ਪੰਜਾਬੀ ਸਾਹਿਤ ਸਭਾ ਖੰਨਾ ਦੀ ਮੀਟਿੰਗ ਦੌਰਾਨ ਗੀਤਕਾਰ ਜੰਗ ਚਾਪੜਾ ਦੇ ਗੀਤ, ਕਰਗੇ ਪੈੜਾਂ ਦੀ ਹੋਈ ਰੱਜ ਕੇ ਪ੍ਰਸੰਸਾ

ਚੰਡੀਗੜ (ਪ੍ਰੀਤਮ ਲੁਧਿਆਣਵੀ): ਪੰਜਾਬੀ ਸਾਹਿਤ ਸਭਾ ਖੰਨਾ ਦੀ ਦਸੰਬਰ ਮਹੀਨੇ ਦੀ ਮੀਟਿੰਗ ਏ. ਐਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿੱਚ ਸਭਾ ਦੇ ਪ੍ਰਧਾਨ ਜਰਨੈਲ ਮਾਂਗਟ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਇਲਾਕੇ ਦੇ ਸਾਰੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਇਹ ਮੀਟਿੰਗ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤੀ ਗਈ ਅਤੇ ਅੰਦੋਲਨ ਦੌਰਾਨ ਹੁਣ ਤੱਕ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਸਭਾ ਦੀ ਕਾਰਵਾਈ ਜਰਨਲ ਸਕੱਤਰ ਗੁਰੀ ਤੁਰਮਰੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਚਲਾਈ। ਗੀਤਕਾਰ ਜੰਗ ਚਾਪੜਾ ਦੇ ਨਵੇਂ ਗੀਤ ਕਰਗੇ ਪੈੜਾਂ ਤੇ ਭਰਵੀਂ ਚਰਚਾ ਹੋਈ ਅਤੇ ਪ੍ਰਸੰਸਾ ਕੀਤੀ ਗਈ। ਉਸਨੂੰ ਇਸ ਗੀਤ ਲਈ ਸਾਹਿਤਕਾਰਾਂ ਵੱਲੋਂ ਵਧਾਈ ਵੀ ਦਿੱਤੀ ਗਈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੁਰਾਤਨ ਵਸਤਾਂ ਸੰਭਾਲਣ ਵਾਲੇ ਨੌਜਵਾਨ ਤਸਵਿੰਦਰ ਸਿੰਘ ਬੜੈਚ ਅਤੇ ਸਭਾ ਦੇ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਸੰਧੂ ਕੋਟਲ਼ਾ ਅਜਨੇਰ ਨੇ ਦੱਸਿਆ ਕਿ ਇਸ ਵਾਰ ਮੀਟਿੰਗ ਵਿੱਚ ਪਹਿਲੀ ਵਾਰ ਆਏ ਸਾਹਿਤਕਾਰਾਂ ਦਾ ਸਵਾਗਤ ਕੀਤਾ ਗਿਆ ਅਤੇ ਰਚਨਾਵਾਂ ਦੇ ਦੌਰ ਵਿੱਚ ਸਭਾ ਦੇ ਸੀਨੀਅਰ ਗੀਤਕਾਰ ਦਰਸ਼ਨ ਗਿੱਲ ਨੇ ਗੀਤ, ਅਵਤਾਰ ਸਿੰਘ ਉਟਾਲ਼ਾਂ ਨੇ ਕਵਿਤਾ, ਹਰਨੇਕ ਭੰਡਾਲ਼ ਨੇ ਗੀਤ, ਭਗਵੰਤ ਸਿੰਘ ਲਿੱਟ ਨੇ ਗੀਤ, ਗੁਰਵਿੰਦਰ ਸਿੰਘ ਸੰਧੂ ਨੇ ਕਵਿਤਾ, ਗੁਰਦੀਪ ਮਹੌਣ ਨੇ ਮਿੰਨੀ ਕਹਾਣੀ, ਰਮਨਦੀਪ ਕੌਰ ਰਿੰਮੀ ਨੇ ਕਹਾਣੀ, ਜੰਗ ਚਾਪੜਾ ਨੇ ਗੀਤ, ਗੁਰੀ ਤੁਰਮਰੀ ਨੇ ਕਵਿਤਾ, ਗੁਰਵਰਿੰਦਰ ਗਰੇਵਾਲ ਨੇ ਗੀਤ, ਜਗਦੇਵ ਸਿੱਘ ਘੁੰਗਰਾਲ਼ੀ ਨੇ ਕਵਿਤਾ, ਧਰਮਿੰਦਰ ਸ਼ਾਹਿਦ ਨੇ ਗ਼ਜ਼ਲ, ਨੇਤਰ ਸਿੰਘ ਮੁੱਤੋਂ ਨੇ ਮਿੰਨੀ ਕਹਾਣੀ, ਹਰਬੰਸ ਮਾਲਵਾ ਨੇ ਗੀਤ, ਸੁਖਵਿੰਦਰ ਸਿੰਘ ਭਾਦਲਾ ਨੇ ਕਹਾਣੀ, ਪ੍ਰਧਾਨ ਜਰਨੈਲ ਰਾਮਪੁਰੀ ਨੇ ਦੋਹੇ ਅਤੇ ਉੱਘੇ ਗਜ਼ਲਗੋ ਸਰਦਾਰ ਪੰਛੀ ਨੇ ਗ਼ਜ਼ਲ ਦੀ ਸਾਂਝ ਪਾਈ। ਸਾਰੀਆਂ ਰਚਨਾਵਾਂ ਤੇ ਭਰਵੀਂ ਵਿਚਾਰ ਚਰਚਾ ਹੋਈ, ਜਿਸ ਵਿੱਚ ਮਨਜੀਤ ਸਿੰਘ ਧੰਜਲ ਅਤੇ ਮਾਸਟਰ ਕਿਰਪਾਲ ਸਿੰਘ ਘਡਾਣੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਅੰਤ ਵਿੱਚ ਪ੍ਰਧਾਨ ਜਰਨੈਲ ਰਾਮਪੁਰੀ ਨੇ ਪੁੱਜੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *