ਦਲੀਪ ਕੌਰ ਟਿਵਾਣਾ: ਔਕੜਾਂ ਤੇ ਮਾਣਮੱਤਾ ਸਫ਼ਰ

ਦਲੀਪ ਕੌਰ ਟਿਵਾਣਾ ਦੀ ਸਵੈ-ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’, ਪ੍ਰਕਾਸ਼ਕ ਯੂਨੀਸਟਾਰ ਬੁਕਸ, ਦੇ ਕੁਝ ਅੰਸ਼:

ਛੋਟੇ ਭੂਆ ਜੀ ਨੂੰ ਜਦੋਂ ਮੇਰੇ ਸੰਬੰਧੀ ਖਬਰ ਪਹੁੰਚੀ ਤੁਰਤ ਪਟਿਆਲੇ ਆਏ। ਸੌ ਸੌ ਗਾਲ੍ਹਾਂ ਅਗਲਿਆਂ ਨੂੰ ਕੱਢੀਆਂ। ‘‘ਮੂਰਖ ਥੋੜ੍ਹੇ ਦਿਨ ਦੇ ਰੱਜਿਆਂ ਨੂੰ ਇਹ ਨੀ ਪਤਾ ਬਈ ਸਾਡਾ ਕਿੱਡੇ ਘਰ ਨਾਲ ਮੱਥਾ ਲੱਗਣ ਲੱਗਿਐ। ਜਿੱਥੇ ਤੀਮੀਆਂ ਦੀ ਚੱਲੇ ਓਥੇ ਨੀ ਭਦਰਕਾਰੀ ਹੁੰਦੀ। ਤੀਮੀਆਂ ਤਾਂ ਚੰਗੇ ਭਲੇ ਬੰਦਿਆਂ ਦੀ ਮੱਤ ਮਾਰ ਦਿੰਦੀਆਂ ਨੇ। ਬਾਪੂ ਜੀ ਤਾਂ ਪਹਿਲਾਂ ਈ ਆਖਦੇ ਹੁੰਦੇ ਸੀ ਅਖੇ ਮਾਂ ਮੁੰਡੇ ਦੀ ਤੇਜ਼ ਐ। ਲੋਕਾਂ ਨੂੰ ਪਤਾ ਲੱਗੂ ਤਾਂ ਸੌ ਸੌ ਗੱਲਾਂ ਹੋਣਗੀਆਂ ਅਖੇ ਏਹਨਾਂ ਦੀ ਧੀ ਤੇਲ ਧਰੇ ਛੱਡਤੀ। ਖਬਰਨੀ ਕੀ ਐਬ ਵੈਲ ਸੀ। ਆਪਣੀ ਕੁਲ ’ਚ ਏਹੋਜੀ ਗੱਲ ਪਹਿਲੀ ਵਾਰੀ ਵਾਪਰੀ ਐ, ਨਹੀਂ ਤਾਂ ਅਗਲਿਆਂ ਹੱਥ ਬੰਨ੍ਹ ਕੇ ਨਾਤੇ ਲਏ ਨੇ। ਥੋਨੂੰ ਪਸਿੰਦ ਖਬਰਨੀ ਕਿਮੇ ਆਗੇ ਸੀ, ਇੱਕ, ਮੁੰਡਾ ਈ ਮੁੰਡਾ ਐ ਹੋਰ ਨਾ ਕੋਈ ਭਾਰੀ ਜਾਇਦਾਦ, ਨਾ ਕੋਈ ਉਘਾ ਖਾਨਦਾਨ, ਨਾ ਮਾਲਦਾਰ ਏਨੇ। ਬਾਪੂ ਜੀ ਖਬਰਨੀ ਕਾਹਦੇ ਤੇ ਰੀਝਗੇ ਸੀ। ਖਬਰੇ ਕੁੜੀ ਦੀ ਕਿਸਮਤ ਚੰਗੀਓਐ, ਬਈ ਏਹੋਜੇ ਜਮਾਂ ਤੋਂ ਛੇਤੀ ਖਹਿੜਾ ਛੁੱਟ ਗਿਆ, ਨਹੀਂ ਖਬਰੇ ਕੇਹੜੀ ਨੌਬਤ ਨੂੰ ਪੁਚਾਉਂਦੇ। ਚੱਲ ਜੈ ਨੂੰ ਖਾਣ ਹੋਰ ਮੁੰਡਿਆਂ ਦਾ ਕਾਲ ਨੀ ਪੈ ਗਿਆ। ਮੈਂ ਤਾਂ ਪਹਿਲਾਂ ਈ ਆਖ ਰਹੀ ਬਈ ਸਾਡੀ ਬੀਬੀ ਦਾ ਮੁੰਡਾ ਐ, ਜਾਣੀ ਕਿਸੇ ਰਾਜੇ ਦਾ ਕੌਰ ਐ। ਫੇਰ ਮਾਰ ਕੇ ਲਾਈ ਨੀ ਲਗਦੀ। ਮੇਰੇ ਸਹੁਰੇ ਨੂੰ ਜਾਣਦੇ ਈ ਓਨ੍ਹਾਂ ਵੇਲਿਆਂ ’ਚ ਡਾਕਟਰ ਸੀ ਜਦੋਂ ਡਾਕਟਰ ਹੁੰਦੇ ਈ ਅੰਗਰੇਜ਼ ਸੀ। ਉਹਦੇ ਕੋਲ ਕਾਰ ਵੀ ਸੀ ਤੇ ਉਸ ਦੇ ਪਸਤੌਲ ਨਾਲ ਦੇ ਸਾਰੇ ਮੁਲਕ ’ਚ ਸਿਰਫ਼ ਚਾਰ ਪਸਤੌਲ ਸਨ ਤੇ ਓਸ ਨੂੰ ਰੱਖਣ ਦੀ ਗਵਰਨਰ ਤੋਂ ਇਜਾਜ਼ਤ ਲੈਣੀ ਪੈਂਦੀ ਸੀ। ਏਹੋਜੇ ਬੰਦੇ ਦੇ ਜਿਸ ਘਰ ਧੀ ਦਿੱਤੀ ਹੋਊ ਮਾੜਾ ਧੀੜਾ ਘਰ ਤਾਂ ਨੀ ਹੋਣ ਲੱਗਿਆ। ਬਾਕੀ ਹਜ਼ਾਰ ਵਿਘੇ ਝੋਟੇ ਦੇ ਸਿਰ ਅਰਗੀ ਜ਼ਮੀਨ ਐ, ਘਰ ਦੀਆਂ ਬੱਸਾਂ ਚਲਦੀਆਂ ਨੇ ਤੇ ਉਹਨਾਂ ਨੇ ਆਪਣੀ ਕੁੜੀ ਤੁਸੀਂ ਜਾਣਦੇ ਈ ਓ ਮਹਿੰਦਰ ਸਿਉਂ ਪਮਾਲ ਆਲੇ ਨੂੰ ਵਿਆਹੀ ਸੀ ਜਿਹੜਾ ਹਰ ਸਾਲ ਗਰਮੀਆਂ ’ਚ ਵਲੈਤ ਜਾਂਦਾ ਸੀ। ਮੈਂ ਤਾਂ ਆਖਦੀ ਆਂ ਜੇ ਉਹ ਰਿਸ਼ਤੇ ਨੂੰ ਮੰਨ ਜਾਣ ਹੋਰ ਤੁਸੀਂ ਕੀ ਰੱਬ ਭਾਲਦੇਓਂ। ਬਾਕੀ ਸੱਸ ਨੀ, ਨਨਾਣ ਨੀ, ਲੜਕੀ ਖ਼ੁਦਮੁਖਤਿਆਰ ਹੋਊ। ਜਾਣੇ ਭਾਲੇ ਲੋਕ ਨੇ ਕੋਈ ਅਨੋਭੜ ਨੀ ਬਈ ਦੁੱਖ ਤਕਲੀਫ ਦੇਣਗੇ’’ ਭੂਆ ਜੀ ਇਕ ਸਾਹ ਮੁੜ ਉਹੀ ਗੱਲਾਂ ਦੁਹਰਾਈ ਜਾ ਰਹੇ ਸਨ।

ਫੁੱਫੜ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਬੇਜੀ ਨੇ ਕੋਈ ਜਵਾਬ ਨਹੀਂ ਦਿੱਤਾ।

“ਮੈਂ ਕਿਹਾ ਬੇਬੇ ਏਦੂੰ ਬੜਾ ਘਰ ਹੋਰ ਕੀ ਟੋਲ ਲਓਂਗੇ? ਨਾਲੇ ਪਿਓ ਤਾਂ ਇਹਦਾ ਸ਼ਰਾਬੀ ਐ, ਕਿਸੇ ਨੇ ਬਹੁਤ ਬੜੇ ਨੇ ਊਂ ਨੀ ਹੱਥ ਕੱਢਣਾ। ਨਾਲੇ ਮਗਰ ਹੋਰ ਬਥੇਰੀਆਂ ਬੈਠੀਆਂ ਨੇ ਇਕੋ ਦਾ ਤਾਂ ਨੀ ਕਰਨਾ। ਮੇਰੀ ਮੰਨੋ ਥਉਂ ਹੱਥੋਂ ਨਾ ਜਾਣ ਦਿਓ। ਤੂੰ ਏਥੇ ਬੈਠੀ ਕੀ ਕਰਦੀ ਐਂ। ਤੂੰ ਅੰਦਰ ਜਾ ਕੇ ਕੰਮ ਕਰ। ਨਿਆਣੇ ਨੀ ਏਹੋ ਜੀਆਂ ਗੱਲਾਂ ਸੁਣਦੇ ਹੁੰਦੇ” ਭੂਆ ਜੀ ਬੇਜੀ ਹੋਰਾਂ ਨਾਲ ਗੱਲਾਂ ਕਰਦੇ ਮੇਰੇ ਵੱਲ ਝਾਕ ਕੇ ਬੋਲੇ।

‘‘ਨਹੀਂ ਮੇਰਾ ਬੇਟਾ ਤਾਂ ਬਹੁਤ ਸਮਝਦਾਰ ਐ। ਅਸੀਂ ਇਸ ਤੋਂ ਲੁਕਾ ਕੇ ਕੋਈ ਗੱਲ ਨੀ ਕਰਨੀ ਜਿਵੇਂ ਇਹ ਕਹੂਗਾ ਓਮੇਂ ਕਰਾਂਗੇ’’ ਫੁੱਫੜ ਜੀ ਨੇ ਮੇਰੀ ਥਾਂ ਜਵਾਬ ਦਿੱਤਾ।

“ਫੇਰ ਦਸੋ ਮੈਂ ਤਾਂ ਅੱਜ ਪੱਕੀ ਹਾਂ ਨਾਂਹ ਲੈਣ ਆਈ ਆਂ। ਓਹਨਾਂ ਨੂੰ ਕਿਹੜਾ ਨਾਤਿਆਂ ਦਾ ਘਾਟਾ ਐ, ਵੀਹ ਨਾਤਿਆਂ ਆਲੇ ਅੱਗੇ-ਪਿੱਛੇ ਫਿਰਦੇ ਨੇ। ਮੈਂ ਤਾਂ ਕਹਿੰਨੀ ਆਂ ਕੁੜੀ ਰਾਜ ਕਰੂਗੀ’’ ਭੂਆ ਜੀ ਨੇ ਜ਼ੋਰ ਪਾ ਕੇ ਆਖਿਆ। “ਕਰਲਾਂਗੇ ਸਲਾਹ’’ ਬੇਜੀ ਨੇ ਜਿਵੇਂ ਉਨ੍ਹਾਂ ਨੂੰ ਟਾਲਣ ਲਈ ਆਖਿਆ।

‘‘ਕਰ ਲਿਓ ਸਲਾਹ, ਪਰ ਸਲਾਹ ਕਾਹਦੀ ਕਰਨੀ ਐ ਤੁਸੀਂ ਗੱਲ ਪੱਕੀ ਕਰਨ ਦੀ ਕਰੋ। ਮੈਂ ਦੋ ਚਾਰ ਦਿਨਾਂ ਤਾਈਂ ਦੀਪ ਦੇ ਫੁੱਫੜ ਜੀ ਨੂੰ ਭੇਜੂੰ, ਤੁਸੀਂ ਦੱਸ ਦਿਓ। ਬਾਕੀ ਦੀਪ ਦੇ ਫੁੱਫੜ ਜੀ ਖਰੇ ਜੇ ਬੰਦੇ ਨੇ ਸਾਫ਼ ਗੱਲ ਕਰਿਓ। ਹਾਂ, ਏਸ ਗੱਲ ਦੀ ਸਾਡੀ ਜ਼ਿੰਮੇਵਾਰੀ ਰਹੀ ਬਈ ਨਾ ਅਗਲਿਆਂ ਨੇ ਕੁਸ਼ ਮੰਗਣਾ ਮੰਗੋਣਾਐ, ਨਾ ਕਾਰਮ ਕਾਰਮਣੀਐ ਨਾ ਦਿੱਤਾ ਉਘੱਟਣਾਐ। ਇਹ ਸਾਡੀ ਜ਼ਿੰਮੇਵਾਰੀ ਰਹੀ ਜਿਹੜਾ ਕੁਸ਼ ਦੇਣਾ ਲੈਣਾ ਐ ਬੇਸ਼ੱਕ ਆਪਣੀ ਕੁੜੀ ਦੇ ਨਾਂ ਕਰਵਾ ਦਿਓ।’’ ਭੂਆ ਜੀ ਹਰ ਪਾਸਿਓਂ ਵਲ ਕੇ ਹਾਂ ਕਰਵਾਉਣੀ ਚਾਹੁੰਦੇ ਸੀ।

‘‘ਅੰਮਾ ਜੀ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦਿਆਂਗੇ’’ ਫੁੱਫੜ ਜੀ ਨੇ ਗੱਲ ਮੁਕਾਈ।

ਇਹਨਾਂ ਦਿਨਾਂ ਵਿਚ ਇਕ ਦਿਨ ਬਾਪੂ ਜੀ ਪਿੰਡੋਂ ਆਏ ਤੇ ਸਿੱਧੇ ਮੇਰੇ ਸਕੂਲ ਚਲੇ ਗਏ। ਮਿਸ ਸੇਨ ਭੈਣ ਜੀ ਨੂੰ ਅਰਜ਼ੀ ਲਿਖ ਕੇ ਦੇ ਦਿੱਤੀ ਕਿ ਮੇਰੀ ਧੀ ਦਾ ਸਰਟੀਫਿਕੇਟ ਕੱਟ ਦਿਓ ਮੈਂ ਨਹੀਂ ਅੱਗੋਂ ਪੜ੍ਹਾਣੀ। ਮਿਸ ਸੇਨ ਭੈਣ ਜੀ ਨੇ ਮੈਨੂੰ ਬੁਲਾ ਕੇ ਪੁੱਛਿਆ।

‘‘ਬੇਜੀ ਨੂੰ ਬੁਲਾ ਕੇ ਪੁੱਛ ਲਓ’’ ਮੈਂ ਕਿਹਾ।

ਬਾਪੂ ਜੀ ਨੂੰ ਗੁੱਸਾ ਚੜ੍ਹ ਗਿਆ। ਬੋਲੇ “ਇਹ ਮੇਰੀ ਧੀ ਐ, ਮੈਂ ਆਖਦਾਂ ਇਹਦਾ ਸਰਟੀਫਿਕੇਟ ਕੱਟ ਦਿਓ।’’

ਸਰਟੀਫਿਕੇਟ ਕਟਾ ਕੇ ਉਨ੍ਹਾਂ ਬਜ਼ਾਰੋਂ ਟਾਂਗਾ ਮੰਗਵਾਇਆ ਤੇ ਪਹਿਲੀ ਵਾਰੀ ਬਿਨਾਂ ਪਰਦੇ ਤੋਂ ਟਾਂਗੇ ਵਿਚ ਬੈਠਣਾ ਮੈਨੂੰ ਅਜੀਬ ਲੱਗ ਰਿਹਾ ਸੀ।

‘‘ਪੜ੍ਹਾ ਕੇ ਕੀ ਮੈਂ ਮਜਿਸਟਰੇਟ ਬਣਾਉਣੀ ਐ। ਗਜ਼ਬ ਸਾਈਂ ਦਾ, ਮੇਰੀ ਧੀ ਐ, ਮੈਥੋਂ ਕੁਸ਼ ਪੁੱਛਦੇਈ ਨੀ। ਮੈਂ ਤਾਂ ਆਪਣੇ ਕੋਲ ਪਿੰਡ ਰੱਖੂੰਗਾ’’ ਉਹ ਆਖ ਰਹੇ ਸਨ।

ਜਮਾਤ ਨੂੰ ਪਤਾ ਲੱਗਣ ’ਤੇ ਜਿਵੇਂ ਸਨਾਟਾ ਛਾ ਗਿਆ। ਜਿਵੇਂ ਮੈਂ ਮਰ ਗਈ ਹੁੰਨੀਆਂ।

ਮਿਸ ਸੇਨ ਭੈਣ ਜੀ ਆਪ ਗੇਟ ਤੱਕ ਛੱਡਣ ਆਏ ਤੇ ਨਾਲ ਹੀ ਬਾਪੂ ਜੀ ਨੂੰ ਆਖਿਆ ‘‘ਅਗਰ ਆਪ ਕਾ ਇਰਾਦਾ ਬਦਲ ਜਾਏ ਤੋ ਬਹੁਤ ਦਿਨ ਗ਼ੈਰ ਹਾਜ਼ਰ ਨਹੀਂ ਰਖਨਾ। ਪੜ੍ਹਾਈ ਮੇ ਯੇ ਅੱਛੀ ਹੈ। ਵੈਸੇ ਭੀ ਅੱਛੀ ਲੜਕੀ ਹੈ।’’

“ਨਹੀਂ ਮੈਂ ਆਪਣੀ ਕੋਈ ਵੀ ਧੀ ਨਹੀਂ ਪੜ੍ਹਾਉਣੀ। ਪੜ੍ਹਾਈ ਪੜ੍ਹਾਈ ਕਰਕੇ ਮੇਰੇ ਕੋਲੋਂ ਮੇਰੀਆਂ ਧੀਆਂ ਵੀ ਖੋਹ ਲਈਆਂ ਨੇ।’’

ਘਰ ਪਹੁੰਚ ਕੇ ਬਾਪੂ ਜੀ ਨੇ ਮੈਨੂੰ ਆਪਣੇ ਕੱਪੜੇ ਅਟੈਚੀਕੇਸ ਵਿਚ ਪਾ ਲੈਣ ਲਈ ਆਖਿਆ। ਬੇਜੀ ਨੇ ਫੁੱਫੜ ਜੀ ਨੂੰ ਜੇਲ੍ਹ ਤੇ ਟੈਲੀਫੋਨ ਕੀਤਾ। ਫੁੱਫੜ ਜੀ ਓਦੋਂ ਜੇਲ੍ਹਾਂ ਦੇ ਜਰਨੈਲ ਸਨ।

‘‘ਇਹ ਤਾਂ ਹੁਣ ਸਾਡੀ ਧੀ ਐ ਤੂੰ ਕਿਮੇ ਲੈ ਕੇ ਜਾਏਂਗਾ?’’ ਬੇਜੀ ਨੇ ਹੱਸ ਕੇ ਕਿਹਾ।

‘‘ਮੈਂ ਕੋਈ ਮਾੜਾ ਮਰਦਾਂ, ਮੇਰੇ ਘਰ ਰੋਟੀ ਨੀ, ਬਈ ਮੈਂ ਆਪਣੀ ਧੀ ਥੋਨੂੰ ਦੇ ਦਿਆਂ।’’

‘‘ਚੰਗੀ ਦੀਪ ਨੂੰ ਤਾਂ ਪੁੱਛ ਲੈ ਇਹਨੇ ਜਾਣੈ ਕਿ ਰਹਿਣੈ’’ ਬੇਜੀ ਨੇ ਆਖਿਆ। ‘‘ਬੱਚਿਆਂ ਦਾ ਕੀ ਹੁੰਦੈ ਇਹਨੂੰ ਨਾਲੇ ਕੀ ਪਤੈ। ਪੜ੍ਹਾਈ ਦਾ ਬਹਾਨਾ ਕਰਕੇ ਤੁਸੀਂ ਲੈ ਆਏ ਸੀ। ਮੈਂ ਆਖਦਾਂ, ਮੈਂ ਨਹੀਂ ਪੜ੍ਹਾਉਣੀ। ਗੱਲ ਮੁੱਕੀ।’’

ਇੰਨੇ ਨੂੰ ਫੁੱਫੜ ਜੀ ਵੀ ਆ ਗਏ।

‘‘ਕੀ ਗੱਲ ਸਰਦਾਰ ਜੀ? ਥੋਨੂੰ ਬੇਬੇ ਨੇ ਸੱਦਿਆ ਬਈ ਮੈਂ ਦੀਪ ਨੂੰ ਲੈ ਕੇ ਜਾਣੈ? ਮੇਰੀ ਧੀ ਐ ਮੈਂ ਲੈ ਕੇ ਕਿਉਂ ਨਾ ਜਾਵਾਂ?’’

‘‘ਬਗਾਨੇ ਧੀਆਂ ਪੁੱਤਾਂ ਦਾ ਏਹੀ ਹੁੰਦੈ ਬਈ ਜਦੋਂ ਅਗਲੇ ਦਾ ਜੀ ਕਰੇ ਲੈ ਜੇ’’ ਵੱਡੇ ਬੇਜੀ ਨੇ ਸਭ ਨੂੰ ਸੁਣਾ ਕੇ ਗੱਲ ਆਖੀ।

‘‘ਸਾਡੇ ਕੋਈ ਆਪਣਾ ਹੁੰਦਾ ਅਸੀਂ ਕਾਹਨੂੰ ਬਗਾਨੀਆਂ ਲਾਲਾਂ ਚੱਟਦੇ। ਸਰਦਾਰ ਸਾਹਿਬ ਨੇ ਤਾਂ ਦੂਜਾ ਖੂਹ ਵੀ ਪੱਟਿਆ ਬਈ ਏਸੇ ਦੇ ਰੱਬ ਭੁੱਲਜੂ। ਏਦੂੰ ਦਾ ਜਤੀਮਖਾਨਿਓ ਲਿਆਉਂਦੇ ਕਿਸੇ ਦਾ ਜੁਆਕ, ਅਗਲਾ ਇਉਂ ਤਾਂ ਨਾ ਖੋਹ ਕੇ ਲੈ ਜਾਂਦਾ’’ ਛੋਟੇ ਬੇਜੀ ਰੋਂਦੇ ਆਖੀ ਜਾ ਰਹੇ ਸਨ।

‘‘ਚੰਗਾ ਸਰਦਾਰ ਕਾਕਾ ਸਿੰਘ ਜੀ ਸਾਡਾ ਕਿਹੜਾ ਜ਼ੋਰ ਐ ਤੇਰੀ ਧੀ ਐ ਲੈ ਜਾਓ। ਪਰ ਜੇ ਆਖੋ ਮੈਂ ਤੁਹਾਡੀ ਮਿੰਨਤ ਕਰ ਦਿਨਾਂ, ਦੇਖ ਇਹਦੀ ਬੇਬੇ ਰੋ ਰਹੀ ਐ’’ ਫੁੱਫੜ ਜੀ ਨੇ ਜਦੋਂ ਆਖਿਆ ਬਾਪੂ ਜੀ ਉੱਠ ਕੇ ਬਾਹਰ ਨੂੰ ਚਲੇ ਗਏ ਤੇ ਉਧਰੋਂ ਹੀ ਪਿੰਡ ਨੂੰ ਚਲੇ ਗਏ।

ਅਗਲੇ ਦਿਨ ਜਾ ਕੇ ਬੇਜੀ ਮੈਨੂੰ ਫੇਰ ਸਕੂਲ ਦਾਖ਼ਲ ਕਰਵਾ ਆਏ।

ਕੁਝ ਦਿਨਾਂ ਮਗਰੋਂ ਪਿੰਡਾਂ ਦਾਦੀ ਮਾਂ ਆਈ। ਦੱਸਿਆ ਬਾਪੂ ਜੀ ਅੱਗੇ ਨਾਲੋਂ ਵੀ ਬਹੁਤੀ ਸ਼ਰਾਬ ਪੀਣ ਲੱਗ ਪਏ ਨੇ। ਕਈ ਵਾਰੀ ਗਿਆਨ ਦਾਸ ਦੇ ਡੇਰੇ ਜਾ ਕੇ ਪਏ ਰਹਿੰਦੇ ਨੇ। ਕਸਰਤ ਕਰਨੀ ਛੱਡਤੀ। ਦੇਸੀ ਘਿਓ ਦਾ ਪੀਪਾ ਸਾਰਾ ਚੁੱਕ ਕੇ ਘੋੜੀ ਨੂੰ ਚਾਰਤਾ। ‘‘ਆਪ ਜਮਾਂ ਪੀਲਾ ਹੋਇਆ ਪਿਐ। ਬਸ ਪੀ ਕੇ ਚੁਬਾਰੇ ’ਚ ਪਿਆ ਰਹਿੰਦੈ। ਕਦੇ ਰੋਟੀ ਦਾ ਭੋਰਾ ਖਾ ਲਿਆ ਕਦੇ ਨਾ। ਚੰਦਕੁਰ ਨੂੰ ਇੱਕ ਦਿਨ ਪੀ ਕੇ ਧੌਲ ਧੱਫਾ ਕਰਨ ਲੱਗਿਆ ਸੀ ਮੈਂ ਤਾਂ ਪੇਕੀਂ ਤੋਰਤੀ ਬਈ ਜੇ ਇਸਦਾ ਏਸਦਾ ਏਸ ਪਾਸੇ ਹੱਥ ਖੁੱਲ੍ਹ ਗਿਆ ਫੇਰ ਇਹ ਕੀਹਦੇ ਡੱਕਣ ਦਾ ਐ। ਇਹ ਘਰ ਨੀ ਹੁਣ ਤੁਰਦਾ ਦੀਂਹਦਾ। ਮੈਂ ਤਾਂ ਬਥੇਰੀਆਂ ਸੁੱਖਣਾਂ ਸੁੱਖੀਆਂ ਨੇ ਬਾਬੇ ਸ਼ਹੀਦਾਂ ਦੀਆਂ, ਨੈਣਾ ਦੇਵੀ ਦੀਆਂ, ਬਾਬੇ ਮਾੜੂਦਾਸ ਦੀਆਂ, ਕੋਟਲੇ ਆਲੇ ਪੀਰ ਦੀਆਂ ਬਈ ਇਹ ਕਿਮੇਂ ਸ਼ਰਾਬ ਛੱਡ ਜੇ। ਖਬਰਨੀ ਕਿਹੜੇ ਪੁੱਤ ਖਾਣੇ ਦੇ ਨੇ ਇਹ ਚੰਦਰੀ ਘਰ-ਖੋਣੀ ਬਣਾ ਤੀ। ਬਾਕੀ ਬਲਦੇਵਕੁਰ ਗਈ ਸੀ। ਆਖਦੀ ਸੀ ਦੀਪ ਦਾ ਰਿਸ਼ਤਾ ਓਸਦੀ ਨਨਦ ਦੇ ਮੁੰਡੇ ਨੂੰ ਕਰ ਦਿਓ। ਦੇਖਲੋ ਜੇ ਘਰ ਬਾਰ ਚੰਗਾ ਐ। ਉਹ ਤਾਂ ਇਹ ਵੀ ਆਖਦੀ ਸੀ, ਇਹ ਨਾ ਹੋਵੇ ਇਹਦਾ ਪਿਓ ਕਿਤੇ ਆਪਣੀ ਮਰਜ਼ੀ ਨਾਲ ਸਾਕ ਕਰਦੇ। ਪੀਤੀ ’ਚ ਕੀ ਪਤਾ ਲਗਦੈ। ਹੋਰ ਜੇ ਕਿਤੇ ਹਾਂ ਕਰ ਆਇਆ ਫੇਰ ਕੀ ਕਰਾਂਗੇ। ਰੱਬ ਦੇ ਘਰ ਵੀ ਨਿਆਂ ਨੀ। ਆਪ ਏਹੋਜਾ ਐ ਗਹਾਂ ਧੀਆਂ ਦਾ ਲਾਰਾ ਦੇਤਾ। ਮੇਰੀ ਬੈਠੀ ਬੈਠੀ ਵੱਡੀਆਂ ਦੋਂਹ ਦੇ ਤਾਂ ਜ਼ਰੂਰਈ ਹੱਥ ਪੀਲੇ ਕਰ ਦਿਓ। ਇਨ੍ਹਾਂ ਦਾ ਦਾਦਾ ਮਰ ਗਿਆ ਤਰਲੇ ਲੈਂਦਾ ਬਈ ਇਨ੍ਹਾਂ ਦਾ ਕੁਸ਼ ਕਰਜਾਂ। ਸ਼ਰਾਬ ਪੀਣ ਵਾਲਿਆਂ ਦਾ ਕਾਹਦਾ ਭਰੋਸਾ, ਹੋਰ ਕਿਸੇ ਆਪਣੇ ਵਰਗੇ ਦੇ ਪੁੱਤ ਨੂੰ ਕਰਦੂ, ਫੇਰ ਬੈਠੇ ਝਾਕਾਂਗੇ’’ ਦਾਦੀ ਮਾਂ ਬਹੁਤ ਉਦਾਸ ਹੋ ਕੇ ਆਖ ਰਹੀ ਸੀ।

ਅਜੇ ਬਹੁਤੇ ਦਿਨ ਨਹੀਂ ਸੀ ਗੁਜ਼ਰੇ ਜਦੋਂ ਭੂਆ ਜੀ ਦੀ ਨਨਾਣ ਦਾ ਛੋਟਾ ਮੁੰਡਾ ਤੇ ਉਸ ਦੀ ਭੂਆ ਆ ਪਹੁੰਚੇ। ਬਹਾਨਾ ਇਹ ਬਣਾਇਆ ਕਿ ਇਸ ਛੋਟੇ ਲਈ ਪਟਿਆਲੇ ਕਿਸੇ ਪੁਲੀਸ ਦੇ ਸੁਪਰਡੈਂਟ ਦੀ ਕੁੜੀ ਦੇਖਣ ਆਏ ਸੀ।

‘‘ਆਗੀ ਪਸੰਦ ਕੁੜੀ?’’ ਬੇਜੀ ਨੇ ਪੁੱਛਿਆ।

‘‘ਸੁਹਣੀ ਤਾਂ ਬਥੇਰੀ ਐ ਪਰ ਤੇਜ਼ ਲਗਦੀਐ, ਮੈਨੂੰ ਤਾਂ ਪਸੰਦ ਨੀ। ਸਾਨੂੰ ਤਾਂ ਸਾਊ ਜੀ ਕੁੜੀ ਚਾਹੀਦੀਐ’’ ਉਹਦੀ ਭੂਆ ਜੀ ਨੇ ਦੱਸਿਆ।

‘‘ਵੱਡਾ ਮੰਗ ਲਿਆ ਕਿਤੇ?’’ ਬੇਜੀ ਨੇ ਪੁੱਛਿਆ।

‘‘ਵੱਡਾ ਤਾਂ ਸਾਡਾ ਭਗਤ ਐ ਉਹ ਤਾਂ ਜਿੱਥੇ ਆਖਾਂਗੇ ਮੰਨਜੂ। ਉਹ ਤਾਂ ਬਹੁਤ ਸਾਊ ਐ, ਪਸੰਦ ਤਾਂ ਏਸੇ ਦੇ ਨੀ ਕੋਈ ਆਉਂਦੀ। ਉਸ ਖਾਤਿਰ ਤਾਂ ਸੋਚਦੇ ਆਂ ਰਿਸ਼ਤੇਦਾਰਾਂ ਵਿੱਚੋਂ ਈ ਕੋਈ ਕੁੜੀ ਦੇਖੀਏ ਜੋ ਦੇਖੀਭਾਲੀ ਹੋਵੇ। ਹੋਰ ਏਹੋਜੀ ਨਾ ਕੋਈ ਆਜੇ ਜਿਹੜੀ ਉਹਨੂੰ ਹੱਥਾਂ ’ਤੇ ਨਚਾਏ।’’ ਉਸ ਦੇ ਭੂਆ ਜੀ ਦੱਸ ਰਹੇ ਸਨ ਤੇ ਨਾਲ ਹੀ ਟੇਢੀ ਅੱਖ ਨਾਲ ਮੇਰੇ ਵੱਲ ਝਾਕ ਲੈਂਦੇ ਸਨ।

ਇਕ ਅਜੀਬ ਕਿਸਮ ਦਾ ਭੈਅ ਜਿਵੇਂ ਮੇਰੇ ਹੱਡਾਂ ’ਚ ਲਹਿ ਗਿਆ। ਮੈਂ ਉੱਠ ਕੇ ਆਪਣੇ ਕਮਰੇ ਵਿਚ ਚਲੀ ਗਈ।

ਅਗਲੇ ਦਿਨ ਜਾਣ ਵੇਲੇ ਉਹ ਔਰਤ ਮੇਰੇ ਕਮਰੇ ਵਿਚ ਆਈ। ਸਿਰ ’ਤੇ ਪਿਆਰ ਦਿੱਤਾ। ਜਾਣ ਲੱਗੀ ਰੁਪਏ ਦੇਣ ਲੱਗੀ।

‘‘ਨਹੀਂ…’’ ਆਖ ਮੈਂ ਸਿਰ ਫੇਰ ਕੇ ਰੁਪਏ ਲੈਣ ਤੋਂ ਨਾਂਹ ਕਰ ਦਿੱਤੀ।

‘‘ਲੈ ਲੈ ਕੋਈ ਨਾ ਭੂਆ ਜੀ ਨੇ’’ ਬੇਜੀ ਨੇ ਆਖਿਆ।

ਜਦੋਂ ਫੇਰ ਵੀ ਰੁਪਏ ਮੈਂ ਨਾ ਫੜੇ ਉਸ ਨੇ ਮੇਰੇ ਸਿਰਹਾਣੇ ਹੇਠ ਰੱਖ ਦਿੱਤੇ ਤੇ ਸਿਰ ਪਲੋਸ ਕੇ ਚਲੀ ਗਈ।

ਉਂਜ ਤਾਂ ਜਿਹੜੇ ਵੀ ਰਿਸ਼ਤੇਦਾਰ ਆਉਂਦੇ ਸਨ ਜਾਣ ਲੱਗਿਆਂ ਰੁਪਏ ਦੇ ਕੇ ਜਾਂਦੇ ਸਨ ਪਰ ਇਸ ਔਰਤ ਦਾ ਰੁਪਏ ਦੇਣਾ ਮੈਨੂੰ ਚੰਗਾ ਨਹੀਂ ਸੀ ਲੱਗਿਆ ਤੇ ਕਿੰਨੇ ਦਿਨ ਜਦੋਂ ਤੱਕ ਬੇਜੀ ਨੇ ਉੱਥੋਂ ਨਾ ਚੁੱਕੇ, ਉਹ ਰੁਪਏ ਸਿਰਹਾਣੇ ਹੇਠ ਹੀ ਪਏ ਰਹੇ ਸਨ।

ਇਕ ਦਿਨ ਜਮਾਤ ਵਿਚ ਗੁਰਬਖਸ਼ ਭੈਣ ਜੀ ਨੇ ਆਖਿਆ, “ਕਲ੍ਹ ਨੂੰ ਸਾਰੀਆਂ ਕੁੜੀਆਂ ਲਿਖ ਕੇ ਲਿਆਇਓ ਕਵਿਤਾ ਜਾਂ ਕਹਾਣੀ। ਕਿਤੋਂ ਪੜ੍ਹਕੇ ਨੀ ਆਪਣੇ ਕੋਲੋਂ ਬਣਾ ਕੇ।’’

ਬਹੁਤ ਰਾਤ ਗਈ ਤੱਕ ਮੈਂ ਸੋਚਦੀ ਰਹੀ ਕਵਿਤਾ ਲਿਖਾਂ। ਲਿਖਿਆ: ‘‘ਸੂਰਜਾਂ ਦੀ ਜਿੰਦ ਮੇਰੀ, ਬੱਦਲਾਂ ਦੀ ਜਿੰਦ ਮੇਰੀ, ਪੌਣਾਂ ਦੀ ਜਿੰਦ ਮੇਰੀ, ਪੰਛੀਆਂ ਦੀ ਜਿੰਦ ਮੇਰੀ।

ਪਰ ਇਹ ਕਵਿਤਾ ਨਹੀਂ ਸੀ। ਮੈਂ ਲਿਖ ਕੇ ਲਾਈਨਾਂ ਕੱਟ ਦਿਤੀਆਂ।

ਕਹਾਣੀ ਲਿਖਣ ਲੱਗੀ: ਇਕ ਨਿੱਕੀ ਜਿਹੀ ਕੁੜੀ ਜੰਗਲ ਵਿਚ ਗੁਆਚ ਗਈ ਸੀ। ਫੇਰ ਕੀ ਹੋਇਆ ਅੱਗੋਂ ਪਤਾ ਨਹੀਂ ਸੀ। ਕਹਾਣੀ ਵੀ ਨਾ ਬਣੀ। ਅਗਲੇ ਦਿਨ ਸ਼ਵਿੰਦਰਜੀਤ ਨੇ ਕਵਿਤਾ ਸੁਣਾਈ ਤੇ ਮੈਂ ਹੈਰਾਨ ਹੋਈ ਉਹਦੇ ਮੂੰਹ ਵੱਲ ਤੱਕਦੀ ਰਹੀ। ਸ਼ਵਿੰਦਰਜੀਤ ਦੀਆਂ ਅਣਛਪੀਆਂ ਕਵਿਤਾਵਾਂ ਦਾ ਖਰੜਾ ਪਿਛਲੇ ਸਾਲ ਅਵਤਾਰ ਨੇ ਮੈਨੂੰ ਵਿਖਾਇਆ ਸੀ। ਸ਼ਵਿੰਦਰਜੀਤ ਹੁਣ ਦੁਨੀਆ ’ਤੇ ਨਹੀਂ ਰਹੀ। ਦਿਮਾਗ ਦੀ ਨਾੜੀ ਫਟ ਜਾਣ ਨਾਲ ਉਸ ਦੀ ਮੌਤ ਹੋ ਗਈ ਸੀ।

ਅਵਨਾਸ਼ ਨੇ ਕਹਾਣੀ ਸੁਣਾਈ। ਇਕ ਰਾਜਕੁਮਾਰੀ ਸੀ। ਰਾਜਕੁਮਾਰੀ ਨੇ ਰਾਜਕੁਮਾਰ ਨੂੰ ਆਖਿਆ, ਲਾਲ ਗੁਲਾਬ ਦਾ ਫੁੱਲ ਲਿਆਕੇ ਦੇਵੇਂਗਾ ਤਾਂ ਮੈਂ ਤੇਰੇ ਨਾਲ ਵਿਆਹ ਕਰਾਂਗੀ। ਰਾਜਕੁਮਾਰ ਬਹੁਤ ਉਦਾਸ ਹੋ ਆਪਣੀ ਬਾਰੀ ਵਿਚ ਬੈਠਾ ਬੰਸੀ ਵਜਾ ਰਿਹਾ ਸੀ। ਸਾਰੇ ਮੁਲਕ ਵਿਚ ਲਾਲ ਗੁਲਾਬ ਕਿਧਰੇ ਨਹੀਂ ਸੀ ਉੱਗਦਾ। ਬੁਲਬੁਲ ਨੇ ਆਖਿਆ ਮੈਂ ਤੇਰੀ ਮਦਦ ਕਰਾਂਗੀ। ਰਾਜਕੁਮਾਰ ਬਾਰੀ ਵਿਚ ਬੈਠਾ ਬੰਸਰੀ ਵਜਾਉਂਦਾ ਰਿਹਾ। ਬੁਲਬੁਲ ਬਾਰੀ ਦੇ ਅੱਗੇ ਲੱਗੇ ਚਿੱਟੇ ਗੁਲਾਬ ਦੇ ਬੂਟੇ ਦੀ ਟਾਹਣੀ ਉਪਰ ਕੰਡਿਆਂ ਉਪਰ ਬੈਠ ਗਈ। ਇਕ ਕੰਡਾ ਉਹਦੇ ਦਿਲ ਵਿਚ ਵੀ ਪੁੜ ਗਿਆ। ਸਾਰੀ ਰਾਤ ਬੁਲਬੁਲ ਦੇ ਦਿਲ ਵਿਚੋਂ ਲਹੂ ਸਿੰਮਦਾ ਰਿਹਾ ਤੇ ਗੁਲਾਬ ਦੀ ਟਾਹਣੀ ਨੂੰ ਸਿੰਜਦਾ ਰਿਹਾ ਤੇ ਸਵੇਰ ਤੱਕ ਚਿੱਟੇ ਗੁਲਾਬ ਦਾ ਰੰਗ ਲਾਲ ਹੋ ਗਿਆ ਸੀ ਤੇ ਬੁਲਬੁਲ ਮਰ ਗਈ ਸੀ।’’

ਉਦੋਂ ਮੈਨੂੰ ਪਤਾ ਨਹੀਂ ਸੀ ਇਹ ਕਹਾਣੀ ਸੱਚੀ ਹੈ ਕਿ ਝੂਠੀ, ਅਵਨਾਸ਼ ਨੇ ਆਪ ਬਣਾਈ ਐ ਜਾਂ ਕਿਤੋਂ ਪੜ੍ਹ ਕੇ ਲਿਖੀ ਐ, ਪਰ ਜਦੋਂ ਕਹਾਣੀ ਮੁੱਕੀ ਮੇਰੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ। ਤੇ ਅੱਜ ਬਹੁਤ ਸਾਲ ਲੰਘ ਜਾਣ ਉਪਰੰਤ ਵੀ ਉਹ ਬੰਸਰੀ ਵਜਾਉਂਦਾ ਰਾਜਕੁਮਾਰ ਚਿੱਟੇ ਤੋਂ ਲਾਲ ਹੋਇਆ ਗੁਲਾਬ ਦਾ ਫੁੱਲ ਤੇ ਮਰੀ ਹੋਈ ਬੁਲਬੁਲ ਮੇਰੇ ਜ਼ਿਹਨ ਵਿਚ ਜੀਉਂ ਰਹੇ ਨੇ।

“ਤੂੰ ਕੀ ਲਿਖ ਕੇ ਲਿਆਂਦੈ?’’ ਗੁਰਬਖਸ਼ ਭੈਣ ਜੀ ਨੇ ਮੈਨੂੰ ਪੁੱਛਿਆ।

“ਮੈਨੂੰ ਤਾਂ ਕੁਝ ਨਹੀਂ ਲਿਖਣਾ ਆਉਂਦਾ’’ ਮੈਂ ਇਮਾਨਦਾਰੀ ਨਾਲ ਆਖਿਆ।

‘‘ਪਰ ਮੈਂ ਲਿਖਣ ਲਈ ਆਖਿਆ ਸੀ।’’

“ਜਦੋਂ ਮੈਂ ਵੱਡੀ ਹੋ ਗਈ ਮੈਂ ਤੁਹਾਡੇ ਉੱਤੇ ਇਕ ਕਹਾਣੀ ਲਿਖਾਂਗੀ ਗੁਰਬਖਸ਼ ਭੈਣ ਜੀ’’ ਸ਼ਾਇਦ ਮੈਂ ਇਹ ਸੋਚ ਕੇ ਆਖ ਦਿੱਤਾ ਸੀ ਪਰੀਆਂ ਦੀਆਂ ਕਹਾਣੀਆਂ ਹੁੰਦੀਆਂ ਨੇ ਤੇ ਗੁਰਬਖਸ਼ ਭੈਣ ਜੀ ਪਰੀਆਂ ਵਰਗੀ ਹੀ ਤਾਂ ਸੀ। ਪਰ ਉਦੋਂ ਮੈਨੂੰ ਇਹ ਨਹੀਂ ਸੀ ਪਤਾ ਇਹ ਧਰਤੀ ਪਰੀਆਂ ਨੂੰ ਰਾਸ ਨਹੀਂ ਆਉਂਦੀ ਤੇ ਕੁਝ ਵਰ੍ਹੇ ਹੋਏ ਪਰੀਆਂ ਵਰਗੀ ਉਹ ਗੁਰਬਖਸ਼ ਭੈਣ ਜੀ ਭਾਖੜਾ ਨਹਿਰ ’ਚ ਡੁੱਬ ਕੇ ਮਰ ਗਈ ਹੈ।

ਉਨ੍ਹੀਂ ਦਿਨੀਂ ਸਾਡੇ ਸਕੂਲ ਦੇ ਨਾਲ ਐਫ.ਏ. ਤੱਕ ਦਾ ਕਾਲਜ ਵੀ ਬਣ ਗਿਆ ਸੀ। ਕੁਝ ਪ੍ਰੋਫੈਸਰਨੀਆਂ ਰੱਖ ਲਈਆਂ ਤੇ ਦੇ ਪ੍ਰੋਫੈਸਰ ਮਹਿੰਦਰਾ ਕਾਲਜ ਵਿਚੋਂ ਪੜ੍ਹਾਉਣ ਆਉਂਦੇ। ਉਹ ਸਕੂਲ ਦੀਆਂ ਜਮਾਤਾਂ ਨੂੰ ਵੀ ਪੜ੍ਹਾਉਂਦੇ ਸਨ। ਪ੍ਰੋਫੈਸਰ ਬਲਵੰਤ ਸਿੰਘ ਹਿਸਟਰੀ ਪੜ੍ਹਾਉਂਦੇ ਨਾਲ ਗੱਲਾਂ ਵੀ ਸੁਣਾਉਂਦੇ, ਮਜ਼ਾਕ ਵੀ ਕਰਦੇ।

ਇਕ ਦਿਨ ਕਿਸੇ ਨੇ ਦੱਸਿਆ ਪ੍ਰੋਫੈਸਰ ਬਲਵੰਤ ਸਿੰਘ ਹੋਰਾਂ ਨੇ ਤੀਜੀ ਐੱਮ.ਏ. ਦਾ ਇਮਤਿਹਾਨ ਦਿੱਤਾ ਹੈ ਤੇ ਫਸਟ ਆਏ ਨੇ।

ਪਤਾ ਨਹੀਂ ਕੀ ਸੁੱਝੀ ਮੈਂ ਇਕ ਕਾਗਜ਼ ਉਪਰ ਲਿਖ ਦਿੱਤਾ, ‘‘ਸਰ ਵੀ ਆਰ ਪਰਾਊਡ ਆਫ ਯੂ’’ ਤੇ ਕਾਗਜ਼ ਉਨ੍ਹਾਂ ਦੇ ਜਮਾਤ ਵਿਚ ਆਉਣੋਂ ਪਹਿਲਾਂ ਮੇਜ਼ ਉਪਰ ਰੱਖ ਦਿੱਤਾ।

ਉਹ ਜਮਾਤ ਵਿਚ ਆਏ। ਚੁੱਕ ਕੇ ਕਾਗਜ਼ ਪੜ੍ਹਿਆ। ਸਾਰੀ ਜਮਾਤ ਉਪਰ ਨਿਗ੍ਹਾ ਮਾਰੀ। ਫਿਰ ਮੇਰੇ ਵੱਲ ਉਂਗਲ ਕਰਕੇ ਆਖਣ ਲੱਗੇ, ‘‘ਆਪ ਨੇ ਲਿਖਾ ਹੈ ਯੇ?’’

ਮੈਂ ਜਵਾਬ ਦੇਣ ਲਈ ਖੜ੍ਹੀ ਹੋਈ ਬਹੁਤ ਡਰ ਰਹੀ ਸੀ, ਪਰ ਝੂਠ ਵੀ ਨਾ ਬੋਲਿਆ ਗਿਆ ਤੇ ਆਖਿਆ, “ਹਾਂ ਜੀ।’’

“ਆਈ ਆਲਸੋ ਵਾਂਟ ਟੂ ਬੀ ਪਰਾਊਡ ਆਵ ਯੂ’’ ਪ੍ਰੋਫੈਸਰ ਸਾਹਿਬ ਨੇ ਆਖਿਆ ਤੇ ਇਕ ਪਲ ਮੇਰੇ ਵੱਲ ਦੇਖਦੇ ਰਹੇ।

‘‘ਬੈਠ ਜਾਓ’’ ਉਨ੍ਹਾਂ ਆਖਿਆ ਤੇ ਜਮਾਤ ਨੂੰ ਪੜ੍ਹਾਉਣ ਲੱਗ ਪਏ।

ਬਹੁਤ ਸਾਲ ਲੰਘ ਗਏ। ਗੱਲ ਭੁੱਲ ਭੁਲਾ ਗਈ। ਪਰ ਜਦੋਂ 1972 ਵਿਚ ਮੇਰੇ ਨਾਵਲ ‘ਏਹੁ ਹਮਾਰਾ ਜੀਵਣਾ’ ਨੂੰ ਸਾਹਿਤ ਅਕੈਡਮੀ ਦਾ ਐਵਾਰਡ ਮਿਲਿਆ ਤਾਂ ਬਹੁਤ ਸਾਰੀਆਂ ਵਧਾਈ ਦੀਆਂ ਤਾਰਾਂ ਤੇ ਚਿੱਠੀਆਂ ਵਿਚ ਇਕ ਪੋਸਟ ਕਾਰਡ ਵੀ ਸੀ। ਇਹ ਪ੍ਰੋਫੈਸਰ ਬਲਵੰਤ ਸਿੰਘ ਹੋਰਾਂ ਵਲੋਂ ਸੀ ਜਿਸ ਉੱਤੇ ਸਿਰਫ਼ ਏਨਾ ਹੀ ਲਿਖਿਆ ਹੋਇਆ ਸੀ, ‘‘ਆਈ ਐਮ ਪਰਾਊਡ ਆਫ ਯੂ।’’

Leave a Reply

Your email address will not be published. Required fields are marked *