ਸਿਦਕ ਤੋਂ ਸੰਤਾਨ ਸਦਕੇ

ਲਾਸਾਨੀ ਕੁਰਬਾਨੀ

ਕੈਨਵਸ ਉਪਰ ਬਣੀ ਤਸਵੀਰ ਉਸ ਵੇਰਵੇ ਨੂੰ ਬਿਆਨ ਰਹੀ ਹੈ ਜੋ ਇਤਿਹਾਸ ਦਾ ਹਿੱਸਾ ਹੈ। ਇਹ ਕਾਲਪਨਿਕ ਰਚਨਾ ਹੈ, ਪਰ ਇਸ ਦਾ ਆਧਾਰ ਸੱਚੀ ਸ਼ਬਦ-ਰਚਨਾ ਹੈ। ਚਿੱਤਰਕਾਰ ਨੇ ਇਕ ਕਾਲ-ਖੰਡ ਵਿਚ ਹੋਣ ਵਾਲੇ ਵੱਖ ਵੱਖ ਕਾਰਜਾਂ ਨੂੰ ਇਕ ਦ੍ਰਿਸ਼ ਵਿਚ ਪੇਂਟ ਕੀਤਾ ਹੈ।

ਜੋ ਕੁਝ ਦਿਖਾਈ ਦੇ ਰਿਹਾ ਹੈ, ਸੁਖਾਵਾਂ ਨਹੀਂ। ਕਿਰਪਾਲ ਸਿੰਘ ਦੀਆਂ ਪੇਂਟਿੰਗਾਂ ਦਾ ਸੁਭਾਅ ਆਮ ਤੌਰ ’ਤੇ ਸੁਖਾਵਾਂ ਨਾ ਹੋਣ ਦਾ ਕਾਰਨ ਹੈ ਕਿ ਉਹ ਮਨ ਦਾ ਅਨੁਸਾਰੀ ਨਹੀਂ, ਸਥਿਤੀ ਅਨੁਸਾਰੀ ਹੈ।

ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਸਮਾਂ ਸਿੱਖਾਂ ਵਾਸਤੇ ਅਰਾਜਕਤਾ ਦਾ ਸਮਾਂ ਸੀ। ਹਰੇਕ ਮੁਗ਼ਲ, ਅਫ਼ਗ਼ਾਨ ਹੁਕਮਰਾਨ ਨੇ ਸਿੱਖਾਂ ਨੂੰ ਆਪਣੀ ਤਰ੍ਹਾਂ ਦਮਨ ਦਾ ਨਿਸ਼ਾਨਾ ਬਣਾਇਆ। ਮੁਇਨ ਉਲ ਮੁਲਕ  (ਮੀਰ ਮੰਨੂ, ਅਪਰੈਲ 1748 ਤੋਂ ਨਵੰਬਰ 1753 ਤੱਕ ਲਾਹੌਰ ਦਾ ਗਵਰਨਰ) ਨੇ ਸਿੱਖਾਂ ਤੋਂ ਇਲਾਵਾ ਸਿੰਘਣੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਜ਼ੁਲਮ ਦੇ ਦਾਇਰੇ ਵਿਚ ਲਿਆਂਦਾ।

‘ਸਿਦਕ ਤੋਂ ਸੰਤਾਨ ਸਦਕੇ’ (1969) ਉਸੇ ਘਟਨਾਕ੍ਰਮ ਨੂੰ ਦਰਸਾਉਂਦਾ ਚਿੱਤਰ ਹੈ ਜਿਸ ਦਾ ਆਕਾਰ ਤਰਵਿੰਜਾ ਇੰਚ ਗੁਣਾ ਚੁਰਾਸੀ ਇੰਚ ਹੈ। ਇਹਦੇ ਅੰਦਰ ਇਕੋ ਸਮੇਂ ਕਈ ਕਾਰਜ ਹੋ ਰਹੇ ਹਨ। ਹਰੇਕ ਦਾ ਇਤਿਹਾਸ ਅਤੇ ਤ੍ਰਾਸਦੀ ਦੇ ਸੰਦਰਭ ਵਿਚ ਆਪਣਾ ਮਹੱਤਵ ਹੈ।

ਅਪਰੈਲ 1752 ਵਿਚ ਅਹਿਮਦ ਸ਼ਾਹ ਦੁਰਾਨੀ ਦੇ ਮੁਲਤਾਨ ਉਪਰ ਹਮਲੇ ਵੇਲੇ ਲੜਾਈ ਵਿਚ ਦੀਵਾਨ ਕੌੜਾ ਮੱਲ ਮਾਰਿਆ ਗਿਆ ਜੋ ਸਿੱਖਾਂ ਦਾ ਹਮਦਰਦ ਸੀ। ਉਹਦੇ ਨਾ ਰਹਿਣ ਕਰਕੇ ਸਿੱਖਾਂ ਪ੍ਰਤੀ ਹਕੂਮਤ ਦੇ ਰਵੱਈਏ ਵਿਚ ਤਬਦੀਲੀ ਆ ਗਈ। ਦੂਜਾ ਕਾਰਨ ਘੱਟ ਮਹੱਤਵਪੂਰਨ ਨਹੀਂ। ਮੁਗ਼ਲਾਂ-ਅਫ਼ਗਾਨਾਂ ਦੀ ਆਪਸੀ ਲੜਾਈ ਦਾ ਲਾਭ ਲੈਂਦਿਆਂ ਸਿੱਖ ਸਰਦਾਰਾਂ-ਯੋਧਿਆਂ ਨੇ ਜ਼ਮੀਨ ਦੇ ਵੱਡੇ ਹਿੱਸੇ ’ਤੇ ਕਬਜ਼ੇ ਕਰ ਲਿਆ। ਇਸ ਕਾਰਨ ਰੋਹ ’ਚ ਆਇਆ ਮੀਰ ਮਨੂੰ ਬਦਲੇ ਖ਼ਾਤਰ ਸਿੱਖਾਂ ਨੂੰ ਖ਼ਤਮ ਕਰਨ ਦੇ ਰਾਹ ਤੁਰ ਪਿਆ। ਉਸ ਨੇ ਆਪਣੀ ਫ਼ੌਜ ਨੂੰ ਇਹ ਕੰਮ ਕਰਨ ਲਈ ਕਿਹਾ। ਇਹ ਹੁਕਮ ਵੀ ਦਿੱਤਾ ਕਿ ਸਿੱਖਾਂ ਦੀਆਂ ਸਿੰਘਣੀਆਂ ਤੇ ਬੱਚਿਆਂ ਨੂੰ ਬੇੜੀਆਂ ਪਾ ਲਾਹੌਰ ਦੀ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇ। ਬਜ਼ੁਰਗ ਅਤੇ ਕਮਜ਼ੋਰ ਲਾਹੌਰ  ਪਹੁੰਚਣ ਤੋਂ ਪਹਿਲਾਂ ਹੀ ਪ੍ਰਾਣ ਤਿਆਗ ਗਏ। ਕਿਰਪਾਲ ਸਿੰਘ ਦੀ ਪੇਂਟਿੰਗ ਕਿਸੇ ਵਲਗਣ ਦਾ ਸੰਕੇਤ ਨਹੀਂ ਦਿੰਦੀ। ਇਹਦੇ ਖੱਬੇ ਵੱਲ ਮਜ਼ਬੂਤ ਮਸਜਿਦ ਹੈ ਜਦੋਂਕਿ ਸੱਜੇ ਵੱਲ ਕੋਠੜੀ ਦਾ ਥੋੜ੍ਹਾ ਜਿਹਾ ਹਿੱਸਾ ਦਿਸਦਾ ਹੈ। ਦੂਰ-ਦੂਰ ਤੱਕ ਕੋਈ ਹੋਰ ਇਮਾਰਤ ਨਹੀਂ।

ਪਹਿਲੀ ਨਜ਼ਰੇ ਦਰਸ਼ਕ ਦਾ ਸਾਹਮਣਾ ਹੌਲਨਾਕ ਦ੍ਰਿਸ਼ ਨਾਲ ਹੁੰਦਾ ਹੈ ਜੋ ਕੇਂਦਰੀ ਵੀ ਹੈ। ਜੋ ਵਾਪਰ ਰਿਹਾ ਹੈ ਉਹ ਸਿੱਖ ਧਰਮ ਦੇ ਇਤਿਹਾਸ ਦੀ ਅਤਿ ਦੁਖਦ ਘਟਨਾ ਹੈ। ਇਹ ਨਾ ਤਾਂ ਪਹਿਲੀ ਹੈ ਅਤੇ ਨਾ ਹੀ ਆਖ਼ਰੀ। ਧਰਤੀ ਉਪਰ ਪੱਕੇ ਪੈਰੀਂ ਖੜ੍ਹੇ ਜਲਾਦ ਨੇ ਆਪਣੇ ਦੋਹਾਂ ਹੱਥਾਂ ਨਾਲ ਬਰਛਾ ਫੜਿਆ ਹੋਇਆ ਹੈ ਜਿਸ ਦਾ ਇਕ ਹਿੱਸਾ ਜ਼ਮੀਨ ਛੋਹ ਰਿਹਾ ਹੈ। ਇਹਦੇ ਸਾਹਮਣੇ ਖੜ੍ਹੇ ਦੂਜੇ ਜਲਾਦ ਦਾ ਕੰਮ ਨਿੱਕੇ ਬੱਚਿਆਂ ਨੂੰ ਫੜ ਕੇ ਜ਼ੋਰ ਨਾਲ ਉਪਰ ਵੱਲ ਉਛਾਲਣਾ ਹੈ। ਇਸ ਦੇ ਹੱਥਾਂ ਦੀ ਪੁਜੀਸ਼ਨ ਦੱਸਦੀ ਹੈ ‘ਇਸ ਨੇ ਹੁਣੇ-ਹੁਣੇ ਬੱਚੇ ਨੂੰ ਉਛਾਲਿਆ ਹੈ’ ਜਿਹੜਾ ਹਾਲ ਦੀ ਘੜੀ ਖਲਾਅ ਵਿਚ ਲਟਕ ਰਿਹਾ ਹੈ। ਥੱਲੇ ਵੱਲ ਆ ਰਿਹਾ ਬੱਚਾ ਸਹੀ ਤਰ੍ਹਾਂ ਪਰੁੰਨਿਆ ਜਾ ਸਕੇ, ਇਸ ਲਈ ਬਰਛੇ ਨੂੰ ਏਧਰ-ਓਧਰ ਹਿਲਾਇਆ ਜਾਂਦਾ ਸੀ। ਇਕ ਬੱਚਾ ਪਹਿਲਾਂ ਹੀ ਬਰਛੇ ਵਿਚ ਪਰੋ ਕੇ ਮਾਰ ਦਿੱਤਾ ਗਿਆ ਹੈ। ਖਲਾਅ ਵਿਚ ਲਟਕਦਾ ਬਾਲ ਪਲ-ਖਿਣ ਵਿਚ ਹੀ ਇਹਦੇ ਨਾਲ ਆ ਰਲੇਗਾ।

ਕਿਰਪਾਲ ਸਿੰਘ ਹੋ ਰਹੇ ਕਾਰਜ ਨੂੰ ਦਿਖਾਉਣਾ ਚਾਹੁੰਦਾ ਸੀ ਤਾਹੀਓਂ ਉਸ ਇਹ ਜੁਗਤ ਵਰਤੀ ਹੈ। ਇਹ ਜੁਗਤ ਪ੍ਰਭਾਵ ਨੂੰ ਵਿੰਨ੍ਹਵਾਂ ਬਣਾਉਂਦੀ ਹੈ।

ਬੱਚਿਆਂ ਨੂੰ ਮਾਰਨ ਉਪਰੰਤ ਉਨ੍ਹਾਂ ਦੀ ਕੋਮਲ ਦੇਹੀ ਨਾਲ ਕੀਤਾ ਜਾਣ ਵਾਲਾ ਸਲੂਕ ਹੋਰ ਦਿਲ ਚੀਰਵਾਂ ਅਤੇ ਹੌਲਨਾਕ ਹੈ। ਮਰੇ ਬੱਚਿਆਂ ਨੂੰ ਬਰਛੇ ਤੋਂ ਵੱਖ ਕਰ-ਕਰ ਕੋਲ ਖੜ੍ਹੇ ਖੜਗਧਾਰੀ ਹਵਾਲੇ ਕਰ ਦਿੱਤਾ ਜਾਵੇਗਾ। ਉਹ ਨਿਰਮਮਤਾ ਨਾਲ ਬੱਚਿਆਂ ਦੇ ਟੋਟੇ-ਟੋਟੇ ਕਰ ਜ਼ਮੀਨ ਉੱਪਰ ਢੇਰ ਲਾ ਦਿੰਦਾ ਹੈ। ਇਕ ਹੋਰ ਕਰਿੰਦਾ ਲਹੂ ਨਾਲ ਲਿਬੜੇ ਮਾਸ ਦੇ ਟੁਕੜੇ, ਮਿੱਝ ਅਤੇ ਲਮਕਦੀਆਂ ਨਾੜਾਂ ਨੂੰ ’ਕੱਠਾ ਕਰ ਉਸ ਸਿੰਘਣੀ ਦੀ ਝੋਲੀ ਪਾ ਦੇਵੇਗਾ ਜਿਸ ਦਾ ਉਹ ਬੱਚਾ ਹੈ। ਸਾਰੀ ਕਿਰਿਆ ਚਿੱਤਰ ਦੇਖਣ ਜਾਂ ਲਿਖਣ ਜਿੰਨੀ ਸਹਿਜ-ਸਰਲ ਨਹੀਂ।

ਕਾਤਲਾਂ ਦੇ ਕਰੀਬ ਕੇਸਰੀ ਦੁਪੱਟਾ ਲਈ ਖੜ੍ਹੀ ਸਿੰਘਣੀ ਨੇ ਆਪਣੀ ਝੋਲੀ ਪਸਾਰੀ ਹੋਈ ਹੈ। ਨਿਸ਼ਚਿਤ ਹੈ ਜ਼ਮੀਨ ਉਪਰ ਪਏ ਬੱਚੇ ਦੇ ਟੁਕੜੇ ਜਾਂ ਬਰਛੇ ਨਾਲ ਮਾਰੇ/ਪਰੁੰਨੇ ਕਿਸੇ ਬੱਚੇ ਦਾ ਸਰੀਰ ਇਸ ਦੀ ਝੋਲੀ ਪਾ ਦਿੱਤਾ ਜਾਵੇਗਾ ਜਿਸ ਨੂੰ ਸਾਂਭ ਇਹ ਵੀ ਦੂਜੀਆਂ ਸਿੰਘਣੀਆਂ ਕੋਲ ਜਾ ਬੈਠੇਗੀ। ਇਸ ਸਿੰਘਣੀ ਪਿੱਛੇ ਅਨੇਕ ਬੰਦੀ ਸਿੰਘਣੀਆਂ ਦੀ ਭੀੜ ਹੈ ਜਿਨ੍ਹਾਂ ਨੇ ਆਪੋ-ਆਪਣੀ ਸੰਤਾਨ ਆਪਣੇ ਕੋਲ ਸੰਭਾਲੀ ਹੋਈ ਹੈ। ਇਨ੍ਹਾਂ ਨੂੰ ਵੱਖੋ-ਵੱਖਰੀਆਂ ਥਾਵਾਂ ਤੋਂ ਘੇਰ ਕੇ ਲਿਆਂਦਾ ਗਿਆ ਹੈ। ਕੋਈ ਬੰਦੀ ਸਿੰਘਣੀ ਜਾਨ ਬਚਾਉਣ ਹਿੱਤ ਏਧਰ-ਓਧਰ ਨਾ ਹੋ ਜਾਵੇ, ਇਹਦਾ ਧਿਆਨ ਰੱਖਣ ਲਈ ਘੋੜ ਸਵਾਰ ਅਤੇ ਪੈਦਲ ਸਿਪਾਹੀਆਂ ਦਾ ਪਹਿਰਾ ਹੈ।

ਅਲੋਕਾਰੀ ਘਟਨਾ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਸੱਤਾ ਦੀ ਈਨ ਨਹੀਂ ਮੰਨੀ, ਇਸਲਾਮ ਕਬੂਲ ਨਹੀਂ ਕੀਤਾ, ਆਪਣੇ ਬੱਚਿਆਂ ਦੀ ਰਾਖੀ ਲਈ ਬੇਨਤੀ/ਜੋਦੜੀ ਨਹੀਂ ਕੀਤੀ। ਕੋਈ ਵੀ ਏਧਰ-ਓਧਰ ਹੋ ਕੇ ਖ਼ੁਦ ਨੂੰ ਬਚਾਉਣ ਦੇ ਆਹਰ ਵਿਚ ਨਹੀਂ। ਆਪ ਅੱਗੇ ਹੋ ਕੇ, ਮਾਣ ਨਾਲ ਸਿਰ ਉੱਚਾ ਕਰਕੇ ਆਪਣੇ ਬੱਚਿਆਂ ਨੂੰ ਕਤਲਗਾਹ ਤੱਕ ਲਿਆਉਣ ਦੀ ਮਿਸਾਲ ਹੋਰ ਕਿਸੇ ਕੌਮ ਜਾਂ ਵਰਗ ਦੇ ਇਤਿਹਾਸ ਵਿਚ ਦਰਜ ਨਹੀਂ।

ਦ੍ਰਿਸ਼ ਦੇ ਅਗਲੇ ਹਿੱਸੇ ਵਿਚ ਕੁਝ ਸਿੰਘਣੀਆਂ ਚੌਂਕੜਾ ਮਾਰੀ ਬੈਠੀਆਂ ਹਨ ਜਿਨ੍ਹਾਂ ਦੀਆਂ ਝੋਲੀਆਂ ਵਿਚ ਉਨ੍ਹਾਂ ਦੀ ਸੰਤਾਨ ਦੇ ਵੱਢੇ-ਟੁੱਕੇ ਸਰੀਰ ਪਏ ਹਨ।

ਇਕ ਦੀ ਪਿੱਠ ਦਰਸ਼ਕਾਂ ਵੱਲ ਹੈ। ਥੋੜ੍ਹਾ ਅੱਗੇ ਵਧਦਿਆਂ ਤਕੜੀ ਦੇਹ ਵਾਲਾ ਸਿਪਾਹੀ ਦਿਸਦਾ ਹੈ ਜਿਸ ਨੇ ਵੱਢੇ ਸਿਰ ਨੂੰ ਕੇਸੋਂ  ਫੜਿਆ ਹੋਇਆ ਹੈ। ਇਹ ਸਿਰ ਝੋਲੀ ਫੈਲਾ ਕੇ ਬੈਠੀ ਸਿੰਘਣੀ ਦੀ ਸੰਤਾਨ ਹੈ। ਕਰਿੰਦੇ ਨੇ ਆਪਣੇ ਦੂਜੇ ਹੱਥ ਵਿਚ ਇਸੇ ਬੱਚੇ ਦੇ ਸਰੀਰ ਦਾ ਟੁਕੜਾ ਫੜਿਆ ਹੋਇਆ ਹੈ।ਇਸ ਨੁਕਤੇ ਉਪਰ ਅਟਕ ਕੇ ਮਾਂ ਅਤੇ ਉਸ ਦੇ ਮੋਢੇ ਨਾਲ ਲੱਗ ਕੇ ਖੜ੍ਹੇ ਬੱਚੇ ਦੀ ਮਨੋਸਥਿਤੀ ਸਮਝੀ ਜਾ ਸਕਦੀ ਹੈ। ਮਾਰਿਆ ਜਾ ਚੁੱਕਾ ਬੱਚਾ, ਕੁਝ ਸਮਾਂ ਪਹਿਲਾਂ ਤੱਕ, ਖਿਲਾਂਦੜ ਬੱਚੇ ਜਿਹਾ ਹੀ ਸੀ। ਨੇੜ ਭਵਿੱਖ ਵਿਚ ਇਹ ਬੱਚਾ ਬਚ ਜਾਵੇਗਾ, ਨਿੱਠ ਕੇ ਨਹੀਂ ਕਿਹਾ ਜਾ ਸਕਦਾ। ਬੱਚਾ ਗ਼ਮਗੀਨ ਹੈ, ਜ਼ਿੱਦ ਕਰ ਰਿਹਾ ਹੈ ਉਸ ਦੀ ਸਰੀਰਕ ਹਰਕਤ ਇਹੋ ਦਸ ਰਹੀ ਹੈ। ਬੱਚੇ ਦੇ ਤਨ ੳਪਰ ਕੋਈ ਕੱਪੜਾ ਨਹੀਂ। ਸੰਭਾਵਨਾ ਹੈ ਕਰਿੰਦਾ ਮੁੜਦੇ ਵੇਲੇ ਇਸ ਬੱਚੇ ਨੂੰ ਆਪਣੇ ਨਾਲ ਧੂਹ ਲੈ ਜਾਵੇ। ਬੱਚਾ ਆਪਣੇ ਭਵਿੱਖ ਨੂੰ ਦੇਖ ਕੇ ਵਿਚਲਿਤ ਹੈ। ਮਾਂ ਬੇਵਸ ਹੈ, ਸਥਿਰ ਸ਼ਾਂਤ ਹੈ। ਉਹ ਨਾ ਤਾਂ ਬੱਚੇ ਨੂੰ ਕੁਝ ਕਹਿ ਰਹੀ ਹੈ ਅਤੇ ਨਾ ਹੀ ਜ਼ੁਲਮ ਕਰ ਰਹੀ ਧਿਰ ਨੂੰ। ਪੇਂਟਰ ਦਾ ਕੰਮ ਸਿੱਖ ਇਤਿਹਾਸ ਚਿੱਤਰਣ ਤੋਂ ਇਲਾਵਾ ਆਉਣ ਵਾਲੀ ਨਸਲ ਲਈ ਚਾਣਨ ਮੁਨਾਰਾ ਰਚਨਾ ਵੀ ਰਿਹਾ ਹੋਵੇਗਾ ਕਿ ਕਿਵੇਂ ਵਿਪਰੀਤ ਸਮੇਂ ਦੌਰਾਨ ਅਡੋਲ ਰਹਿ ਕੇ ਗੁਰੂ ਦੇ ਸਿੱਖਾਂ ਨੇ ਸਿੱਖੀ ਨੂੰ ਨਿਭਾਇਆ। ਕੀ ਇਹ ਕੰਮ ਹਿੰਸਾ ਦਾ ਪੋਸ਼ਕ ਹੈ? ਏਦਾਂ ਲਗਦਾ ਨਹੀਂ। ਇਕ ਧਿਰ ਹਮਲਾਵਰ ਹੈ ਜਦੋਂਕਿ ਦੂਜੀ ਧਿਰ ਕਿਸੇ ਕਿਸਮ ਦਾ ਪ੍ਰਤੀਰੋਧ ਨਹੀਂ ਕਰਦੀ। ਸਿਪਾਹੀ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਮਾਵਾਂ ਦਾ ਕਤਲ ਕਰ  ਸਕਦੇ ਸਨ, ਪਰ ਕਰਦੇ ਨਹੀਂ। ਬੱਚਿਆਂ ਨੂੰ ਖ਼ਤਮ ਕਰ ਉਹ ਬੀਜ ਦਾ ਨਾਸ ਕਰਨਾ ਚਾਹੁੰਦੇ ਹਨ।

ਸਿੰਘਣੀਆਂ ਸਵੈ ਕੇਂਦਰਿਤ ਨਹੀਂ ਕਿਉਂਕਿ ਇੱਥੇ ਸਾਰਾ ਕੁਝ ਸਭ ਦੇ ਸਾਹਮਣੇ ਹੋ ਰਿਹਾ ਹੈ। ਨਾ ਬਚਣ ਦਾ ਕੋਈ ਸਾਧਨ ਮੌਜੂਦ ਹੈ ਅਤੇ ਨਾ ਹੀ ਕੋਈ ਬਚਾਉਣ ਵਾਲਾ।

ਸਾਰਾ ਕੁਝ ਵਿਰੋਧੀ ਜੁੱਟਾਂ ਆਸਰੇ ਹੈ। ਅਜਿਹੇ ਕਈ ਮੋਟਿਫਾਂ ਵਿੱਚੋਂ ਇਕ, ਜ਼ੁਲਮ ਕਰਨ ਵਾਲੇ ਸ਼ਸਤਰਧਾਰੀ ਹਨ। ਉਹ ਨਿਹੱਥਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਉਹ ਆਪਣੇ ਹਾਣ ਦੀ ਪੁਰਖ ਜ਼ਾਤ ਨਾਲ ਦਸਤਪੰਜਾ ਨਹੀਂ ਲੈ ਰਹੇ ਸਗੋਂ ਬਾਲਾਂ ਅਤੇ ਔਰਤਾ ਨਾਲ ਟਕਰਾਅ ਰਹੇ ਹਨ। ਇਹ ਦੋਵੇਂ ਇਕਾਈਆਂ ਨਿਰਬਲ ਮੰਨੀਆਂ ਜਾਂਦੀਆਂ ਹਨ। ਪੇਂਟਰ ਦਾ ਲੁਕਵਾਂ ਸੰਕੇਤ ਵੀ ਇੱਥੇ ਦਰਜ ਹੈ ਕਿ ਸਿੱਖ ਸਿਪਾਹੀਆਂ ਨੇ ਬਜ਼ੁਰਗਾਂ, ਇਸਤਰੀਆਂ ਬੱਚਿਆਂ ਉਪਰ ਕਦੇ ਹਥਿਆਰ ਨਹੀਂ ਚੁੱਕੇ।

ਦੂਰ ਪਰ੍ਹਾਂ ਘੋੜਸਵਾਰਾਂ ਦਾ ਟੋਲਾ ਤੁਰਿਆ ਆ ਰਿਹਾ ਹੈ। ਕੀ ਉਹ ਹੋਰ ਬੰਦੀਆਂ ਨੂੰ ਲਿਆਏ ਹਨ? ਇਹ ਵਿਚਾਰ ਸੰਦਰਭ ਅਨੁਸਾਰ ਉਪਜਿਆ ਹੈ। ਮਧਰੇ ਜਿਹੇ ਛੋਟੀ ਇੱਟ ਦੇ ਮਕਾਨ ਪਿੱਛੇ ਨਿਪੱਤਰਾ ਰੁੱਖ ਹੈ। ਇਹ ਕੰਕਾਲ ਮਾਤਰ ਹੈ ਆਪਣੇ ਬੀਤੇ ਦਾ। ਦੋ-ਚਾਰ ਹਰੇ-ਭਰੇ ਰੁੱਖ ਵੀ ਹਨ, ਪਰ ਇਨ੍ਹਾਂ ਦਾ ਹੋਣਾ, ਨਾ ਹੋਣ ਮਾਤਰ ਹੈ।

ਪੇਂਟਿੰਗ ਵਿਚ ਅਸਮਾਨ ਦੀ ਪੇਸ਼ਕਾਰੀ ਵਿਸ਼ਾਲ ਹੈ। ਇਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਪੇਤਲੇ ਬੱਦਲ ਹਨ ਜਿਨ੍ਹਾਂ ਦੀ ਸੂਰਜੀ ਲੋਅ ਨਾਲ ਬਣਦੀ ਰੰਗਤ ਭਿੰਨ ਥਾਵਾਂ ਉਪਰ ਭਿੰਨ-ਭਿੰਨ ਹੈ। ਜਲਾਦ ਵੱਲੋਂ ਉਛਾਲੇ ਗਏ ਬੱਚੇ ਦੇ ਦੁਆਲੇ ਤਿੰਨ ਪੰਛੀ ਦਿਸ ਰਹੇ ਹਨ। ਇਨ੍ਹਾਂ ਦੀ ਵਿਸ਼ਾਲਤਾ ਅਤੇ ਮੁਦਰਾ ਤੋਂ ਗਿਆਨ ਹੁੰਦਾ ਹੈ ਕਿ ਇਹ ਸ਼ਿਕਾਰੀ ਹਨ। ਸ਼ਿਕਾਰੀ ਪੰਛੀਆਂ ਦਾ ਇਸ ਅਸਥਾਨ ਹੋਣ ਜਾਂ ਅਸਮਾਨੀਂ ਉਡਨਾ ਅਸਚਰਜ ਪੈਦਾ ਨਹੀਂ ਕਰਦਾ ਸਗੋਂ ਇਨ੍ਹਾਂ ਦੀ ਮੌਜੂਦਗੀ ਦੱਸਦੀ ਹੈ ਕਿ ਇਹ ਜ਼ਮੀਨੀ ਟੁਕੜਾ ਪਿਛਲੇ ਕਈ ਦਿਨਾਂ ਤੋਂ ਕਤਲਗਾਹ ਬਣਿਆ ਹੋਇਆ ਹੈ। ਕੋਹ-ਕੋਹ ਮਾਰੇ, ਕੱਟੇ ਜਾ ਰਹੇ ਬਾਲਾਂ ਦੇ ਸਰੀਰਾਂ ਦੀਆਂ ਬੋਟੀਆਂ ਇਨ੍ਹਾਂ ਸ਼ਿਕਾਰੀਆਂ ਦੀ ਭੁੱਖ ਨੂੰ ਦੂਰ ਕਰਦੀਆਂ ਆ ਰਹੀਆਂ ਹਨ। ਮਾਸਖੋਰਿਆਂ ਨੂੰ ਮਾਸ ਮਿਲ ਰਿਹਾ ਹੈ, ਇਨ੍ਹਾਂ ਲਈ ਏਨਾ ਹੀ ਕਾਫ਼ੀ ਨਹੀਂ ਹੁੰਦਾ ਹੋਵੇਗਾ। ਮਾਵਾਂ ਦੀਆਂ ਝੋਲੀਆਂ ਪਏ ਲੋਥੜਿਆਂ ਨੂੰ ਝਪਟਾ ਮਾਰ ਕੇ ਚੁੱਕ ਲਿਜਾਣ ਸਮੇਂ ਵੀ ਇਹ ਝਿਜਕੇ ਨਹੀਂ ਹੋਣਗੇ ਕਿਉਂਕਿ ਕੋਈ ਵੀ ਪਸ਼ੂ-ਪੰਛੀ ਆਪਣੇ ਸੁਭਾਅ ਦਾ ਤਿਆਗ ਕਦੇ ਨਹੀਂ ਕਰਦਾ। ਜੋ ਮਿਲ ਰਿਹਾ ਹੈ ਉਸ ਨੂੰ ਨਿਗਲ ਲੈਣ ਉਪਰੰਤ ਹੋਰ ਦੀ ਚਾਹਤ ਇਨ੍ਹਾਂ ਨੂੰ ਇਸ ਖਿੱਤੇ ਵੱਲ ਲਿਆਉਂਦੀ ਹੋਵੇਗੀ। ਚਿੱਤਰ ਵਿਚ ਮਸੀਤ ਅਤੇ ਨਿਪੱਤਰਾ ਰੁੱਖ ਦੋਵੇਂ ਆਹਮੇ-ਸਾਹਮਣੇ ਹਨ। ਕਿਰਪਾਲ ਸਿੰਘ ਦੇ ਕੰਮ ਵਿਚ ਇਹ ਦੋ ਮੋਟਿਫ ਮੁੜ-ਮੁੜ ਆਉਂਦੇ ਹਨ। ਮਸੀਤ ਧਾਰਮਿਕ ਫ਼ਿਰਕੇ ਦੀ ਇਬਾਦਤਗਾਹ ਹੋਣ ਸਦਕਾ ਪਵਿੱਤਰ ਹੈ। ਰੁੱਖ ਵੀ ਪਵਿੱਤਰ ਹੈ ਕਿਉਂਕਿ ਇਹਦਾ ਵਿਹਾਰ ਸਭ ਪ੍ਰਤੀ ਇਕੋ ਜਿਹਾ ਹੈ। ਏਦਾਂ ਇਹ ਨਿਰਵੈਰ ਵੀ ਹੈ। ਦੂਰ-ਦੁਰਾਡੇ ਹੋਰ ਰੁੱਖ ਵੀ ਹਨ।

ਮਸੀਤ ਅਤੇ ਨਿਪੱਤਰਾ ਰੁੱਖ ਅਜਿਹੇ ਦੋ ਮੋਟਿਫ ਹਨ ਜਿਨ੍ਹਾਂ ਉੱਪਰ ਬੈਠ ਸ਼ਿਕਾਰੀ ਪੰਛੀ ਮਾਸ ਖਾ ਰਹੇ ਹਨ। ਇਕ ਪੰਛੀ ਮਸੀਤ ਦੇ ਗੁੰਬਦ ਉੱਪਰ ਅਤੇ ਦੂਜਾ ਉਸ ਦੀ ਚਾਰਦੀਵਾਰੀ ਉਪਰ ਬੈਠਾ ਹੈ। ਪਵਿੱਤਰਤਾ ਦੀ ਪ੍ਰਵਾਹ ਕੀਤੇ ਬਿਨਾਂ ਮਸਜਿਦ ਸਾਹਮਣੇ ਨਿਰਦੋਸ਼ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ, ਮਾਵਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ। ਰੁੱਖ ਵੀ ਆਪਣੇ ਸੁਭਾਅ ਅਤੇ ਗੁਣ ਤੋਂ ਵਿਰਵਾ ਹੋ ਚੁੱਕਾ ਹੈ। ਹੁਣ ਇਹਦੀ ਅਹਿਮੀਅਤ ਲੱਕੜ ਤੋਂ ਬਿਨਾਂ ਹੋਰ ਕੁਝ ਨਹੀਂ। ਮਾਸੂਮ ਬੱਚਿਆਂ ਲਈ ਆਦਮੀ, ਪੰਛੀਆਂ ਤੋਂ ਇਲਾਵਾ ਜਾਨਵਰ ਵੀ ਹਮਲਾਵਰ ਬਿਰਤੀ ਦੇ ਹੋ ਗਏ ਸਨ। ਕੈਨਵਸ ਦੇ ਸੱਜੇ ਵੱਲ ਇਕ ਕੁੱਤਾ ਆ ਅਤੇ ਦੂਜਾ ਜਾ ਰਿਹਾ ਹੈ। ਮਨੁੱਖੀ ਲਹੂ-ਮਾਸ ਦੀ ਗੰਧ ਇਨ੍ਹਾਂ ਨੂੰ ਇਸ ਪਾਸੇ ਖਿੱਚ ਲਿਆਈ। ਜਾ ਰਹੇ ਕੁੱਤੇ ਦੇ ਮੂੰਹ ਵਿਚ ਮਾਸ ਦੀ ਬੋਟੀ ਹੈ। ਇਹ ਥੋੜ੍ਹਾ ਲਿਫ਼ਿਆ ਹੋਇਆ ਹੈ। ਕੀ ਆ ਰਹੇ ਕੁੱਤੇ ਨੂੰ ਦੇਖ ਇਸ ਨੇ ਇਹ ਪੈਂਤਰਾ ਲਿਆ ਹੈ ਤਾਂ ਕਿ ਮੂੰਹ ਵਾਲੇ ਮਾਸ ਨੂੰ ਬਚਾਇਆ ਜਾ ਸਕੇ। ਆ ਰਿਹਾ ਕੁੱਤਾ ਇਸ ਵੱਲ ਵੇਖ ਹੀ ਨਹੀਂ ਰਿਹਾ। ਮਾਸ ਦੀ ਮਾਤਰਾ ਨੇ ਜਾਨਵਰ ਦਾ ਸੁਭਾਅ ਹੀ ਬਦਲ ਦਿੱਤਾ ਹੈ। ਆਮ ਤੌਰ ’ਤੇ ਮਾਸਾਹਾਰੀ ਜਾਨਵਰ ਇਕ ਦੂਜੇ ਤੋਂ ਖੋਹ ਕੇ ਖਾਂਦੇ ਹਨ। ਐਪਰ ਇਸ ਵੇਲੇ ਦੂਜਾ ਕੁੱਤਾ ਸਿੱਧਾ ਭੋਜਨ-ਸਰੋਤ ਵੱਲ ਬਿਨਾਂ ਕਿਸੇ ਭੈਅ ਦੇ ਤੁਰਿਆ ਜਾ ਰਿਹਾ ਹੈ। ਨਿਡਰਤਾ ਦਾ ਇਕ ਕਾਰਨ ਹੋ ਸਕਦਾ ਹੈ। ਇਹ ਪਹਿਲਾਂ ਏਥੇ ਆ ਚੁੱਕਾ ਹੈ। ਦੋ ਦੀ ਮੌਜੂਦਗੀ ਦਾ ਮਤਲਬ ਸਿਰਫ਼ ਦੋ ਨਹੀਂ, ਹੋਰ ਵੀ ਹੋ ਸਕਦੇ ਹਨ। ਬਿਪਤਾ ਉਪਰ ਬਿਪਤਾ ਨੂੰ ਉਘਾੜਨ ਲਈ ਭੀੜ ਇਕੱਠੀ ਕਰਨੀਜ਼ਰੂਰੀ ਨਹੀਂ, ਸੰਕੇਤ ਵੀ ਨਸ਼ਤਰ ਵਾਂਗ ਆਪਣੀ ਚੋਭ ਰੱਖਦਾ ਹੈ।

ਕੁੱਤਿਆਂ ਦੀ ਨਿਰਵਿਘਨ ਆਵਾਜਾਈ ਹੈਂਸਿਆਰ ਮਾਹੌਲ ਨੂੰ ਸੰਘਣਾ ਕਰ ਰਹੀ ਹੈ। ਪਹਿਰੇਦਾਰ ਇਨ੍ਹਾਂ ਨੂੰ ਰੋਕ ਸਕਦੇ ਹਨ, ਪਰ ਨਹੀਂ ਰੋਕ ਰਹੇ।

ਬੰਦ ਸਿੰਘਣੀਆਂ ਆਪਣੇ ਬਾਲਾਂ ਨੂੰ ਆਪਣੇ ਸਾਹਮਣੇ ਮਰਦਿਆਂ ਦੇਖ ਰਹੀਆਂ ਹਨ, ਉਨ੍ਹਾਂ ਦੇ ਜਿਸਮ ਦੇ ਟੁਕੜਿਆਂ ਨੂੰ ਸ਼ਾਂਤ-ਚਿੱਤ ਰਹਿ ਕੇ ਆਪਣੀ ਝੋਲੀ ਪੁਆ ਰਹੀਆਂ ਹਨ। ਦੂਜੇ ਪਾਸੇ ਭੁੱਖੀਆਂ, ਪਿਆਸੀਆਂ, ਥੱਕੀਆਂ ਸਿਦਕੀ ਮਾਵਾਂ ਦੇ ਸਰੀਰ ਨਿਰਬਲ ਹੋ ਚੁੱਕੇ ਹਨ। ਉਨ੍ਹਾਂ ਵਿਚ ਏਨਾ ਬਲ ਵੀ ਨਹੀਂ ਕਿ ਆਪਣੀ ਝੋਲੀ ਪਏ ਬੱਚੇ ਦੇ ਸਰੀਰ ਦੇ ਟੁਕੜਿਆਂ ਦੀ ਹਿਫ਼ਾਜ਼ਤ ਕਰ ਸਕਣ ਜਾਂ ਕੁੱਤਿਆਂ ਨੂੰ ਸ਼ਿਸ਼ਕੇਰ ਪਰ੍ਹਾਂ ਕਰ ਸਕਣ। ਚਿੱਤਰਕਾਰ ਦਾ ਚਿੱਤਰ ਆਮ ਜਿਹਾ ਲੱਗ ਸਕਦਾ ਹੈ ਐਪਰ ਸਿੱਖ ਇਤਿਹਾਸ ਦਾ ਇਹ ਨਿਰਮਮ ਅਤੇ ਕਰੂਰਤਮ ਪੱਖ ਹੈ।

ਸਿੰਘਣੀਆਂ, ਜਿਸ ਸਥਿਤੀ ਵਿਚ ਹਨ, ਉਨ੍ਹਾਂ ਨੂੰ ਢਾਰਸ ਦੇਣ ਵਾਲਾ ਕੋਈ ਨਹੀਂ। ਉਨ੍ਹਾਂ ਦਾ ਆਪਣਾ ਹੌਸਲਾ ਹੀ ਜਿਵੇਂ ਉਨ੍ਹਾਂ ਦਾ ਆਸਰਾ ਬਣਿਆ ਹੋਇਆ ਹੈ। ਇਨ੍ਹਾਂ ਦਾ ਆਪਣਾ ਸਮਾਂ ਅਤੇ ਆਪਣੇ ਤੋਂ ਪੂਰਬਲਾ ਸਮਾਂ ਤਪ, ਤਿਆਗ ਅਤੇ ਸੰਘਰਸ਼ ਵਾਲਾ ਰਿਹਾ ਹੈ। ਤਾਹੀਓਂ ਵਿਪਰੀਤ ਸਥਿਤੀ ਵਿਚ ਵੀ ਇਹ ਸਥਿਰ ਅਤੇ ਸ਼ਾਂਤ ਚਿੱਤ ਹਨ। ਪੇਂਟਿੰਗ ਦੇ ਖੱਬੇ ਵੱਲ ਇਕ ਸੁਤੰਤਰ ਉਪ-ਦ੍ਰਿਸ਼ ਵਿਚ ਚੌਕੜਾ ਮਾਰੀ ਬੈਠੀਆਂ ਸਿੰਘਣੀਆਂ ਚੱਕੀ ਚਲਾ ਰਹੀਆਂ ਹਨ। ਅਗਲੇਰੇ ਹਿੱਸੇ ਦੇ ਪਿੱਛੇ ਹੋਰ ਸਿੰਘਣੀਆਂ ਵੀ, ਮਿਲੀ ਸਜ਼ਾ ਅਨੁਸਾਰ, ਚੱਕੀ ਨਾਲ ਅਨਾਜ ਪੀਸ ਰਹੀਆਂ ਹਨ। ਦ੍ਰਿਸ਼ ਭਾਵੇਂ ਵੱਖਰਾ ਲੱਗ ਰਿਹਾ ਹੈ, ਪਰ ਇਕੋ ਕੈਨਵਸ ਉਪਰ ਦੋਵੇਂ ਦ੍ਰਿਸ਼ਾਂ ਦਾ ਮੰਤਵ ਇਕੋ ਹੈ।

ਸਜ਼ਾ ਦੇ ਤੌਰ ’ਤੇ ਸਿੱਖ ਇਸਤਰੀਆਂ ਕੋਲੋਂ ਵੀਹ-ਵੀਹ ਸੇਰ ਅਨਾਜ ਪਿਸਵਾਇਆ ਜਾਂਦਾ ਸੀ। ਸਜ਼ਾ ਵਿਚ ਢਿੱਲ-ਮੱਠ ਕਰਨ ਵਾਲੀਆਂ ਉਪਰ ਸਖ਼ਤ ਨਿਗ੍ਹਾ ਰੱਖਣ ਵਾਸਤੇ ਸਿਪਾਹੀ ਖੜੇ ਦਿਸਦੇ ਹਨ। ਏਸ ਹੱਡ-ਭੰਨਵੀਂ ਮਿਹਨਤ ਬਦਲੇ ਇਨ੍ਹਾਂ ਨੂੰ ਚੱਪਾ ਕੁ ਰੋਟੀ ਅਤੇ ਇਕ ਕਟੋਰੀ ਪਾਣੀ ਦਿੱਤਾ ਜਾਂਦਾ। ਕਿਸੇ ਨੂੰ ਆਪਣੇ ਇਰਾਦੇ ਤੋਂ ਡੋਲਾਣ ਲਈ ਹਕੂਮਤ ਵੱਲੋਂ ਵੰਨ-ਸੁਵੰਨੀਆਂ ਸਜ਼ਾਵਾਂ ਈਜਾਦ ਕੀਤੀਆਂ ਗਈਆਂ। ਜੇਲ੍ਹਖਾਨੇ ਵਿਚ ਇਨ੍ਹਾਂ ਨੂੰ ਬੋਲ ਮਾਰੇ ਜਾਂਦੇ, ‘ਤੁਹਾਨੂੰ ਬਚਾਉਣ ਵਾਲਾ ਖਾਲਸਾ ਕਿੱਥੇ ਹੈ?’

ਉਹ ਚੁੱਪ ਰਹਿੰਦੀਆਂ।

ਫੇਰ ਕਿਹਾ ਜਾਂਦਾ, ‘ਤੁਹਾਨੂੰ ਬਚਾਅ ਕੇ ਲਿਜਾਣ ਵਾਲੇ ਸਾਰੇ ਮਾਰ ਦਿੱਤੇ ਗਏ ਹਨ।’

ਇਸ ਦਾ ਜਵਾਬ ਵੀ ਖ਼ਾਮੋਸ਼ੀ ਨਾਲ ਦਿੱਤਾ ਜਾਂਦਾ।

 ਛੇਕੜ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਜਾਂਦਾ ਜਿਸ ਪ੍ਰਤੀ ਸਭ ਦਾ ਸਾਂਝਾ ਜਵਾਬ ਨਾਂਹ ਵਿਚ ਹੁੰਦਾ ਅਤੇ ਕਹੀ ਗਈ ‘ਨਾਂਹ’ ਤਸ਼ੱਦਦ ਦੇ ਕਰਮ ਨੂੰ ਜਾਰੀ ਰੱਖਣ ਦਾ ਨਿਰੰਤਰ ਬਹਾਨਾ ਬਣੀ ਰਹਿੰਦੀ।

Leave a Reply

Your email address will not be published. Required fields are marked *