾ ਹੈ। ਇਹ ਖੜੋਤ ਸਰੀਰਕ, ਮਾਨਸਿਕ, ਬੌਧਿਕ ਕਿਸੇ ਵੀ ਪੱਧਰ ਦੀ ਹੋ ਸਕਦੀ ਹੈ। ਜਿਉਣ ਲਈ ਇਨ੍ਹਾਂ ਸਾਰੇ ਪੱਧਰਾਂ ’ਤੇ ਰਵਾਨੀ ਬਹੁਤ ਜ਼ਰੂਰੀ ਹੈ।

ਜ਼ਿੰਦਗੀ ਦੀਆਂ ਰਾਹਾਂ ਨੂੰ ਚੁਣਨਾ ਅਤੇ ਦਿੜ੍ਹ ਇਰਾਦੇ ਨਾਲ ਉਨ੍ਹਾਂ ਉਪਰ ਤੁਰਨਾ ਇਕ ਵੱਡੀ ਚੁਣੌਤੀ ਅਤੇ ਸੰਘਰਸ਼ ਹੈ। ਇਨ੍ਹਾਂ ਦਾ ਸਾਹਮਣਾ ਕਰਕੇ ਅੱਗੇ ਵਧਦਾ ਜਾਣ ਵਾਲਾ ਇਨਸਾਨ ਜ਼ਰੂਰ ਸਫ਼ਲ ਹੁੰਦਾ ਹੈ। ਇਸ ਦੀਆਂ ਰਾਹਾਂ ’ਤੇ ਸਫ਼ਲ ਹੋਣਾ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ ਕਿਉਂਕਿ ਇਨਸਾਨ ਦੇ ਹੌਸਲੇ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ।

ਇਨਸਾਨ ਹਮੇਸ਼ਾ ਇਕੱਲਾ ਹੁੰਦਾ ਹੈ। ਜ਼ਿੰਦਗੀ ਦੀਆਂ ਰਾਹਾਂ ’ਤੇ ਉਸ ਦੇ ਨਾਲ ਤੁਰਨ ਵਾਲੇ ਬਹੁਤ ਹੁੰਦੇ ਹਨ, ਪਰ ਕੋਈ ਵੀ ਉਸ ਲਈ ਨਹੀਂ ਹੁੰਦਾ। ਯਾਦ ਰੱਖੋ, ਤੁਹਾਨੂੰ ਕੋਈ ਰਾਹ ਦੱਸ ਸਕਦਾ ਹੈ, ਪਰ ਮੰਜ਼ਿਲ ’ਤੇ ਪਹੁੰਚਣ ਲਈ ਉਸ ਉੱਪਰ ਚੱਲਣਾ ਖ਼ੁਦ ਨੂੰ ਹੀ ਪੈਂਦਾ ਹੈ। ਜ਼ਿੰਦਗੀ ਵਿਚ ਜਿਊਣ ਲਈ ਸਹਾਰੇ ਓਨੇ ਜ਼ਰੂਰੀ ਨਹੀਂ ਜਿੰਨਾ ਆਪਣੇ ਅੰਦਰ ਜਿਊਣ ਦੀ ਇੱਛਾ ਦਾ ਹੋਣਾ ਜ਼ਰੂਰੀ ਹੈ। ਦੂਜਿਆਂ ਦੇ ਸਹਾਰੇ ਜਿਊਣ ਅਤੇ ਤੁਰਨ ਵਾਲੇ ਇਨਸਾਨ ਕਦੇ ਆਪਣੇ ਅੰਦਰ ਆਤਮ-ਵਿਸ਼ਵਾਸ ਪੈਦਾ ਨਹੀਂ ਕਰ ਸਕਦੇ। ਜ਼ਿੰਦਗੀ ਵਿੱਚ ਸਫ਼ਲਤਾ ਅਤੇ ਅਸਫ਼ਲਤਾ ਦੋਵੇਂ ਪੱਖ ਹਨ। ਕਿਸੇ ਵੀ ਸੰਘਰਸ਼ ਵਿੱਚ ਸਫ਼ਲ ਅਤੇ ਅਸਫ਼ਲ ਹੋਣ ਤੋਂ ਪਹਿਲਾਂ ਜੂਝਣਾ ਜ਼ਰੂਰੀ ਹੈ। ਇਨ੍ਹਾਂ ਸੰਘਰਸ਼ਾਂ ਦਾ ਮਕਸਦ ਜਿੱਤ ਜਾਂ ਹਾਰ ਨਹੀਂ ਸਗੋਂ ਜਿਊਣਾ ਹੈ। ਹਰ ਇਨਸਾਨ ਦੀ ਜ਼ਿੰਦਗੀ ਉਸ ਦੀ ਆਪਣੀ ਹੁੰਦੀ ਹੈ ਅਤੇ ਉਸ ਨੂੰ ਜਿਊਣਾ ਹੀ ਉਸ ਦਾ ਮੁੱਖ ਮਕਸਦ ਹੋਣਾ ਚਾਹੀਦਾ ਹੈ। ਜ਼ਿੰਦਗੀ ਵਿਚ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਹਮੇਸ਼ਾਂ ਨਵੇਂ ਰਾਹਾਂ ਦੀ ਤਲਾਸ਼ ਵਿੱਚ ਚਲਦੇ ਰਹਿਣਾ ਚਾਹੀਦਾ ਹੈ। ਰਾਹ ਉਨ੍ਹਾਂ ਨੂੰ ਹੀ ਲੱਭਦੇ ਹਨ ਜੋ ਇਨ੍ਹਾਂ ਨੂੰ ਲੱਭਣ ਲਈ ਤਤਪਰ ਰਹਿੰਦੇ ਹਨ ਅਤੇ ਕੁਝ ਕਰਨ ਦੀ ਹਿੰਮਤ ਰੱਖਦੇ ਹਨ। ਹਾਰ ਮੰਨ ਕੇ ਬੈਠ ਜਾਣ ਵਾਲਿਆਂ ਤੋਂ ਰਾਹਾਂ ਪਾਸਾ ਵੱਟਣ ਲੱਗਦੀਆਂ ਹਨ ਤੇ ਉਹ ਜਿਊਂਦੇ ਹੀ ਮੋਇਆਂ ਨਾਲੋਂ ਬਦਤਰ ਹੋ ਜਾਂਦੇ ਹਨ ਤੇ ਖ਼ੁਦ ਦੀ ਜ਼ਿੰਦਗੀ ਹੀ ਉਨ੍ਹਾਂ ਨੂੰ ਬੋਝ ਜਾਪਣ ਲੱਗਦੀ ਹੈ। ਜ਼ਿੰਦਗੀ ਦੀਆਂ ਰਾਹਾਂ ’ਤੇ ਹਮੇਸ਼ਾਂ ਬੇਪਰਵਾਹ ਹੋ ਕੇ ਤੁਰਦੇ ਰਹਿਣਾ ਚਾਹੀਦਾ ਹੈ। ਜਿੰਦਗੀ ਤਹਾਡੀ ਹੈ ਤਾਂ ਫ਼ੈਸਲੇ ਵੀ ਤੁਹਾਡੇ ਹੋਣੇ ਚਾਹੀਦੇ ਹਨ ਅਤੇ ਰਾਹ ਵੀ ਖ਼ੁਦ ਦੇ ਚੁਣਨੇ ਚਾਹੀਦੇ ਹਨ।

ਕਿਸੇ ਵੀ ਸਫ਼ਲ ਇਨਸਾਨ ਦੀ ਕਹਾਣੀ ਪੜ੍ਹ ਕੇ ਵੇਖ ਲਓ, ਨਵੇਂ ਰਾਹਾਂ ਨੂੰ ਚੁਣਨ ਤੇ ਉਨ੍ਹਾਂ ਉੱਪਰ

ਸੰਘਰਸ਼ ਕਰਕੇ ਅੱਗੇ ਵਧਣ ਵਾਲੇ ਇਨਸਾਨ ਹੀ ਸਫ਼ਲ ਹੁੰਦੇ ਹਨ ਤੇ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਦੇ ਹਨ। ਅਸੀਂ ਉਨ੍ਹਾਂ ਸੂਰਬੀਰਾਂ ਦੀ ਧਰਤੀ ’ਤੇ ਜਨਮ ਲਿਆ ਹੈ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਹੈ। ਅਜਿਹੀਆਂ ਅਨੇਕਾਂ ਮਿਸਾਲਾਂ ਮਿਲ ਸਕਦੀਆਂ ਹਨ ਜੋ ਸਾਡੇ ਲਈ ਰਾਹਾਂ ਨੂੰ ਚੁਣ ਕੇ ਉਨ੍ਹਾਂ ’ਤੇ ਤੁਰਨ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ।

ਜ਼ਿੰਦਗੀ ਦੀਆਂ ਰਾਹਾਂ ’ਤੇ ਚੱਲਦੇ ਰਹਿਣ ਲਈ ਬਹੁਤ ਕੁਝ ਸਹਿਣਾ ਪੈਂਦਾ ਹੈ। ਇਨਸਾਨ ਜਿਵੇਂ ਦੇ ਰਾਹ ਚੁਣਦਾ ਹੈ, ਉਵੇਂ ਦੀ ਮੰਜ਼ਿਲ ਪਾ ਲੈਂਦਾ ਹੈ। ਕੁਦਰਤ ਦਾ ਨਿਯਮ ਹੈ ਕਿ ਮਨੁੱਖ ਜੋ ਸੋਚਦਾ ਬਣ ਜਾਂਦਾ ਹੈ, ਮਿਹਨਤ ਤੇ ਸਾਹਸ ਦੀ ਲੋੜ ਹੈ। ਜ਼ਿੰਦਗੀ ਦੇ ਰਾਹ ਇਨਸਾਨ ਨੂੰ ਤੁਰਨ ਲਈ ਉਕਸਾਉਂਦੇ ਹਨ। ਕਿੰਨਾ ਚਾਅ ਹੁੰਦਾ ਹੈ ਬਚਪਨ ਵਿੱਚ ਤੁਰਨਾ ਸਿੱਖਣ ਦਾ। ਇਕ ਬੱਚਾ ਪਹਿਲਾਂ ਰੁੜ੍ਹਨਾ ਸਿੱਖਦਾ ਹੈ ਤੇ ਫਿਰ ਕੋਸ਼ਿਸ਼ਾਂ ਕਰਕੇ ਤੁਰਨਾ। ਬੱਚਾ ਤੁਰਨਾ ਸਿੱਖਣ ਵੇਲੇ ਕਿੰਨੀਆਂ ਠੋਕਰਾਂ ਖਾਂਦਾ ਹੈ, ਪਰ ਦੁਬਾਰਾ ਫਿਰ ਤੁਰਨ ਦੀ ਹਿੰਮਤ ਕਰਦਾ ਹੈ। ਵਾਰ-ਵਾਰ ਅਜਿਹਾ ਕਰਨ ’ਤੇ ਆਖ਼ਰ ਤੁਰਨਾ ਸਿੱਖ ਹੀ ਜਾਂਦਾ ਹੈ। ਇਹੋ ਹੀ ਜ਼ਿੰਦਗੀ ਦੇ ਰਾਹਾਂ ’ਤੇ ਕਰਨਾ ਪੈਂਦਾ ਹੈ।

ਹਿੰਮਤ ਤੇ ਹੌਸਲੇ ਨਾਲ ਤੁਰਨਾ ਪੈਂਦਾ ਹੈ ਕਿਉਂਕਿ ਸਾਡੀਆਂ ਰਾਹਾਂ ਵਿਚ ਫੁੱਲ ਵੀ ਵਿਛੇ ਹੁੰਦੇ ਹਨ ਤੇ ਕੰਡੇ ਵੀ। ਬਸ ਤੁਰਨ ਦੀ ਜਾਚ ਹੋਣੀ ਚਾਹੀਦੀ ਹੈ। ਜਿਵੇਂ ਸਿੱਧੀ ਸੜਕ ’ਤੇ ਤੁਰਦਿਆਂ ਸਫ਼ਰ ਔਖਾ ਲੱਗਣ ਲੱਗ ਜਾਂਦਾ ਹੈ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਸਿਰਫ਼ ਸਫ਼ਲ ਹੋਣਾ ਹੀ ਕੁਝ ਨਹੀਂ ਸਿਖਾਵੇਗਾ। ਜ਼ਿੰਦਗੀ ਜਿੰਨੇ ਟੇਢੇ-ਮੇਢੇ ਪੜਾਵਾਂ ਵਿਚੋਂ ਲੰਘਦੀ ਹੈ ਓਨੇ ਹੀ ਨਵੇਂ ਰਾਹ ਨਿਕਲਦੇ ਹਨ। ਤੁਹਾਨੂੰ ਇਨ੍ਹਾਂ ਰਾਹਾਂ ’ਤੇ ਅੱਗੇ ਵੱਧਣ ਦੀ ਪ੍ਰੇਰਨਾ ਦੇਣ ਵਾਲੇ ਘੱਟ ਅਤੇ ਪਿਛਾਂਹ ਖਿੱਚਣ ਵਾਲੇ ਕਦਮ-ਕਦਮ ’ਤੇ ਮਿਲ ਜਾਂਦੇ ਹਨ। ਇਸ ਲਈ ਚੌਕੰਨੇ ਹੋ ਕੇ ਆਪਣੀ ਜ਼ਿੰਦਗੀ ਦੀਆਂ ਰਾਹਾਂ ’ਤੇ ਚੱਲਦੇ ਰਹਿਣਾ ਚਾਹੀਦਾ ਹੈ।

ਜ਼ਿੰਦਗੀ ਦੇ ਪਾਠ ਦਾ ਹਰ ਪੰਨਾ ਪੜ੍ਹ ਕੇ ਉਸ ਨੂੰ ਮਾਨਣਾ ਚਾਹੀਦਾ ਹੈ। ਉਸ ਵਿੱਚ ਤੁਹਾਡੇ ਲਈ ਬਹੁਤ ਕੁਝ ਸਮੇਟਿਆ ਹੁੰਦਾ ਹੈ, ਇੱਕ ਵਾਰ ਸਹਿਜ ਨਾਲ ਪੜ੍ਹਨ ਦੀ ਲੋੜ ਹੁੰਦੀ ਹੈ।

Leave a Reply

Your email address will not be published. Required fields are marked *