ਸਪੈਸੀਮਨ

ਸੁਰਿੰਦਰ ਸਿੰਘ ਰਾਏ

‘‘ਆਓ ਆਓ ਆਓ ਸ਼ਾਹ ਬਹਾਦਰ! ਕਿੱਧਰ ਰਹਿੰਨੇ ਓ ਅੱਜਕੱਲ੍ਹ। ਦਰਸ਼ਨ ਈ ਨਹੀਂ ਹੁੰਦੇ। ਕਬੀਲਦਾਰੀ ਦੇ ਝਮੇਲਿਆਂ ’ਚ ਕੁਝ ਬਾਹਲਾ ਈ ਉਲਝ ਗਏ ਲੱਗਦੇ ਓ।’’ ਇੱਕ ਦਿਨ ਆਪਣੀ ਦੁਕਾਨ ’ਚ ਖੜ੍ਹੇ ਵਰਮਾ ਜੀ ਨੇ ਮੈਨੂੰ ਦੂਰੋਂ ਵੇਖਦਿਆਂ ਹੀ ਮਿੱਠੀ ਆਵਾਜ਼ ਵਿੱਚ ਆਖਿਆ, ‘‘ਵਰਮਾ ਜੀ, ਮੈਨੂੰ ਭੁਲੇਖਾ ਏ ਜਾਂ ਤੁਅ੍ਹਾਨੂੰ? ਸ਼ਾਇਦ ਅਜੇ ਪਰਸੋਂ ਤਾਂ ਮੈਂ ਤੁਅ੍ਹਾਨੂੰ ਮਿਲ ਕੇ ਗਿਐਂ।’’ ਮਨ ਵਿੱਚ ਉਤਪੰਨ ਹੋਏ ਸ਼ੰਕੇ ਕਾਰਨ ਮੈਂ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨੂੰ ਇੱਧਰ-ਉੱਧਰ ਨਚਾਉਂਦਿਆਂ ਆਪਣੀ ਯਾਦਦਾਸ਼ਤ ’ਤੇ ਜ਼ੋਰ ਦਿੰਦਿਆਂ ਆਖਿਆ।

‘‘ਹਾਂ ਹਾਂ ਹਾਂ। ਹੁਣ ਮੈਨੂੰ ਯਾਦ ਆਇਐ ਸੰਧੂ ਸਾਹਿਬ! ਅਸਲ ਵਿੱਚ ਗੱਲ ਇਵੇਂ ਆਂ, ਆਪਣੇ ਬੰਦੇ ਜੇ ਇੱਕ-ਦੋ ਦਿਨ ਵੀ ਨਾ ਮਿਲਣ ਤਾਂ ਇੰਝ ਲੱਗਦੈ ਜਿਵੇਂ ਮੁੱਦਤਾਂ ਹੀ ਬੀਤ ਗਈਆਂ ਹੋਣ। ਮੁਆਫ਼ ਕਰਨਾ, ਤੁਅ੍ਹਾਡੇ ਨਾਲ ਕੋਈ ਸਾਂਝ ਹੀ ਅਜਿਹੀ ਬਣੀ ਹੋਈ ਏ।’’ ਵਰਮਾ ਜੀ ਨੇ ਬੜੇ ਹੀ ਤਪਾਕ ਨਾਲ ਮੈਨੂੰ ਜਵਾਬ ਮੋੜਿਆ।

ਵਰਮਾ ਜੀ ਦੀ ਖ਼ੁਸ਼-ਮਿਜ਼ਾਜੀ ਵੇਖ ਕੇ ਮੈਂ ਬਲਿਹਾਰ-ਬਲਿਹਾਰ ਜਾ ਰਿਹਾ ਸਾਂ। ਰੁਝੇਵੇਂ ਦੇ ਬਾਵਜੂਦ ਉਹ ਮੈਨੂੰ ਬੜੇ ਅਦਬ ਨਾਲ ਮਿਲੇ। ਉਹ ਮੇਰੇ ਨਾਲ ਇਉਂ ਹੱਸ-ਹੱਸ ਗੱਲਾਂ ਕਰ ਰਹੇ ਸਨ, ਜਿਵੇਂ ਦੁਕਾਨਦਾਰੀ ਦੇ ਘਾਟੇ-ਨਫ਼ੇ ਨਾਲੋਂ ਉਨ੍ਹਾਂ ਨੂੰ ਮੇਰੀ ਆਓ-ਭਗਤ ਦਾ ਵਧੇਰੇ ਚਾਅ ਹੋਵੇ। ਉਹ ਮੇਰੇ ਨਾਲ ਗੱਲਾਂ ਵੀ ਕਰੀ ਜਾ ਰਹੇ ਸਨ ਤੇ ਆਪਣੇ ਗਾਹਕ ਵੀ ਭੁਗਤਾਈ ਜਾ ਰਹੇ ਸਨ। ਉਨ੍ਹਾਂ ਦੇ ਰੁਝੇਵੇਂ ਦੀ ਮਜਬੂਰੀ ਵੇਖ ਕੇ ਮੈਂ ਖ਼ੁਦ ਹੀ ਚੱਲ ਰਹੀ ਗੁਫ਼ਤਗੂ ਤੋਂ ਟਾਲ਼ਾ ਵੱਟਦਿਆਂ ਦੁਕਾਨ ’ਤੇ ਪਈ ਅਖ਼ਬਾਰ ਪੜ੍ਹਨ ਵਿੱਚ ਰੁੱਝ ਗਿਆ। ਉਂਝ ਤਾਂ ਮੈਂ ਸਕੂਲ ਲਾਇਬਰੇਰੀ ਵਿੱਚ ਪਈਆਂ ਇੱਕ-ਦੋ ਅਖ਼ਬਾਰਾਂ ’ਤੇ ਮੋਟੀ-ਮੋਟੀ ਨਿਗ੍ਹਾ ਫੇਰ ਆਇਆ ਸਾਂ, ਪਰ ਇਉਂ ਕਰਨ ਨਾਲ ਵਰਮਾ ਜੀ ਨੂੰ ਗਾਹਕ ਭੁਗਤਾਉਣ ਵਿੱਚ ਖ਼ਾਸੀ ਔਖ ਹੋ ਗਈ ਸੀ। ਮੇਰੇ ਅਖ਼ਬਾਰ ਪੜ੍ਹਦੇ-ਪੜ੍ਹਦੇ ਪਤਾ ਨਹੀਂ ਉਨ੍ਹਾਂ ਨੇ ਕਦੋਂ ਆਪਣੇ ਨੌਕਰ ਨੂੰ ਚਾਹ ਲਿਆਉਣ ਲਈ ਭੇਜ ਦਿੱਤਾ ਸੀ। ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਵਰਮਾ ਜੀ ਨੇ ਮੱਲੋ-ਮੱਲੀ ਮੈਨੂੰ ਚਾਹ ਦਾ ਕੱਪ ਫੜਾ ਹੀ ਦਿੱਤਾ। ਚਾਹ ਪੀਂਦੇ-ਪੀਂਦੇ ਮੈਂ ਬਚੀਆਂ ਖੁਚੀਆਂ ਫ਼ਾਲਤੂ ਦੀਆਂ ਕਈ ਹੋਰ ਖ਼ਬਰਾਂ ਵੀ ਖੰਗਾਲ ਲਈਆਂ ਸਨ। ਇੰਨੇ ਨੂੰ ਵਰਮਾ ਜੀ ਵੀ ਦੁਕਾਨ ’ਤੇ ਆਏ, ਗਾਹਕ ਭੁਗਤਾ ਕੇ ਕੁਝ ਕੁ ਨਵੇਕਲੇ ਹੋ ਗਏ ਸਨ।

‘‘ਵਰਮਾ ਜੀ, ਤੁਸੀਂ ਉਚੇਚੇ ਤੌਰ ’ਤੇ ਲੋੜੋਂ ਵੱਧ ਤਵੱਜੋ ਦੇ ਕੇ ਮੇਰੇ ਵਰਗੇ ਇੱਕ ਸਾਧਾਰਨ ਜਿਹੇ ਵਿਅਕਤੀ ’ਤੇ ਬਾਹਲਾ ਅਹਿਸਾਨ ਨਾ ਚੜ੍ਹਾਇਆ ਕਰੋ। ਮੈਂ ਤਾਂ ਸਕੂਲ ਤੋਂ ਘਰ ਜਾਂਦਾ-ਜਾਂਦਾ ਉਂਝ ਹੀ ਤੁਹਾਨੂੰ ਮਿਲਣ ਆ ਗਿਆ ਸੀ।’’ ਅੱਜ ਕੁਝ ਵਧੇਰੇ ਹੀ ਵਿਖਾਏ ਆਪਣੇਪਣ ਕਾਰਨ ਮੈਂ ਵਰਮਾ ਜੀ ਨੂੰ ਮਜ਼ਾਕ-ਮਜ਼ਾਕ ਵਿੱਚ ਆਖਿਆ।

‘‘ਸੰਧੂ ਸਾਹਿਬ, ਇੰਝ ਆਖ ਕੇ ਤੁਸੀਂ ਮੇਰੀ ਤੌਹੀਨ ਨਾ ਕਰੋ। ਇੱਕ ਦੂਸਰੇ ਦਾ ਮਾਣ-ਸਤਿਕਾਰ ਕਰਨਾ ਤਾਂ ਇਨਸਾਨ ਦਾ ਫ਼ਰਜ਼ ਈ ਹੁੰਦੈ। ਹੋਰ ਇੱਥੇ ਹੈ ਵੀ ਕੀ। ਉਂਝ ਵੀ ਤੁਅ੍ਹਾਡਾ ਪੜ੍ਹਿਆ-ਲਿਖਿਆ ਵਰਗ ਏ। ਜੋ ਗੱਲਾਂ-ਬਾਤਾਂ ਤੁਅ੍ਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ, ਉਹ ਆਮ ਗਾਹਕਾਂ ਨਾਲ ਥੋੜ੍ਹੇ ਹੁੰਦੀਆਂ ਨੇ।’’ ਵਰਮਾ ਜੀ ਬਹੁਤ ਹੀ ਹਲੀਮੀ ਵਿੱਚ ਬੋਲੇ।

‘‘ਵਰਮਾ ਜੀ, ਤੁਸੀਂ ਮੇਰਾ ਮਤਲਬ ਨਹੀਂ ਸਮਝੇ। ਚਲੋ ਇੱਕ-ਦੂਸਰੇ ਦਾ ਸਤਿਕਾਰ ਕਰਨਾ ਤਾਂ ਚੰਗੀ ਗੱਲ ਏ, ਪਰ ਸਾਡੇ ਆਪਸੀ ਗੱਲਾਂ ਕਰਦਿਆਂ ਗਾਹਕ ਤਾਂ ਮਾਈਂਡ ਕਰ ਈ ਸਕਦੇ ਨੇ। ਅਗਲੇ ਅਣਗੌਲੇ ਤਾਂ ਹੁੰਦੇ ਈ ਨੇ।’’

‘‘ਸਰ ਜੀ, ਤੁਸੀਂ ਕੀ ਗੱਲਾਂ ਕਰਦੇ ਓਂ। ਦੁਕਾਨਦਾਰ ਨੂੰ ਪਤਾ ਹੁੰਦੈ, ਕਿਹੜਾ ਗਾਹਕ ਕਿਵੇਂ ਦਾ ਤੇ ਕਿਹੜਾ ਕਿਵੇਂ ਦਾ। ਰੋਜ਼ ਗਾਹਕਾਂ ਨਾਲ ਈ ਵਾਹ ਪੈਂਦਾ ਏ। ਸਤਿਕਾਰ ਵੀ ਤਾਂ ਬੰਦਾ ਕੁਬੰਦਾ ਵੇਖ ਕੇ ਈ ਹੁੰਦੈ।’’ ਵਰਮਾ ਜੀ ਨੇ ਮੇਰੀ ਆਖੀ ਗੱਲ ਦਾ ਝੱਟ ਮੋੜਵਾਂ ਜਵਾਬ ਦਿੱਤਾ।

ਜੇ ਕੋਈ ਤੁਹਾਨੂੰ ਸਤਿਕਾਰ ਦਿੰਦਾ ਏ, ਉਸ ਨੂੰ ਫ਼ਰਾਖ਼ਦਿਲੀ ਨਾਲ ਸਵੀਕਾਰ ਕਰ ਲੈਣਾ ਚਾਹੀਦਾ ਹੈ। ਐਵੇਂ ਵਾਧੂ ਦੀ ਮੀਨ-ਮੇਖ ਕਰਕੇ ਕਿਸੇ ਦੀ ਵਿਖਾਈ ਦਰਿਆ-ਦਿਲੀ ਸਾਹਮਣੇ ਆਪਣੀ ਸੰਕੀਰਨਤਾ ਦਾ ਮੁਜ਼ਾਹਰਾ ਕਰਨਾ ਸਿਆਣਪ ਨਹੀਂ ਹੁੰਦੀ। ਮਨੋਂ-ਮਨੀਂ ਇੰਝ ਸੋਚਦਿਆਂ ਮੈਂ ਵਰਮਾ ਜੀ ਨਾਲ ਸਵਾਲ-ਜਵਾਬ ਕਰਨ ਤੋਂ ਹਟਕ ਗਿਆ। ਦੁਕਾਨ ਤੋਂ ਘਰ ਜਾਂਦਾ ਹੋਇਆ ਵੀ ਮੈਂ ਰਸਤੇ ਵਿੱਚ ਵਰਮਾ ਜੀ ਦੀ ਆਦਰ ਭਾਵਨਾ ਤੇ ਹਲੀਮੀ ਦੇ ਗੁਣ ਅੱਗੇ ਆਪਣੇ ਆਪ ਨੂੰ ਹੀਣਾ ਸਮਝ ਰਿਹਾ ਸਾਂ। ਖ਼ੁਦ ਨੂੰ ਕੋਸਦਾ ਹੋਇਆ ਮੈਂ ਵਰਮਾ ਜੀ ਦੇ ਅਜਿਹੇ ਸੁਭਾਅ ਤੋਂ ਪ੍ਰੇਰਨਾ ਲੈਣ ਦਾ ਯਤਨ ਕਰ ਰਿਹਾ ਸਾਂ। ਸੁਬ੍ਹਾ-ਸ਼ਾਮ ਸਕੂਲ ਆਉਂਦੇ-ਜਾਂਦੇ ਜਦੋਂ ਵੀ ਮੈਂ ਵੇਖਦਾ, ਵਰਮਾ ਜੀ ਦੀ ਦੁਕਾਨ ’ਤੇ ਬੱਚਿਆਂ ਦਾ ਤਾਂਤਾ ਲੱਗਿਆ ਰਹਿੰਦਾ ਸੀ, ਜਿਵੇਂ ਨਿਊਟਨ ਦੇ ਗੁਰੂਤਾ ਆਕਰਸ਼ਣ ਦੇ ਨਿਯਮ ਅਨੁਸਾਰ ਵਰਮਾ ਜੀ ਦੀ ਦੁਕਾਨ ਹੀ ਉਨ੍ਹਾਂ ਦੀ ਖਿੱਚ ਦਾ ਕੇਂਦਰ ਬਿੰਦੂ ਹੋਵੇ। ਬਹੁਤ ਸਾਰੇ ਸਕੂਲਾਂ ਦੇ ਬੱਚੇ ਅਕਸਰ ਉਸੇ ਦੁਕਾਨ ਤੋਂ ਹੀ ਆਪਣਾ ਸਾਮਾਨ ਖ਼ਰੀਦਣ ਆਉਂਦੇ। ਕਈ ਦੁਕਾਨਦਾਰ ਆਪਣੇ ਸਾਮਾਨ ਦਾ ਰੇਟ ਵੀ ਘਟਾ ਦਿੰਦੇ, ਫਿਰ ਵੀ ਬੱਚਿਆਂ ’ਤੇ ਕੋਈ ਬਾਹਲਾ ਅਸਰ ਨਾ ਹੁੰਦਾ।

ਵਰਮਾ ਜੀ ਅਧਿਆਪਕ ਵਰਗ ਨਾਲ ਕੁਝ ਬਾਹਲਾ ਹੀ ਹਿਤ ਰੱਖਦੇ ਸਨ। ਕਈ ਅਧਿਆਪਕਾਂ ਨੂੰ ਤਾਂ ਉਹ ਖ਼ਰੀਦਿਆ ਸਾਮਾਨ ਵੀ ਦੂਜੇ ਗਾਹਕਾਂ ਨਾਲੋਂ ਕੁਝ ਘਟਾ ਕੇ ਦੇ ਦਿੰਦੇ ਸਨ। ਕਈ ਵਾਰ ਤਾਂ ਉਹ ਪੈਸੇ ਵੀ ਨਾ ਲੈਂਦੇ। ਉਹ ਆਏ ਸਾਲ ਆਪਣੇ ਚਹੇਤੇ ਅਧਿਆਪਕਾਂ ਨੂੰ ਨਵੇਂ ਵਰ੍ਹੇ ਦੀਆਂ ਡਾਇਰੀਆਂ ਦੇਣਾ ਵੀ ਕਦੇ ਨਾ ਭੁੱਲਦੇ। ਅਜਿਹੇ ਫ਼ਰਾਖ਼ਦਿਲ ਵਰਤਾਉ ਕਾਰਨ ਵਰਮਾ ਜੀ ਦੀ ਅਧਿਆਪਕਾਂ ਵਿੱਚ ਚੰਗੀ ਭੱਲ ਬਣੀ ਹੋਈ ਸੀ। ਮੇਰੇ ਵੇਖਦੇ-ਵੇਖਦੇ ਹੀ ਵਰਮਾ ਜੀ ਦੀ ਇਹ ਦੁਕਾਨ ਇੱਕ ਨਿੱਕੇ ਜਿਹੇ ਖੋਖੇ ਤੋਂ ਸ਼ਹਿਰ ਦੀਆਂ ਵੱਡੀਆਂ ਸਟੇਸ਼ਨਰੀ ਦੀਆਂ ਦੁਕਾਨਾਂ ਵਿੱਚ ਸ਼ੁਮਾਰ ਹੋ ਗਈ ਸੀ। ਹੁਣ ਤਾਂ ਵਰਮਾ ਜੀ ਨੇ ਸਕੂਲੀ ਪੁਸਤਕਾਂ ਦੇ ਨਾਲ-ਨਾਲ ਸਾਹਿਤਕ ਪੁਸਤਕਾਂ ਤੇ ਸਪੋਰਟਸ ਦਾ ਸਾਮਾਨ ਵੀ ਰੱਖਣਾ ਸ਼ੁਰੂ ਕਰ ਦਿੱਤਾ ਸੀ। ਵਧੇਰੇ ਗਾਹਕੀ ਹੋਣ ਕਾਰਨ ਇਸ ਦੁਕਾਨ ਦੀ ਇਲਾਕੇ ਭਰ ਵਿੱਚ ਮਸ਼ਹੂਰੀ ਹੋਈ ਪਈ ਸੀ। ਸ਼ਹਿਰ ਦੀਆਂ ਚੰਗੀਆਂ ਭਲੀਆਂ ਚਲਦੀਆਂ ਕਈ ਸਟੇਸ਼ਨਰੀ ਦੀਆਂ ਦੁਕਾਨਾਂ ਵਰਮਾ ਜੀ ਦੇ ਮੁਕਾਬਲੇ ਵਿੱਚ ਫੇਲ੍ਹ ਹੋ ਚੁੱਕੀਆਂ ਸਨ। ਇੱਕਾ-ਦੁੱਕਾ ਦੁਕਾਨਦਾਰਾਂ ਨੇ ਤਾਂ ਆਪਣਾ ਬਿਜ਼ਨਸ ਹੀ ਬਦਲ ਲਿਆ ਸੀ।

ਬੱਚਿਆਂ ਦੀ ਸਾਲਾਨਾ ਪ੍ਰੀਖਿਆ ਨਜ਼ਦੀਕ ਆ ਗਈ ਸੀ। ਥਿਊਰੀ ਦਾ ਸਿਲੇਬਸ ਖ਼ਤਮ ਹੋਣ ਕਾਰਨ ਬੱਚਿਆਂ ਨੂੰ ਪ੍ਰੈਕਟੀਕਲ ਕਰਾਉਣਾ ਹੀ ਬਾਕੀ ਰਹਿ ਗਿਆ ਸੀ। ਵਿਗਿਆਨ ਵਿਸ਼ੇ ਦੀਆਂ ਪ੍ਰਯੋਗੀ ਕਾਪੀਆਂ ਪਤਾ ਕਰਨ ਬਾਰੇ ਮੈਂ ਵਰਮਾ ਜੀ ਨੂੰ ਫ਼ੋਨ ਕੀਤਾ। ਮੇਰਾ ਫ਼ੋਨ ਸੁਣਦੇ ਸਾਰ ਹੀ ਵਰਮਾ ਜੀ ‘ਵਰਮਾ ਪ੍ਰੈਕਟੀਕਲ ਕਾਪੀਆਂ’ ਦੇ ਸਪੈਸੀਮਨ ਲੈ ਕੇ ਝੱਟ ਹੀ ਆਪਣੀ ਮੋਪੇਡ ’ਤੇ ਸਕੂਲ ਪਹੁੰਚ ਗਏ।

‘‘ਵਰਮਾ ਜੀ, ਤੁਸੀਂ ਐਨੀ ਖੇਚਲ ਕਿਉਂ ਕਰਨੀ ਸੀ। ਆਪਣੇ ਨੌਕਰ ਹੱਥ ਭੇਜ ਦਿੰਦੇ।’’ ਵਰਮਾ ਜੀ ਦੀ ਉਚੇਚ ਵੇਖ ਮੈਂ ਸਰਸਰੀ ਜਿਹੇ ਆਖਿਆ। ‘‘ਸਰ ਜੀ, ਕੀ ਗੱਲਾਂ ਕਰਦੇ ਓ। ਮਸਾਂ ਤਾਂ ਸਕੂਲ ਆਉਣ ਦਾ ਮੌਕਾ ਮਿਲਦੈ। ਬਹਾਨੇ ਨਾਲ ਤੁਅ੍ਹਾਡੇ ਵਰਗੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਂਦੇ ਨੇ।’’ ਵਰਮਾ ਜੀ ਦੇ ਨਿਮਰਤਾ ਭਰੇ ਮੋੜਵੇਂ ਜਵਾਬ ਨੇ ਮੈਨੂੰ ਨਿਰ-ਉੱਤਰ ਕਰ ਦਿੱਤਾ, ਜਿਵੇਂ ਮੈਂ ਮੋਮ ਦਾ ਬੁੱਤ ਹੀ ਬਣ ਗਿਆ ਹੋਵਾਂ।

ਵਰਮਾ ਜੀ ਦੇ ਆਖੇ ਮੈਂ ਝੱਟ ਹੀ ਅੱਠਵੀਂ ਤੇ ਦਸਵੀਂ ਜਮਾਤ ਦੇ ਬੱਚਿਆਂ ਨੂੰ ਇਹ ਵਰਮਾ ਪ੍ਰੈਕਟੀਕਲ ਕਾਪੀਆਂ ਹੀ ਲਗਵਾ ਦਿੱਤੀਆਂ। ਬੱਚਿਆਂ ਦੀ ਗਿਣਤੀ ਵਧੇਰੇ ਹੋਣ ਕਾਰਨ ਵਰਮਾ ਜੀ ਖ਼ੁਸ਼ ਹੋ ਗਏ। ਫਿਰ ਉਹ ਸਕੂਲ ਦੇ ਦੂਜੇ ਅਧਿਆਪਕਾਂ ਨੂੰ ਮਿਲਣ-ਗਿਲਣ ਸਟਾਫ਼-ਰੂਮ ਵੱਲ ਚਲੇ ਗਏ। ਸ਼ਹਿਰ ਦਾ ਵੱਡਾ ਸਕੂਲ ਹੋਣ ਕਾਰਨ ਉਂਝ ਵੀ ਵਰਮਾ ਜੀ ਦਾ ਸਾਡੇ ਸਕੂਲ ਵਿੱਚ ਆਉਣਾ-ਜਾਣਾ ਲੱਗਿਆ ਹੀ ਰਹਿੰਦਾ ਸੀ ਤੇ ਉਹ ਸਭ ਅਧਿਆਪਕਾਂ ਨਾਲ ਨਿੱਘੇ ਸੰਬੰਧ ਬਣਾ ਕੇ ਰੱਖਦੇ ਸਨ।

ਕਈ ਅਧਿਆਪਕਾਂ ਨਾਲ ਤਾਂ ਉਨ੍ਹਾਂ ਦਾ ਸਮਾਜਿਕ ਵਰਤਾਅ ਵੀ ਬਣਿਆ ਹੋਇਆ ਸੀ। ਅਧਿਆਪਕਾਂ ਦੇ ਭੈਣ-ਭਰਾਵਾਂ ਜਾਂ ਬੱਚਿਆਂ ਦੇ ਵਿਆਹ-ਸ਼ਾਦੀਆਂ ਮੌਕੇ ਉਹ ਸ਼ਗਨ ਦੇਣ ਜ਼ਰੂਰ ਪਹੁੰਚਦੇ ਜਿਵੇਂ ਇਹ ਪੱਕਾ ਨਿਯਮ ਹੀ ਬਣਾਇਆ ਹੋਵੇ।

ਇੱਕ ਦਿਨ ਅੱਧੀ ਛੁੱਟੀ ਵੇਲੇ ਅਸੀਂ ਦੋ-ਤਿੰਨ ਅਧਿਆਪਕ ਲੱਤਾਂ ਸਿੱਧੀਆਂ ਕਰਨ ਬਹਾਨੇ ਭਲਵਾਨੀ ਗੇੜਾ ਮਾਰਨ ਬਾਜ਼ਾਰ ਵੱਲ ਨਿਕਲ ਗਏ। ਵਰਮਾ ਜੀ ਆਪਣੀ ਦੁਕਾਨ ’ਤੇ ਖੜ੍ਹੇ ਬਿਫਰੇ ਪਏ ਸਨ। ਉਹ ਇੱਕ ਨੌਕਰ ਨੂੰ ਇਉਂ ਘੂਰ-ਘੂਰ ਪੈ ਰਹੇ ਸਨ, ਜਿਵੇਂ ਮਰਨ ਮਰਾਉਣ ਤੱਕ ਨੌਬਤ ਆ ਗਈ ਹੋਵੇ। ਉਨ੍ਹਾਂ ਦੇ ਗੁੱਸੇ ਭਰੇ ਚਿਹਰੇ ਤੋਂ ਭੈਅ ਆਉਂਦਾ ਸੀ।

‘‘ਵਰਮਾ ਜੀ, ਕੀ ਗੱਲ ਹੋ ਗਈ ਏ? ਸੁੱਖ ਤਾਂ ਹੈ ਅੱਜ। ਬੜੇ ਗੁੱਸੇ ’ਚ ਲੱਗਦੇ ਓ।’’ ਮੇਰੇ ਨਾਲ ਦੇ ਇੱਕ ਸਾਥੀ ਅਧਿਆਪਕ ਨੇ ਦੂਰੋਂ ਹੀ ਆਵਾਜ਼ ਮਾਰ ਕੇ ਆਖਿਆ। ਸਾਨੂੰ ਵੇਖਦੇ ਸਾਰ ਉਨ੍ਹਾਂ ਦਾ ਵਤੀਰਾ ਇਕਦਮ ਬਦਲ ਗਿਆ। ਉਨ੍ਹਾਂ ਦੀਆਂ ਗੁੱਸੇ ਨਾਲ ਤਣੀਆਂ ਭਵਾਂ ਵੀ ਨਰਮ ਪੈ ਗਈਆਂ ਸਨ।

‘‘ਆਓ ਜੀ, ਜੀ ਆਇਆਂ ਨੂੰ! ਸਰ ਜੀ, ਅੱਜ ਸਾਰੀ ਮੰਡਲੀ ਇਕੱਠੀ ਕਿੱਧਰ ਤੁਰੀ ਫਿਰਦੀ ਏ। ਖ਼ੈਰ ਨ੍ਹੀਂ ਲੱਗਦੀ।’’ ਉਨ੍ਹਾਂ ਝਬਦੇ ਹੀ ਆਪਣਾ ਮੂਡ ਬਦਲਦਿਆਂ ਸਾਨੂੰ ਜਵਾਬ ਦਿੱਤਾ।

‘‘ਗੱਲ ਇਉਂ ਆ ਜੀ, ਕਈ ਵੇਰਾਂ ਬੱਚੇ ਲਾਪਰਵਾਹੀ ਕਰ ਜਾਂਦੇ ਆ। ਇਨ੍ਹਾਂ ਨੂੰ ਸਮਝਾਉਣਾ ਪੈਂਦੈ। ਦੁਕਾਨਦਾਰੀ ਦਾ ਮਾਮਲਾ ਐ ਜੀ।’’ ਸਾਡਾ ਹੁੰਗਾਰਾ ਉਡੀਕੇ ਬਿਨਾਂ ਹੀ ਉਨ੍ਹਾਂ ਬੜੀ ਸ਼ਾਲੀਨਤਾ ਨਾਲ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ। ਹਰ ਵਕਤ ਹਸੂੰ-ਹਸੂੰ ਕਰਦੇ ਵਰਮਾ ਜੀ ਦਾ ਐਨਾ ਗੁੱਸੇਖ਼ੋਰ ਰੂਪ ਵੇਖ ਕੇ ਮੈਨੂੰ ਅਚੰਭਾ ਜਿਹਾ ਲੱਗਿਆ। ਅੱਖੀਂ ਵੇਖਣ ’ਤੇ ਵੀ ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ। ਜਿਵੇਂ ਇੱਕ ਸੁਪਨਾ ਜਿਹਾ ਹੀ ਹੋਵੇ।

ਕੁਝ ਕੁ ਦਿਨਾਂ ਬਾਅਦ ਓਹੀ ਨੌਕਰ ਮੈਨੂੰ ਬਾਜ਼ਾਰ ਵਿੱਚ ਮਿਲਿਆ। ‘‘ਬੇਟਾ, ਉਸ ਦਿਨ ਵਰਮਾ ਜੀ ਤੇਰੇ ’ਤੇ ਐਨਾ ਕਿਉਂ ਘੁਰੇ ਪਏ ਸਨ?’’ ਆਪਣੇ ਮਨ ਦਾ ਸੰਸਾ ਨਿਵਾਰਨ ਲਈ ਮੈਂ ਸਾਧਾਰਨ ਹੀ ਪੁੱਛਿਆ। ‘‘ਸਰ ਜੀ, ਉਸ ਦਿਨ ਮੇਰੇ ਪਿਤਾ ਜੀ ਬਿਮਾਰ ਸਨ। ਉਨ੍ਹਾਂ ਫੋਨ ਕਰ ਕੇ ਮੈਥੋਂ ਸ਼ਹਿਰੋਂ ਦਵਾਈ ਮੰਗਾਈ ਸੀ। ਇਸ ਕਰਕੇ ਮੈਂ ਵਰਮਾ ਜੀ ਤੋਂ ਅੱਧੇ ਦਿਨ ਦੀ ਛੁੱਟੀ ਮੰਗੀ ਸੀ। ਬਸ ਇੰਨੀ ਗੱਲ ’ਤੇ ਮੇਰੇ ਨਾਲ ਖ਼ਫ਼ਾ ਹੋ ਗਏ। ਮੈਨੂੰ ਖਿੱਝ ਕੇ ਕਹਿੰਦੇ, ‘ਕੱਲ੍ਹ ਤੋਂ ਤੇਰੀ ਪੱਕੀ ਛੁੱਟੀ ਏ। ਮੈਂ ਆਪਣਾ ਬਿਜ਼ਨਸ ਵੇਖਣਾ ਕਿ ਤੇਰੀ ਦਵਾਈ।’ ਮੈਂ ਉਸ ਦਿਨ ਤੋਂ ਬਾਅਦ ਕੰਮ ’ਤੇ ਈ ਨਹੀਂ ਗਿਆ। ਉਹ ਨੌਕਰਾਂ ਨੂੰ ਦਬਕਦੇ ਬਹੁਤ ਐ ਜੀ। ਤਾਂ ਹੀ ਉਨ੍ਹਾਂ ਕੋਲ ਕੋਈ ਪੱਕਾ ਨੌਕਰ ਟਿਕਦਾ ਨ੍ਹੀਂ ਐ।’’ ਉਸ ਬੱਚੇ ਨੇ ਮੈਨੂੰ ਸਾਰੀ ਵਾਪਰੀ ਗੱਲ ਵਿਸਥਾਰ ਵਿੱਚ ਦੱਸੀ। ਪਰ ਬੱਚੇ ਦੀ ਇਸ ਗੱਲ ’ਤੇ ਮੈਨੂੰ ਯਕੀਨ ਨਹੀਂ ਸੀ ਆ ਰਿਹਾ। ‘ਗੱਲ ਕੁਝ ਹੋਰ ਹੁੰਦੀ ਏ ਤੇ ਬੱਚੇ ਦੱਸਦੇ ਕੁਝ ਹੋਰ ਨੇ। ਕੰਮ ਤੋਂ ਕੱਢ ਦਿੱਤਾ ਹੋਣੈ, ਹੁਣ ਐਵੇਂ ਉਨ੍ਹਾਂ ਦੀ ਬਦਖੋਈ ਕਰੀ ਜਾਂਦਾ। ਇਨਸਾਨ ਐਂ, ਕਦੇ-ਕਦਾਈਂ ਭਾਵੁਕ ਹੋ ਈ ਜਾਂਦੈ।’ ਮੈਂ ਮਨੋਂ-ਮਨੀਂ ਸੋਚਿਆ।

ਇੱਕ ਦਿਨ ਸਕੂਲ ਵਿੱਚ ਸਕੂਟਰ ਖੜ੍ਹਾ ਕਰਨ ਲੱਗੇ ਅਚਨਚੇਤ ਹੀ ਕੋਈ ਅਜਿਹੀ ਨਾੜ ਖਿੱਚੀ ਗਈ। ਮੇਰੇ ਬੈਕ-ਪੇਨ ਸ਼ੁਰੂ ਹੋ ਗਈ। ਉਸ ਦਿਨ ਬੜੀ ਮੁਸ਼ਕਿਲ ਨਾਲ ਮੈਂ ਘਰ ਪਹੁੰਚਿਆ। ਦਰਦ ਵਧਦੀ ਹੀ ਜਾਂਦੀ ਸੀ। ਤੁਰਨਾ-ਫਿਰਨਾ ਤਾਂ ਕੀ, ਮੇਰੇ ਲਈ ਤਾਂ ਉੱਠਣਾ-ਬੈਠਣਾ ਵੀ ਮੁਸ਼ਕਿਲ ਹੋਇਆ ਪਿਆ ਸੀ। ਡਾਕਟਰ ਨੇ ਦਵਾਈ ਦੇ ਨਾਲ-ਨਾਲ ਮੈਨੂੰ ਲੰਮੀ ਬੈੱਡ-ਰੈਸਟ ਦੀ ਸਲਾਹ ਦਿੱਤੀ ਸੀ। ਮੈਂ ਸਕੂਲੋਂ ਚਾਰ ਕੁ ਹਫ਼ਤੇ ਦੀ ਮੈਡੀਕਲ ਛੁੱਟੀ ਲੈ ਲਈ। ਐਨੀ ਲੰਬੀ ਛੁੱਟੀ ਮੈਂ ਆਪਣੀ ਸਾਰੀ ਨੌਕਰੀ ਦੌਰਾਨ ਪਹਿਲਾਂ ਕਦੇ ਵੀ ਨਹੀਂ ਸੀ ਲਈ। ਲੰਬੀ ਛੁੱਟੀ ਲੈਣ ਕਾਰਨ ਮੇਰੇ ਸਕੂਲ ਦੇ ਕਈ ਸਾਥੀ ਅਧਿਆਪਕ ਮੇਰੀ ਖ਼ਬਰ-ਸਾਰ ਲੈਣ ਘਰ ਆਉਣ ਲੱਗ ਪਏ। ਪਤਾ ਲੱਗਣ ’ਤੇ ਵਰਮਾ ਜੀ ਵੀ ਮੇਰੀ ਸਿਹਤ ਦਾ ਹਾਲ-ਚਾਲ ਪੁੱਛਣ ਇੱਕ ਦਿਨ ਸੁਵਖ਼ਤੇ ਹੀ ਉਚੇਚੇ ਤੌਰ ’ਤੇ ਮੇਰੇ ਘਰ ਆਏ।

‘‘ਸੰਧੂ ਸਾਹਿਬ, ਮੈਨੂੰ ਤਾਂ ਸਕੂਲ ਅਧਿਆਪਕਾਂ ਤੋਂ ਕੱਲ੍ਹ ਈ ਪਤਾ ਲੱਗਿਐ ਕਿ ਤੁਹਾਡੇ ਲੱਕ ਦਰਦ ਹੋ ਰਹੀ ਏ। ਹੱਦ ਹੋ ਗਈ ਏ। ਤੁਸੀਂ ਵੀ ਕੋਈ ਟੈਲੀਫ਼ੋਨ ਵਗੈਰਾ ਨਹੀਂ ਕੀਤਾ। ਬੰਦਾ ਖ਼ਬਰਸਾਰ ਹੀ ਲੈ ਜਾਂਦਾ ਏ। ਅਕਸਰ ਦੁੱਖ-ਸੁੱਖ ਵਿੱਚ ਈ ਆਪਣਾ ਬੰਦਾ ਕੰਮ ਆਉਂਦੈ। ਉਂਝ ਗੱਲੀਂ-ਬਾਤੀਂ ਤਾਂ ਬਥੇਰੇ ਹਿਤੂ ਬਣੀ ਫਿਰਦੇ ਨੇ।’’ ਵਰਮਾ ਜੀ ਨੇ ਘਰ ਆਉਂਦਿਆਂ ਹੀ ਆਪਣੇ ਮਿੱਠੇ ਸੁਭਾਅ ਅਨੁਸਾਰ ਹਮਦਰਦੀ ਜਤਾਉਂਦਿਆਂ ਆਖਿਆ।

‘‘ਵਰਮਾ ਜੀ, ਇਹ ਕਿਹੜਾ ਕੋਈ ਵੱਡੀ ਬਿਮਾਰੀ ਏ। ਕੋਈ ਨਾੜ ਈ ਇੱਧਰ-ਉੱਧਰ ਹੋ ਗਈ ਏ। ਬੈੱਡ-ਰੈਸਟ ਨਾਲ ਠੀਕ ਹੋ ਜਾਏਗੀ।’’ ਮੈਂ ਬੈੱਡ ’ਤੇ ਲੇਟਿਆਂ ਹੀ ਉਨ੍ਹਾਂ ਨੂੰ ਜਵਾਬ ਦਿੱਤਾ।

‘‘ਸਰ ਜੀ, ਪਰ ਦੁੱਖ ਤਾਂ ਦੁੱਖ ਈ ਹੁੰਦਾ ਏ ਨਾ। ਲਓ ਇਹ ਫੜੋ, ਮੈਂ ਤੁਅ੍ਹਾਡੀ ਇਸ ਮੁਸੀਬਤ ਦਾ ਪ੍ਰਬੰਧ ਕੀਤਾ ਏ।’’ ਵਰਮਾ ਜੀ ਨੇ ਆਪਣੇ ਹੱਥ ਵਿੱਚ ਫੜਿਆ ਇੱਕ ਪੈਕਟ ਮੈਨੂੰ ਫੜਾਉਂਦਿਆਂ ਆਖਿਆ।

‘‘ਵਰਮਾ ਜੀ, ਕੋਈ ਦਵਾਈ ਵਗੈਰਾ ਏ?’’

‘‘ਨਹੀਂ ਸਰ ਜੀ, ਇਹ ਦਵਾਈ ਤੋਂ ਵੀ ਉੱਤੇ ਏ! ਮੇਰੇ ਕੋਲ ਜੋ ਏ, ਮੈਂ ਤਾਂ ਓਹੀ ਲੈ ਕੇ ਆਵਾਂਗਾ ਨਾ।’’

‘‘ਫਿਰ ਵੀ ਕੀ ਏ?’’ ਮੈਂ ਉਤਸੁਕਤਾ ਨਾਲ ਪੁੱਛਿਆ।

‘‘ਸੰਧੂ ਸਾਹਿਬ, ਇਹ ਯੋਗਾ ਦੀ ਪੁਸਤਕ ਏ। ਇਸ ਵਿੱਚ ਕਈ ਸਰੀਰਕ ਬਿਮਾਰੀਆਂ ਦਾ ਉਪਚਾਰ ਏ। ਲੱਕ ਦਰਦ ਦਾ ਵੀ ਇੱਕ ਵਧੀਆ ਆਸਨ ਇਸ ਵਿੱਚ ਦੱਸਿਆ ਏ। ਇਹ ਪੁਸਤਕ ਪੜ੍ਹ ਕੇ ਤੁਹਾਨੂੰ ਆਪ ਹੀ ਸਭ ਕੁਝ ਪਤਾ ਚੱਲ ਜਾਏਗਾ।’’

‘‘ਵਰਮਾ ਜੀ, ਤੁਸੀਂ ਤਾਂ ਮੇਰੇ ’ਤੇ ਕੁਝ ਬਾਹਲਾ ਈ ਅਹਿਸਾਨ ਚੜ੍ਹਾਈ ਜਾਨੇ ਓਂ। ਮੈਂ ਇਸ ਦਾ ਮੁੱਲ ਕਿਵੇਂ ਉਤਾਰਾਂਗਾ।’’ ਮੈਂ ਵਰਮਾ ਜੀ ਦੀ ਵਿਖਾਈ ਸਦਭਾਵਨਾ ਤੋਂ ਪ੍ਰਭਾਵਿਤ ਹੋ ਕੇ ਆਖਿਆ।

‘‘ਸੰਧੂ ਸਾਹਿਬ, ਇਹ ਕਾਹਦਾ ਅਹਿਸਾਨ ਏਂ। ਇਹ ਤਾਂ ਆਪਸੀ ਮੁਹੱਬਤ ਦਾ ਇੱਕ ਮਾਮੂਲੀ ਜਿਹਾ ਇਜ਼ਹਾਰ ਏ।’’

‘‘ਵਰਮਾ ਜੀ, ਤੁਅ੍ਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਪਰ ਇਸ ਪੁਸਤਕ ਦੀ ਸੇਵਾ ਕਿੰਨੀ ਏ?’’

‘‘ਸਰ ਜੀ, ਫਿਰ ਓਹੀ ਗੱਲ। ਪਿਆਰ ਨੂੰ ਪੈਸੇ ਨਾਲ ਥੋੜ੍ਹੇ ਆਂਕੀ ਦਾ ਹੁੰਦੈ। ਸਟੋਰ ’ਚ ਪਈ ਸੀ। ਮੈਂ ਚੁੱਕ ਕੇ ਤੁਅ੍ਹਾਡੇ ਲਈ ਲੈ ਆਇਆ। ਜੇ ਇੱਕ ਕਿਤਾਬ ’ਚੋਂ ਕਮਾਈ ਨਾ ਕੀਤੀ ਤਾਂ ਕੀ ਪਹਾੜ ਡਿੱਗ ਜਾਏਗਾ। ਇੰਜ ਆਖ ਮੈਨੂੰ ਐਵੇਂ ਸ਼ਰਮਿੰਦਾ ਨਾ ਕਰੋ।’’ ਵਰਮਾ ਜੀ ਦੀ ਇਸ ਸਦਭਾਵਨਾ ਤੋਂ ਮੈਂ ਕੁਰਬਾਨ-ਕੁਰਬਾਨ ਜਾ ਰਿਹਾ ਸਾਂ। ਮੈਨੂੰ ਵਰਮਾ ਜੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੀ ਵਿਖਾਈ ਸਹਾਨੁਭੂਤੀ ਦੇ ਮੇਚ ਦਾ ਕੋਈ ਸ਼ਬਦ ਨਹੀਂ ਸੀ ਅਹੁੜ ਰਿਹਾ। ਮੇਰੀ ਪਤਨੀ ਵੀ ਝੱਟ ਹੀ ਉਨ੍ਹਾਂ ਲਈ ਗਰਮ-ਗਰਮ ਦੁੱਧ ਤੇ ਬਿਸਕੁਟਾਂ ਦੀ ਟਰੇਅ ਲੈ ਕੇ ਆ ਗਈ। ਦੁੱਧ ਪੀਂਦੇ ਹੋਏ ਵੀ ਵਰਮਾ ਜੀ ਮੈਨੂੰ ਪਿੱਠ ਦਰਦ ਦੇ ਕਈ ਉਪਾਅ ਸਮਝਾਉਂਦੇ ਰਹੇ। ਕੋਲ ਬੈਠੇ ਮੇਰੇ ਮਾਤਾ ਜੀ ਵੀ ਵਰਮਾ ਜੀ ਨੂੰ ਵਾਰ-ਵਾਰ ਅਸੀਸਾਂ ਦੇਈ ਜਾ ਰਹੇ ਸਨ।

ਵਰਮਾ ਜੀ ਦੀ ਇਹ ਸੇਵਾ ਭਾਵਨਾ ਵੇਖ ਕੇ ਮੇਰੇ ਮਾਤਾ ਜੀ ਕਈ ਦਿਨ ਉਨ੍ਹਾਂ ਦਾ ਹੀ ਗੁਣ-ਗਾਨ ਕਰਦੇ ਰਹੇ। ਕਿਧਰੇ ਵੀ ਕੋਈ ਸਮਾਜ ਭਲਾਈ ਦੀ ਗੱਲ ਚੱਲਦੀ ਤਾਂ ਉਹ ਵਰਮਾ ਜੀ ਦੀ ਇਹ ਗੱਲ ਇੱਕ ਅਖੌਤ ਵਾਂਗ ਸੁਣਾਉਂਦੇ, ਜਿਵੇਂ ਲੋਕਾਂ ਨੂੰ ਸੇਧ ਦੇਣ ਲਈ ਇਹ ਕੋਈ ਸਵੈ-ਸਿੱਧ ਨਿਯਮ ਹੋਵੇ। ਜਦੋਂ ਵੀ ਮੈਂ ਇਸ ਪਸੁਤਕ ਨੂੰ ਵੇਖਦਾ, ਮੈਨੂੰ ਵਰਮਾ ਜੀ ਦੀ ਯਾਦ ਆ ਜਾਂਦੀ। ਇਸ ਪੁਸਤਕ ਨੇ ਸਾਡੀ ਦੋਵਾਂ ਦੀ ਬਣੀ ਸਾਂਝ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਸੀ। ਮਹੀਨੇ ਕੁ ਬਾਅਦ ਮੈਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਆਉਂਦੇ-ਜਾਂਦੇ ਜਦੋਂ ਵੀ ਮੇਰੇ ਕੋਲ ਕੁਝ ਕੁ ਵਿਹਲ ਹੁੰਦੀ, ਮੈਂ ਵਰਮਾ ਜੀ ਨੂੰ ਮਿਲਣ ਦੁਕਾਨ ’ਤੇ ਜ਼ਰੂਰ ਜਾਂਦਾ। ਉਨ੍ਹਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣਨ ਨੂੰ ਜੀਅ ਸਦਾ ਉਤਾਵਲਾ ਰਹਿੰਦਾ।

ਤਰੱਕੀ ਹੋਣ ਉਪਰੰਤ ਮੇਰੀ ਬਦਲੀ ਕੁਝ ਕੁ ਦੂਰ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋ ਗਈ। ਵਰਮਾ ਜੀ ਇਸ ਸਕੂਲ ਵਿੱਚ ਵੀ ਮੇਰੇ ਕੋਲ ਜਲਦੀ-ਜਲਦੀ ਗੇੜਾ ਮਾਰ ਲੈਂਦੇ ਸਨ। ਸਾਡੇ ਆਪਸੀ ਬਣੇ ਸੰਬੰਧਾਂ ਵਿੱਚ ਉਨ੍ਹਾਂ ਕੋਈ ਕਮੀ ਨਹੀਂ ਸੀ ਆਉਣ ਦਿੱਤੀ। ਉਨ੍ਹਾਂ ਨੇ ਤਾਂ ਸਗੋਂ ਇਸ ਨਵੇਂ ਸਕੂਲ ਵਿੱਚ ਵੀ ਅਧਿਆਪਕਾਂ ਨਾਲ ਆਪਣੀ ਖ਼ਾਸੀ ਵਾਕਫ਼ੀਅਤ ਗੰਢ ਲਈ ਸੀ। ਉਨ੍ਹਾਂ ਦਾ ਵਤੀਰਾ ਹੀ ਇਹੋ ਜਿਹਾ ਸੀ। ਗੱਲ ਕਰਦੇ-ਕਰਦੇ ਅਗਲੇ ਦੇ ਢਿੱਡ ਵਿੱਚ ਹੀ ਵੜ ਜਾਂਦੇ ਸਨ। ਲੈਕਚਰਾਰ ਬਣਨ ਤੋਂ ਬਾਅਦ ਦੋ-ਤਿੰਨ ਸਾਲਾਂ ਦਾ ਪਤਾ ਹੀ ਨਾ ਲੱਗਿਆ, ਕਦੋਂ ਬੀਤ ਗਏ। ਗਿਣਤੀ-ਮਿਣਤੀ ਦੇ ਦਿਨ ਜਿਵੇਂ ਖੰਭ ਲਾ ਕੇ ਉੱਡ ਗਏ ਹੋਣ। ਮੇਰੀ ਸੇਵਾਮੁਕਤੀ ਵੀ ਨਜ਼ਦੀਕ ਆ ਗਈ ਸੀ।

ਸਕੂਲ ਵੱਲੋਂ ਮੇਰੀ ਸੇਵਾ-ਮੁਕਤੀ ਵਾਲੇ ਦਿਨ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਸਮਾਗਮ ਵਿੱਚ ਸ਼ਾਮਲ ਹੋਣ ਲਈ ਇਲਾਕੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੂੰ ਸੱਦਾ-ਪੱਤਰ ਭੇਜੇ ਗਏ ਸਨ। ਮੈਂ ਵੀ ਆਪਣੇ ਵੱਲੋਂ ਵਰਮਾ ਜੀ ਨੂੰ ਵਿਸ਼ੇਸ਼ ਸੱਦਾ-ਪੱਤਰ ਭੇਜਿਆ। ਸਮਾਗਮ ਵਾਲੇ ਦਿਨ ਖ਼ਾਸੀ ਰੌਣਕ ਹੋ ਗਈ ਸੀ। ਸਕੂਲ ਸਟਾਫ਼ ਵੱਲੋਂ ਮੇਰਾ ਵਿਸ਼ੇਸ਼

ਸਨਮਾਨ ਕੀਤਾ ਗਿਆ। ਸੱਚਮੁੱਚ ਹੀ ਇਹ ਪ੍ਰਭਾਵਸ਼ਾਲੀ ਸਮਾਗਮ ਮੇਰੇ ਲਈ ਯਾਦਗਾਰੀ ਹੋ ਨਿੱਬੜਿਆ ਸੀ। ਵਰਮਾ ਜੀ ਉਸ ਦਿਨ ਆਪ ਤਾਂ ਨਾ ਆ ਸਕੇ, ਪਰ ਉਨ੍ਹਾਂ ਆਪਣੇ ਨੌਕਰ ਹੱਥ ਮੇਰੇ ਲਈ ਇੱਕ ਤੋਹਫ਼ਾ ਭੇਜ ਦਿੱਤਾ ਸੀ। ਪਰ ਮੈਨੂੰ ਵਰਮਾ ਜੀ ਦੇ ਨਿੱਜੀ ਤੌਰ ’ਤੇ ਨਾ ਆਉਣ ਕਾਰਨ ਉਨ੍ਹਾਂ ’ਤੇ ਖ਼ਾਸਾ ਰੰਜ ਸੀ। ਲੰਬੇ ਸਮੇਂ ਤੋਂ ਮੇਰੀ ਉਨ੍ਹਾਂ ਨਾਲ ਸਾਂਝ ਹੀ ਕੁਝ ਅਜਿਹੀ ਬਣੀ ਹੋਈ ਸੀ।

‘‘ਸੰਧੂ ਸਾਹਿਬ, ਮੇਰੀ ਉਸ ਦਿਨ ਦੀ ਹਾਜ਼ਰੀ ਲਾ ਦਿਓ।’’ ਇੱਕ ਦਿਨ ਬਾਜ਼ਾਰ ਵਿੱਚ ਤੁਰੇ ਜਾਂਦਿਆਂ ਵੇਖ ਕੇ ਵਰਮਾ ਜੀ ਨੇ ਉੱਚੀ ਦੇਣੀ ਮੈਨੂੰ ਆਖਿਆ। ‘‘ਵਰਮਾ ਜੀ, ਤੁਅ੍ਹਾਡੀ ਹਾਜ਼ਰੀ ਲੱਗ ਤਾਂ ਗਈ ਸੀ।’’ ਮੈਂ ਸੰਖੇਪ ਜਿਹਾ ਜਵਾਬ ਦਿੱਤਾ। ‘‘ਸਰ ਜੀ, ਦਰਅਸਲ ਉਸ ਦਿਨ ਮੈਨੂੰ ਦੋ ਫ਼ੰਕਸ਼ਨਾਂ ਲਈ ਸੱਦਾ-ਪੱਤਰ ਆਏ ਸਨ। ਇੱਕ ਤੇ ਤੁਅ੍ਹਾਡਾ ਸੀ, ਦੂਜਾ ਡੀ.ਏ.ਵੀ. ਸਕੂਲ ਦੇ ਪ੍ਰਿੰਸੀਪਲ ਦੇ ਲੜਕੇ ਦੀ ਮੈਰਿਜ ਰਿਸੈਪਸ਼ਨ ਪਾਰਟੀ ਸੀ। ਮੈਂ ਤਾਂ ਇੱਕ ਪਾਸੇ ਹੀ ਜਾ ਸਕਦਾ ਸੀ। ਮੇਰੀ ਮਜਬੂਰੀ ਤੁਸੀਂ ਸਮਝ ਗਏ ਨਾ।’’ ਵਰਮਾ ਜੀ ਨੇ ਮੇਰੀ ਗੱਲਬਾਤ ਤੋਂ ਸੰਜਮ ਵੇਖ ਕੇ ਖ਼ੁਦ ਹੀ ਆਪਣਾ ਸਪਸ਼ਟੀਕਰਨ ਦੇ ਦਿੱਤਾ। ਅੱਜ ਉਨ੍ਹਾਂ ਦੀ ਆਵਾਜ਼ ਵਿੱਚ ਪਹਿਲਾਂ ਵਾਲੀ ਕਸ਼ਿਸ਼ ਨਹੀਂ ਸੀ, ਜਿਵੇਂ ਕਿਸੇ ਸਾਜ਼ ਦੀਆਂ ਢਿੱਲੀਆਂ ਹੋਈਆਂ ਤਾਰਾਂ ਬੇਸੁਰ ਜਿਹੀ ਆਵਾਜ਼ ਕੱਢ ਰਹੀਆਂ ਹੋਣ। ਵਰਮਾ ਜੀ ਦਾ ਰੰਗ-ਢੰਗ ਵੇਖ ਕੇ ਮੈਂ ਵੀ ਪਰੌਕਸੀ ਵਾਂਗ ਹੱਥ ਹਿਲਾ ਕੇ ਅੱਗੇ ਤੁਰ ਗਿਆ। ਤੁਰੇ ਜਾਂਦਿਆਂ ਮੈਨੂੰ ਉਸ ਨੌਕਰ ਦੀ ਗੱਲ ਯਾਦ ਆ ਗਈ, ਜਿਸ ਨੂੰ ਆਪਣੇ ਬਿਮਾਰ ਪਿਤਾ ਦੀ ਦਵਾਈ ਘਰ ਪਹੁੰਚਾਣ ਲਈ ਵਰਮਾ ਜੀ ਤੋਂ ਅੱਧੇ ਦਿਨ ਦੀ ਛੁੱਟੀ ਮੰਗਣ ’ਤੇ ਨੌਕਰੀ ਤੋਂ ਜਵਾਬ ਮਿਲ ਗਿਆ ਸੀ। ਇਸ ਗੱਲ ਨੇ ਮੇਰੇ ਜ਼ਿਹਨ ਵਿੱਚ ਪੈਦਾ ਹੋਏ ਸੰਸਿਆਂ ਨੂੰ ਹੋਰ ਵਧਾ ਦਿੱਤਾ ਸੀ। ਪਰ ਵਰਮਾ ਜੀ ਤਾਂ ਮੇਰੇ ਪਿੱਠ ਦਰਦ ਮੌਕੇ ਹਾਲ-ਚਾਲ ਪੁੱਛਣ ਉਚੇਚੇ ਤੌਰ ’ਤੇ ਮੇਰੇ ਘਰ ਆਏ ਸਨ। ਉਨ੍ਹਾਂ ਨੇ ਤਾਂ ਮੈਨੂੰ ਕਈ ਸਰੀਰਕ ਬਿਮਾਰੀਆਂ ਦੇ ਇਲਾਜ ਵਾਲੀ ਇੱਕ ਯੋਗਾ ਪੁਸਤਕ ਵੀ ਦਿੱਤੀ ਸੀ। ਮੇਰੇ ਮਨ ਵਿੱਚ ਉਤਪੰਨ ਹੋਇਆ ਇਹ ਹਾਂ-ਪੱਖੀ ਵਿਚਾਰ ਵਰਮਾ ਜੀ ਦੇ ਪੱਖ ਵਿੱਚ ਭੁਗਤ ਗਿਆ ਸੀ। ਦੁਬਿਧਾ ਜਿਹੀ ਵਿੱਚ ਉਲਝਿਆ ਮੇਰਾ ਮਨ ਡਿੱਕੋ-ਡੋਲੇ ਖਾ ਰਿਹਾ ਸੀ। ਮੇਰੇ ਜ਼ਿਹਨ ਵਿੱਚ ਵਰਮਾ ਜੀ ਦੇ ਅਜਿਹੇ ਵਿਵਹਾਰ ਬਾਰੇ ਕੋਈ ਸਪਸ਼ਟ ਤਸਵੀਰ ਨਹੀਂ ਸੀ ਉੱਭਰ ਰਹੀ। ਜਦੋਂ ਕਦੇ ਸ਼ਹਿਰ ਗਿਆਂ ਵਰਮਾ ਜੀ ਦੀ ਦੁਕਾਨ ’ਤੇ ਜਾਣ ਦਾ ਮੌਕਾ ਮਿਲਦਾ ਤਾਂ ਉਹ ਅਕਸਰ ਰੁੱਝੇ ਹੋਏ ਹੀ ਵਿਖਾਈ ਦਿੰਦੇ। ਬਸ ਸਰਸਰੀ ਜਿਹੀ ਦੁਆ ਸਲਾਮ ਕਰਕੇ ਆਪਣੇ ਗਾਹਕਾਂ ਨਾਲ ਹੀ ਰੁੱਝੇ ਰਹਿੰਦੇ, ਜਿਵੇਂ ਸਮੇਂ ਦੇ ਖ਼ਲਾਅ ਨੇ ਪੁਰਾਣੀ ਨੇੜਤਾ ਨੂੰ ਸਾਧਾਰਨ ਜਾਣ-ਪਛਾਣ ਤੱਕ ਹੀ ਸੀਮਤ ਕਰ ਦਿੱਤਾ ਹੋਵੇ। ਲੰਬੇ ਸਮੇਂ ਤੋਂ ਹੁਣ ਮੈਨੂੰ ਕਦੇ ਉਨ੍ਹਾਂ ਦਾ ਫ਼ੋਨ ਵੀ ਨਹੀਂ ਸੀ ਆਇਆ।

ਸਮਾਂ ਆਪਣੀ ਚਾਲੇ ਤੁਰਦਾ ਗਿਆ। ਸੇਵਾਮੁਕਤੀ ਤੋਂ ਬਾਅਦ ਪੰਜ-ਸੱਤ ਮਹੀਨੇ ਐਵੇਂ ਹੀ ਗੁਜ਼ਰ ਗਏ। ਇੱਧਰ-ਉੱਧਰ ਸੈਰ-ਸਪਾਟਾ ਕਰਦਿਆਂ ਸਮੇਂ ਦਾ ਪਤਾ ਹੀ ਨਾ ਲੱਗਿਆ। ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਜੀਉਣ ਦਾ ਇੱਕ ਵੱਖਰਾ ਹੀ ਨਜ਼ਾਰਾ ਮਹਿਸੂਸ ਹੋ ਰਿਹਾ ਸੀ। ਪਰ ਇਹ ਨਜ਼ਾਰਾ ਲੰਬਾ ਸਮਾਂ ਕਾਇਮ ਨਹੀਂ ਸੀ ਰਹਿ ਸਕਿਆ। ਆਹਿਸਤਾ-ਆਹਿਸਤਾ ਮੈਨੂੰ ਜ਼ਿੰਦਗੀ ’ਚ ਖ਼ਲਾਅ ਦਾ ਅਹਿਸਾਸ ਹੋਣ ਲੱਗਾ, ਜਿਵੇਂ ਚੰਗੀ-ਭਲੀ ਚਲਦੀ ਜ਼ਿੰਦਗੀ ਖੜ੍ਹ ਹੀ ਗਈ ਹੋਵੇ। ਇਸ ਖੜੋਤ ਨੇ ਥੋੜ੍ਹੇ ਸਮੇਂ ਵਿੱਚ ਹੀ ਮੈਨੂੰ ਇਹ ਅਹਿਸਾਸ ਕਰਾ ਦਿੱਤਾ ਸੀ ਕਿ ਜ਼ਿੰਦਗੀ ਵਿੱਚ ਅਸਲ ਸੰਤੁਸ਼ਟੀ ਵਿਹਲ ਤੋਂ ਨਹੀਂ, ਗਤੀਸ਼ੀਲਤਾ ਤੋਂ ਮਿਲਦੀ ਹੈ। ਕੁਦਰਤ ਦਾ ਜ਼ੱਰਾ-ਜ਼ੱਰਾ ਗਤੀਸ਼ੀਲ ਏ ਤੇ ਫਿਰ ਇਹ ਠਹਿਰਾਅ ਅਤੇ ਸੇਵਾਮੁਕਤੀ ਸ਼ਬਦ ਮਨੁੱਖੀ ਜ਼ਿੰਦਗੀ ਵਿੱਚ ਕਿੱਥੋਂ ਆ ਗਏ। ਮੈਨੂੰ ਇਉਂ ਲੱਗਿਆ, ਜਿਵੇਂ ਇਹ ਸੇਵਾ-ਮੁਕਤੀ ਸ਼ਬਦ ਵਿਹਲੜ ਮਨਾਂ ਦੀ ਇੱਕ ਨਵੀਂ ਹੁੱਜਤ ਹੋਵੇ। ਸੋਚਦਾ-ਸੋਚਦਾ ਮੈਂ ਗੰਭੀਰ ਹੋ ਜਾਂਦਾ ਸੀ। ਮੈਨੂੰ ਇਸ ਸ਼ਬਦ ਨਾਲ ਘਿਣ ਹੋ ਗਈ। ਮੈਂ ਜ਼ਿੰਦਗੀ ਵਿੱਚ ਆਏ ਇਸ ਠਹਿਰਾਅ ਨੂੰ ਗਤੀਸ਼ੀਲ ਬਣਾਉਣ ਲਈ ਕੋਈ ਉਪਾਅ ਸੋਚਣ ਲੱਗਾ। ਆਖ਼ਰ ਸੋਚ-ਵਿਚਾਰ ਕਰਨ ਤੋਂ ਬਾਅਦ ਮੈਂ ਆਪਣੇ ਨੇੜਲੇ ਇੱਕ ਕਸਬੇ ਵਿੱਚ ਐਲ.ਕੇ.ਜੀ. ਤੋਂ ਅੱਠਵੀਂ ਜਮਾਤ ਤੱਕ ਇੱਕ ਪ੍ਰਾਈਵੇਟ ਪਬਲਿਕ ਸਕੂਲ ਖੋਲ੍ਹਣ ਦਾ ਨਿਰਣਾ ਕਰ ਲਿਆ।

ਮੇਰੇ ਅਧਿਆਪਨ ਤੇ ਪ੍ਰਬੰਧਕੀ ਤਜਰਬੇ ਕਾਰਨ ਇਹ ਕਾਰੋਬਾਰ ਚੰਗਾ ਚੱਲ ਨਿਕਲਿਆ। ਦੋ-ਤਿੰਨ ਵਰ੍ਹਿਆਂ ਵਿੱਚ ਹੀ ਇਹ ਸਕੂਲ ਇਲਾਕੇ ਦੇ ਸਥਾਪਤ ਸਕੂਲਾਂ ਵਿੱਚ ਸ਼ੁਮਾਰ ਹੋ ਗਿਆ ਸੀ। ਕੁਝ ਕੁ ਸਮੇਂ ਬਾਅਦ ਮੈਂ ਇਸ ਸਕੂਲ ਨੂੰ ਸੈਕੰਡਰੀ ਸਕੂਲ ਤੱਕ ਐਫ਼ੀਲੀਏਟਿਡ ਕਰਾ ਲਿਆ ਸੀ। ਹਰ ਵਰ੍ਹੇ ਇਸ ਸਕੂਲ ਦੇ ਬੱਚੇ ਮੈਰਿਟ ਸੂਚੀ ਵਿੱਚ ਆਉਣ ਲੱਗ ਪਏ। ਸਕੂਲ ਦੀ ਪ੍ਰਸਿੱਧੀ ਕਾਰਨ ਬੱਚਿਆਂ ਦੀ ਗਿਣਤੀ ਵੀ ਚੋਖੀ ਹੋ ਗਈ ਸੀ। ਪ੍ਰਿੰਸੀਪਲ-ਕਮ-ਮੈਨੇਜਰ ਹੋਣ ਕਾਰਨ ਬਹੁਤ ਸਾਰੇ ਡੀਲਰ ਫ਼ਰਨੀਚਰ ਤੇ ਲੈਬਾਰਟਰੀ ਦਾ ਸਾਮਾਨ ਵਗੈਰਾ ਖ਼ਰੀਦਣ ਲਈ ਮੈਨੂੰ ਅਕਸਰ ਹੀ ਫ਼ੋਨ ਕਰਦੇ ਰਹਿੰਦੇ ਸਨ। ਕਈ ਪੁਸਤਕ ਵਿਕਰੇਤਾ ਵੀ ਆਪੋ-ਆਪਣੀਆਂ ਸਹਾਇਕ ਪੁਸਤਕਾਂ ਦੀ ਸਿਫ਼ਾਰਿਸ਼ ਕਰਨ ਲਈ ਮੇਰੇ ਨਾਲ ਸੰਪਰਕ ਵਿੱਚ ਰਹਿੰਦੇ ਸਨ। ਇੱਕ ਦਿਨ ਫੇਸਬੁੱਕ ’ਤੇ ਵਰਮਾ ਜੀ ਨੇ ਮੈਨੂੰ ਫ਼ਰੈਂਡ ਰਿਕੁਐਸਟ ਭੇਜੀ। ਕੁਝ ਜ਼ਰੂਰੀ ਰੁਝੇਵਿਆਂ ਕਾਰਨ ਉਹ ਮੈਥੋਂ ਅਣਗੌਲਿਆਂ ਹੋ ਗਈ।

ਕੁਝ ਦਿਨਾਂ ਬਾਅਦ ਮੂੰਹ-ਹਨੇਰੇ ਹੀ ਮੇਰੇ ਘਰ ਦੀ ਡੋਰ ਬੈੱਲ ਵੱਜੀ। ਬੇਵਕਤੀ ਜਿਹੀ ਘੰਟੀ ਦੀ ਆਵਾਜ਼ ਸੁਣ ਕੇ ਮੈਂ ਕਾਹਲੀ-ਕਾਹਲੀ ਉੱਠ ਕੇ ਦਰਵਾਜ਼ਾ ਖੋਲ੍ਹਿਆ।

‘‘ਹੈਪੀ ਬਰਥ ਡੇਅ, ਸਰ ਜੀ’’, ਡਰਾਇੰਗ ਰੂਮ ਅੰਦਰ ਵੜਦਿਆਂ ਹੀ ਹਸੂੰ-ਹਸੂੰ ਕਰਦੇ ਵਰਮਾ ਜੀ ਨੇ ਲੱਡੂਆਂ ਦਾ ਡੱਬਾ ਫੜਾਉਂਦਿਆਂ ਉੱਚੀ ਦੇਣੀ ਆਖਿਆ। ਮੈਂ ਆਪਣੇ ਜਨਮ ਦਿਨ ’ਤੇ ਵਰਮਾ ਜੀ ਨੂੰ ਸੁਵਖ਼ਤੇ ਹੀ ਆਪਣੇ ਘਰ ਆਏ ਵੇਖ ਕੇ ਭੁਚੱਕਾ ਰਹਿ ਗਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਵਰਮਾ ਜੀ ਲੱਡੂਆਂ ਦਾ ਡੱਬਾ ਫੜਾ ਰਹੇ ਹਨ ਜਾਂ ਵਿਦਿਆਰਥੀਆਂ ਲਈ ਸਹਾਇਕ ਪੁਸਤਕਾਂ ਦਾ ਸਪੈਸੀਮਨ।

Leave a Reply

Your email address will not be published. Required fields are marked *