ਬਖੂਹਾ

ਹਰਵਿੰਦਰ ਸਿੰਘ ‘ਰੋਡੇ’

ਦੀਵਾਲੀ ਦੇ ਦਿਨ ਦੀ ਪਹੁ ਫੁੱਟ ਰਹੀ ਸੀ। ਕੁਲਵਿੰਦਰ ਨੇ ਸਾਈਕਲ ਦੇ ਹੈਂਡਲ ਵਿੱਚ ਦਾਤੀ ਟੰਗੀ ’ਤੇ ਖੇਤ ਵੱਲ ਨੂੰ ਤੁਰ ਪਿਆ। ਖੇਤਾਂ ਵੱਲ ਤਾਂ ਅੱਜ ਅਜੀਬ ਹੀ ਰੌਣਕ ਲੱਗੀ ਪਈ ਸੀ। ਇੰਝ ਲੱਗਦਾ ਸੀ ਜਿਵੇਂ ਸਾਰਾ ਪਿੰਡ ਹੀ ਖੇਤਾਂ ਵੱਲ ਆ-ਜਾ ਰਿਹਾ ਹੋਵੇ। ਖੇਤਾਂ ਵੱਲ ਜਾਂਦੀਆਂ ਔਰਤਾਂ ਦੇ ਹੱਥਾਂ ਵਿੱਚ ਸੁਹਾਵਣੀ ਜਿਹੀ ਸੁਗੰਧ ਵਾਲਾ ਧੂੰਆਂ ਛੱਡਦੀਆਂ ਅੱਧ-ਜਲੀਆਂ ਪਾਥੀਆਂ, ਹੱਥੀਂ ਤਿਆਰ ਕੀਤੇ ਰੁਮਾਲਾਂ ਨਾਲ ਢੱਕੇ ਥਾਲ, ਡੋਲਣਾ, ਝੋਲਾ ਆਦਿ ਸੀ। ਖੇਤਾਂ ਵੱਲੋਂ ਮੁੜ ਕੇ ਆਉਂਦੀਆਂ ਔਰਤਾਂ ਥਾਲ ਜਾਂ ਡੋਲਣਿਆਂ ਵਿੱਚੋਂ ਆਉਂਦੇ ਜਾਂਦੇ ਜਾਣ ਪਛਾਣ ਵਾਲੇ ਨੂੰ ਦੇਗ ਵਰਤਾਉਂਦੀਆਂ ਤੁਰੀਆਂ ਆ ਰਹੀਆਂ ਸਨ।

‘‘ਲੈ ਪੁੱਤ ਕਿੰਦੇ, ਦੇਗ ਲੈਂਦਾ ਜਾਈਂ…!’’ ਸਾਹਮਣਿਓਂ ਆ ਰਹੀ ਬੰਸੋ ਨੇ ਕੁਲਵਿੰਦਰ ਨੂੰ ਆਵਾਜ਼ ਦਿੱਤੀ।

‘‘ਲਿਆ ਤਾਈ, ਅੱਜ ਤਾਂ ਰੋਟੀ ਦੀ ਲੋੜ ਨਹੀਂ ਪੈਣੀ… ਰਸਤੇ ਵਿੱਚ ਹੀ ਰੱਜ ਜਾਣਾ… ਸਦਕੇ ਜਾਈਏ ਬਈ ਪੰਜਾਬ ਵਾਸੀਆਂ ਦੇ, ਇੱਥੇ ਤਾਂ ਰਾਹ ਜਾਂਦੇ ਬੰਦੇ ਨੂੰ ਰਜਾ ਦਿੰਦੇ ਐ… ਹੋਰ ਐਵੇਂ ਤਾਂ ਨੀਂ ਦੂਜੇ ਸੂਬਿਆਂ ਦੇ ਬੰਦੇ ਏਧਰ ਨੂੰ ਭੱਜਦੇ…!’’ ਕੁਲਵਿੰਦਰ ਨੇ ਰੁਕ ਕੇ ਸਾਈਕਲ ’ਤੇ ਬੈਠਿਆਂ ਹੀ ਹੱਥਾਂ ਦਾ ਬੁੱਕ ਬਣਾਉਂਦਿਆਂ ਕਿਹਾ।

‘‘ਜਾਹ ਵੇ ਵੱਡਿਆ ਕਾਮਰੇਟਾ… ਇਉਂ ਨੀਂ ਆਖੀਦਾ… ਇਹ ਸ਼ਹੀਦਾਂ ਦੀ ਦੇਗ ਹੁੰਦੀ ਐ…’’ ਕੁਲਵਿੰਦਰ ਨੂੰ ਦੇਗ ਦਿੰਦਿਆਂ ਬੰਸੋ ਬੋਲੀ।

ਕੁਲਵਿੰਦਰ ਦੇਗ ਨੂੰ ਮੂੰਹ ਵਿੱਚ ਪਾ ਕੇ ਇਕੋ ਹੱਲੇ ਹੀ ਨਿਗਲ ਗਿਆ। ਉਹਦੀ ਇਹ ਹਰਕਤ ਦੇਖ ਕੇ ਬੰਸੋ ਤੋਂ ਫੇਰ ਨਾ ਰਿਹਾ ਗਿਆ, ‘‘…ਵੇ ਵੱਡਿਆ ਪੜ੍ਹਾਕੂਆ, ਦੇਗ ਨੂੰ ਭਲਾ ਇਉਂ ਖਾਈਦੈ?…ਵੇ ਦੇਗ ਤਾਂ ਪੂਰੇ ਸਤਿਕਾਰ ਨਾਲ ਖਾਈਏ, ਥੋੜ੍ਹੀ-ਥੋੜ੍ਹੀ ਕਰਕੇ…!’’

‘‘ਓ ਹੋ ਤਾਈ… ਹੁਣ ਛਟਾਂਕ ਦੇਗ ਦੀਆਂ ਬੁਰਕੀਆਂ ਕਿੱਥੋਂ ਬਣਾ ਲਵਾਂ! ਜਾਂ ਤਾਂ ਬੁੱਕ ਭਰ ਕੇ ਦੇ…!’’ ਕੁਲਵਿੰਦਰ ਨੇ ਹੱਸਦਿਆਂ ਕਿਹਾ।

‘‘ਜਾਹ ਵੇ ਚੰਦਰਿਆਂ… ਸ਼ਹੀਦ ਸਿੰਘਾਂ ਦੀ ਦੇਗ ’ਤੇ ਇਉਂ ਨੀਤ ਨਾ ਰੱਖੀਏ… ਹਾਲੇ ਹੋਰ ਪਤਾ ਨਹੀਂ ਕਿੰਨਿਆਂ ਦੇ ਕਰਮਾਂ ਵਿੱਚ ਐ ਇਹ… ਇਹ ਤਾਂ ਕਿਣਕਾ-ਕਿਣਕਾ ਹੀ ਬਹੁਤ ਹੁੰਦੀ ਐ… ਭੁੱਲ ਕੇ ਵੀ ਬੱਬਰ ਭਰਨ ਦੀ ਨਾ ਸੋਚੀਏ ਇਹਦੇ ਨਾਲ…!’’ ਬੰਸੋ ਨੇ ਦੇਗ ਨੂੰ ਥੋੜ੍ਹੀ-ਥੋੜ੍ਹੀ ਕਰਕੇ ਵੰਡਣ ਦੀ ਦਲੀਲ ਦਿੱਤੀ।

‘‘ਚੱਲ ਠੀਕ ਐ ਤਾਈ, ਹੁਣ ’ਗਾਂਹ ਵੇਹਨੇ ਆਂ ਕਿਹੜਾ ਗਾਹਕ ਮਿਲਦਾ ਦੇਗ ਦੇਣ ਵਾਲਾ…!’’ ਹਾਸੇ ਵਿੱਚ ਆਖਦਿਆਂ ਕੁਲਵਿੰਦਰ ਨੇ ਸਾਈਕਲ ਦਾ ਪੈਡਲ ਮਾਰਿਆ। ‘‘ਦੁਰ ਫਿੱਟੇ ਮੂੰਹ… ਹੈ ਕੋਈ ਅਸਰ ਮੇਰੇ ਸਮਝਾਏ ਦਾ… ਪਤਾ ਨਹੀਂ ਕਿੱਥੋਂ ਪੜ੍ਹਾਈਆਂ ਕੀਤੀਆਂ ਥੇਹ ਹੋਣਿਆਂ ਨੇ… ਤਾਂ ਹੀ ਤਾਂ ਦੁੱਖ ਪਾਉਂਦੇ ਐ… ਜਦੋਂ ਕੋਈ ਮੰਨਤ ਮਨੌਤ ਤਾਂ ਕਰਨੀ ਨੀਂ… ਅਕਸਰ ਭਾਈ ਜਿਹੜਾ ਸ਼ਹੀਦ ਸਿੰਘ ਐ ਉਹਨੇ ਤਾਂ ਆਵਦੀ ਮੰਨਤਾ ਕਰਵਾਉਣੀ ਹੀ ਐ…!’’ ਬੁੜਬੁੜ ਕਰਦੀ ਬੰਸੋ ਵੀ ਤੁਰ ਪਈ।

ਬੰਸੋ ਦੇ ਮੂੰਹੋਂ ਸੁਣੀਆਂ ਅੱਧ-ਪਚੱਧੀਆਂ ਫਿਟਕਾਰਾਂ ਤੋਂ ਕੁਲਵਿੰਦਰ ਨੂੰ ਆਪਣੀ ਦਾਦੀ ਨੰਦ ਕੁਰ ਦੀ ਯਾਦ ਆ ਗਈ। ਤਿੰਨ-ਚਾਰ ਸਾਲ ਬੀਤ ਗਏ ਸੀ ਉਹਨੂੰ ਏਸ ਜਹਾਨ ਤੋਂ ਰੁਖ਼ਸਤ ਹੋਈ ਨੂੰ। ਓਦੋਂ ਵੀ ਦੀਵਾਲੀ ਲੰਘੀ ਨੂੰ ਹਾਲੇ ਦਸ-ਬਾਰਾਂ ਦਿਨ ਹੀ ਹੋਏ ਸਨ। ਅਚਾਨਕ ਹੀ ਹਾਰਟ ਅਟੈਕ ਆ ਗਿਆ ਸੀ ਬੇਬੇ ਨੰਦ ਕੁਰ ਨੂੰ। ਓਦੂੰ ਪਹਿਲਾਂ ਕਦੇ ਉਹਦਾ ਸਿਰ ਵੀ ਨਹੀਂ ਸੀ ਦੁਖਿਆ। ਮੱਸਿਆ ਦੀ ਰੋਟੀ ਉਹਨੇ ਵੀ ਕਦੇ ਨਹੀਂ ਸੀ ਖੁੰਝਣ ਦਿੱਤੀ। ਓਸ ਦੀਵਾਲੀ ਨੂੰ ਵੀ ਉਹਨੇ ਆਪਣੇ ਹੱਥੀਂ ਰੋਟੀ ਤਿਆਰ ਕੀਤੀ ਸੀ। ਆਦਤਨ ਹੀ ਕੁਲਵਿੰਦਰ ਉਸ ਦਿਨ ਵੀ ਉਹਨੂੰ ਛੇੜਣ ਲੱਗ ਪਿਆ ਸੀ।

‘‘ਓ ਮਾਈ ਬੇਬੇ ਸ਼੍ਰੀ! ਕੀ ਐਵੇਂ ਮੂੰਗੀ ਜਿਹੀ ਬਣਾਈ ਜਾਨੀਂ ਐ… ਸ਼ਹੀਦ ਸਿੰਘ ਕਹਿੰਦੇ ਏਸ ਵਾਰੀ ਤਾਂ ਪਨੀਰ ਦੀ ਭੁਰਜੀ ਆਉਣੀ ਚਾਹੀਦੀ ਐ।’’

‘‘ਵੇ ਤੂੰ ਮੌਰ ਨਾ ਭੰਨਾ’ਲੀਂ ਮੇਰੇ ਤੋਂ… ਕਿੰਨੇ ਵਾਰੀ ਕਿਹਾ ਪਈ ਬਣਦੀ ਰੋਟੀ ਵਿੱਚ ਨਹੀਂ ਵਿਘਨ ਪਾਈਦਾ… ਫੇਰ ਨੀਂ ਅਕਲ ਆਉਂਦੀ ਕਿਸੇ ਥਾਂ ਦਿਆਂ ਨੂੰ…। ਛੇਈ ਮਹੀਨੀਂ ਕਿਤੇ ਜਾ ਕੇ ਭੋਜਨ ਬਣਾਉਣਾ ਹੁੰਦਾ… ਉਹ ਵੀ ਨਹੀਂ ਚੱਜ ਨਾਲ ਬਣਾਉਣ ਦਿੰਦੇ, ਜਾਏ ਵੱਢੇ ਦੇ।’’ ਨੰਦ ਕੁਰ ਨੇ ਕੁਲਵਿੰਦਰ ਵੱਲ ਹੱਥ ਵਿੱਚ ਫੜੀ ਕੜਛੀ ਉਲਾਰਦਿਆਂ ਕਿਹਾ।

‘‘ਲੈ ਬੇਬੇ… ਰਾਤ ਸ਼ਹੀਦ ਸਿੰਘ ਮੇਰੇ ਸੁਪਨੇ ਵਿੱਚ ਆਏ… ਹੋਰ ਮੈਂ ਕੋਈ ਆਵਦੇ ਮਨੋਂ ਬਣਾ ਕੇ ਥੋੜ੍ਹੋ ਕਿਹਾ!’’

‘‘ਜਾਹ ਵੇ ਜਾਹ, ਬਹਿ ਜਾ ਟਿਕ ਕੇ… ਇਉਂ ਕਿਤੇ ਸ਼ਹੀਦ ਸੁਪਨਿਆਂ ਵਿੱਚ ਤੁਰੇ ਫਿਰਦੇ ਐ! ਸੁਪਨਿਆਂ ਵਿੱਚ ਆਉਣ ਵਾਲੇ ਦੀ ਤਾਂ ਗਤੀ ਨੀਂ ਹੋਈ ਹੁੰਦੀ, ਵਿਚਾਰਾ ਪ੍ਰੇਤ ਬਣਕੇ ਭਟਕਦਾ ਫਿਰਦਾ ਹੁੰਦਾ।’’

‘‘…ਤੇ ਲੈ ਫਿਰ ਬੇਬੇ! ਥੋਨੂੰ ਕੀ ਪਤਾ ਆਪਣੇ ਆਲੇ ਬਾਬੇ ਸ਼ਹੀਦ ਐ ਕਿ ਪ੍ਰੇਤ…! ਕੀ ਪਤੈ ਹੁਣ ਤੱਕ ਤੁਸੀਂ ਪ੍ਰੇਤ ਦੀ ਰੋਟੀ ਈ ਖਵਾਈ ਜਾਂਦੇ ਹੋਵੋਂ!’’ ਕੁਲਵਿੰਦਰ ਨੇ ਦਾਦੀ ਨੂੰ ਵਲ਼ਦਿਆਂ ਕਿਹਾ।

‘‘ਲੈ ਦੱਸ, ਵੇ ਮੈਂ ਕੋਈ ਏਨੀ ਕਮਲੀ ਨਹੀਂ ਬਈ ਪ੍ਰੇਤ ਦੀ ਰੋਟੀ ਖਵਾਈ ਜਾਊਂ। ਪ੍ਰੇਤ ਦਾ ਦਿਨ ਤਾਂ ਚੌਦੇਂ ਦਾ ਹੁੰਦੈ… ਮੱਸਿਆ ਸ਼ਹੀਦਾਂ ਦੀ ਹੁੰਦੀ ਐ…!’’ ਨੰਦ ਕੁਰ ਨੇ ਢਾਕਾਂ ’ਤੇ ਹੱਥ ਰੱਖ ਦਲੀਲ ਦਿੱਤੀ।

‘‘ਫਿਰ ਇਹਦੀ ਕੀ ਗਾਰੰਟੀ ਐ ਬਈ ਆਪਣੇ ਆਲਾ ਬਾਬਾ ਸ਼ਹੀਦ ਐ ਕਿ ਪ੍ਰੇਤ ਬੇਬੇ…? ਹੋਰ ਕਿਤੇ ਤੂੰ ਮੱਸਿਆ ਨੂੰ ਰੋਟੀ ਖਵਾਉਂਦੀ ਰਹੀ ਹੋਵੇਂ ਤੇ ਉਹ ਚੌਦੇਂ ਨੂੰ ਭੁੱਖਾ ਮਰਦਾ ਰਿਹਾ ਹੋਵੇ…!’’ ਕੁਲਵਿੰਦਰ ਜਾਣ-ਬੁੱਝ ਕੇ ਬੇਬੇ ਦੇ ਅੰਤਰੇ ਲਈ ਜਾ ਰਿਹਾ ਸੀ।

‘‘ਲੈ ਪੁੱਤ… ਆਵਦਿਆਂ ਨੂੰ ਪ੍ਰੇਤ ਨਹੀਂ ਕਹੀਦਾ, ਨਾਲੇ ਸੁਣ… ਆਵਦੀ ਪੜ੍ਹਾਈ ਜ੍ਹੀ ਇਕ ਪਾਸੇ ਰੱਖਿਆ ਕਰ… ਇਉਂ ਨਹੀਂ ਊਲ-ਜਲੂਲ ਬੋਲੀ ਜਾਈਦਾ ਹੁੰਦਾ। ਐਵੇਂ ਕਰਨੀ ਦੀ ਭਰਨੀ ਪੈ ਜਾਂਦੀ ਐ… ਆਹ ਵੇਖਿਆ ਨੀਂ ਪਰ ਕਿ ਪਰਾਰ ਜਦੋਂ ਤੇਰੀ ਮਾਂ ਦਸਮੀਂ ਦੀ ਰੋਟੀ ਖਵਾਉਣੀ ਭੁੱਲ ਗਈ ਸੀ… ਦੋ ਦਿਨ ਨਹੀਂ ਪਏ, ਇਕ ਥਣ ਖੜ੍ਹ ਗਿਆ ਸੀ ਪਹਿਲਣ ਝੋਟੀ ਦਾ। ਫੇਰ ਵੱਡੇ ਸਿੰਙਾਂ ਵਾਲੀ ਦਾ ਦੇਖ ਲੈ, ਕਿੱਡਾ ਲੇਵਾ ਸੀ, ਬਸ ਏਸੇ ਭੁੱਲ ਕਰਕੇ ਦਿਨਾਂ ਵਿੱਚ ਈ ਸਾਰਾ ਦੁੱਧ ਸੁਕਾ’ਗੀ ਸੀ ਉਹ ਵੀ। …ਨਾਲੇ ਤੈਨੂੰ ਮੈਂ ਦੱਸਾਂ! ਆਪਾਂ ਨਹੀਂ ਸੀ ਪੁੱਤ ਮੰਨਦੇ ਪਹਿਲਾਂ! …ਪਰ ਮੈਨੂੰ ਤਾਂ ਭੁੱਲਦਾ ਨਹੀਂ ਮੈਂ ਓਦੋਂ ਨਵੀਂ-ਨਵੀਂ ਵਿਆਹੀ ਆਈ ਸੀ… ਆਪਣੇ ਪਸ਼ੂ ਸੂਇਆ ਕਰਨੇ ਤਾਂ ਕਿਸੇ ਕੱਟਰੂ ਦਾ ਕੋਈ ਅੰਗ ਨਾ ਹੋਇਆ ਕਰੇ, ਕਿਸੇ ਦਾ ਮੂੰਹ ਦੂਜੇ ਪਾਸੇ ਵੱਲ ਨੂੰ ਹੋਇਆ ਕਰੇ, ਕਿਸੇ ਦਾ ਕਿਵੇਂ, ਕਿਸੇ ਦਾ ਕਿਵੇਂ। ਓਦੋਂ ਈ ਕਿਤੇ ਤੇਰਾ ਦਾਦਾ ਬਿਮਾਰ ਹੋਇਆ ਸੀ। ਕਈ ਥਾਈਂ ਲ’ਗਏ… ਕਿਤੋਂ ਮੋੜ ਨਾ ਪਵੇ। ਹਾਰ ਕੇ ਭੂਰੀ ਆਲੇ ਸੰਤਾਂ ਦੇ ਗਏ… ਉਨ੍ਹਾਂ ਨੇ ਦੱਸਿਆ ਸੀ, ਕਹਿੰਦੇ ਥੋਡੇ ਸ਼ਹੀਦਾਂ ਦੀ ਮਿੱਟੀ ਨਿਕਲਦੀ ਐ। ਚੇਤ ਤੇ ਕੱਤੇ ਨੂੰ ਮਿੱਟੀ ਕੱਢ ਕੇ ਸ਼ਹੀਦਾਂ ਦੇ ਲੀੜੇ-ਲੱਤੇ ਦਿਆ ਕਰੋ…! ਹੁਣ ਦੇਣੇ ਕੀਹਨੂੰ ਆਂ ਪੁੱਤ, ਲੀੜਾ-ਲੱਤਾ ਪਾਉਣਾ ਤਾਂ ਆਪਾਂ ਆਪ ਈ ਆ… ਫੇਰ ਇਹਦੇ ’ਚ ਹਰਜ਼ ਵੀ ਕੀ ਸੀ? ਆਪਾਂ ਵੀ ਕੱਢਣ ਲੱਗ ਪਏ ਮਿੱਟੀ। ਖੇਤ ਨਿੱਕੀ ਜਿਹੀ ਮਟੀ ਬਣਾ’ਲੀ। ਸਾਰਾ ਕੁਝ ਨੌ-ਬਰ-ਨੌ ਹੋ ਗਿਆ… ਫੇਰ ਤੇਰੇ ਜਨਮ ਵੇਲੇ ਤੇਰੇ ਭਾਪੇ ਨੇ ਓਹੀ ਮਟੀ ਹੋਰ ਵੱਡੀ ਕਰਤੀ…!’’

ਯਾਦਾਂ ਵਿੱਚ ਪਤਾ ਹੀ ਨਾ ਲੱਗਿਆ ਕਦੋਂ ਖੇਤ ਆਉਣ ਵਾਲਾ ਹੋ ਗਿਆ। ਪਹੀ ਮੁੜਿਆ ਤਾਂ ਸਾਹਮਣਿਓਂ ਤੁਰੇ ਆ ਰਹੇ ਗੁਰਸਾਹਿਬ ਸਿੰਘ ਦੇ ਹੱਥ ਵਿੱਚ ਖੁਰਪਾ ਵੇਖ ਕੇ ਕੁਲਵਿੰਦਰ ਇਕਦਮ ਸੋਚ-ਮੰਡਲ ਵਿਚੋਂ ਬਾਹਰ ਆ ਗਿਆ। ਕੰਨਾਂ ਵਿੱਚ ਗੂੰਜਦੇ ਬੇਬੇ ਨੰਦ ਕੁਰ ਦੇ ਬੋਲ ਕਿਧਰੇ ਗੁਆਚ ਗਏ ਸਨ।

‘‘ਹੈਂਅ…! ਤਾਇਆ ਵੀ ਮਿੱਟੀ ਕੱਢ ਕੇ ਆਇਆ ਹੋਇਆ।’’ ਗੁਰਸਾਹਿਬ ਸਿੰਘ ਨੂੰ ਇਉਂ ਵੇਖ ਕੇ ਤਾਂ ਉਹ ਅਸਲੋਂ ਹੀ ਹੈਰਾਨ ਸੀ। ਉਹਨੇ ਤੇਜ਼ੀ ਨਾਲ ਪੈਡਲ ਮਾਰੇ। ਮਨ ਗੁਰਸਾਹਿਬ ਸਿੰਘ ਤੱਕ ਪਹੁੰਚਣ ਲਈ ਕਾਹਲਾ ਪੈਣ ਲੱਗਾ, ਜਿਵੇਂ ਉਹਨੂੰ ਡਰ ਹੋਵੇ ਕਿ ਮਤਾਂ ਗੁਰਸਾਹਿਬ ਸਿੰਘ ਉਹਨੂੰ ਵੇਖ ਲੁਕ-ਛਿਪ ਹੀ ਜਾਏ।

‘‘ਸਤਿ ਸ੍ਰੀ ਅਕਾਲ ਤਾਇਆ ਜੀ।’’ ਗੁਰਸਾਹਿਬ ਕੋਲ ਪਹੁੰਚਦਿਆਂ ਕੁਲਵਿੰਦਰ ਬੋਲਿਆ। ‘‘ਸਤਿ ਸ੍ਰੀ ਅਕਾਲ ਪੁੱਤਰਾ, ਕੀ ਹਾਲ-ਚਾਲ ਐ… ਚੱਲ ਪਿਆ ਪੱਠਿਆਂ ਨੂੰ?’’

‘‘ਹਾਲ-ਚਾਲ ਤਾਂ ਠੀਕ ਐ ਤਾਇਆ, ਪਰ ਇੱਕ ਗੱਲ ਦੀ ਸਮਝ ਨਹੀਂ ਆਈ… ਮੈਂ ਤਾਂ ਸਮਝਦਾ ਸੀ ਬਈ ਆਹ ਅਨਪੜ੍ਹ ਲੋਕ ਹੀ ਮੜ੍ਹੀਆਂ-ਮਸਾਣਾਂ ਨੂੰ ਪੂਜਦੇ ਐ, ਪਰ ਆਹ ਤਾਂ ਉਲਟੀ ਗੰਗਾ ਵਗਣ ਵਾਲੀ ਗੱਲ ਐ ਬਈ ਤੁਹਾਡਾ ਪੜ੍ਹ ਲਿਖ ਕੇ ਵੀ ਮੜ੍ਹੀਆਂ-ਮਸਾਣਾਂ ’ਚ ਵਿਸ਼ਵਾਸ ਐ।’’ ਗੁਰਸਾਹਿਬ ਸਿੰਘ ਦੀ ਪੱਠਿਆਂ ਵਾਲੀ ਗੱਲ ਅਣਗੌਲਿਆਂ ਕਰਦਿਆਂ ਕੁਲਵਿੰਦਰ ਨੇ ਕਿਹਾ। ਸ਼ਾਇਦ ਉਹਨੂੰ ਓਥੋਂ ਗੱਲਬਾਤ ਦਾ ਮਜ਼ਮੂਨ ਬਦਲ ਜਾਣ ਦਾ ਖ਼ਦਸ਼ਾ ਸੀ।

‘‘ਓ ਨਾ ਪੁੱਤਰਾ ਨਾ… ਮੇਰਾ ਵਿਸ਼ਵਾਸ ਮੜ੍ਹੀਆਂ ਮਸਾਣਾਂ ’ਚ? …ਉੱਕਾ ਹੀ ਨਹੀਂ ਪੁੱਤਰ ਜੀ।’’ ਗੁਰਸਾਹਿਬ ਨੇ ਠੋਕ ਵਜਾ ਕੇ ਜਵਾਬ ਦਿੱਤਾ।

‘‘ਹਾ ਹਾ ਹਾ… ਸਦਕੇ ਜਾਵਾਂ ਤਾਇਆ ਜੀ… ਅਖੇ ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ! ਆਹ ਰੰਬਾ ਤਾਂ ਮੂੰਹੋਂ ਬੋਲਦਾ ਪਿਆ ਬਈ ਤੁਸੀਂ ਵੀ ਮਿੱਟੀ ਕੱਢ ਕੇ ਆਏ ਹੋ… ਤੇ ਮੁੱਕਰਨ ਲੱਗਿਆਂ ਬਿੰਦ ਵੀ ਨਹੀਂ ਲਾਇਆ!’’

‘‘ਲੈ ਦੱਸ ਪੁੱਤਰਾ, ਮੁੱਕਰਿਆ ਮੈਂ ਕਦੋਂ ਆਂ, ਮੈ ਤਾਂ ਆਪ ਕਹਿ ਰਿਹਾਂ ਬਈ ਮੈਂ ਮਿੱਟੀ ਕੱਢ ਕੇ ਆਇਆਂ।’’

‘‘ਕਮਾਲ ਪਏ ਕਰਦੇ ਓ ਤਾਇਆ ਜੀ, ਤੁਸੀਂ ਵੀ ਕਿਸੇ ਘੜੇ ਦਾ ਢੱਕਣ ਨਹੀਂ, … ਨਾਲੇ ਕਹਿੰਦੇ ਹੋ ਮੇਰਾ ਵਿਸ਼ਵਾਸ ਕੋਈ ਨਹੀਂ ਏਨ੍ਹਾਂ ਕਰਮ ਕਾਂਡਾਂ ਵਿੱਚ, ਨਾਲੇ ਮੰਨੀ ਜਾਂਦੇ ਹੋ ਕਿ ਮੈਂ ਮਿੱਟੀ ਕੱਢ ਕੇ ਆਇਆਂ।’’ ਕੁਲਵਿੰਦਰ ਉਹਦੇ ਘੁੰਮਣ-ਘੇਰੀਆਂ ਵਾਲੇ ਜਵਾਬਾਂ ਤੋਂ ਹੈਰਾਨ ਸੀ।

‘‘ਓ ਦਰਅਸਲ ਪੁੱਤਰਾ, ਗੱਲ ਏਹ ਆ… ਵਿਸ਼ਵਾਸ-ਵਿਸ਼ਵੂਸ਼ ਤਾਂ ਆਪਣਾ ਭੋਰਾ ਵੀ ਨਹੀਂ ਏਨ੍ਹਾਂ ਕੰਮਾਂ ’ਚ। ਬਸ ਇੱਕੋ ਹੀ ਗੱਲ ਮੈਨੂੰ ਏਥੇ ਲੈ ਆਉਂਦੀ ਏ। ਉਹ ਇਹ ਬਈ ਹੁਣ ਤੂੰ ਵੇਖਲਾ ਸਾਨੂੰ ਘੱਟੋ-ਘੱਟ 35-40 ਸਾਲ ਹੋ ਗਏ ਅੱਡ ਹੋਇਆਂ ਨੂੰ। ਓਸ ਵੇਲੇ ਘਰ-ਖੇਤ ਦੀ ’ਕੱਲੀ ’ਕੱਲੀ ਚੀਜ਼ ਦੀ ਵੰਡੀ ਪੈ ਗਈ ਸੀ ਪੁੱਤਰਾ। ਦੁੱਖ ਤਾਂ ਬੜਾ ਹੋਇਆ ਸੀ… ਪਰ ਪਰਿਵਾਰਾਂ ਅੱਗੇ ਕਰਦੇ ਵੀ ਕੀ? ਓਸ ਵੇਲੇ ਤੋਂ ਨਾ ਕੋਈ ਕਿਸੇ ਨਾਲ ਬੋਲਦਾ ਤੇ ਨਾ ਹੀ ਕੋਈ ਹੋਰ ਲੈਣ-ਦੇਣ ਕਰਦਾ। ਪਰ ਆਹ ਬਖੂਹਾ… ਇਹ ਬਖੂਹਾ ਤਾਂ ਸਾਡੇ ਪਿਉ-ਦਾਦਿਆਂ ਵੇਲੇ ਦਾ ਸਾਂਝਾ ਹੀ ਤੁਰਿਆ ਆਉਂਦਾ, ਨਾ ਉਨ੍ਹਾਂ ਤੋਂ ਵੰਡਿਆ ਗਿਆ ਨਾ ਸਾਡੇ ਤੋਂ…!’’ ਥੋੜ੍ਹਾ ਰੁਕ ਕੇ ਗੁਰਸਾਹਿਬ ਨੇ ਫੇਰ ਬੋਲਣਾ ਸ਼ੁਰੂ ਕੀਤਾ, ਜਿਵੇਂ ਆਪਣੇ ਭਾਰੇ ਹੋ ਗਏ ਗਲ਼ ਨੂੰ ਸਾਹ ਦਿਵਾਇਆ ਹੋਵੇ, ‘‘…ਬਸ ਸ਼ੇਰਾ, ਏਸ ਬਖੂਹੇ ਨੂੰ ਵੇਖ ਕੇ ਦਿਲ ਖ਼ੁਸ਼ ਹੋ ਜਾਂਦੈ ਬਈ ਹਾਲੇ ਵੀ ਸਾਡੀ ਇੱਕ ਚੀਜ਼ ਤਾਂ ਸਾਂਝੀ ਐ। …ਬਾਕੀ ਜਦੋਂ ਮਿੱਟੀ ਕੱਢਣ ਵੇਲੇ ਸਾਰੇ ਘਰ ’ਕੱਠੇ ਹੋਇਆਂ ਵੇਖਦਾਂ ਤਾਂ ਦਿਲ ਨੂੰ ਬੜਾ ਧਰਵਾਸ ਮਿਲਦੈ… ਮਾੜਾ-ਮੋਟਾ ਇੱਕ ਦੂਜੇ ਨਾਲ ਬੋਲ ਵੀ ਪਈਦੈ। ਸੱਚ ਪੁੱਛੇਂ ਤਾਂ ਉਹ ਪਲ਼ ਬੜੇ ਸੁਹਾਵਣੇ ਹੁੰਦੇ ਐ ਸ਼ੇਰਾ… ਉਨ੍ਹਾਂ ਪਲਾਂ ਵਿੱਚ ਤਾਂ ਇਉਂ ਲੱਗਦੈ ਜਿਵੇਂ ਅਸੀਂ ਹਾਲੇ ਵੀ ਇਕੱਠੇ ਹੀ ਹੋਈਏ। ਸਾਡੇ ਵਿੱਚ ਪਈਆਂ ਵੰਡੀਆਂ ਓਦੋਂ ਮਹਿਸੂਸ ਹੀ ਨਹੀਂ ਹੁੰਦੀਆਂ। ਬਸ… ਬਸ ਏਸੇ ਰਮਜ਼ ਕਰਕੇ ਹੀ ਮੈਨੂੰ ਏਸ ਬਖੂਹੇ ਦੀਆਂ ਦਸ ਕੁ ਇੱਟਾਂ, ਸਾਡੀਆਂ ਅੱਡੋ-ਅੱਡ ਪਾਈਆਂ ਕੋਠੀਆਂ ਦੀਆਂ ਹਜ਼ਾਂਰਾਂ ਇੱਟਾਂ ਨਾਲੋਂ ਵੱਧ ਪਿਆਰੀਆਂ ਲੱਗਦੀਆਂ ਨੇ ਜੋ ਸਾਨੂੰ ’ਕੱਠੇ ਤਾਂ ਕਰੀ ਰੱਖਦੀਆਂ ਹਨ। ਹੁਣ ਤੂੰ ਹੀ ਦੱਸ ਪੁੱਤਰਾ! ’ਕੱਠੇ ਹੋਣ ਲਈ ਏਦੂੰ ਸਸਤਾ ਸੌਦਾ ਕਿਹੜਾ ਹੋਊ?’’

ਇਹ ਸੁਣ ਕੇ ਕੁਲਵਿੰਦਰ ਨੇ ਸਾਈਕਲ ਦਾ ਪੈਡਲ ਮਾਰਿਆ ਤੇ ਅਗਾਂਹ ਵੱਲ ਚੱਲ ਪਿਆ।

Leave a Reply

Your email address will not be published. Required fields are marked *