ਨੋਟ ਤੇ ਕਰੋਨਾ

ਉਸ ਨੇ ਘਰ ਦੇ ਅੰਦਰੋਂ ਹੀ ਸਬਜ਼ੀ ਵਾਲੇ ਨੂੰ ਆਲੂ, ਗੋਭੀ ਆਦਿ ਦੇਣ ਦਾ ਹੁਕਮ ਦਿੱਤਾ। ਗੇਟ ਥੋੜ੍ਹਾ ਜਿਹਾ ਖੋਲ੍ਹਿਆ। ਸਬਜ਼ੀ ਵਾਲੇ ਨੂੰ ਪੈਸੇ ਦਿੱਤੇ, ਸਬਜ਼ੀ ਵਾਲੇ ਨੇ ਪੈਸੇ ਉਸ ਨੂੰ ਵਾਪਸ ਕੀਤੇ। ਉਸ ਨੇ ਪੈਸੇ ਜੇਬ੍ਹ ਵਿੱਚ ਪਾ ਲਏ। ਜਦੋਂ ਸਬਜ਼ੀ ਵਾਲੇ ਨੇ ਲਿਫ਼ਾਫ਼ਾ ਅੱਗੇ ਕੀਤਾ ਤਾਂ ਉਹ ਕੜਕ ਕੇ ਬੋਲਿਆ, ‘‘ਇਸ ਨੂੰ ਇੱਥੇ ਹੀ ਗੇਟ ਅੱਗੇ ਰੱਖ ਦੇ।’’

ਉਹ ਅੰਦਰ ਗਿਆ। ਚਿਮਟੇ ਨਾਲ ਲਿਫ਼ਾਫ਼ ਫੜਿਆ। ਇਸ ਨੂੰ ਅੰਦਰ ਰੱਖ ਦਿੱਤਾ ਅਤੇ ਆਪ ਹੱਥ ਧੋਣ ਲੱਗ ਪਿਆ।

– ਹਰਜੀਤ ਸਿੰਘ


ਰੁਜ਼ਗਾਰ

ਗਰਮੀ ਦੇ ਦਿਨ ਸਨ। ਮੋਹਨ ਸ਼ਹਿਰ ਵੱਲ ਕਿਸੇ ਵੱਡੇ ਰੁਜ਼ਗਾਰ ਦੀ ਭਾਲ ਵਿੱਚ ਇੱਕ ਦਫ਼ਤਰ ਵਿੱਚ ਇੰਟਰਵਿਊ ’ਤੇ ਗਿਆ। ਉਸ ਨੇ ਰਸਤੇ ਵਿੱਚ ਗੰਨੇ ਵਾਲੀ ਰੇਹੜੀ ਤੋਂ ਰਸ ਪੀਤਾ। ਘਰੋਂ ਭੁੱਖਾ ਤੁਰਨ ਕਰਕੇ ਭੁੱਖ ਲੱਗਣ ’ਤੇ ਰਸਤੇ ਵਿੱਚ ਸੜਕ ਕਿਨਾਰੇ ਬੈਠੇ ਅਮਰੂਦ ਵਾਲੇ ਤੋਂ ਦੋ ਅਮਰੂਦ ਲੈ ਕੇ ਖਾਧੇ ਤੇ ਸ਼ਹਿਰ ਪਹੁੰਚ ਗਿਆ। ਦਫ਼ਤਰ ਵਾਲਿਆਂ ਨੇ ਅੱਧਾ ਕੁ ਘੰਟਾ ਰੁਕਣ ਲਈ ਕਿਹਾ। ਸਮਾਂ ਕੱਢਣ ਲਈ ਉਸ ਨੇ ਬਾਹਰ ਚਾਹ ਦੀ ਰੇਹੜੀ ਤੋਂ ਕੱਪ ਚਾਹ ਦਾ ਪੀਤਾ ਤੇ ਸਾਹਿਬ ਕੋਲ ਚਲਾ ਗਿਆ। ਯੋਗਤਾ ਦੇ ਆਧਾਰ ’ਤੇ ਉਨ੍ਹਾਂ ਨੇ ਉਸ ਨੂੰ ਚਪੜਾਸੀ ਰੱਖਣ ਦਾ ਫ਼ੈਸਲਾ ਕੀਤਾ। ਸੋਚ ਵਿਚਾਰ ਕਰ ਕੇ ਉਸ ਨੇ ਕਿਹਾ, ‘‘ਮੈਂ ਕੱਲ੍ਹ ਸੋਚ ਕੇ ਦੱਸ ਦਿਆਂਗਾ ਜੀ ਇਸ ਨੌਕਰੀ ਬਾਰੇ।’’ ਦੋ ਵੱਜ ਚੁੱਕੇ ਸਨ। ਪਿੰਡ ਜਾਂਦਿਆਂ ਉਹ ਕੁਲਚਾ ਖਾਣ ਲਈ ਨਹਿਰ ’ਤੇ ਰੁਕਿਆ ਤੇ ਕੁਲਚਾ ਖਾਂਦਾ-ਖਾਂਦਾ ਸੋਚਣ ਲੱਗਿਆ ਕਿ ‘ਮੇਰੇ ਵਾਂਗ ਇਹ ਜੂਸ, ਫਰੂਟ, ਚਾਹ ਅਤੇ ਕੁਲਚੇ ਵਾਲਿਆਂ ਨੇ ਕੋਈ ਵੱਡਾ ਰੁਜ਼ਗਾਰ ਕਿਉਂ ਨਹੀਂ ਕੀਤਾ।’ ਮੋਹਨ ਦੇ ਪੁੱਛਣ ’ਤੇ ਕੁਲਚੇ ਵਾਲੇ ਦਾ ਜਵਾਬ ਸੀ, ‘‘ਵੀਰੇ, ਇਸ ਰੁਜ਼ਗਾਰ ਨਾਲ ਹੀ ਮੈਂ ਆਪਣੇ ਬੱਚੇ ਪਾਲ ਰਿਹਾ ਹਾਂ। ਪਹਿਲਾਂ ਮੈਨੂੰ ਵੀ ਵੱਡੇ ਰੁਜ਼ਗਾਰ ਦੀ ਭਾਲ ਸੀ। ਜਦੋਂ ਮੈਂ ਰੁਜ਼ਗਾਰ ਅੱਗੋਂ ਵੱਡਾ ਸ਼ਬਦ ਕੱਟ ਦਿੱਤਾ ਤਾਂ ਜੋ ਬਾਕੀ ਬਚਿਆ ਉਹ ਇਹ ਰੁਜ਼ਗਾਰ ਸੀ। ਵੀਰੇ, ਕੋਈ ਰੁਜ਼ਗਾਰ ਵੱਡਾ ਛੋਟਾ ਨਹੀਂ ਹੁੰਦਾ। ਸਾਡੀ ਸੋਚ ਨੇ ਹੀ ਕੰਮ ਵੱਡੇ ਛੋਟੇ ਕੀਤੇ ਹੋਏ ਹਨ। ਕਿਰਤ ਦੀ ਕਮਾਈ ਸਭ ਤੋਂ ਚੰਗੀ ਹੁੰਦੀ ਹੈ।’’ ਮੋਹਨ ਸਭ ਸਮਝ ਗਿਆ ਸੀ। ਉਹ ਝੱਟ ਉਸੇ ਦਫ਼ਤਰ ਪਹੁੰਚਿਆ ਤੇ ਕਹਿਣ ਲੱਗਾ, ‘‘ਜਨਾਬ, ਕੀ ਮੈਂ ਅੱਜ ਤੋਂ ਹੀ ਇੱਥੇ ਕੰਮ ਸ਼ੁਰੂ ਕਰ ਸਕਦਾ ਹਾਂ?’’ ਜਵਾਬ ‘ਹਾਂ’ ਸੀ।

– ਸੰਦੀਪ ਸਿੰਘ ‘ਬਖੋਪੀਰ’


ਛਿੱਕਲੀ

ਡੇਢ ਮਹੀਨੇ ਦੇ ਲੌਕਡਾਊਨ ਤੋਂ ਬਾਅਦ ਮਿਲੀ ਢਿੱਲ ’ਚ ਸ਼ਹਿਰੋਂ ਦਿਹਾੜੀ ਕਰ ਕੇ ਪਿੰਡ ਮੁੜਦੇ ਜੋਗੇ ਦੀ ਨਿਗਾਹ ਜਿਉਂ ਹੀ ਚੌਕ ’ਚ ਬਿਨਾਂ ਮੂੰਹ ਢਕੇ ਆਉਣ ਜਾਣ ਵਾਲੇ ਲੋਕਾਂ ਦੇ ਚਲਾਨ ਕੱਟਦੀ ਪੁਲੀਸ ’ਤੇ ਪਈ ਤਾਂ ਉਸ ਨੂੰ ਆਪਣੇ ਦਿਨ ਭਰ ਦੀ ਸਖ਼ਤ ਮਿਹਨਤ ਕਰ ਕੇ ਕਮਾਏ ਸਾਢੇ ਤਿੰਨ ਸੌ ਰੁਪਏ ਖੁੱਸਦੇ ਜਾਪੇ। ਘਰ ਬੇਸਬਰੀ ਨਾਲ ਉਡੀਕ ਰਹੇ ਭੁੱਖਣ ਭਾਣੇ ਨਿਆਣਿਆਂ ਦੇ ਮਾਸੂਮ ਚਿਹਰੇ ਤੇ ਆਟੇ ਖੁਣੋਂ ਖਾਲੀ ਹੋਇਆ ਭੜੋਲਾ ਉਸ ਦੀਆਂ ਅੱਖਾਂ ਅੱਗੇ ਘੁੰਮ ਗਏ। ਫੁਰਤੀ ਨਾਲ ਉਸ ਨੇ ਆਪਣਾ ਟੁੱਟਿਆ ਪੁਰਾਣਾ ਜਿਹਾ ਸਾਈਕਲ ਉਲਟ ਦਿਸ਼ਾ ਵੱਲ ਮੋੜਨਾ ਹੀ ਬਿਹਤਰ ਸਮਝਿਆ। ਘੁੰਮਣਘੇਰੀਆਂ ’ਚ ਉਲਝੇ ਜੋਗੇ ਨੂੰ ਕੁਝ ਨਹੀਂ ਸੀ ਅਹੁੜ ਰਿਹਾ। ਜਿਹੜਾ ਜੋਗਾ ਪਲ ਭਰ ਪਹਿਲਾਂ ਪਿੰਡ ਪਹੁੰਚਣ ਲਈ ਕਾਹਲਾ ਸੀ। ਹੁਣ ਸਾਈਕਲ ਦਬੱਲਦਾ ਪਿੰਡ ਤੋਂ ਵਿੱਥ ਵਧਾ ਰਿਹਾ ਸੀ। ਅਚਾਨਕ ਉਸ ਨੂੰ ਦਵਾਈਆਂ ਦੀ ਦੁਕਾਨ ਦਿਸੀ ਤਾਂ ਉਹ ਉੱਥੇ ਜਾ ਪਹੁੰਚਿਆ। ‘‘ਆਹ ਮੂੰਹ ’ਤੇ ਲਾਉਣ ਆਲੀ ਇੱਕ ਛਿੱਕਲੀ ਜਿਹੀ ਦਿਓ ਜੀ।’’ ਇਹ ਸੁਣਦਿਆਂ ਹੀ ਦੁਕਾਨਦਾਰ ਦੇ ਨਾਲ ਨਾਲ ਦੁਕਾਨ ’ਤੇ ਖੜ੍ਹੇ ਹੋਰ ਗਾਹਕ ਵੀ ਹੱਸ ਹੱਸ ਦੂਹਰੇ ਹੋ ਗਏ। ‘‘ਕ… ਕੀ ਹੋਇਆ ਜੀ?’’ ਪਹਿਲਾਂ ਤੋਂ ਹੀ ਪਰੇਸ਼ਾਨ ਜੋਗੇ ਨੇ ਚਿਹਰੇ ਤੋਂ ਮੁੜ੍ਹਕੇ ਦੀ ਘਰਾਲ ਪੂੰਝਦਿਆਂ ਵਿਚਾਰਗੀ ਨਾਲ ਪੁੱਛਿਆ।

‘‘ਛਿੱਕਲੀ ਨਈਂ ਉਹ ਮਾਸਕ ਹੁੰਦੈ।’’ ਦੁਕਾਨਦਾਰ ਨੇ ਬੜੀ ਮੁਸ਼ਕਿਲ ਨਾਲ ਹਾਸਾ ਰੋਕਦਿਆਂ ਕਿਹਾ। ‘‘ਓ ਅੱਛਾ ਅੱਛਾ ਤਾਂ ਇਸ ਗੱਲੋਂ ਹੱਸਦੇ ਓ। ਚਲੋ ਕੋਈ ਨਾ ਫੇਰ ਤਾਂ ਹੋਰ ਹੱਸ ਲਓ, ਮੈਨੂੰ ਰਤਾ ਫ਼ਰਕ ਨਈਂ ਪੈਣਾ ਕਿਉਂਕਿ ਮੈਂ ਤਾਂ ਹਾਂ ਈ ਅਨਪੜ੍ਹ ਗਵਾਰ ਬੰਦਾ। ਪਰ ਜਿਹੜੇ ਮੁਲਕ ਦੀ ਨਾਲਾਇਕੀ ਕਾਰਨ ਇਸ ਭਿਆਨਕ ਮਹਾਮਾਰੀ ਨੇ ਅਣਗਿਣਤ ਦੇਸ਼ਾਂ ’ਚ ਪੈਰ ਪਸਾਰ ਕੇ ਲਾਸ਼ਾਂ ਦੇ ਢੇਰ ਲਗਾ ਦਿੱਤੇ ਤੇ ਮੇਰੇ ਵਰਗੇ ਗ਼ਰੀਬਾਂ ਤੱਕ ਨੂੰ ਇਹ ਛਿੱਕਲੀ ਪਾਉਣ ਦੀ ਨੌਬਤ ਲਿਆ ਦਿੱਤੀ, ਯਕੀਨ ਮੰਨੋ ਮੈਨੂੰ ਤਾਂ ਉਸ ਡੁੱਲ੍ਹ ਡੁੱਲ੍ਹ ਪੈਂਦੀ ਅਕਲ ਵਾਲੇ ਮੁਲਕ ਦੀ ਬੇਅਕਲੀ ’ਤੇ ਹਾਸਾ ਵੀ ਆਉਂਦਾ ਏ ਤੇ ਰੋਣਾ ਵੀ।’’

ਅਣਮੰਨੇ ਮਨ ਨਾਲ ਮੁਸਕੁਰਾਉਂਦੇ ਸਿੱਧੇ ਪੱਧਰੇ ਜੋਗੇ ਦੀ ਦਲੀਲ ਭਰੀ ਟਿੱਪਣੀ ਸੁਣ ਕੇ ਜਿਵੇਂ ਸਾਰੇ ਹੱਸਣਾ ਹੀ ਭੁੱਲ ਗਏ।

– ਨੀਲ ਕਮਲ ਰਾਣਾ ਦਿੜ੍ਹਬਾ


ਹਿੰਮਤ

ਹੱਸਦੇ ਖੇਡਦੇ ਮਿੱਤਰਾਂ ਦੀ ਸੁਰ ਗੰਭੀਰ ਹੋ ਚੱਲੀ ਸੀ। ‘‘ਦੇਖੋ ਬਈ! ਹੁਣ ਜਾਤ-ਪਾਤ ਦੀਆਂ ਗੱਲਾਂ ਤਾਂ ਪੁਰਾਣੀਆਂ ਹੋ ਚੁੱਕੀਆਂ ਨੇ।’’ ਰਾਜਬੀਰ ਨੇ ਪੰਜਾਬ ਦੇ ਸੰਦਰਭ ਵਿੱਚ ਗੱਲ ਸਪਸ਼ਟ ਕਰਦਿਆਂ ਆਖਿਆ।

‘‘ਹਾਂ! ਹੁਣ ਤਾਂ ਆਪਣੇ ਮੁਲਕ ’ਚ ਬੱਸ ਦੋ ਈ ਮਸਲੇ ਗੰਭੀਰ ਨੇ, ਇਕ ਫ਼ਿਰਕਾਪ੍ਰਸਤੀ ਤੇ ਦੂਸਰਾ ਭ੍ਰਿਸ਼ਟਾਚਾਰ।’’ ਜਤਿੰਦਰ ਨੇ ਦਲੀਲ ਦੇ ਘੋੜੇ ਦੀ ਲਗਾਮ ਫੜਦਿਆਂ ਆਪਣਾ ਪੱਖ ਪੇਸ਼ ਕੀਤਾ।

‘‘ਹਾਂ ਠੀਕ ਐ! ਫ਼ਿਰਕਾਪ੍ਰਸਤੀ ਤੇ ਭ੍ਰਿਸ਼ਟਾਚਾਰ ਦੋ ਅਹਿਮ ਮੁੱਦੇ ਨੇ, ਪਰ ਇਸ ਤੋਂ ਵੀ ਗੰਭੀਰ ਸਮੱਸਿਆ ਆਪਣੇ ਮੁਲਕ ’ਚ ਔਰਤ ਦੇ ਸ਼ੋਸ਼ਣ ਦੀ ਹੈ।’’ ਪਰਵੀਨ ਨੇ ਸਮੱਸਿਆਵਾਂ ਦੀ ਗਹਿਰਾਈ ਵਿੱਚ ਉਤਰਦਿਆਂ ਇੱਕ ਹੋਰ ਅਹਿਮ ਮਸਲੇ ਦੀ ਗੱਲ ਕੀਤੀ।

ਚਾਹ ਦੀਆਂ ਚੁਸਕੀਆਂ ਨਾਲ ਬਹਿਸ ਹੋਰ ਸੰਜੀਦਾ ਹੋ ਚੱਲੀ ਸੀ।

‘‘ਮੇਰਾ ਖ਼ਿਆਲ ਐ ਜੇਕਰ ਆਪਣੇ ਮੁਲਕ ’ਚੋਂ ਫ਼ਿਰਕਾਪ੍ਰਸਤੀ, ਭ੍ਰਿਸ਼ਟਾਚਾਰ ਤੇ ਔਰਤ ’ਤੇ ਅੱਤਿਆਚਾਰ ਜਿਹੇ ਮਸਲੇ ਖ਼ਤਮ ਹੋ ਜਾਣ ਤਾਂ ਆਪਣਾ ਦੇਸ਼ ਬਹੁਤ ਤਰੱਕੀ ਕਰ ਸਕਦੈ, ਪਰ ਜਿਵੇਂ ਤੁਸੀ ਪਹਿਲਾਂ ਜਾਤ-ਪਾਤ ਬਾਰੇ ਗੱਲ ਕੀਤੀ ਸੀ ਮੇਰਾ ਮੰਨਣਾ ਹੈ ਕਿ ਇਹ ਕੋਈ ਏਡੀ ਖ਼ਾਸ ਸਮੱਸਿਆ ਨਹੀਂ… ਘੱਟੋ ਘੱਟ ਆਪਣੇ ਪੰਜਾਬ ਵਿਚ ਤਾਂ…।’’

ਚਾਹ ਪੀ ਕੇ ਗੱਲਬਾਤ ਕਰਦੇ ਤਿੰਨੋਂ ਮਿੱਤਰ ਦੁਕਾਨ ’ਚੋਂ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਦੇਖਿਆ ਕਿ ਦੋ ਬੀਬੀਆਂ ਦਾੜ੍ਹੀਆਂ ਵਾਲੇ ਆਦਮੀ ਇੱਕ ਨਰਮ ਜਿਹੇ ਸੋਹਣੇ ਸੁਨੱਖੇ ਮੋਨੇ ਮੁੰਡੇ ਨੂੰ ਕੁਟਾਪਾ ਚਾੜ੍ਹ ਰਹੇ ਸਨ ਅਤੇ ਉੱਚੀ ਉੱਚੀ ਬੋਲ ਕੇ ਗਾਲ੍ਹਾਂ ਵੀ ਕੱਢ ਰਹੇ ਸਨ, ‘‘ਕੁੱਤਿਆ! ਤੂੰ ਸਾਡੀ ਕੁੜੀ ਨਾਲ ਮੈਰਿਜ ਕਰਵਾਉਣ ਦੀ ਹਿੰਮਤ ਕਿਵੇਂ ਕੀਤੀ ਕੁਜਾਤੇ…?’’

– ਸੁਖਮਿੰਦਰ ਸੇਖੋਂ

Leave a Reply

Your email address will not be published. Required fields are marked *