ਲਹਿੰਦੇ ਪੰਜਾਬ ਦੀਆਂ ਫ਼ਿਲਮਾਂ ਦੀ ‘ਹੀਰ’ ਫ਼ਿਰਦੌਸ

ਮਨਦੀਪ ਸਿੰਘ ਸਿੱਧੂ

ਲਹਿੰਦੇ ਪੰਜਾਬ ਦੀਆਂ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਫ਼ਿਰਦੌਸ ਦਾ ਇਸੇ ਮਹੀਨੇ 73 ਸਾਲਾਂ ਦੀ ਉਮਰ ਵਿਚ ਇੰਤਕਾਲ ਹੋ ਗਿਆ ਹੈ। ਇਸ ਪੰਜਾਬਣ ਅਦਾਕਾਰਾ ਦੀ ਪੈਦਾਇਸ਼ 4 ਅਗਸਤ 1947 ਨੂੰ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਉਸ ਦਾ ਅਸਲ ਨਾਮ ਪਰਵੀਨ ਸੀ, ਜਿਸ ਨੇ ਆਪਣੀ ਦਿਲਕਸ਼ ਅਦਾਕਾਰੀ ਜ਼ਰੀਏ ਫ਼ਿਲਮ-ਮੱਦਾਹਾਂ ਤੇ ਸਿਨਮਾ ਸਕਰੀਨ ’ਤੇ ਖ਼ੂਬ ਰਾਜ ਕੀਤਾ। ਫ਼ਿਰਦੌਸ ਨੂੰ ਪਾਕਿਸਤਾਨੀ ਫ਼ਿਲਮ ਸਨਅਤ ਦੀ ‘ਹੀਰ’ ਵੀ ਕਿਹਾ ਜਾਂਦਾ ਸੀ ਜੋ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਫ਼ਿਲਮ-ਮੱਦਾਹਾਂ ਵਿਚ ਬੜੀ ਮਕਬੂਲ ਰਹੀ ਹੈ।

ਜਦੋਂ ਹਿਦਾਇਤਕਾਰ ਨਖ਼ਸ਼ਬ (ਪਾਕਿਸਤਾਨ ਵਿਚ ਪਹਿਲੀ ਫ਼ਿਲਮ) ਨੇ ਗਜ਼ਾਲੀਸਤਾਨ ਫ਼ਿਲਮਜ਼, ਲਾਹੌਰ ਦੇ ਬੈਨਰ ਹੇਠ ਉਰਦੂ ਫ਼ਿਲਮ ‘ਫ਼ਾਨੂਸ’ (1963) ਬਣਾਈ, ਤਾਂ ਪੰਜਾਬਣ ਮੁਟਿਆਰ ਪਰਵੀਨ ਨੂੰ ‘ਫ਼ਿਰਦੌਸ’ ਦੇ ਨਵੇਂ ਨਾਮ ਨਾਲ ਪੇਸ਼ ਕਰਵਾਇਆ। ਫ਼ਿਰਦੌਸ ਨੇ ਇਸ ਫ਼ਿਲਮ ਵਿਚ ਨ੍ਰਿਤ ਅਦਾਕਾਰਾ ਦਾ ਛੋਟਾ ਜਿਹਾ ਪਾਰਟ ਅਦਾ ਕੀਤਾ, ਜਦੋਂ ਕਿ ਮਰਕਜ਼ੀ ਕਿਰਦਾਰ ਵਿਚ ਅਦਾਕਾਰਾ ਕੋਮਲ ਤੇ ਸਲਮਾਨ ਪੀਰਜ਼ਾਦਾ ਮੌਜੂਦ ਸਨ। ਇਹ ਫ਼ਿਲਮ 26 ਫਰਵਰੀ 1963 ਨੂੰ ਲਾਹੌਰ ਵਿਚ ਰਿਲੀਜ਼ ਹੋਈ ਤੇ ਨਾਕਾਮ ਫ਼ਿਲਮ ਸਾਬਤ ਹੋਈ। ਇਸ ਤੋਂ ਬਾਅਦ ਫ਼ਿਰਦੌਸ ਨੇ 3 ਉਰਦੂ ਫ਼ਿਲਮਾਂ ‘ਖ਼ਾਨਦਾਨ’, ‘ਮੈਖ਼ਾਨਾ’ ਤੇ ‘ਔਰਤ ਕਾ ਪਯਾਰ’ ਵਿਚ ਸਹਾਇਕ ਹੀਰੋਇਨ ਦੇ ਕਿਰਦਾਰ ਨਿਭਾਏ। ਜਦੋਂ ਹਿਦਾਇਤਕਾਰ ਸ਼ਬਾਬ ਖ਼ਰਾਨਵੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਦੀ ਸ਼ਬਾਬ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਏ. ਹਮੀਦ ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਮਲੰਗ’ (1964) ਬਣਾਈ ਤਾਂ ਫ਼ਿਰਦੌਸ ਨੂੰ ਮੁੱਖ ਕਿਰਦਾਰ ਵਿਚ ਪੇਸ਼ ਕੀਤਾ, ਜਿਸ ਦੇ ਰੂਬਰੂ ਅਦਾਕਾਰ ਅਲਾਊਦੀਨ ‘ਮਲੰਗ’ ਦਾ ਟਾਈਟਲ ਪਾਰਟ ਅਦਾ ਕਰ ਰਿਹਾ ਸੀ। ਸੰਗੀਤ ਮਨਜ਼ੂਰ ਅਸ਼ਰਫ਼, ਗੀਤ ਬਾਬਾ ਆਲਮ ਸਿਆਹਪੋਸ਼ ਤੇ ਬਸ਼ੀਰ ਖੋਖਰ (ਇਕ ਗੀਤ), ਕਹਾਣੀ ਤੇ ਮੰਜ਼ਰਨਾਮਾ ਸ਼ਬਾਬ ਖ਼ਰਾਨਵੀ ਅਤੇ ਮੁਕਾਲਮੇ ਬਾਬਾ ਆਲਮ ਸਿਆਹ ਪੋਸ਼ ਨੇ ਤਹਿਰੀਰ ਕੀਤੇ ਸਨ।

ਜਦੋਂ ਫ਼ਿਲਮਸਾਜ਼ ਜ਼ਫ਼ਰ ਬੁਖ਼ਾਰੀ ਨੇ ਆਪਣੇ ਜ਼ਾਤੀ ਬੈਨਰ ਬੋਖ਼ਾਰੀ ਫ਼ਿਲਮਜ਼, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਸਹਾਇਕ ਐੱਸ. ਜਮਸ਼ੇਰੀ) ਵਿਚ ਸਈਅਦ ਵਾਰਿਸ ਸ਼ਾਹ ਦੇ ਕਿੱਸੇ ’ਤੇ ਪੰਜਾਬੀ ਫ਼ਿਲਮ ‘ਹੀਰ ਸਿਆਲ’ (1965) ਬਣਾਈ ਤਾਂ ਫ਼ਿਰਦੌਸ ਨੂੰ ‘ਹੀਰ’ ਦਾ ਕਿਰਦਾਰ ਦਿੱਤਾ, ਜਿਸ ਦੇ ਸਨਮੁੱਖ ਅਕਮਲ (ਅਦਾਕਾਰ ਅਜਮਲ ਦਾ ਛੋਟਾ ਭਰਾ) ‘ਰਾਂਝੇ’ ਦਾ ਕਿਰਦਾਰ ਨਿਭਾ ਰਿਹਾ ਸੀ। ਸੰਗੀਤ ਬਖ਼ਸ਼ੀ ਵਜ਼ੀਰ, ਗੀਤ ਵਾਰਿਸ ਲੁਧਿਆਣਵੀ, ਜ਼ਾਹਿਰ ਕਸ਼ਮੀਰੀ, ਤਨਵੀਰ ਨੱਕਵੀ (ਇਕ ਗੀਤ) ਅਤੇ ਮੁਕਾਲਮਾਨਿਗ਼ਾਰ ਬਾਬਾ ਆਲਮ ਸਿਆਹਪੋਸ਼ ਸਨ। ਫ਼ਿਰਦੌਸ ’ਤੇ ਫ਼ਿਲਮਾਏ ‘ਛਮਕ ਵਾਂਗ ਮੈਂ ਲੱਚਕਾਂ ਖਾਵਾਂ, ਛੱਲ ਵਰਗੀ ਮੇਰੀ ਚਾਲ, ਕਹਿਣ ਮੈਨੂੰ ਹੀਰ ਸਿਆਲ’ ਤੇ ‘ਮੈਥੋਂ ਖ਼ੁਸ਼ੀਆਂ ਨਾ ਜਾਣ ਅੱਜ ਕੱਜੀਆਂ…ਅੱਡੀ ਲੱਗੇ ਨਾ ਜ਼ਮੀਨ ਉੱਤੇ ਮੇਰੀ’ (ਨਸੀਮ ਬੇਗ਼ਮ) ਆਦਿ ਗੀਤ ਬੜੇ ਪਸੰਦ ਕੀਤੇ ਗਏ। 3 ਸਤੰਬਰ 1965 ਨੂੰ ਲਾਹੌਰ ਵਿਖੇ ਪਰਦਾਪੇਸ਼ ਹੋਈ ਇਹ ਫ਼ਿਲਮ ਵੀ ਨਾਕਾਮ ਸਾਬਤ ਹੋਈ। ਕਾਮਯਾਬੀ ਲਈ ਉਸ ਨੂੰ ਬਾਹਲਾ ਇੰਤਜ਼ਾਰ ਨਹੀਂ ਕਰਨਾ ਪਿਆ। ਜਦੋਂ ਚੌਧਰੀ ਮੁਹੰਮਦ ਅਸਲਮ ਨੇ ਆਪਣੇ ਫ਼ਿਲਮਸਾਜ਼ ਅਦਾਰੇ ਚੌਧਰੀ ਫ਼ਿਲਮਜ਼, ਲਾਹੌਰ ਦੇ ਬੈਨਰ ਹੇਠ ਰਸ਼ੀਦ ਅਖ਼ਤਰ ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਮਲੰਗੀ’ (1965) ਬਣਾਈ ਤਾਂ ਫ਼ਿਰਦੌਸ ਨੂੰ ਮਰਕਜ਼ੀ ਕਿਰਦਾਰ ਦਿੱਤਾ, ਜਿਸ ਦੇ ਸਨਮੁੱਖ ਅਦਾਕਾਰ ਅਕਮਲ ਡਾਕੂ ‘ਮਲੰਗੀ’ ਦਾ ਟਾਈਟਲ ਰੋਲ ਕਰ ਰਿਹਾ ਸੀ। ਗੀਤ ਮਾਸਟਰ ਅਬਦੁੱਲਾ, ਹਜ਼ੀਨ ਕਾਦਰੀ ਅਤੇ ਸੰਗੀਤ ਮਾਸਟਰ ਅਬਦੁੱਲਾ ਨੇ ਦਿੱਤਾ। ਉਂਜ ਤਾਂ ਫ਼ਿਲਮ ਦੇ ਸਾਰੇ ਗੀਤ ਖ਼ੂਬਸੂਰਤ ਸਨ, ਪਰ ਫ਼ਿਰਦੌਸ ’ਤੇ ਫ਼ਿਲਮਾਏ ਫ਼ਿਲਮ ਦੇ ਗੀਤ ‘ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਅੱਲਾ ਦਾ ਸਾਈਂ ਦੇਰ ਨਾ ਲਾਵੀਂ’ (ਨੂਰਜਹਾਂ) ਦੀ ਮਕਬੂਲੀਅਤ ਨੇ ਉਸ ਨੂੰ ਸੁਪਰ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਉਸ ਨੇ ‘ਚਾਚਾ ਜੀ’, ‘ਚੰਨ ਜੀ’, ‘ਮਿਰਜ਼ਾ ਜੱਟ’ (1967), ‘ਪਿੰਡ ਦੀ ਕੁੜੀ’, ‘ਯਾਰ ਦੋਸਤ’, ‘ਪੱਗੜੀ ਸੰਭਾਲ ਜੱਟਾ’, ‘ਮੇਰਾ ਬਾਬੁਲ’, ‘ਬਾਊ ਜੀ’, ‘ਜਵਾਨੀ ਮਸਤਾਨੀ’, ‘ਮੁਰਾਦ ਬੁਲੋਚ’ (1968), ‘ਪੰਜ ਦਰਿਆ’, ‘ਹੈਦਰ ਖ਼ਾਨ’, ‘ਰੰਨ ਮੁਰੀਦ’, ‘ਦਿਲਾਂ ਦੇ ਸੌਦੇ’, ‘ਨਾਜੋ’, ‘ਦਿਲਦਾਰ’, ‘ਸ਼ੇਰਾਂ ਦੀ ਜੋੜੀ’, ‘ਲੱਛੀ’, ‘ਇਸ਼ਕ ਨਾ ਪੁੱਛੇ ਜ਼ਾਤ’, ‘ਸ਼ੇਰਾਂ ਦੇ ਪੁੱਤਰ ਸ਼ੇਰ’, ‘ਕੌਲ ਕਰਾਰ’, ‘ਦੁੱਲਾ ਹੈਦਰੀ’, ‘ਢੋਲ ਸਿਪਾਹੀ’, ‘ਜੱਗੂ’ (1969) ਵਰਗੀਆਂ ਕਾਮਯਾਬ ਫ਼ਿਲਮਾਂ ਵਿਚ ਆਪਣੀ ਕਮਾਲ ਦੀ ਅਦਾਕਾਰੀ ਨਾਲ ਸਫ਼ਾ-ਏ-ਅੱਵਲ ਦੀ ਅਦਾਕਾਰਾ ਬਣੀ ਰਹੀ।

ਪੰਜਾਬ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਜਦੋਂ ਮਸੂਦ ਪਰਵੇਜ਼ (ਅੰਮ੍ਰਿਤਸਰ) ਤੇ ਇਜਾਜ਼ ਦੁੱਰਾਨੀ (ਜਲਾਲਪੁਰ ਜੱਟਾਂ) ਨੇ ਸਾਂਝੇਦਾਰੀ ਨਾਲ ਅਜ਼ੀਮ ਪੰਜਾਬੀ ਸੂਫ਼ੀ ਸ਼ਾਇਰ ਵਾਰਿਸ ਸ਼ਾਹ ਦੇ ਮਸ਼ਹੂਰ ਰੁਮਾਨੀ ਕਿੱਸੇ ’ਤੇ ਕਲਾਤਮਿਕ ਪੰਜਾਬੀ ਫ਼ਿਲਮ ‘ਹੀਰ ਰਾਂਝਾ’ (1970) ਬਣਾਈ, ਜਿਸ ਦੇ ਹਿਦਾਇਤਕਾਰ ਵੀ ਮਸੂਦ ਪਰਵੇਜ਼ ਖ਼ੁਦ ਸਨ। ਇਸ ਫ਼ਿਲਮ ਵਿਚ ਉਨ੍ਹਾਂ ਨੇ ਫ਼ਿਰਦੌਸ ਨੂੰ ‘ਹੀਰ’ ਦਾ ਕਿਰਦਾਰ ਦਿੱਤਾ, ਜਿਸ ਦੇ ਹਮਰਾਹ ਇਜਾਜ਼ ਦੁੱਰਾਨੀ ‘ਰਾਂਝੇ’ ਦਾ ਰੋਲ ਅਦਾ ਕਰ ਰਿਹਾ ਸੀ। ਕਹਾਣੀ, ਮੁਕਾਲਮੇ ਤੇ ਗੀਤ ਅਹਿਮਦ ਰਾਹੀ (ਅੰਮ੍ਰਿਤਸਰ) ਅਤੇ ਸੰਗੀਤ ਖਵਾਜਾ ਖ਼ੁਰਸ਼ੀਦ ਅਨਵਰ (ਮੀਆਂਵਾਲੀ) ਨੇ ਤਾਮੀਰ ਕੀਤਾ। ਇਹ ਫ਼ਿਲਮ ਜਿੱਥੇ ਆਪਣੀ ਖ਼ੂਬਸੂਰਤ ਸੰਵਾਦ-ਅਦਾਇਗੀ ਕਰ ਕੇ ਦੋਵਾਂ ਪੰਜਾਬਾਂ ਵਿਚ ਅੱਜ ਤਕ ਪਸੰਦ ਕੀਤੀ ਜਾਂਦੀ ਹੈ, ਉੱਥੇ ਫ਼ਿਰਦੌਸ ’ਤੇ ਫ਼ਿਲਮਾਏ ਇਸ ਦੇ ਗੀਤਾਂ ‘ਸੁਣ ਵੰਝਲੀ ਦੀ ਮਿੱਠੜੀ ਤਾਣ ਵੇ’, ‘ਚੰਨ ਮਾਹੀਆ ਤੇਰੀ ਰਾਹ ਪਈ ਤੱਕਣੀ ਆਂ’ (ਨੂਰਜਹਾਂ), ‘ਓ ਵੰਝਲੀ ਵਾਲੜਿਆ ਤੂੰ ਤਾਂ ਮੋਹ ਲਈ ਓਹ ਮੁਟਿਆਰ’ (ਨੂਰਜਹਾਂ, ਮੁਨੀਰ ਹੁਸੈਨ) ਆਦਿ ਨੇ ਵੀ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ। ਇਸ ਫ਼ਿਲਮ ਵਿਚ ਫ਼ਿਰਦੌਸ ਨੇ ‘ਹੀਰ’ ਦਾ ਕਿਰਦਾਰ ਬਹੁਤ ਵਧੀਆ ਅਦਾ ਕੀਤਾ। ਕਹਿੰਦੇ ਨੇ ਪਈ ਜਦੋਂ ਵਾਰਿਸ ਸ਼ਾਹ ਦੀ ਮਜ਼ਾਰ ’ਤੇ ਹੀਰ ਦੀ ਤਸਵੀਰ ਲਾਉਣ ਦੀ ਗੱਲ ਚੱਲੀ ਤਾਂ ਸਭ ਨੇ ਫ਼ਿਰਦੌਸ ਦੀ ‘ਹੀਰ ਰਾਂਝਾ’ ਫ਼ਿਲਮ ਵਾਲੀ ਤਸਵੀਰ ਲਾਉਣ ਦਾ ਮਸ਼ਵਰਾ ਦਿੱਤਾ। ਇਹ ਫ਼ਿਲਮ ਇਕ ਤਾਰੀਖ਼ ਹੈ ਬਰ-ਏ-ਸਗ਼ੀਰ ਵਿਚ ਹੁਣ ਤਕ ਰੁਮਾਨੀ ਵਿਸ਼ਿਆਂ ’ਤੇ ਬਣੀਆਂ ਤਮਾਮ ਫ਼ਿਲਮਾਂ ਵਿਚੋਂ ਸਭ ਤੋਂ ਵੱਡੀ ਲਾਜਵਾਬ ਤੇ ਕਾਮਯਾਬ ਫ਼ਿਲਮ ਕਰਾਰ ਪਾਈ ਜੋ ਆਪਣੇ-ਆਪ ਵਿਚ ਇਕ ਮਿਸਾਲ ਹੈ। ਇਹ ਫ਼ਿਲਮ 19 ਜੂਨ 1970 ਨੂੰ ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਗੋਲਡਨ ਜੁਬਲੀ ਫ਼ਿਲਮ ਕਰਾਰ ਪਾਈ।

ਇਸ ਫ਼ਿਲਮ ਦੀ ਜਬਰਦਸਤ ਕਾਮਯਾਬੀ ਤੋਂ ਬਾਅਦ ਫ਼ਿਰਦੌਸ ਨੇ ਭੱਟੀ ਪਿਕਚਰਜ਼, ਲਾਹੌਰ ਦੀ ਐੱਸ. ਏ. ਅਸਰਫ਼ੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਦੁਨੀਆ ਮਤਲਬ ਦੀ’ (1970) ਵਿਚ ਅਦਾਕਾਰ/ ਗੁਲੂਕਾਰ ਇਨਾਇਤ ਹੁਸੈਨ ਭੱਟੀ ਨਾਲ ਕੰਮ ਕੀਤਾ। ਇਕ ਜੂਨ 1970 ਨੂੰ ਲਾਹੌਰ ਵਿਚ ਰਿਲੀਜ਼ ਹੋਈ ਇਸ ਫ਼ਿਲਮ ਨੇ ਵੀ ਗੋਲਡਨ ਜੁਬਲੀ ਮਨਾਈ। ਜ਼ੈੱਡ. ਆਈ. ਪ੍ਰੋਡਕਸ਼ਨਜ਼, ਲਾਹੌਰ ਦੀ ਇਫ਼ਤਿਖ਼ਾਰ ਖ਼ਾਨ ਨਿਰਦੇਸ਼ਿਤ ਫ਼ਿਲਮ ‘ਸੱਜਣਾ ਦੂਰ ਦਿਆ’ (1970) ’ਚ ਇਕ ਵਾਰ ਫਿਰ ਫ਼ਿਰਦੌਸ ਤੇ ਇਜਾਜ਼ ਦੁੱਰਾਨੀ ਦੀ ਜੋੜੀ ਸੀ। ਨਜ਼ੀਰ ਅਲੀ ਦੇ ਸੰਗੀਤ ’ਚ ਹਜ਼ੀਨ ਕਾਦਰੀ ਦਾ ਲਿਖਿਆ ਤੇ ਫ਼ਿਰਦੌਸ ’ਤੇ ਫ਼ਿਲਮਾਇਆ ਟਾਈਟਲ ਗੀਤ ‘ਸੱਜਣਾ ਹਾਂ ਦੂਰ ਦਿਆ’ (ਨੂਰਜਹਾਂ) ਵੀ ਬੜਾ ਮਸ਼ਹੂਰ ਹੋਇਆ। ਇਸ ਫ਼ਿਲਮ ਨੇ ਵੀ ਲਾਹੌਰ ਵਿਚ ਗੋਲਡਨ ਜੁਬਲੀ ਮਨਾਈ।

ਆਪਣੀਆਂ ਫ਼ਿਲਮਾਂ ਦੇ ਸ਼ੁਰੂਆਤੀ ਦੌਰ ਵਿਚ ਫ਼ਿਰਦੌਸ ਦੀ ਜੋੜੀ ਅਕਮਲ ਨਾਲ ਬੜੀ ਮਸ਼ਹੂਰ ਹੋਈ ਸੀ। ਫ਼ਿਰਦੌਸ ਦੀ ਅਦਾਕਾਰ ਲਾਲਾ ਸੁਧੀਰ ਤੇ ਹਬੀਬ ਦੇ ਨਾਲ ਵੀ ਜੋੜੀ ਬੜੀ ਪਸੰਦ ਕੀਤੀ ਗਈ, ਪਰ ਇਜਾਜ਼ ਦੁੱਰਾਨੀ ਨਾਲ ਉਸ ਦੀ ਜੋੜੀ ਨੂੰ ਓਹੀ ਮੁਕਾਮ ਹਾਸਲ ਹੈ ਜੋ ਪਾਕਿਸਤਾਨ ਦੀ ਫ਼ਿਲਮੀ ਤਾਰੀਖ਼ ਵਿਚ ਸਬੀਹਾ ਖ਼ਾਨੁਮ-ਸੰਤੋਸ਼ ਕੁਮਾਰ, ਜ਼ੇਬਾ-ਮੁਹੰਮਦ ਅਲੀ, ਸ਼ਬਨਮ- ਨਦੀਮ ਜਾਂ ਨਗ਼ਮਾ-ਹਬੀਬ ਦੀਆਂ ਜੋੜੀਆਂ ਨੂੰ ਹਾਸਲ ਰਿਹਾ ਹੈ। ਫ਼ਿਰਦੌਸ ਦੀ ਹੀਰੋਇਨ ਵਜੋਂ ਆਖ਼ਰੀ ਪੰਜਾਬੀ ਫ਼ਿਲਮ ਖ਼ੁਰਮ ਪ੍ਰੋਡਕਸ਼ਨਜ਼, ਲਾਹੌਰ ਦੀ ਐੱਚ. ਖ਼ਾਲਿਦ ਨਿਰਦੇਸ਼ਿਤ ‘ਮਾਣ ਜਵਾਨੀ ਦਾ’ (1976) ਸੀ, ਜਿਸ ਵਿਚ ਹੀਰੋ ਦਾ ਪਾਰਟ ਹਬੀਬ ਨੇ ਅਦਾ ਕੀਤਾ। ਕੁਝ ਅਰਸੇ ਬਾਅਦ ਫ਼ਿਰਦੌਸ ਨੇ ਖ਼ਾਨ ਪ੍ਰੋਡਕਸ਼ਨਜ਼, ਲਾਹੌਰ ਦੀ ਐੱਮ. ਬਸ਼ੀਰ ਨਿਰਦੇਸ਼ਿਤ ਫ਼ਿਲਮ ‘ਸੋਹਣੀ ਧਰਤੀ’ (1979) ’ਚ ਚਰਿੱਤਰ ਅਦਾਕਾਰਾ ਵਜੋਂ ਵਾਪਸੀ ਕੀਤੀ। 1984 ਤੋਂ 1991 ਤਕ ਬਣੀਆਂ ਦਰਜਨਾਂ ਫ਼ਿਲਮਾਂ ਵਿਚ ਉਸ ਨੇ ਸਿਰਫ਼ ਚਰਿੱਤਰ ਭੂਮਿਕਾਵਾਂ ਹੀ ਨਿਭਾਈਆਂ ਸਨ। ਉਸ ਤੋਂ ਬਾਅਦ ਉਸ ਨੇ ਮੁਕੰਮਲ ਤੌਰ ’ਤੇ ਫ਼ਿਲਮਾਂ ਨੂੰ ਛੱਡ ਦਿੱਤਾ ਸੀ।

ਫ਼ਿਰਦੌਸ ਦਾ ਪਹਿਲਾ ਵਿਆਹ ਅਦਾਕਾਰ ਅਕਮਲ ਨਾਲ, ਦੂਜਾ ਫ਼ਿਲਮਸਾਜ਼ ਸ਼ੇਖ਼ ਨਜ਼ੀਰ ਹੁਸੈਨ ਤੋਂ ਇਲਾਵਾ ਇਜਾਜ਼ ਦੁੱਰਾਨੀ ਦਾ ਵੀ ਜ਼ਿਕਰ ਮਿਲਦਾ ਹੈ। ਫ਼ਿਰਦੌਸ ਨੇ 4 ਦਹਾਕਿਆਂ ਵਿਚ 170 ਫ਼ਿਲਮਾਂ ਵਿਚ ਆਪਣੇ ਆਲ੍ਹਾ ਫ਼ਨ ਦੀ ਪੇਸ਼ਕਾਰੀ ਕੀਤੀ, ਜਿਨ੍ਹਾਂ ਵਿਚ 141 ਪੰਜਾਬੀ, 23 ਉਰਦੂ ਅਤੇ 4 ਪਸ਼ਤੋ ਫ਼ਿਲਮਾਂ ਸ਼ਾਮਲ ਹਨ। ਇਸ ਤੋਂ ਇਲਾਵਾ ਫ਼ਿਰਦੌਸ ਟੈਲੀਵਿਜ਼ਨ ਤੇ ਥੀਏਟਰ ਨਾਲ ਵੀ ਜੁੜੀ ਰਹੀ। ਮੋਟੀਆਂ ਤੇ ਨਸ਼ੀਲੀਆਂ ਅੱਖਾਂ ਅਤੇ ਦਰਾਜ਼ ਕੱਦ ਵਾਲੀ ਇਸ ਮਾਰੂਫ਼ ਅਦਾਕਾਰਾ ਨੂੰ ਦੋਵਾਂ ਪੰਜਾਬਾਂ ਦੇ ਫ਼ਿਲਮਬੀਨ ਕਦੇ ਫ਼ਰਾਮੋਸ਼ ਨਹੀਂ ਕਰ ਸਕਣਗੇ।

Leave a Reply

Your email address will not be published. Required fields are marked *