ਦੌਲਾ

ਰੋਜ਼ੀ ਸਿੰਘ

ਕਥਾ ਪ੍ਰਵਾਹ

1988 ਦੇ ਵੱਡੇ ਹੜ੍ਹ ਤੋਂ ਬਾਅਦ ਛੇਤੀ ਹੀ ਸਾਡਾ ਅੱਧਾ ਟੱਬਰ ਪਿੰਡੋਂ ਸ਼ਹਿਰ ਆਣ ਕੇ ਵੱਸਣ ਲੱਗ ਪਿਆ। ਦੋ ਭਰਾ ਨੌਕਰੀਆਂ ਕਰਦੇ ਸਨ ਤੇ ਉਨ੍ਹਾਂ ਲਈ ਰੋਜ਼ਾਨਾ ਪਿੰਡ ਦਾ ਕੱਚਾ, ਘੱਟੇ ਮਿੱਟੀ ਤੇ ਚਿੱਕੜ ਨਾਲ ਲੱਦਿਆ ਰਾਹ ਲੰਘ ਕੇ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਸੀ। ਸ਼ਹਿਰ ਵਿੱਚ ਸਾਡਾ ਇਕ ਜੱਦੀ ਮਕਾਨ ਸੀ ਜਿਹੜਾ ਸਾਡੇ ਵਡੇਰਿਆਂ ਨੂੰ ਪਾਕਿਸਤਾਨੋਂ ਉੱਜੜ ਕੇ ਆਉਣ ਤੋਂ ਬਾਅਦ ਥਾਂ-ਥਾਂ ਠੋਕਰਾਂ ਖਾ ਕੇ ਅਲਾਟ ਹੋਇਆ ਸੀ। ਜਿਹੜੀ ਗਲ਼ੀ ਵਿੱਚ ਇਹ ਮਕਾਨ ਏ ਉਸ ਗਲ਼ੀ ਦਾ ਨਾਂ ਹਾਕਾਂ ਵਾਲੀ ਗਲ਼ੀ ਏ। ਦੱਸਦੇ ਨੇ ਕਿ ਇਹ ਮਕਾਨ ਇਕ ਮੁਸਲਮਾਨ ਬੀਬੀ ਮਾਈ ਹਾਕਾਂ ਦਾ ਸੀ ਜਿਹੜੀ ਪਰਿਵਾਰ ਸਮੇਤ 47 ਦੇ ਰੌਲ਼ੇ ਵਿੱਚ ਕਿਧਰੇ ਲੁੱਟੀ-ਪੁੱਟੀ ਗਈ ਸੀ।

ਛੇਵੀਂ ਜਮਾਤ ਵਿੱਚ ਮੈਨੂੰ ਘਰਦਿਆਂ ਨੇ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਤੇ ਨਾਲ ਹੀ ਸ਼ਹਿਰ ਦੇ ਇਕ ਮਸ਼ਹੂਰ ਆਰ.ਐਮ.ਪੀ ਡਾਕਟਰ ਕੋਲ ਕੰਪਾਊਡਰ ਦਾ ਕੰਮ ਵੀ ਸਿੱਖਣ ਲਗਾ ਦਿੱਤਾ। ਮੈਂ ਰੋਜ਼ਾਨਾ ਪਿੰਡੋਂ ਸਾਈਕਲ ’ਤੇ ਦੁੱਧ ਲੈ ਕੇ ਸ਼ਹਿਰ ਆਉਣਾ, ਘਰੋ-ਘਰੀ ਦੁੱਧ ਪਾ ਕੇ ਸਕੂਲ ਜਾਣਾ, ਸਕੂਲ ਤੋਂ ਬਾਅਦ ਸ਼ਾਮ ਤੱਕ ਡਾਕਟਰ ਕੋਲ ਕੰਮ ਕਰਨਾ ਤੇ ਸ਼ਾਮ ਨੂੰ ਸਾਈਕਲ ’ਤੇ ਦੁੱਧ ਵਾਲੇ ਭਾਂਡੇ ਰੱਖ ਕੇ ਪਿੰਡ ਜਾਣਾ। ਇਹ ਸਿਲਸਿਲਾ ਕਈ ਵਰ੍ਹੇ ਚੱਲਦਾ ਰਿਹਾ ਤੇ ਫੇਰ ਹੌਲ਼ੀ-ਹੌਲ਼ੀ ਬੇਬੇ-ਬਾਪੂ ਵੀ ਸ਼ਹਿਰ ਵੱਡੇ ਭਰਾ ਕੋਲ ਆਣ ਕੇ ਰਹਿਣ ਲੱਗੇ ਤੇ 1996 ਤੱਕ ਮੈਂ ਵੀ ਪੱਕੇ ਤੌਰ ’ਤੇ ਸ਼ਹਿਰ ਆਣ ਵੱਸਿਆ।

ਸ਼ਹਿਰ ਦਾ ਮਾਹੌਲ ਮੇਰੇ ਲਈ ਨਾ ਤਾਂ ਏਨਾ ਨਵਾਂ ਸੀ ਤੇ ਨਾ ਹੀ ਮੈਂ ਇਸ ਮਾਹੌਲ ਤੋਂ ਬਹੁਤਾ ਵਾਕਿਫ਼ ਸਾਂ, ਪਰ ਹੌਲ਼ੀ ਹੌਲ਼ੀ ਮੈਂ ਏਥੇ ਰਹਿਣਾ ਸਿੱਖ ਹੀ ਲਿਆ। ਸਾਡੀ ਗਲ਼ੀ ਤੋਂ ਇਕ ਗਲ਼ੀ ਪਾਰ ਇਕ ਛੋਟਾ ਜਿਹਾ ਚੌਕ ਏ। ਚੌਕ ਵਿੱਚੋਂ ਇਕ ਮਾਈ ਹਫ਼ਤੇ ਵਿੱਚ ਦੋ ਤਿੰਨ ਵਾਰ ਕੌਲੀ ਜਾਂ ਕੋਈ ਹੋਰ ਭਾਂਡਾ ਫੜ੍ਹ ਸਾਡੇ ਘਰ ਆ ਜਾਂਦੀ। ਉਹ ਆਪਣੇ ਮੁੰਡੇ ਵਾਸਤੇ ਸਬਜ਼ੀ-ਭਾਜੀ ਲੈਣ ਆਉਂਦੀ ਸੀ। ਜਿਸ ਦਿਨ ਉਸ ਨੂੰ ਤਾਜ਼ੀ ਦਾਲ ਸਬਜ਼ੀ ਮਿਲ ਜਾਣੀ ਉਸ ਦਿਨ ਉਸ ਨੇ ਬੜੀਆਂ ਅਸੀਸਾਂ ਤੇ ਦੁਆਵਾਂ ਦੇਂਦੀ ਨੇ ਪਰਤਣਾ ਤੇ ਜਿਹੜੇ ਦਿਨ ਉਸ ਨੂੰ ਰਾਤ ਦੀ ਬੇਹੀ ਜਾਂ ਫੇਰ ਉਸ ਦੇ ਮਨਪਸੰਦ ਦੀ ਸਬਜ਼ੀ ਭਾਜੀ ਨਾ ਮਿਲਣੀ ਤਾਂ ਉਸ ਨੇ ਬੁੜ-ਬੁੜ ਕਰਦੀ ਨੇ ਵਾਪਸ ਟੁਰ ਪੈਣਾ, ਬਿਨਾ ਦਾਲ ਸਬਜ਼ੀ ਲਏ ਹੀ…।

‘‘ਹੂੰ..! ਮੇਰਾ ਮੁੰਡਾ ਹੁਣ ਬੇਹੀ ਦਾਲ ਖਾਵੇਗਾ। ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਨੇ ਵਿਹਲੀਆਂ, ਵੇਲ਼ੇ ਸਿਰ ਚੱਜ ਦੀ ਦਾਲ ਸਬਜ਼ੀ ਵੀ ਨਈਂ ਬਣਾ ਸਕਦੀਆਂ। ਹੁਣ ਮੇਰਾ ‘ਕਰਮਾਂ’ ਭੁੱਖਾ ਰਵੇਗਾ ਸਾਰਾ ਦਿਨ…, ਹਾਏ…! ਮਾਂ ਸਦਕੇ…।’’ ਗੁੱਸੇ ਨਾਲ ਉਸ ਦਾ ਝੁਰੜੀਆਂ ਵਾਲਾ ਮਾੜਚੂ ਜਿਹਾ ਚਿਹਰਾ ਲਾਲ ਹੋ ਜਾਂਦਾ ਤੇ ਉਸ ਦੇ ਚਿਹਰੇ ਦੀਆਂ ਝੁਰੜੀਆਂ ਖੇਤਾਂ ਵਿੱਚ ਪਈਆਂ ਖੇਲ਼ਾਂ ਵਰਗੀਆਂ ਡੂੰਘੀਆਂ ਜਾਪਣ ਲੱਗਦੀਆਂ।

ਉਹ ਘਰ ਦੀਆਂ ਜ਼ਨਾਨੀਆਂ ਨੂੰ ਮਾੜਾ ਚੰਗਾ ਬੋਲਦੀ, ਆਪਣੇ ਮੁੰਡੇ ਦੀ ਫ਼ਿਕਰ ਕਰਦੀ, ਘਰੋਂ ਚਲੀ ਜਾਂਦੀ। ਉਹ ਹਰ ਮਿੰਟ ਬਾਅਦ ਏਨੀ ਜ਼ੋਰ ਨਾਲ ਵਾਹਿਗੁਰੂ ਬੋਲਦੀ ਕਿ ਕਈ ਵਾਰ ਉਸ ਦੇ ਲਾਗੇ ਖਲੋਤਾ ਬੰਦਾ ਡਰ ਹੀ ਜਾਂਦਾ। ਸਾਡੇ ਘਰ ਤੋਂ ਇਲਾਵਾ ਸੁਨਿਆਰਿਆਂ ਦਾ ਹੀ ਸ਼ਾਇਦ ਇਕ ਘਰ ਸੀ ਜਿੱਥੋਂ ਉਹ ਦਾਲ ਸਬਜ਼ੀ ਲੈਣ ਜਾਂਦੀ ਸੀ। ਇਸ ਤੋਂ ਇਲਾਵਾ ਮੈਂ ਕਦੇ ਵੀ ਉਸ ਨੂੰ ਹੋਰ ਕਿਸੇ ਘਰੋਂ ਕੋਈ ਸ਼ੈਅ ਲੈਂਦਿਆਂ ਨਈਂ ਸੀ ਦੇਖਿਆ।

ਥੋੜ੍ਹੇ ਦਿਨਾਂ ਬਾਅਦ ਹੀ ਮੈਨੂੰ ਪਤਾ ਲੱਗ ਗਿਆ ਕਿ ਉਸ ਮਾਈ ਦਾ ਨਾਮ ਸੰਤੀ ਏ ਤੇ ਉਹ ਕੰਨੋਂ ਬੋਲ਼ੀ ਏ ਤੇ ਉਸ ਨੂੰ ਨਜ਼ਰੀਂ ਵੀ ਬਹੁਤ ਘੱਟ ਪੈਂਦਾ ਹੈ। ਉਸ ਨੇ ਮੋਟੇ-ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਲਾਈਆਂ ਹੁੰਦੀਆਂ ਜਿਸ ਦੇ ਦੋਵਾਂ ਸ਼ੀਸ਼ਿਆਂ ਵਿਚਕਾਰ ਨੱਕ ਵਾਲ਼ੀ ਜਗ੍ਹਾ ’ਤੇ ਮੈਲਾ ਜਿਹਾ ਧਾਗਾ ਲਪੇਟਿਆ ਹੁੰਦਾ। ਇਕ ਦਿਨ ਜਦੋਂ ਮੈਂ ਪੈਦਲ ਗਲ਼ੀ ਵਿੱਚੋਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਮੁਹੱਲੇ ਦੇ ਜਵਾਕ ਉਸ ਨੂੰ ਮਾਈ ਸੰਤੀ, ਮਾਈ ਸੰਤੀ ਆਖ ਕੇ ਛੇੜ ਰਹੇ ਸੀ। ਕੋਈ ਉਸਦੇ ਕੰਨ ਲਾਗੇ ਆਣ ਕੇ ਉੱਚੀ ਦੇਣੀ ਠਾਹ ਬੋਲ ਜਾਂਦਾ, ਕੋਈ ਉਸ ਨੂੰ ਧੱਕਾ ਮਾਰ ਦੇਂਦਾ। ਉਹ ਉਨ੍ਹਾਂ ਨੂੰ ਗਾਲ੍ਹਾਂ ਪਈ ਕੱਢਦੀ ਤੇ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਵਿਚਦੀ ਜਵਾਕਾਂ ਦੇ ਚਿਹਰੇ ਪਛਾਣਨ ਦਾ ਹੀਲਾ ਕਰਦੀ। ਆਪਣੀ ਖੂੰਡੀ ਨਾਲ ਉਨ੍ਹਾਂ ਨੂੰ ਮਾਰਨ ਦੀ ਨਾਕਾਮ ਕੋਸ਼ਿਸ਼ ਕਰਦੀ ਮਨ ਵਿੱਚ ਸੋਚਦੀ … ‘ਸਾਰੇ ਸ਼ਹਿਰ ਵਿਚ ਇਨ੍ਹਾਂ ਨੂੰ ਸਤਾਉਣ ਵਾਸਤੇ ਮੈਂ ਹੀ ਲੱਭੀ ਆਂ!’

ਮੈਂ ਉਸ ਨੂੰ ਉਥੋਂ ਲਿਜਾਣ ਵਾਸਤੇ ਅੱਗੇ ਵਧਿਆ ਤਾਂ ਉਸ ਨੇ ਇਕ ਸੋਟੀ ਮੇਰੇ ਗਿੱਟਿਆਂ ’ਤੇ ਲਿਆ ਮਾਰੀ।  ਆਪਣਾ ਬਚਾਅ ਕਰਦਾ ਹੋਇਆ ਮੈਂ ਉਸ ਨੂੰ ਜੱਫੀ ਵਿਚ ਲੈ ਕੇ ਬੋਲਿਆ, ‘‘ਬੇਬੇ, ਮੈਂ ਉਨ੍ਹਾਂ ਨਾਲ ਨਹੀਂ। ਮੈਂ ਤੈਨੂੰ ਲੈਣ ਆਇਆ ਹਾਂ, ਇਨ੍ਹਾਂ ਸ਼ੈਤਾਨਾਂ ਤੋਂ ਬਚਾਉਣ ਆਇਆ ਵਾਂ।’’

ਥੋੜ੍ਹੀ ਤਸੱਲੀ ਕਰਨ ਪਿੱਛੋਂ ਉਹ ਗਲ਼ੀ ਵਿੱਚ ਮੇਰੇ ਨਾਲ-ਨਾਲ ਤੁਰਨ ਲੱਗੀ। ਚੱਕੀ ਵਾਲੀ ਗਲ਼ੀ ਲੰਘ ਕੇ ਅੱਗੇ ਸੁਨਿਆਰਿਆਂ ਵਾਲੇ ਚੌਕ ਕੋਲ ਆਣ ਉਹ ਰੁਕ ਗਈ, ਓਥੇ ਉਹਦਾ ਘਰ ਜੁ ਸੀ। ਐਨਕਾਂ ਦੇ ਉੱਤੋਂ ਦੀ ਮੱਥੇ ’ਤੇ ਹੱਥ ਰੱਖਦੀ ਅੱਖਾਂ ਨੂੰ ਸ਼ਾਮ ਦੇ ਢਲਦੇ ਸੂਰਜ ਦੀ ਲੋਅ ਤੋਂ ਬਚਾਉਂਦੀ ਉਹ ਮੇਰੇ ਵੱਲ ਗ਼ੌਰ ਨਾਲ ਵਿੰਹਦਿਆਂ ਮੇਰੀ ਮਾਂ ਦਾ ਨਾਂ ਲੈ ਕੇ ਬੋਲੀ,

‘‘ਫਲਾਣੀ ਦਾ ਮੁੰਡਾ ਏਂ?’’

‘‘ਹਾਂ-ਹਾਂ,’’ ਮੈਂ ਉਸ ਦਾ ਖੂੰਡੀ ਵਾਲਾ ਹੱਥ ਆਪਣੇ ਹੱਥਾਂ ’ਚ ਫੜ ਕੇ ਬੋਲਿਆ।

‘‘ਮੈਂ ਪਿੰਡੋਂ ਆਇਆ ਵਾਂ, ਸਭ ਤੋਂ ਛੋਟਾ।’’

ਉਸ ਦੁਆਵਾਂ ਦੇਂਦੀ ਨੇ ਮੇਰੇ ਸਿਰ ’ਤੇ ਆਪਣਾ ਹੱਥ ਰੱਖਿਆ ਤੇ ਚੌਕ ਵੱਲ ਟੁਰ ਪਈ। ਉਸ ਦਿਨ ਤੋਂ ਬਾਅਦ ਉਸ ਨੇ ਮੈਨੂੰ ਕਦੀ ਗਾਲ੍ਹਾਂ ਨਹੀਂ ਸਨ ਕੱਢੀਆਂ ਜਦੋਂਕਿ ਮੁਹੱਲੇ ਦੇ ਸਾਰੇ ਜਵਾਕਾਂ ਨੂੰ ਉਹ ਬਹੁਤ ਗਾਲ੍ਹਾਂ ਕੱਢਦੀ, ਕਿਉਂ ਜੋ ਉਹ ਉਸ ਨੂੰ ਹਮੇਸ਼ਾ ਛੇੜਦੇ ਜੁ ਰਹਿੰਦੇ।

ਜਦੋਂ ਕਦੇ ਸ਼ਹਿਰ ਤੋਂ ਮੇਰਾ ਦਿਲ ਉਕਤਾ ਜਾਂਦਾ ਤਾਂ ਮੈਂ ਸਾਈਕਲ ਚੁੱਕ ਪਿੰਡ ਚਲੇ ਜਾਂਦਾ, ਸਾਈਕਲ ਨਾ ਮਿਲਦਾ ਤਾਂ ਬੱਸੇ ਚੜ੍ਹ ਜਾਂਦਾ। ਪਿੰਡ ਮੈਨੂੰ ਮੇਰੇ ਯਾਰਾਂ ਵਰਗਾ ਲੱਗਦਾ, ਹੁਣ ਵੀ ਲੱਗਦਾ ਹੈ ਪਰ…। ਮੈਨੂੰ ਇਉਂ ਜਾਪਦਾ ਜਿਵੇਂ ਪਿੰਡ ਮੇਰੀ ਕੋਈ ਡਾਹਢੀ ਕੀਮਤੀ ਸ਼ੈਅ ਗੁਆਚ ਗਈ ਹੋਵੇ ਤੇ ਮੈਂ ਰੋਜ਼ ਓਥੇ ਉਸ ਗੁਆਚੀ ਸ਼ੈਅ ਨੂੰ ਲੱਭਣ ਜਾਂਦਾ ਹੋਵਾਂ। ਜਦੋਂ ਬੰਦਾ ਸ਼ਹਿਰੀ ਹੋ ਜਾਵੇ ਤਾਂ ਸ਼ਹਿਰ ਉਸ ਦੇ ਹੱਡਾਂ ਵਿੱਚ ਰਚ ਜਾਂਦੈ। ਪਿੰਡੋਂ ਸ਼ਹਿਰਾਂ ’ਚ ਆਣ ਵੱਸੇ ਲੋਕ ਇਸ ਗੱਲ ਨੂੰ ਵਧੇਰੇ ਚੰਗੀ ਤਰ੍ਹਾਂ ਜਾਣਦੇ ਹੋਣਗੇ। ਉਹ ਚਾਹੁੰਦੇ ਹੋਏ ਵੀ ਰੂਹ ਵਿੱਚ ਵਸੇ ਹੋਏ ਪਿੰਡ ਵਿੱਚ ਜਿਉਣ ਦਾ ਤਸੱਵੁਰ ਨਹੀਂ ਕਰ ਸਕਦੇ। ਮੈਂ ਬਦਕਿਸਮਤ ਵੀ ਉਨ੍ਹਾਂ ’ਚੋਂ ਹੀ ਇਕ ਹਾਂ।

1998 ਵਿੱਚ ਮੈਂ ਸਰਕਾਰੀ ਆਈ.ਟੀ.ਆਈ. ਵਿੱਚ ਦਾਖ਼ਲਾ ਲੈ ਲਿਆ। ਮੇਰੀ ਟਰੇਡ ਪੰਜਾਬੀ ਸਟੈਨੋਗ੍ਰਾਫੀ ਸੀ।  ਚਾਹੁੰਦਾ ਤਾਂ ਮੈਂ ਕੰਪਿਊਟਰ ਸਿੱਖਣਾ ਸਾਂ, ਪਰ ਇਸ ਆਈ.ਟੀ.ਆਈ. ਵਿੱਚ ਕੰਪਿਊਟਰ ਦੀ ਟਰੇਡ ਹੈ ਨਹੀਂ ਸੀ। ਸਾਡਾ ਆਈ.ਟੀ.ਆਈ. ਜਾਣ ਵਾਲਿਆਂ ਦਾ ਇਕ ਟੋਲਾ ਜ਼ਰੂਰ ਬਣ ਗਿਆ ਸੀ ਜਿਸ ਵਿਚ ਚਾਰ ਕੁੜੀਆਂ ਤਾਂ ਉਹ ਸਨ ਜੋ ਸਾਡੇ ਘਰ ਦੇ ਉਪਰ ਵਾਲੇ ਇਕ ਕਮਰੇ ਵਿਚ ਕਿਰਾਏ ’ਤੇ ਰਹਿੰਦੀਆਂ ਸਨ ਤੇ ਤਿੰਨ ਅਸੀਂ ਮੁੰਡੇ ਸਾਂ।

ਜਿਹੜੇ ਰਾਹ ਅਸੀਂ ਆਈ.ਟੀ.ਆਈ. ਜਾਂਦੇ, ਉਹ ਰਸਤਾ ਖਾਲੀ ਪਏ ਖਤਾਨਾਂ ਵਿੱਚੋਂ ਗੁਜ਼ਰ ਕੇ ਪੁਰਾਣੇ ਅੱਡੇ ਦੇ ਲਾਗਿਓਂ ਹੁੰਦਾ ਹੋਇਆ ਆਈ.ਟੀ.ਆਈ. ਨੂੰ ਜਾਂਦਾ ਸੀ। ਓਦੋਂ ਇਸ ਪਾਸੇ ਵੱਲ ਹਾਲੇ ਬਹੁਤੀ ਆਬਾਦੀ ਨਹੀਂ ਸੀ ਹੋਈ। ਪੁਰਾਣੇ ਅੱਡੇ ਦੀ ਇਕ ਨੁੱਕਰੇ ਮੈਲੇ-ਕੁਚੈਲੇ ਲੀੜਿਆਂ ਵਿੱਚ ਇਕ ਪੱਗ ਵਾਲਾ ਭਾਈ ਗੰਢ ਦਾ ਕੰਮ ਕਰਦਾ ਸੀ। ਉਸ ਦੇ ਲਾਗੇ ਇਕ ਨਿੱਕਾ ਜਿਹਾ ਲੱਕੜ ਦਾ ਟੁੱਟਾ ਜਿਹਾ ਬੈਂਚ ਪਿਆ ਹੁੰਦਾ ਤੇ ਉਸ ਕੋਲ ਸਾਮਾਨ ਵੀ ਕੋਈ ਖ਼ਾਸ ਨਹੀਂ ਸੀ। ਬਸ ਤਿੰਨ ਲੱਤਾਂ ਵਾਲਾ ਲੋਹੇ ਦਾ ਸਟੈਂਡ, ਚਾਰ ਪੰਜ ਨੁੱਕਰਾਂ ਵਾਲੀ ਪੱਥਰ ਦੀ ਇਕ ਸਿਲ, ਉਪਰੋਂ ਅੱਧਾ ਟੁੱਟਾ ਹੋਇਆ ਮਿੱਟੀ ਦਾ ਇਕ ਕੁੱਜਾ ਜਿਸ ਵਿੱਚ ਉਸ ਨੇ ਪਾਣੀ ਭਰਿਆ ਹੁੰਦਾ ਤੇ ਇਕ ਦੋ ਡੱਬੀਆਂ ਪਾਲਿਸ਼ ਤੇ ਬੁਰਸ਼, ਕੁਝ ਕੁ ਟੁੱਟੀਆਂ ਫਿੱਡੀਆਂ ਚਮੜੇ ਦੀਆਂ ਜੁੱਤੀਆਂ, ਵੱਦਰਾਂ ਤੇ ਚੱਪਲਾਂ।

ਉਹ ਏਧਰੋਂ-ਓਧਰੋਂ ਬੀੜੀਆਂ ਦੇ ਟੋਟੇ ਲੱਭਦਾ ਰਹਿੰਦਾ ਤੇ ਸਾਰਾ ਦਿਨ ਬੈਠਾ ਧੂੰਆਂ ਉਡਾਉਂਦਾ ਰਹਿੰਦਾ। ਉਸ ਦੇ ਨੱਕ ਹੇਠੋਂ ਅਰਧ ਚਿੱਟੀਆਂ ਮੁੱਛਾਂ ਦਾ ਰੰਗ ਧੂੰਏਂ ਨਾਲ ਪੀਲਾ ਜਿਹਾ ਹੋ ਗਿਆ ਸੀ। ਉਸ ਦੇ ਹੱਥਾਂ ਦੇ ਵੱਡੇ-ਵੱਡੇ ਨਹੂੰ ਮੈਲ ਨਾਲ ਭਰੇ ਰਹਿੰਦੇ, ਪੱਗ ਦੇ ਵੱਟਾਂ ਵਿੱਚ ਮੈਲ ਤੇ ਘੱਟਾ ਮਿੱਟੀ ਫਸਿਆ ਰਹਿੰਦਾ। ਇਉਂ ਜਾਪਦਾ ਜਿਵੇਂ ਉਹ ਕਈ-ਕਈ ਦਿਨ ਨਹਾਉਂਦਾ ਹੀ ਨਹੀਂ ਸੀ। ਗਰਮੀਆਂ ਵਿੱਚ ਵੀ ਉਸ ਨੇ ਇਕ ਤੋਂ ਜ਼ਿਆਦਾ ਲੀੜੇ ਪਾਏ ਹੁੰਦੇ। ਹੇਠਲਾ ਗੰਦਾ ਝੱਗਾ ਲਾਹੁਣ ਦੀ ਉਹ ਜ਼ਹਿਮਤ ਹੀ ਨਾ ਕਰਦਾ ਸਗੋਂ ਉਪਰੋਂ ਇਕ ਹੋਰ ਝੱਗਾ ਪਾ ਲੈਂਦਾ। ਕਈ ਵਰ੍ਹੇ ਮੈਂ ਉਸ ਨੂੰ ਏਸੇ ਹਾਲਤ ਵਿਚ ਉਸ ਚੌਕ ਵਿੱਚ ਬੈਠਾ ਦੇਖਦਾ ਰਿਹਾ। ਏਨੇ ਸਾਲਾਂ ਵਿਚ ਕੁਝ ਕੁ ਵਾਰ ਛੱਡ ਕੇ ਮੈਂ ਕਦੇ ਵੀ ਉਸ ਕੋਲ ਗਾਹਕ ਨਹੀਂ ਸੀ ਦੇਖੇ। ਜ਼ਿਆਦਾਤਰ ਉਹ ਵਿਹਲਾ ਹੀ ਹੁੰਦਾ, ਬੀੜੀਆਂ ਪੀਂਦਾ ਤੇ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਰਹਿੰਦਾ। ਪਤਾ ਨਹੀਂ ਉਸਦਾ ਗੁਜ਼ਾਰਾ ਕਿੱਦਾਂ ਹੁੰਦਾ ਸੀ।

ਬਾਜ਼ਾਰ ਦੇ ਲੇਬਰ ਚੌਕ ਵਿੱਚ ਖ਼ਾਸਾ ਰੌਲਾ ਪਿਆ ਹੋਇਆ ਸੀ। ਕੁਝ ਬੰਦੇ ਲੜ ਰਹੇ ਸਨ। ਇਕ ਬੰਦਾ ਹੇਠਾਂ ਡਿੱਗਿਆ ਪਿਆ ਸੀ ਤੇ ਬਾਕੀ ਉਸ ਨੂੰ ਕੁੱਟ ਰਹੇ ਸਨ। ਚਾਰ-ਚੁਫ਼ੇਰੇ ਇਕੱਠੇ ਹੋਏ ਲੋਕ ਤਮਾਸ਼ਾ ਦੇਖਦੇ ਰਹੇ ਸਨ।  ਭੀੜ ਨੂੰ ਪਿੱਛੇ ਕਰਕੇ ਮੈਂ ਅੱਗੇ ਵਧਿਆ ਤਾਂ ਦੇਖਿਆ ਜ਼ਮੀਨ ’ਤੇ ਡਿੱਗਿਆ ਬੰਦਾ ਓਹੀ ਗੰਢ ਕਰਨ ਵਾਲਾ ਭਾਈ ਸੀ। ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਕਿਸੇ ਗੱਲੋਂ ਲੇਬਰ ਵਾਲਿਆਂ ਨਾਲ ਝਗੜ ਪਿਆ ਸੀ। ਲੜਦੇ ਸਮੇਂ ਜਦੋਂ ਉਹ ਇਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ ਤਾਂ ਮੈਨੂੰ ਪਤਾ ਲੱਗਾ ਕਿ ਉਸ ਦਾ ਨਾਮ ਦੌਲਾ ਏ ਤੇ ਉਹ ਦਿਮਾਗੋਂ ਪੈਦਲ ਕਿਸਮ ਦਾ ਬੰਦਾ ਏ। ਅੱਵਲ ਤਾਂ ਕਮਾਉਂਦਾ ਕੁਝ ਨਈਂ ਤੇ ਜੇ ਕਿਧਰੇ ਕੋਈ ਚਾਰ ਦਮੜੇ ਕਮਾ ਵੀ ਲਵੇ ਤਾਂ ਨਾਲ ਦੇ ਪਿੰਡੋਂ ਸ਼ਰਾਬ ਪੀ ਆਉਂਦੈ, ਤੇ ਫੇਰ ਆਣ ਕੇ ਲੇਬਰ ਵਾਲਿਆਂ ਨਾਲ ਲੜਦਾ ਰਹਿੰਦਾ ਏ।

ਆਈ.ਟੀ.ਆਈ. ਕਰਨ ਤੋਂ ਬਾਅਦ ਕੁਝ ਚਿਰ ਮੈਂ ਇਕ ਸਕੂਟਰਾਂ ਦੀ ਦੁਕਾਨ ’ਤੇ ਕੰਮ ਕੀਤਾ, ਪਰ ਇਹ ਕੰਮ ਮੈਨੂੰ ਬਹੁਤਾ ਰਾਸ ਨਾ ਆਇਆ ਤੇ ਮੈਂ ਛੇਤੀ ਕਿਸੇ ਹੋਰ ਕੰਮ ਦੀ ਤਲਾਸ਼ ਕਰਨ ਲੱਗਾ। ਮੈਨੂੰ ਪੈਸੇ ਦੀ ਸਖ਼ਤ ਲੋੜ ਸੀ। ਇਸ ਵਾਸਤੇ ਮੈਂ ਕਦੇ ਆਰਕੈਸਟਰਾ ਵਾਲਿਆਂ ਨਾਲ, ਕਦੇ ਫੋਟੋਗ੍ਰਾਫਰਾਂ ਨਾਲ, ਕਦੀ ਜਗਰਾਤਾ ਪਾਰਟੀ ਨਾਲ 100-150 ਦੀ ਦਿਹਾੜੀ ’ਤੇ ਵੀ ਚਲਾ ਜਾਂਦਾ ਸੀ। ਕੁਝ ਚਿਰ ਬਾਅਦ ਹੀ ਮੈਨੂੰ ਇਕ ਸਪੈਸ਼ਲਿਸਟ ਡਾਕਟਰ ਕੋਲ ਕੰਪਾਊਡਰ ਦਾ ਕੰਮ ਮਿਲ ਗਿਆ ਜਿੱਥੋਂ ਮੈਨੂੰ ਗੁਜ਼ਾਰੇ ਜੋਗੇ ਪੈਸੇ ਮਿਲਣ ਲੱਗੇ। ਚਾਰ ਕੁ ਵਰ੍ਹੇ ਡਾਕਟਰ ਕੋਲ ਕੰਮ ਕਰਨ ਤੋਂ ਬਾਅਦ ਮੈਨੂੰ ਘਰਦਿਆਂ ਨੇ ਲੇਬਰ ਚੌਕ ਲਾਗੇ ਸਰਕਾਰ ਵੱਲੋਂ ਅਲਾਟ ਹੋਈ ਦੁਕਾਨ ਵਿਚ ਫੋਟੋਸਟੈਟ ਦਾ ਕੰਮ ਖੋਲ੍ਹ ਦਿੱਤਾ ਸੀ।

ਮੈਂ ਜਦੋਂ ਵੀ ਸਵੇਰ ਸ਼ਾਮ ਘਰ ਆਉਣਾ ਜਾਣਾ ਤਾਂ ਮਾਈ ਸੰਤੀ ਦੇ ਦਰਸ਼ਨ ਜ਼ਰੂਰ ਹੋ ਜਾਣੇ। ਇਕ ਦਿਨ ਸਵੇਰੇ ਜਦੋਂ ਮਾਈ ਸੰਤੀ ਦਾਲ਼ ਲੈਣ ਆਈ ਤਾਂ ਮੈਂ ਮਾਂ ਨਾਲ ਦੌਲੇ ਦੀ ਕੋਈ ਗੱਲ ਕਰ ਰਿਹਾ ਸਾਂ। ਜਦੋਂ ਮੈਂ ‘ਦੌਲਾ’ ਲਫ਼ਜ਼ ਬੋਲਿਆ ਤਾਂ ਮਾਈ ਸੰਤੀ ਇਕਦਮ ਅੱਗ-ਬਗੂਲਾ ਹੋ ਉੱਠੀ।

‘‘ਖ਼ਬਰਦਾਰ…! ਜੇ ਮੇਰੇ ਮੁੰਡੇ ਨੂੰ ਦੌਲਾ ਕਿਹਾ ਤਾਂ…। ਉਹ ਤਾਂ ਮੇਰਾ ਸਾਊ ਪੁੱਤ ਏ। ਕਰਮਾਂ ਵਾਲ਼ਾ, ਕਰਮ ਸਿਹੁੰ ਏ ਨਾਂਓ ਉਸ ਦਾ। ਅੱਗੇ ਤੋਂ ਨ੍ਹੀ ਕਹਿਣਾ ਉਸ ਨੂੰ। ਖ਼ੌਰੇ ਕਿਹੜੇ ਲੋਕ ਨੇ ਮੜ੍ਹੀ ’ਚ ਪੈਣੇ, ਜਿਨ੍ਹਾਂ ਨੇ ਮੇਰੇ ਪੁੱਤ ਦਾ ਨਾਂਓ ਵਿਗਾੜਿਐ। ਅੱਗੇ ਤੋਂ ਨਹੀਂ ਕਹਿਣਾ ਦੌਲਾ…।’’

ਉਹ ਬੁੜ-ਬੁੜ ਕਰਦੀ ਗਾਲ੍ਹਾਂ ਕੱਢਦੀ ਬਿਨਾ ਦਾਲ ਸਬਜ਼ੀ ਲਏ ਟੁਰ ਗਈ। ਮੈਨੂੰ ਉਸ ਦਿਨ ਜਦੋਂ ਪਤਾ ਲੱਗਾ ਕਿ ਦੌਲਾ ਅਸਲ ਵਿਚ ਮਾਈ ਸੰਤੀ ਦਾ ਮੁੰਡਾ ਕਰਮਾਂ ਹੈ ਜਿਸ ਲਈ ਉਹ ਰੋਜ਼ ਸਾਡੇ ਘਰੋਂ ਦਾਲ਼ ਸਬਜ਼ੀ ਲੈਣ ਆਉਂਦੀ ਏ ਤਾਂ ਇਹ ਮੇਰੀ ਹੈਰਾਨਗੀ ਦੀ ਇੰਤਹਾ ਸੀ। ਮੇਰੇ ਜ਼ਿਹਨ ਵਿਚ ਮਮਤਾ ਦੇ ਅਰਥ ਮਹਾਨਤਾ ਦੀ ਸਭ ਤੋਂ ਉੱਚੀ ਮੰਜ਼ਿਲ ਤੱਕ ਪਹੁੰਚ ਗਏ। ਜਿਹੜੀ ਮਾਈ ਆਪ ਮਸਾਂ ਟੁਰ-ਫਿਰ ਸਕਦੀ ਸੀ, ਜਿਸ ਨੂੰ ਦਿਸਦਾ ਸੁਣਦਾ ਵੀ ਘੱਟ ਸੀ। ਉਸ ਦੀ ਮਮਤਾ ਦੇਖੋ ਕਿ ਉਹ ਆਪਣੇ ਕਮਲੇ-ਰਮਲੇ, ਗੰਦੇ-ਮੰਦੇ, ਬੋਅ ਮਾਰਦੇ, ਕਰਮਾਂ ਮਾਰੇ ਪੁੱਤ ਨੂੰ ਵੀ ਸਾਊ ਪੁੱਤ ਸਮਝਦੀ ਤੇ ਉਸ ਵਾਸਤੇ ਕਿਸੇ ਕੋਲੋਂ ਬੇਹੀ ਸਬਜ਼ੀ ਵੀ ਲੈਣ ਨੂੰ ਤਿਆਰ ਨਹੀਂ ਸੀ। ਮੈਨੂੰ ਮਾਈ ਸੰਤੀ ਮਮਤਾ ਦੀ ਉਹ ਮੂਰਤ ਲੱਗੀ ਜਿਹੜੀ ਖ਼ੁਦਾ ਤੋਂ ਵੀ ਵੱਡੀ ਹੋਵੇ।

ਦੌਲਾ ਮਾਈ ਸੰਤੀ ਦਾ ਮੁੰਡਾ ਏ। ਇਹ ਭੇਤ ਖੁੱਲ੍ਹਣ ਤੋਂ ਬਾਅਦ ਅਸੀਂ ਕੁਝ ਦੋਸਤਾਂ ਨੇ ਸਲਾਹ ਕਰਕੇ ਉਸ ਨੂੰ ਆਪਣੇ ਚੌਕ ਵਿਚ ਬੁਲਾ ਲਿਆ ਤੇ ਪਹਿਲਾਂ ਤੋਂ ਬਣਾਈ ਸਕੀਮ ਤਹਿਤ ਸਾਰਿਆਂ ਨੇ ਫੜ੍ਹ ਕੇ ਉਸ ਨੂੰ ਪਾਈਪ ਲਗਾ ਕੇ ਧੋ ਸੁੱਟਿਆ। ਸ਼ੈਂਪੂ ਨਾਲ ਉਸ ਦੇ ਸਿਰ ਵਿਚ ਬੱਝੀਆਂ ਜਟਾਵਾਂ ’ਚੋਂ ਸਾਰਾ ਘੱਟਾ ਸਾਫ਼ ਕਰ ਦਿੱਤਾ। ਹਰ ਵੇਲ਼ੇ ਪੱਗ ਬੰਨ੍ਹੀ ਰੱਖਣ ਕਰਕੇ ਉਸ ਦੇ ਮੱਥੇ ਦੀ ਚਮੜੀ ’ਤੇ ਪੱਗ ਦੇ ਪੱਕੇ ਨਿਸ਼ਾਨ ਬਣ ਗਏ ਸਨ। ਨਹਾਉਣ ਬਾਅਦ ਉਸ ਨੂੰ ਆਪਣਾ ਕੁੜਤਾ ਪਜਾਮਾ ਪੁਆ ਦਿੱਤਾ। ਜਦੋਂ ਉਸ ਨੇ ਧੋਤੇ ਲੀੜੇ ਪਾਏ ਤਾਂ ਉਹ ਸੱਚਮੁੱਚ ਹੀ ਮਾਂ ਦਾ ਸਾਊ ਪੁੱਤ ਲੱਗਣ ਲੱਗਿਆ। ਕੁਝ ਦਿਨ ਤਾਂ ਉਹ ਵਾਹਵਾ ਤਰੋ-ਤਾਜ਼ਾ ਜਾਪਦਾ ਰਿਹਾ, ਪਰ ਹੌਲ਼ੀ-ਹੌਲ਼ੀ ਉਸ ਨੇ ਆਪਣਾ ਹਾਲ ਫੇਰ ਉਹੋ ਪੁਰਾਣੇ ਵਾਲਾ ਹੀ ਕਰ ਲਿਆ। ਇਹ ਦੇਖ ਕੇ ਮੇਰੇ ਦੋਸਤ ਮੈਨੂੰ ਸਤਾਉਣ ਲਈ ਆਖਣ ਲੱਗੇ, ‘‘ਓਏ..! ਔਹ ਦੇਖ ਤੇਰੇ ਕੁੜਤੇ ਦਾ ਹਾਲ…।’’

ਮੈਨੂੰ ਉਸ ਉੱਤੇ ਬਹੁਤ ਗੁੱਸਾ ਆਉਂਦਾ। ਮੈਂ ਸੋਚਦਾ ‘ਕੀ ਐ ਯਾਰ, ਬੰਦਾ ਦੂਜੇ ਤੀਜੇ ਦਿਨ ਹੀ ਨ੍ਹਾ ਲਿਆ ਕਰੇ।’ ਉਹ ਏਨਾ ਵੀ ਕਮਲਾ ਨਹੀਂ ਸੀ ਕਿ ਆਪ ਨਹਾ ਨਾ ਸਕੇ। ਹਰ ਵੇਲ਼ੇ ਗੰਦਾ ਰਹਿਣ ਕਰਕੇ ਹੀ ਉਹ ਕਮਲਾ ਜਿਹਾ ਜਾਪਦਾ। ਪਾਣੀ ਤੋਂ ਖ਼ੌਰੇ ਉਹ ਖ਼ੌਫ਼ ਖਾਂਦਾ ਸੀ। ਮੀਂਹ ਵਾਲੇ ਦਿਨ ਉਹ ਬਾਹਰ ਨਾ ਨਿਕਲਦਾ। ਪਾਣੀ ਤੋਂ ਤਾਂ ਉਹ ਕੋਹਾਂ ਦੂਰ ਨੱਸ ਜਾਂਦਾ। ਕਈ ਵਰ੍ਹੇ ਲੰਘੇ, ਪਰ ਦੌਲੇ ਦੀ ਹਾਲਤ ਜਿਉਂ ਦੀ ਤਿਉਂ ਰਹੀ।

ਗਰਮੀ ਜਾ ਚੁੱਕੀ ਸੀ। ਓਦੋਂ ਮੈਂ ਰਾਮਲੀਲਾ ਮੰਡਲੀ ਨਾਲ ਡਰਾਮੇ ਦੀਆਂ ਰਿਹਰਸਲਾਂ ਕਰਕੇ ਦੇਰ ਨਾਲ ਘਰ ਪਰਤਣਾ। ਦੌਲਾ ਮੈਨੂੰ ਕਈ ਵਾਰ ਆਪਣੀ ਗਲ਼ੀ ਦੇ ਮੋੜ ’ਤੇ ਸੁਨਿਆਰਿਆਂ ਵਾਲੇ ਚੌਕ ਦੀ ਨੁੱਕਰੇ ਬੀੜੀਆਂ ਫੂਕਦਾ ਨਜ਼ਰੀ ਪੈ ਜਾਂਦਾ। ਉਹ ਅੱਧੀ-ਅੱਧੀ ਰਾਤ ਤੱਕ ਘਰ ਨਾ ਜਾਂਦਾ। ਰਾਮ ਲੀਲਾ ਦੀ ਆਖ਼ਰੀ ਰਾਤ ਸੀ ਤੇ ਸਾਰਾ ਕੁਝ ਸਮੇਟ ਕੇ ਘਰ ਪਰਤਦਿਆਂ ਮੈਨੂੰ ਰਾਤ ਦਾ ਇਕ ਵੱਜ ਗਿਆ ਸੀ। ਜਦੋਂ ਮੈਂ ਆਪਣੀ ਗਲ਼ੀ ਦੇ ਮੋੜ ’ਤੇ ਅੱਪੜਿਆ ਤਾਂ ਮੁਹੱਲੇ ਦੇ ਲੋਕ ਇਕੱਠੇ ਹੋਏ ਸਨ। ਪਤਾ ਲੱਗਾ ਕਿ ਮਾਈ ਸੰਤੀ ਚੜ੍ਹਾਈ ਕਰ ਗਈ ਹੈ। ਮੈਂ ਘਰ ਆ ਕੇ ਬਹੁਤ ਰੋਇਆ। ਮੈਂ ਇਹੋ ਸੋਚ ਕੇ ਰੋ ਰਿਹਾ ਸੀ ਕਿ ਹੁਣ ਦੌਲੇ ਦੇ ਰੋਟੀ ਟੁੱਕ ਦਾ ਕੀ ਬਣੂ। ਕੌਣ ਲਿਆਵੇਗਾ ਉਸ ਲਈ…। ਮੇਰੇ ਅੱਥਰੂ ਆਪਮੁਹਾਰੇ ਵਹਿ ਰਹੇ ਸਨ। ਦੌਲੇ ਦਾ ਮੈਲਾ-ਕੁਚੈਲਾ ਚਿਹਰਾ ਵਾਰ-ਵਾਰ ਮੇਰੀਆਂ ਅੱਖਾਂ ਅੱਗੇ ਆਣ ਖਲੋਂਦਾ। ਅੱਖਾਂ ਬੰਦ ਕਰਦਾ ਤਾਂ ਮਾਈ ਸੰਤੀ ਦੇ ਚਿਹਰੇ ਦੀਆਂ ਝੁਰੜੀਆਂ ਵਿਚ ਡੁੱਬ ਜਾਂਦਾ।

ਮਾਂ ਦੇ ਮਰਨ ਤੋਂ ਬਾਅਦ ਦੌਲਾ ਹੁਣ ਆਪਣੇ ਕੰਮ ਵਾਲੀ ਥਾਂ ’ਤੇ ਗੰਢ ਕਰਨੋਂ ਹਟ ਗਿਆ ਸੀ ਤੇ ਪੂਰੇ ਸ਼ਹਿਰ ਵਿਚ ਆਵਾਰਾ ਫਿਰਦਾ ਰਹਿੰਦਾ। ਹੁਣ ਉਹ ਦੁਕਾਨਦਾਰਾਂ, ਰਾਹਗੀਰਾਂ ਤੋਂ ਰੋਟੀ ਲਈ ਪੈਸੇ ਮੰਗਣ ਲੱਗ ਪਿਆ। ਕੁਝ ਪੈਸਿਆਂ ਦੇ ਉਹ ਕਿਸੇ ਰੇੜ੍ਹੀ ਤੋਂ ਭਠੂਰੇ ਵਗੈਰਾ ਖਾ ਲੈਂਦਾ ਤੇ ਬਚਦੇ ਪੈਸਿਆਂ ਦੀ ਦਾਰੂ ਪੀ ਲੈਂਦਾ। ਉਹ ਰੋਜ਼ ਸ਼ਾਮ ਨੂੰ ਦਾਰੂ ਪੀ ਕੇ ਮੇਰੇ ਦਫ਼ਤਰ ਦੇ ਬੂਹੇ ਅੱਗੇ ਆ ਖਲੋਂਦਾ ਤੇ ਦਸ ਰੁਪਏ ਲਏ ਬਿਨਾਂ ਓਥੋਂ ਹਿੱਲਦਾ ਨਾ। ਪਹਿਲਾਂ ਤਾਂ ਉਹ ਦਫ਼ਤਰ ਦੇ ਬਾਹਰ ਹੀ ਖੜ੍ਹਾ ਰਹਿੰਦਾ, ਪਰ ਹੌਲ਼ੀ-ਹੌਲ਼ੀ ਉਸ ਦਾ ਝਾਕਾ ਖੁੱਲ੍ਹਦਾ ਗਿਆ ਤੇ ਉਹ ਹੁਣ ਦਫ਼ਤਰ ਦੇ ਅੰਦਰ ਵੀ ਆ ਜਾਂਦਾ। ਕਈ ਵਾਰ ਤਾਂ ਉਹ ਗਾਹਕਾਂ ਦੇ ਐਨ ਵਿਚਕਾਰ ਆਣ ਕੇ ਬੈਠ ਜਾਂਦਾ। ਉਹ ਜਦੋਂ ਵੀ ਅੰਦਰ ਆਉਂਦਾ ਦਫ਼ਤਰ ਦਾ ਕੈਬਿਨ ਬੀੜੀਆਂ ਦੀ ਬੋਅ ਨਾਲ ਭਰ ਜਾਂਦਾ। ਦਫ਼ਤਰ ਵਿਚ ਬੈਠੇ ਕੁਝ ਗਾਹਕ ਉਸ ਦੀ ਇਸ ਹਰਕਤ ਕਾਰਨ ਬਾਹਰ ਚਲੇ ਜਾਂਦੇ। ਮੈਨੂੰ ਵੀ ਗਾਹਕਾਂ ਦੇ ਬਾਹਰ ਜਾਣ ਦਾ ਦੁੱਖ ਹੁੰਦਾ। ਮੈਂ ਉਸ ਨੂੰ ਝਿੜਕਦਾ ਅੰਦਰ ਆਉਣ ਤੋਂ ਮਨ੍ਹਾਂ ਕਰਦਾ। ਇਕ ਦੋ ਵਾਰ ਉਸ ਨੂੰ ਮਾਰਿਆ ਵੀ ਪਰ…। ਉਸ ਦੇ ਅੰਦਰ ਆਉਣ ਤੋਂ ਡਰਦੇ ਅਸੀਂ ਉਸ ਨੂੰ ਦੇਖਦੇ ਸਾਰ ਪਹਿਲਾਂ ਹੀ ਗੱਲੇ ’ਚੋਂ ਦਸ ਰੁਪਏ ਕੱਢਦੇ ਤੇ ਉਸ ਨੂੰ ਬਾਹਰ ਹੀ ਫੜਾ ਦਿੰਦੇ। ਇਹ ਸਿਲਸਿਲਾ ਕਈ ਵਰ੍ਹੇ ਚੱਲਦਾ ਰਿਹਾ। ਕਈ ਵਾਰ ਤਾਂ ਉਹ ਦਸ ਰੁਪਏ ਲੈ ਕੇ ਟੁਰ ਜਾਂਦਾ, ਪਰ ਜਿਸ ਦਿਨ ਉਸ ਨੇ ਸ਼ਰਾਬ ਪੀਤੀ ਹੁੰਦੀ ਉਹ ਦਫ਼ਤਰ ਅੰਦਰ ਆਣ ਕੇ ਅਵਾ-ਤਵਾ ਬੋਲਣ ਲੱਗਦਾ। ਮੈਨੂੰ ਉਸ ਦੀ ਇਸ ਗੱਲ ’ਤੇ ਬਹੁਤ ਗੁੱਸਾ ਆਉਂਦਾ।

ਇਕ ਦਿਨ ਮੈਂ ਅੱਕ ਕੇ ਉਸ ਨੂੰ ਕੁੱਟਣ ਹੀ ਲੱਗਾ ਸੀ ਕਿ ਮੇਰੇ ਬਾਪ ਨੇ ਮੈਨੂੰ ਵਰਜਦਿਆਂ ਕਿਹਾ, ‘‘ਓਏ ਨਾ ਪੁੱਤਰਾ ਨਾ, ਫੱਕਰ ਏ ਰੱਬ ਦਾ ਮਾਰਿਆ, ਰੱਬ ਦੇ ਮਾਰਿਆਂ ਨੂੰ ਕੀ ਮਾਰਨਾ ਭਲਾ!’’

ਬਾਪੂ ਦੀ ਗੱਲ ਸੁਣ ਕੇ ਮੈਂ ਥੋੜ੍ਹਾ ਖਿਝ ਕੇ ਆਖਿਆ, ‘‘ਰੋਜ਼ ਦਸ ਰੁਪਏ ਲੈ ਕੇ ਜਾਂਦੈ, ਫੇਰ ਆਣ ਸਾਡੇ ਨਾਲ ਹੀ ਬਕਵਾਸ ਕਰਦੈ।’’

ਮੇਰੀ ਗੱਲ ਸੁਣ ਕੇ ਬਾਪੂ ਆਖਣ ਲੱਗਾ, ‘‘ਇਹ ਦਸ ਰੁਪੱਈਏ ਜਿਹੜੇ ਤੂੰ ਇਸ ਨੂੰ ਰੋਜ਼ ਦਿੰਦਾ ਏਂ ਨਾ, ਇਹਦੇ ਬਾਬੇ ਦਾ ਕਰਜੈ ਪੁੱਤ ਸਾਡੇ ਸਿਰ…।’’

ਇਹ ਸੁਣ ਕੇ ਮੈਂ ਹੈਰਤ ’ਚ ਸਾਂ। ਮੇਰੀ ਉਤਸੁਕਤਾ ਇਹ ਜਾਣਨ ਵਿੱਚ ਸੀ ਕਿ ਦੌਲੇ ਦੇ ਬਾਬੇ ਦਾ ਮੇਰੇ ਵਡੇਰਿਆਂ ਦੇ ਸਿਰ ’ਤੇ ਐਸਾ ਕਿਹੜਾ ਕਰਜ਼ ਸੀ?

ਮੇਰੇ ਬਾਪ ਨੇ ਦੱਸਿਆ, ‘‘ਛੋਟੇ ਹੁੰਦਿਆਂ ਜਦੋਂ ਅਸੀਂ ਪਾਕਿਸਤਾਨ ਵਿਚਲੇ ਪਿੰਡ ਕੋਟਲੀ ਪੀਰ ਸ਼ਾਹ ਸੀ ਤਾਂ ਦੌਲੇ ਦਾ ਦਾਦਾ ਸਾਨੂੰ ਸਾਰੇ ਬੱਚਿਆਂ ਨੂੰ ਰੋਜ਼ ਆਨਾ-ਦੋ ਆਨੇ ਖ਼ਰਚਣ ਲਈ ਦੇਂਦਾ ਹੁੰਦਾ ਸੀ। ਉਹ ਬੜਾ ਸਾਊ, ਮਿਹਨਤੀ ਤੇ ਰੱਬ ਨਾਂ ਵਾਲਾ ਨੇਕ ਇਨਸਾਨ ਸੀ। ਉਸ ਦੀਆਂ ਦੋ ਔਲਾਦਾਂ ਸਨ। ਇਕ ਤਾਂ ਵੰਡ ਵੇਲੇ ਨਸਲੀ ਜਨੂੰਨ ਤੇ ਨਫ਼ਰਤ ਦੀ ਭੇਂਟ ਚੜ੍ਹ ਗਿਆ ਤੇ ਦੂਜਾ ਦੌਲੇ ਦਾ ਪਿਓ ਗੁਰਦਿੱਤਾ ਏਧਰ ਚੜ੍ਹਦੇ ਪੰਜਾਬ ਸਾਡੇ ਵਡੇਰਿਆਂ ਦੇ ਨਾਲ ਹੀ ਆ ਗਿਆ ਸੀ ਜਿਸ ਨੇ ਸੰਤੀ ਨਾਲ ਵਿਆਹ ਕਰਵਾ ਲਿਆ। ਉਸ ਦੀਆਂ ਦੋ ਧੀਆਂ ਤੇ ਦੋ ਪੁੱਤਰ ਸਨ ਤੇ ਉਨ੍ਹਾਂ ਵਿੱਚੋਂ ਇਕ ਇਹ ਦੌਲਾ ਹੈ। ਇਹ ਆਪਣੇ ਦਾਦੇ ਵੱਲੋਂ ਸਾਨੂੰ ਦਿੱਤੀਆਂ ਪੰਜੀਆਂ ਦਸੀਆਂ ਤੇਰੇ ਤੋਂ ਵਿਆਜ਼ ਸਮੇਤ ਪਿਆ ਵਸੂਲਦੈ।’’

ਬਾਪੂ ਵੱਲੋਂ ਦੱਸੀ ਕਹਾਣੀ ਸੁਣ ਕੇ ਮੈਂ ਕਿੰਨਾ ਚਿਰ ਸੁੰਨ ਖਲੋਤਾ ਰਿਹਾ। ਮੈਂ ਸੋਚਿਆ ਕੀ ਵਾਕਈ ਏਦਾਂ ਹੈ…? ਕੀ ਸੱਚਮੁੱਚ ਸਾਨੂੰ ਆਪਣੇ ਪਿੱਤਰਾਂ ਦਾ ਕਰਜ਼ਾ ਉਤਾਰਨਾ ਪੈਂਦੈ…? ਕੀ ਵਾਕਈ ਦੌਲਾ ਮੇਰੇ ਤੋਂ ਮੇਰੇ ਪਿੱਤਰਾਂ ਦਾ ਕਰਜ਼ਾ ਵਸੂਲ ਰਿਹੈ…?

ਇਹ ਕਹਾਣੀ ਪਤਾ ਲੱਗਣ ਤੋਂ ਬਾਅਦ ਮੈਂ ਦੌਲੇ ਨੂੰ ਕਦੇ ਨਹੀਂ ਝਿੜਕਿਆ ਸਗੋਂ ਹੁਣ ਕਦੇ-ਕਦੇ ਉਸ ਨੂੰ ਚਿਕਨ ਜਾਂ ਕੁਝ ਹੋਰ ਖਾਣ ਵਾਲੀਆਂ ਚੀਜ਼ਾਂ ਵੀ ਲੈ ਦੇਂਦਾ। ਹੁਣ ਦੌਲਾ ਮੇਰੇ ਗੁੱਸੇ ਦਾ ਨਹੀਂ ਸਗੋਂ ਹਮਦਰਦੀ ਦਾ ਪਾਤਰ ਬਣ ਗਿਆ ਸੀ। ਮੈਂ ਆਪਣੇ ਜ਼ਿਹਨ ਵਿਚ ਦੌਲੇ ਦੇ ਬਾਬੇ ਦੀ ਤਸਵੀਰ ਤਸੱਵੁਰ ਕਰਨ ਲੱਗਾ।

ਉਮਰ ਵਧਣ ਨਾਲ ਦੌਲਾ ਕੁਝ ਜ਼ਿਆਦਾ ਹੀ ਹਿੱਲ ਗਿਆ ਸੀ। ਉਹ ਐਵੇਂ ਹੀ ਆਪਣੇ ਸਰੀਰ ’ਤੇ ਕਦੇ ਕਿਤੇ, ਕਦੇ ਕਿਤੇ ਮੈਲੀਆਂ-ਕੁਚੈਲੀਆਂ ਲੀਰਾਂ, ਪੱਟੀਆਂ ਬੰਨ੍ਹ ਰੱਖਦਾ ਤੇ ਕਈ-ਕਈ ਦਿਨ ਖੋਲ੍ਹਦਾ ਨਾ। ਜਦੋਂ ਕਿਤੇ ਉਸ ਦੀ ਪੱਟੀ ਖੋਲ੍ਹਣੀ ਤਾਂ ਸੱਟ ਕਿਤੇ ਹੋਣੀ ਹੀ ਨਾ।

ਦੌਲਾ ਵਾਹਵਾ ਦਿਨਾਂ ਤੋਂ ਨਹੀਂ ਸੀ ਆਇਆ। ਮੈਂ ਦਫ਼ਤਰ ਦੇ ਸਟਾਫ਼ ਨੂੰ ਵੀ ਪੁੱਛਿਆ, ਪਰ ਉਨ੍ਹਾਂ ਨੇ ਵੀ ਦੌਲੇ ਨੂੰ ਖਾਸੇ ਦਿਨਾਂ ਤੋਂ ਨਹੀਂ ਸੀ ਦੇਖਿਆ। ਇਕ ਦੋ ਦਿਨ ਤਾਂ ਅਸੀਂ ਇਹੋ ਸੋਚਦੇ ਰਹੇ ਕਿ ਉਹ ਦਾਰੂ ਪੀ ਕੇ ਕਿਧਰੇ ਪਿਆ ਰਹਿੰਦਾ ਹੋਵੇਗਾ, ਪਰ ਜਦੋਂ ਉਹ ਲਗਾਤਾਰ ਕਿੰਨੇ ਹੀ ਦਿਨ ਨਾ ਆਇਆ ਤਾਂ ਸਾਨੂੰ ਉਸ ਦੀ ਫ਼ਿਕਰ ਹੋਣ ਲੱਗੀ। ਅਗਲੇ ਦਿਨ ਸ਼ਾਮ ਨੂੰ ਅਸੀਂ ਦੋ ਜਣੇ ਉਸ ਦੀ ਭਾਲ ਵਿਚ ਸ਼ਹਿਰ ਦੀਆਂ ਉਨ੍ਹਾਂ ਥਾਵਾਂ ’ਤੇ ਗਏ ਜਿੱਥੇ ਉਹ ਅਕਸਰ ਬੈਠਿਆ ਕਰਦਾ ਸੀ।  ਕਬਰਿਸਤਾਨ ਵਾਲੇ ਸ਼ੈੱਡ, ਸਟੇਸ਼ਨ ਰੋਡ ਵਾਲੀਆਂ ਮੜ੍ਹੀਆਂ, ਪੁਰਾਣੇ ਅੱਡੇ ਵਾਲਾ ਸ਼ੈੱਡ, ਟਰੱਕ ਯੂਨੀਅਨ, ਮੰਦਿਰ ਵਾਲਾ ਸੁੱਕਾ ਤਲਾਬ ਸਭ, ਪਰ ਉਹ ਕਿਧਰੇ ਵੀ ਨਾ ਲੱਭਾ।

ਸਾਰੀਆਂ ਥਾਵਾਂ ਛਾਣਨ ਤੋਂ ਬਾਅਦ ਆਖ਼ਰ ਅਸੀਂ ਉਸ ਦੇ ਬਿਨਾਂ ਬਾਰ ਵਾਲੇ ਢਾਰਾਨੁਮਾ ਘਰ ਵਿਚ ਗਏ। ਇਕੋ ਇਕ ਕਮਰੇ ਵਿਚ ਸਿਰਫ਼ ਤੇ ਸਿਰਫ਼ ਨ੍ਹੇਰੇ ਦਾ ਖਲਾਅ ਸੀ। ਸਾਰਾ ਕਮਰਾ ਮਰੇ ਚੂਹੇ ਵਰਗੀ ਬੋਅ ਨਾਲ ਭਰਿਆ ਪਿਆ ਸੀ। ਅਸੀਂ ਮੋਬਾਈਲ ਦੀਆਂ ਲਾਈਟਾਂ ਜਗਾ ਕੇ ਕਮਰੇ ਅੰਦਰ ਝਾਤੀ ਮਾਰੀ। ਸਾਰੇ ਕਮਰੇ ਵਿਚ ਗੰਦੀਆਂ-ਮੰਦੀਆਂ ਲੀਰਾਂ, ਝੱਗੇ, ਇਕ ਦੋ ਪੱਗਾਂ ਤੇ ਕੁਝ ਭਾਂਡੇ ਖਿਲਰੇ ਪਏ ਸਨ। ਇਕ ਪਾਸੇ ਮਿੱਟੀ ਦਾ ਇਕ ਭਾਂਡਾ ਪਿਆ ਸੀ ਜਿਸ ਵਿਚਲੇ ਪਾਣੀ ’ਤੇ ਕਾਈ ਜੰਮੀ ਪਈ ਸੀ। ਕਮਰੇ ਦੇ ਬੂਹੇ ਤੋਂ ਥੋੜ੍ਹਾ ਹੋਰ ਅੱਗੇ, ਜਦੋਂ ਅਸੀਂ ਸੱਜੇ ਹੱਥ ਵਾਲੀ ਨੁੱਕਰ ਵੱਲ ਤੱਕਿਆ ਤਾਂ ਉੱਥੇ ਦੌਲਾ ਮਰਿਆ ਪਿਆ ਸੀ। ਉਸ ਦੀ ਸੱਜੀ ਲੱਤ ਫੁੱਲ ਕੇ ਦੁੱਗਣੇ ਆਕਾਰ ਵਿਚ ਫੈਲ ਗਈ ਸੀ ਤੇ ਉਸ ਵਿਚ ਕੀੜੇ ਚੱਲ ਰਹੇ ਸਨ।

ਹੁਣ ਉਹ ਘਰ ਵੀ ਘੱਟ ਵੱਧ ਹੀ ਜਾਂਦਾ ਸੀ। ਕਦੇ ਪੁਰਾਣੇ ਅੱਡੇ ਵਾਲੇ ਸ਼ੈੱਡ ਹੇਠਾਂ ਬਣੇ ਥੜ੍ਹਿਆਂ ’ਤੇ ਪਿਆ ਰਹਿੰਦਾ, ਕਦੇ ਕਿਸੇ ਦੁਕਾਨ ਦੇ ਥੜ੍ਹੇ ’ਤੇ। ਕੁਝ ਚਿਰਾਂ ਤੋਂ ਉਹ ਥੋੜ੍ਹਾ ਲੰਙਾਂ ਕੇ ਵੀ ਚੱਲਣ ਲੱਗ ਪਿਆ ਸੀ। ਦਫ਼ਤਰ ਕੰਮ ਕਰਨ ਵਾਲੇ ਮੁੰਡੇ ਨੇ ਮੈਨੂੰ ਦੱਸਿਆ ਸੀ ਕਿ ਉਸ ਨੇ ਲੱਤ ’ਤੇ ਪੱਟੀ ਵੀ ਬੰਨ੍ਹ ਰੱਖੀ ਹੈ, ਪਰ ਮੈਂ ਇਸ ਗੱਲ ਵੱਲ ਕੋਈ  ਜ਼ਿਆਦਾ ਧਿਆਨ ਨਹੀਂ ਦਿੱਤਾ ਕਿਉਂ ਜੋ ਪੱਟੀਆਂ ਤਾਂ ਉਹ ਅਕਸਰ ਆਪਣੀਆਂ ਲੱਤਾਂ ਬਾਹਵਾਂ ’ਤੇ ਬੰਨ੍ਹ ਰੱਖਦਾ ਸੀ।

ਉਸ ਕਮਰੇ ਵਿਚ ਦੋ ਘੜੀਆਂ ਵੀ ਹੋਰ ਰੁਕਣਾ ਮੁਹਾਲ ਹੋ ਰਿਹਾ ਸੀ। ਕਮਰੇ ’ਚੋਂ ਬਾਹਰ ਆਣ ਕੇ ਸਾਫ਼ ਹਵਾ ਵਿਚ ਸਾਹ ਲੈਂਦਿਆਂ ਮੈਂ ਸੋਚਿਆ,

‘ਆਪਣੇ ਪੁਰਖ਼ਿਆਂ ਦਾ ਕਰਜ਼ਾ ਤਾਂ ਦੌਲਾ ਮੇਰੇ ਤੋਂ ਵਸੂਲ ਗਿਆ, ਪਰ ਉਹ ਸਜ਼ਾ ਕਿਹੜੇੇ ਜੁਰਮਾਂ ਦੀ ਭੁਗਤ ਕੇ ਗਿਆ ਹੈ?’

Leave a Reply

Your email address will not be published. Required fields are marked *