ਤਿੰਨ ਮਿੰਨੀ ਕਹਾਣੀਆਂ

ਬੇਰੰਗ

ਆਪਣੇ ਫ਼ੌਜੀ ਸਹੁਰੇ ਦੀ ਸੱਤ ਕਿੱਲੇ ਜ਼ਮੀਨ ’ਤੇ ਜੁਗਿੰਦਰ ਸਿੰਘ ਨੇ ਬੁਰੀ ਨਜ਼ਰ ਰੱਖੀ ਹੋਈ ਸੀ। ਮੈਟ੍ਰਿਕ ਪਾਸ ਜੁਗਿੰਦਰ ਸਿੰਘ ਨੇ ਆਪਣੇ ਸਾਂਢੂ ਬਿੰਦਰ ਸਿੰਘ ਨੂੰ ਫੋਨ ਕਰਕੇ ਬੁਲਾ ਲਿਆ ਸੀ ਜੋ ਪੰਜ ਕਿਲੋਮੀਟਰ ਦੂਰ ਪਿੰਡ ਵਿੱਚ ਰਹਿੰਦਾ ਸੀ।

ਜਦ ਜੁਗਿੰਦਰ ਸਿੰਘ ਨੇ ਆਪਣੀ ਧੋਖੇਬਾਜ਼ੀ ਵਾਲੀ ਯੋਜਨਾ ਬਾਰੇ ਬਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਤਾਂ ਅੱਠ ਪਾਸ ਬਿੰਦਰ ਸਿੰਘ ਡਰ ਗਿਆ ਸੀ। ਸਹੁਰੇ ਘਰ ਜਾਣ ਲਈ ਚੁਸਤ-ਚਲਾਕ ਜੁਗਿੰਦਰ ਸਿੰਘ ਨੇ ਬਿੰਦਰ ਸਿੰਘ ਨੂੰ ਮਨਾ ਹੀ ਲਿਆ। ਜੁਗਿੰਦਰ ਸਿੰਘ ਨੇ ਫੋਨ ਰਾਹੀਂ ਆਪਣੀ ਪਤਨੀ ਨੂੰ ਘਰ ਸੱਦ ਲਿਆ ਸੀ ਜੋ ਆਪਣੇ ਮੁਹੱਲੇ ਵਿੱਚ ਬਿਮਾਰ ਔਰਤ ਦਾ ਪਤਾ ਲੈਣ ਗਈ ਹੋਈ ਸੀ।

ਚਾਹ-ਪਾਣੀ ਪੀਣ ਤੋਂ ਬਾਅਦ ਜੁਗਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਸਹੁਰੇ ਘਰ ਜਾਣ ਬਾਰੇ ਦੱਸਿਆ। ਆਪੋ ਆਪਣੇ ਮੋਟਰਸਾਈਕਲਾਂ ’ਤੇ ਦਸ ਕਿਲੋਮੀਟਰ ਦੂਰ ਦੋਵੇਂ ਸਹੁਰੇ ਘਰ ਪਹੁੰਚ ਗਏ।

ਦੋਵਾਂ ਜੁਆਈਆਂ ਦੇ ਅਚਾਨਕ ਆਉਣ ’ਤੇ ਸੱਸ-ਸਹੁਰਾ ਘਬਰਾ ਗਏ। “ਪੁੱਤ ਸੁੱਖ ਐ?” ਸੱਸ ਨੇ ਪੁੱਛਿਆ। “ਸਭ ਠੀਕ ਐ, ਬੇਬੇ” ਜੁਗਿੰਦਰ ਨੇ ਮੁਸਕਰਾ ਕੇ ਕਿਹਾ। ਪਰ ਸੱਸ ਨੂੰ ਅਜੇ ਵੀ ਦਾਲ ਵਿੱਚ ਕੁਝ ਕਾਲਾ ਨਜ਼ਰ ਆ ਰਿਹਾ ਸੀ। ਫਿਰ ਵੀ ਉਸ ਨੇ ਚੁੱਪ ਰਹਿਣ ’ਚ ਭਲਾ ਸਮਝਿਆ।

ਸ਼ਾਮੀ ਦੋਵਾਂ ਸਾਂਢੂਆਂ ਨੇ ਆਪਣੇ ਸਹੁਰੇ ਨਾਲ ਪਿਆਲੇ ਸਾਂਝੇ ਕੀਤੇ। ਗੱਲਾਂ-ਬਾਤਾਂ ਕਰਦੇ ਜੁਗਿੰਦਰ ਸਿੰਘ ਨੇ ਆਪਣੇ ਸੇਵਾਮੁਕਤ ਫ਼ੌਜੀ ਸਹੁਰੇ ਨੂੰ ਜ਼ਮੀਨ ਦੀ ਵਸੀਅਤ ਕਰਨ ਦੀ ਸਲਾਹ ਦਿੱਤੀ।

“ਤੁਹਾਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ। ਦੋਵੇਂ ਧੀਆਂ ਦੇ ਨਾਂ ਵਸੀਅਤ ਕਰਕੇ ਮਰੂੰਗਾ।” ਸ਼ਰਾਬੀ ਲਹਿਜੇ ਵਿੱਚ ਸਹੁਰਾ ਬੋਲਿਆ।

“ਬਾਪੂ, ਜ਼ਿੰਦਗੀ ਦਾ ਕੀ ਭਰੋਸਾ! ਪਤਾ ਨੀ ਮੌਤ ਨੇ ਕਦੋਂ ਜੱਫਾ ਪਾ ਲੈਣਾ, ਨੇਕ ਕੰਮ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।” ਜੁਗਿੰਦਰ ਸਿੰਘ ਨੇ ਉਜਾਗਰ ਸਿੰਘ ਨੁੂੰ ਮੌਤ ਬਾਰੇ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੇ ਸਟੰਟ ਪੁਆਇਆ ਹੋਇਆ ਸੀ। ਜੁਗਿੰਦਰ ਸਿੰਘ ਦੀ ਸੱਸ ਰਸੋਈ ਵਿੱਚ ਰੋਟੀ ਪਕਾਉਣ ਵਿੱਚ ਰੁੱਝੀ ਹੋਈ ਸੀ। “ਤੁਹਾਡੇ ਆਉਣ ਦੀ ਹੁਣ ਲੱਗ ਗਈ ਮੈਨੂੰ ਸਮਝ, ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲਓ, ਆਪਣੀ ਮਰਜ਼ੀ ਨਾਲ ਵਸੀਅਤ ਕਰਾਊਂਗਾ।” ਫ਼ੌਜੀ ਦੇ ਤਲਖ਼ੀ ਵਾਲੇ ਬੋਲਾਂ ਨੇ ਜੁਗਿੰਦਰ ਸਿੰਘ ਦਾ ਨੀਚ ਸੁਪਨਾ ਮਿੱਟੀ ਵਿੱਚ ਮਿਲਾ ਦਿੱਤਾ। ਹਾਰੇ ਹੋਏ ਜੁਆਰੀਏ ਵਾਂਗ ਦੋਵੇਂ ਸਾਂਢੂ ਬੇਰੰਗ ਵਾਪਸ ਚਲੇ ਗਏ।– ਸੁੰਦਰਪਾਲ ਪ੍ਰੇਮੀਸੰਪਰਕ: 98140-51099

* * *

ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ

ਗੱਡੀ ਦੇ ਪ੍ਰਦੂਸ਼ਨ ਕੰਟਰੋਲ ਸਰਟੀਫਿਕੇਟ ਦੀ ਮਿਆਦ ਲੰਘ ਗਈ ਸੀ। ਨਵੇਂ ਕਾਨੂੰਨ ਮੁਤਾਬਿਕ ਬਹੁਤ ਭਾਰੀ ਜੁਰਮਾਨੇ ਅਤੇ ਕੈਦ ਦੀ ਸਜ਼ਾ ਦੀ ਖ਼ਬਰ ਪੜ੍ਹ ਕੇ ਮੈਂ ਝੱਟ ਪ੍ਰਦੂਸ਼ਨ ਚੈਕਿੰਗ ਸੈਂਟਰ ਪਹੁੰਚਿਆ।

‘‘ਗੱਡੀ ਸਿੱਧੀ ਕਰਕੇ ਮੇਰੇ ਸਾਹਮਣੇ ਲਗਾ ਦਿਉ,’’ ਚੈਕਿੰਗ ਕਰਨ ਵਾਲੇ ਨੇ ਆਖਿਆ। ਮੈਂ ਅਜਿਹਾ ਹੀ ਕੀਤਾ ਅਤੇ ਗੱਡੀ ’ਚੋਂ ਬਾਹਰ ਆ ਗਿਆ।

‘‘80 ਰੁਪਏ ਦਿਉ,’’ ਇਹ ਆਖ ਕੇ ਉਸ ਨੇ ਪ੍ਰਦੂਸ਼ਨ ਕੰਟਰੋਲ ਵਿਚ ਹੋਣ ਸਬੰਧੀ ਸਰਟੀਫਿਕੇਟ ਮੇਰੇ ਹੱਥ ਫੜਾ ਦਿੱਤਾ।

‘‘ਤੁਸੀਂ ਚੈੱਕ ਤਾਂ ਕੀਤਾ ਨਹੀਂ,’’ ਮੈਂ ਆਖਿਆ।

‘‘ਗੱਡੀ ਅੱਗੇ ਕਰੋ, ਪਿੱਛੇ ਕਿੰਨੀ ਲੰਬੀ ਲਾਈਨ ਲੱਗੀ ਹੈ। ਜਾਮ ਨਾ ਲਗਾਉ,’’ ਉਸ ਨੇ ਆਖਿਆ।

ਮੈਂ ਆਪਣੇ ਅੱਗੇ ਪਿੱਛੇ ਧੂੰਆਂ ਛੱਡ ਰਹੀਆਂ ਗੱਡੀਆਂ, ਨਵਾਂ ਕਾਨੂੰਨ ਅਤੇ ਪ੍ਰਦੂਸ਼ਨ ਚੈਕਿੰਗ ਸਿਸਟਮ ਬਾਰੇ ਸੋਚ ਰਿਹਾ ਸੀ।– ਹਰਜੀਤ ਸਿੰਘਸੰਪਰਕ: 92177-01415

* * *

ਝੱਲੀ

ਮੇਰਾ ਝਾਟਾ ਚਿੱਟਾ ਹੋ ਗਿਆ ਸ਼ਾਇਦ ਤਾਂ ਹੀ ਨਹੀਂ ਪਛਾਣਿਆ ਹੋਣਾ, ਪਰ ਪੁੱਤ ਇਹੋ ਜਿਹੇ ਵੀ ਹੁੰਦੇ ਨੇ ਜੋ ਮਾਵਾਂ ਨੂੰ ਵੀ ਨਾ ਪਛਾਣ ਸਕਣ। ਉਹ ਵੀ ਮੇਰਾ ਸੁਖਦੀਪ?

ਮੁੜ ਜਾਵਾਂ, ਆਪ ਹੀ ਉਸ ਨੂੰ ਦੱਸ ਦਿਆਂ ਕਿ ਮੈਂ ਹੀ ਹਾਂ ਜਿਸ ਨੇ ਤੈਨੂੰ ਪੂਰੇ ਨੌਂ ਮਹੀਨੇ ਆਪਣੇ ਪੇਟ ਵਿੱਚ ਰੱਖਿਆ, ਮੈਂ ਹੀ ਹਾਂ ਜਿਸ ਨੂੰ ਲੋਕ ਰੱਬ ਦਾ ਦੂਜਾ ਨਾਮ ਕਹਿੰਦੇ ਹਨ, ਮੈਂ ਹੀ ਹਾਂ ਜੋ ਉਸ ਦੇ ਵਿਦੇਸ਼ ਜਾਣ ਤੋਂ ਬਾਅਦ ਰਿਸਦੇ ਜ਼ਖ਼ਮਾਂ ਨੂੰ ਊਹਦੇ ਵਾਂਗ ਪਾਲ ਰਹੀ ਹਾਂ।

ਇੱਕ ਵਾਰ ਚਾਹ ਦਾ ਘੁੱਟ ਪੀ ਆਉਂਦੀ ਆ, ਜੇ ਪਛਾਣ ਲਿਆ ਠੀਕ ਐ, ਨਹੀਂ ਤਾਂ ਰੱਬ ਨੇ ਜਿੱਥੇ ਰੱਖਿਆ ਓਥੇ ਰਹਿਣ ਵਿਚ ਗੁਰੇਜ਼ ਕਿਉਂ। ਆਖਦੇ ਨੇ ਕਿ ਮਮਤਾ ਵਿੱਚ ਤਾਂ ਅਸਰ ਹੀ ਬਥੇਰਾ ਹੁੰਦਾ, ਦੇਖੀਂ ਕਿਵੇਂ ਮੇਰੀ ’ਵਾਜ ਸੁਣ ਕੇ ਮੇਰਾ ਪੁੱਤ ਮੈਨੂੰ ਪਛਾਣਦਾ।

ਹੁਣ ਕੱਲ੍ਹ ਨੂੰ ਹੀ ਜਾਵਾਂਗੀ ਸਵੇਰੇ ਸਵੇਰੇ। ਇਉਂ ਰਾਤ ਨੂੰ ਕਿਸੇ ਦੇ ਘਰ ਜਾਂਦੇ ਚੰਗਾ ਨਹੀਂ ਲੱਗਦਾ, ਹਾਏ ਇਹ ਮੈਂ ਕੀ ਸੋਚ ਬੈਠੀ! ਭਲਾ ਉਹ ਤਾਂ ਮੇਰਾ ਆਪਣਾ ਘਰ ਹੀ ਹੈ ਮੇਰਾ ਆਪਣਾ ਘਰ ਜਿੱਥੇ ਮੈਂ ਆਪਣੀ ਨੂੰਹ ਨਾਲ ਰਹਿਣਾ ਤੇ ਆਪਣੇ ਪੋਤੇ-ਪੋਤੀਆਂ ਖਿਡਾਉਣੇ ਨੇ।

ਮੇਰੇ ਪੁੱਤ ਦੀ ਕਮਾਈ ਲੱਗੀ ਐ ਜਿਸ ਦੇ ਗੇਟ ਦੇ ਬਾਹਰ ਲਿਖਿਆ ਹੈ ਸੁਖਦੀਪ ਸਿੰਘ ਤੇ ਨਾਲ ਆਪਣੇ ਪਿਤਾ ਦਾ ਨਾਮ ਵੀ ਲਿਖਵਾਇਆ ਏ ਮਰਹੂਮ ਫ਼ੌਜੀ ਕਰਨੈਲ ਸਿੰਘ।

ਕਿਤੇ ਮੈਂ ਭੁਲੇਖਾ ਤਾਂ ਨਹੀਂ ਖਾ ਗਈ! ਕੀ ਪਤਾ ਦੋਵੇਂ ਨਾਮ ਮੇਰੇ ਪੁੱਤ ਅਤੇ ਮੇਰੇ ਘਰ ਵਾਲੇ ਦੇ ਨਾਮ ਨਾਲ ਰਲ ਗਏ ਹੋਣ, ਪਰ ਨਹੀਂ ਮਰਹੂਮ ਫ਼ੌਜੀ ਕਰਨੈਲ ਸਿੰਘ ਤਾਂ ਹਰ ਕਿਸੇ ਦਾ ਪਿਤਾ ਥੋੜ੍ਹਾ ਹੋ ਸਕਦੈ? ਪਰ ਇਹਨੇ ਕਮਲੇ ਨੇ ਕੇਸ ਕਿਉਂ ਕਟਵਾ ਦਿੱਤੇ, ਇਨ੍ਹਾਂ ਹੱਥਾਂ ਨਾਲ ਵਾਹੁੰਦੀ ਹੁੰਦੀ ਸੀ। ਆਪਣੇ ਇਨ੍ਹਾਂ ਹੱਥਾਂ ਨਾਲ ਉਸ ਨੂੰ ਖਿਡਾਉਂਦੀ, ਪਾਲਦੀ ਦੇ ਚਾਅ ਨਹੀਂ ਚੁੱਕੇ ਜਾਂਦੇ ਸੀ।

ਚਾਅ ਵੀ ਭਲਾ ਕਿਵੇਭ ਪੂਰੇ ਹੁੰਦੇ ਇਕੋ ਇਕ ਤਾਂ ਮੇਰਾ ਪੁੱਤ ਸੀ, ਨਾ ਮੇਰੀ ਝੋਲੀ ਰੱਬ ਨੇ ਕੋਈ ਧੀ ਪਾਈ। ਕੇਸ ਵਾਹੁੰਦੀ ਤਾਂ ਧੀ ਵਾਲੇ ਵੀ ਚਾਅ ਪੂਰੇ ਕਰ ਲੈਂਦੀ।

ਫ਼ੌਜੀ ਸਾਹਿਬ ਵੀ ਕਹਿੰਦੇ ਕਿ ਗੁਰਮੀਤ ਕੌਰੇ ਸਾਰੀ ਤਨਖ਼ਾਹ ਇਹਦੇ ਲਈ ਐ। ਜਦੋਂ ਵੀ ਆਉਂਦੇ ਬੜੀਆਂ ਚੀਜ਼ਾਂ ਲੈ ਕੇ ਆਉਂਦੇ ਆਪਣੇ ਪੁੱਤ ਲਈ। ਜਾਨ ਵਸਦੀ ਸੀ ਪੁੱਤ ਵਿਚ ਦੋਵਾਂ ਦੀ।

ਮਾੜੀ ਕਿਸਮਤ ਫ਼ੌਜੀ ਸਾਹਿਬ ਦੀ ਕਿ ਜ਼ਿਆਦਾ ਚਾਅ ਨਹੀਂ ਕਰ ਸਕੇ, ਮੁੰਡਾ ਹਾਲੇ ਦਸ ਕੁ ਸਾਲਾਂ ਦਾ ਹੋਣਾ ਕਿ ਗੋਲੀ ਲੱਗ ਗਈ ਤੇ ਮੈਂ ਤੇ ਮੇਰਾ ਸੁਖਦੀਪ ’ਕੱਲੇ ਰਹਿ ਗਏ। ਪੜ੍ਹਾਈ ਨੂੰ ਚੰਗਾ ਸੀ। ਮੈਂ ਵੀ ਕੋਈ ਕਸਰ ਨਾ ਛੱਡੀ। ਜੋ ਵੀ ਕੋਲ ਹੁੰਦਾ ਓਹਦੇ ’ਤੇ ਖਰਚ ਦਿੰਦੀ। ਹੱਥ ਹਰ ਵੇਲੇ ਰੱਬ ਅੱਗੇ ਜੋੜੀ ਰੱਖਦੀ ਕਿ ਇਹਨੂੰ ਕੋਈ ਮਾੜਾ ਦਿਨ ਨਾ ਦੇਖਣ ਨੂੰ ਮਿਲੇ, ਹੱਥ ਤਾਂ ਹੁਣ ਵੀ ਜੁੜੇ ਐ, ਪਰ ਹੱਥਾਂ ਨੂੰ ਖ਼ੌਰੇ ਸਲ੍ਹਾਬਾ ਹੀ ਚੜ੍ਹ ਗਿਆ ਲੱਗਦਾ। ਹੱਥ ਧੋ ਕੇ ਖਾ ਹੀ ਲੈਂਦੀ ਹਾਂ। ਪਤਾ ਨਹੀਂ ਕੀ ਐ ਇਹ, ਦੇਖਿਆ ਤਾਂ ਬਹੁਤ ਵਾਰ ਐ। ਕਪੂਰਥਲੇ ਵਾਲੀ ਬਸ ਵਿੱਚੋਂ ਕੁੜੀ ਨੇ ਵਗਾਹ ਕੇ ਮਾਰਿਆ ਸੀ। ਅੱਧਾ ਕੁ ਖਾ ਲਿਆ ਤੇ ਬਾਕੀ ਰਹਿੰਦਾ ਮੇਰੇ ਹਿੱਸੇ ਆ ਗਿਆ ਸੀ। ਇੱਥੇ ਹੁਣ ਬਸ ਅੱਡੇ ’ਤੇ ਰਾਤਾਂ ਕੱਟਣੀਆਂ ਪੈ ਗਈਆਂ ਤੇ ਕਿੱਥੇ ਪੁੱਤ ਆਰਾਮ ਨਾਲ ਕੋਠੀ ’ਚ ਸੁੱਤਾ ਹੋਣੈ। ਚੱਲ ਰੱਬ ਉਹਨੂੰ ਇੰਝ ਹੀ ਸੁਖੀ ਰੱਖੇ ਪਰ ਆਂਦਰਾਂ ਕੁਝ ਜ਼ਿਆਦਾ ਹੀ ਖਿੱਚੀਆਂ ਜਾ ਰਹੀਆਂ ਨੇ। ਦਿਲ ਤਾਂ ਕਰਦਾ ਏ ਉੱਠਾਂ ਤੇ ਹੁਣੇ ਜਾ ਕੇ ਕਲਾਵੇ ਭਰ ਲਵਾਂ, ਪਰ ਓਹਦਾ ਮੂੰਹ-ਮੜੰਗਾ ਕੁਝ ਬਦਲਿਆ ਬਦਲਿਆ ਲੱਗਦਾ ਏ। ਇੰਨਾ ਵੀ ਕੋਈ ਬਦਲਦਾ ਨਹੀਂ ਹੁੰਦਾ। ਕੇਸ ਕਟਾ ਲਏ ਸ਼ਾਇਦ ਤਾਂ ਹੀ ਇੰਝ ਲੱਗਦਾ ਹੈ।

‘‘ਦਿੱਲੀ ਦਿੱਲੀ ਦਿੱਲੀ ਬਈ ਆਜੋ ਦਿੱਲੀ ਦਿੱਲੀ; ਉੱਠ ਬੁੜੀਏ ਪਰ੍ਹਾਂ ਮਰ। ਜਦੋਂ ਦੇਖ ਲਓ ਮੇਰੇ ਕਾਊਂਟਰ ਮੂਹਰੇ ਡਿਨਰ ਟੇਬਲ ਲਾ ਕੇ ਬਹਿ ਜਾਂਦੀ ਐ। ਲੋਕਾਂ ਨੇ ਕੈਨੇਡਾ ਅਮਰੀਕਾ ਜਾਣਾ ਹੁੰਦੈ ਮੇਰੀ ਬਸ ਚੜ੍ਹ ਕੇ ਤੇ ਇਹ ਨਹਿਸ਼ ਜਿਹੀ ਸ਼ਕਲ ਲੈ ਕੇ ਮੂਹਰੇ ਆ ਜਾਂਦੀ ਐ। ਜਾ ਓਧਰ ਚਲੀ ਜਾ ਲੋਕਲ ਬੱਸਾਂ ਵੱਲ ਓਥੇ ਬੈਠੀ ਖਾਈ ਜਾਵੀਂ ਬਰਗਰ-ਬੁਰਗਰ।’’ ਦਿੱਲੀ ਦੀ ਬਸ ਦਾ ਕੰਡਕਟਰ ਹੋਰ ਵੀ ਕਿੰਨੀਆਂ ਹੀ ਸੁਣਾ ਗਿਆ, ਪਰ ਕੈਨੇਡਾ ਵਾਲੀ ਗੱਲ ਦਿਲ ’ਚ ਸੂਲ ਵਾਂਗ ਚੁਭ ਗਈ। ਗੱਚ ਭਰ ਭਰ ਆਵੇ।

ਅਜੇ ਥੋੜ੍ਹੇ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਮਸਾਂ ਕੁ ਅਠਾਰਾਂ ਵਰ੍ਹਿਆਂ ਦਾ ਹੋਊ ਜਦੋਂ ਕਹਿੰਦਾ ‘‘ਮਾਂ, ਮੈਂ ਕਨੇਡਾ ਜਾਣਾ।’’ ਮੈਂ ਕਿਹਾ, ‘‘ਪੁੱਤ, ਮੈਂ ’ਕੱਲੀ ਮਰ ਜਾਊਂ।’’ ਆਖਦਾ ਸੀ, ‘‘ਤੈਨੂੰ ਵੀ ਨਾਲ ਲੈ ਜਾਊਂ। ਨਹੀਂ ਤਾਂ ਥੋੜ੍ਹਾ ਸਮਾਂ ਪਾ ਕੇ ਲੈ ਜਾਊਂ। ਤੂੰ ਵੀ ਜਹਾਜ਼ ਦੇ ਝੂਟੇ ਲੈ ਲਵੀਂ।’’ ਮੈਨੂੰ ਤੇ ਓਹਨੂੰ ਕਿੰਨੀ ਜ਼ੋਰ ਦੀ ਹਾਸਾ ਆ ਗਿਆ। ਉਹ ਦਿਨ ਹੀ ਮੇਰੇ ਹੱਸਣ ਦੇ ਸੀ। ਮੇਰੀ ਆਪਣੀ ਹੀ ਨਜ਼ਰ ਲੱਗ ਗਈ ਸੀ ਉਨ੍ਹਾਂ ਦਿਨਾਂ ਨੂੰ। ਪਿੰਡ ਵਿਚ ਜੇ ਕੋਈ ਸੁਖਦੀਪ ਨੂੰ ਮਾੜਾ ਆਖ ਦਿੰਦਾ ਤਾਂ ਝੱਟ ਤਾਅ ਵਿੱਚ ਆ ਕੇ ਖਰੀਆਂ ਖਰੀਆਂ ਸੁਣਾ ਆਉਂਦੀ, ਭਲਾ ਇਉਂ ਕਿਵੇਂ ਕੋਈ ਮੇਰੇ ਪੁੱਤ ਨੂੰ ਮਾੜਾ ਆਖ ਦੇਵੇ।

ਨਾ ਕੋਈ ਨਸ਼ਾ ਕਰਦਾ ਸੀ ਨਾ ਦਾਰੂ ਪੀਂਦਾ ਸੀ। ਪੜ੍ਹਾਈ ਵਿਚ ਵੀ ਚੰਗਾ ਸੀ। ਮੈਟ੍ਰਿਕ ਕਰਕੇ ਆਪ ਹੀ ਪਾਸਪੋਰਟ ਬਣਵਾ ਲਿਆ ਤੇ ਮੈਂ ਵੀ ਫੇਰ ਸੋਚ ਲਿਆ ਕਿ ਕੋਲ ਜਿਹੜੀ ਮਾੜੀ ਮੋਟੀ ਪੈਲੀ ਐ ਉਸ ਦਾ ਕਰਨਾ ਵੀ ਕੀ ਐ। ਆਰਾਮ ਨਾਲ ਵੇਚ ਕੇ ਚਾਰ ਪੈਸੇ ਵੱਟ ਕੇ ਸੁਖਦੀਪ ਨੂੰ ਬਾਹਰ ਭੇਜ ਦੇਊਂਗੀ। ਪੁੱਤ ਪਰਦੇਸੀ ਹੁੰਦੇ ਦੇਖ ਤਾਂ ਨਹੀਂ ਹੁੰਦੇ, ਪਰ ਕੀ ਪਤਾ ਰੱਬ ਮੇਰਾ ਸਬੱਬ ਵੀ ਓਥੇ ਦਾ ਬਣਾ ਦੇਵੇ। ਇਹੀ ਸੋਚਾਂ ਸੋਚਦੀ ਨੇ ਜ਼ਮੀਨ ਵੇਚ ਦਿੱਤੀ ਤੇ ਸੁਖਦੀਪ ਦੇ ਹੱਥ ਸਾਰੀ ਰਕਮ ਰੱਖ ਦਿੱਤੀ। ਉਹਨੇ ਮੈਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ। ਮਾਂ ਪੁੱਤ ਆਉਣ ਵਾਲੇ ਹੱਸਦੇ ਖੇਡਦੇ ਦਿਨਾਂ ਦਾ ਰਾਹ ਤੱਕਣ ਲੱਗ ਪਏ।

ਥੋੜ੍ਹੇ ਹੀ ਦਿਨ ਗੁਜ਼ਰੇ ਸਨ ਕਿ ਸੁਖਦੀਪ ਬਾਹਰੋਂ ਪੂਰੇ ਉਤਸ਼ਾਹ ਨਾਲ ਆਇਆ। ਕਹਿੰਦਾ, ‘‘ਮਾਤਾ, ਮੈਦਾਨ ਫ਼ਤਹਿ ਹੋ ਗਿਆ। ਅੱਜ ਮੈਨੂੰ ਤਾਂ ਪਰ ਲੱਗ ਗਏ’’ ਤੇ ਮੈਂ ਉੱਚੀ ਉੱਚੀ ਰੋਣ ਲੱਗ ਪਈ। ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਪੁੱਤ ਦਾ ਕੈਨੇਡਾ ਦਾ ਕੰਮ ਬਣ ਗਿਆ। ਮੈਂ ਦੁੱਧ ਦਾ ਗਿਲਾਸ ਗਰਮ ਕੀਤਾ ਤੇ ਟਰੰਕ ’ਚੋਂ ਬਦਾਮ ਕੱਢ ਕੇ ਉਸ ਨੂੰ ਦੁੱਧ ਨਾਲ ਖਾਣ ਨੂੰ ਦਿੱਤੇ। ਦੁੱਧ ਪੀਣ ਤੋਂ ਬਾਅਦ ਸੁਖਦੀਪ ਨੇ ਇਕਦਮ ਮੈਨੂੰ ਸਾਮਾਨ ਬੰਨ੍ਹਣ ਨੂੰ ਕਿਹਾ ਤਾਂ ਮੈਂ ਪੁੱਛਿਆ, ‘‘ਕੀ ਹੋਇਆ ਵੇ? ਏਡੀ ਕਾਹਲੀ ਕਾਹਦੀ?’’ ‘‘ਨਹੀਂ ਮਾਤਾ, ਤੂੰ ਆਪਣੇ ਪੇਕੇ ਘਰ ਚਲੀ ਜਾ।’’ ‘‘ਵੇ ਕਿਉਂ? ਮੈਂ ਇੱਥੇ ਹੀ ਰਹਿਣੈ। ਮੈਂ ਕਿੱਥੇ ਜਾਣੈ ਭਲਾ!’’ ‘‘ਨਹੀਂ ਮਾਤਾ, ਤੂੰ ਚਲੀ ਜਾ।’’ ਸੁਖਦੀਪ ਨੇ ਮੇਰੇ ਅੱਗੇ ਤਰਲਾ ਕੀਤਾ ਤੇ ਹੱਥ ਜੋੜ ਦਿੱਤੇ। ਮੈਂ ਫ਼ਿਕਰ ’ਚ ਪੈ ਗਈ ਤੇ ਪੁੱਛਣ ਲੱਗੀ, ‘‘ਦੱਸ ਵੇ, ਸੁੱਖ-ਸਾਂਦ ਤਾਂ ਹੈ?’’ ‘‘ਮਾਤਾ, ਮੈਂ ਇੱਕ ਗੱਲ ਤੇਰੇ ਤੋਂ ਲੁਕੋਈ ਐ। ਜਿਹੜੀ ਕੁੜੀ ਹਰਲੀਨ ਮੇਰੇ ਨਾਲ ਪੜ੍ਹਦੀ ਸੀ ਮੈਂ ਉਹਨੂੰ ਵੀ ਨਾਲ ਲੈ ਚੱਲਿਆਂ।’’ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਮੈਂ ਉਸ ਨੂੰ ਸਮਝਾਉਣ ਲੱਗ ਪਈ, ‘‘ਵੇ ਪੁੱਤ, ਨਾ ਰੋਲ ਕਿਸੇ ਦੀ ਇੱਜ਼ਤ ਇੰਝ। ਪਿੰਡ ਦੀ ਕੁੜੀ ਐ, ਨਾਲੇ ਹੈ ਵੀ ਹਵੇਲੀ ਵਾਲਿਆਂ ਦੀ। ਉਨ੍ਹਾਂ ਨਹੀਂ ਛੱਡਣਾ ਤੈਨੂੰ।’’ ਮੈਂ ਬਥੇਰਾ ਸਮਝਾਇਆ ਤੇ ਉਹ ਕਹਿੰਦਾ, ‘‘ਹੁਣ ਨੀ ਕੁਝ ਹੋਣਾ। ਸਾਰਾ ਇੰਤਜ਼ਾਮ ਹੋ ਗਿਆ। ਕੱਲ ਨੂੰ ਦਿੱਲੀ ਜਾਣੈ। ਅੱਜ ਰਾਤੀ ਨਿਕਲ ਚੱਲਾਂ ਤਾਂ ਹੀ ਤੈਨੂੰ ਕਹਿੰਦਾ ਹਾਂ ਇੱਥੋਂ ਚਲੀ ਜਾ ਕਿਤੇ।’’ ਮੈਂ ਪੱਥਰ ਜਿਹੀ ਹੋ ਗਈ ਤੇ ਦਿਲ ਦੁਹਾਈਆਂ ਪਾਉਣ ਲੱਗ ਪਿਆ ਤੇ ਸੁਖਦੀਪ ਪਤਾ ਨਹੀਂ ਬਾਹਰ ਕਿੱਥੇ ਚਲਾ ਗਿਆ। ਨਾ ਕੁਝ ਖਾਧਾ ਪੀਤਾ। ਮੈਂ ਮੰਜੇ ’ਤੇ ਪੈ ਗਈ। ਅੱਠ ਕੁ ਵਜੇ ਸੁਖਦੀਪ ਆਇਆ। ਮੈਂ ਉੱਠੀ ਤਾਂ ਮੈਨੂੰ ਗਲ ਨਾਲ ਲਾ ਲਿਆ ਤੇ ਹੰਝੂ ਵਹਾਉਣ ਲੱਗ ਪਿਆ। ਮੇਰੀਆਂ ਅੱਖਾਂ ਤਾਂ ਪੱਥਰ ਹੀ ਬਣ ਗਈਆਂ ਸਨ ਨਾ ਕੁਝ ਬੋਲੀ ਨਾ ਕੁਝ ਸੁਣ ਸਕੀ, ਹੋਸ਼ ਹੀ ਨਹੀਂ ਸੀ।

ਸਵੇਰੇ ਪੰਜ ਕੁ ਵਜੇ ਹੀ ਹਵੇਲੀ ਵਾਲਿਆਂ ਦਾ ਰੌਲਾ ਪੈਣ ਲੱਗ ਪਿਆ। ਚੌਕ ’ਚ ਸਾਰਾ ਪਿੰਡ ਛੜਾਂ ਮਾਰਨ ਆ ਗਿਆ ਤੇ ਮੇਰੇ ਬੂਹੇ ਨੂੰ ਧੱਕਾ ਮਾਰ ਕੇ ਖੋਲ੍ਹ ਦਿੱਤਾ। ਮੈਂ ਬਥੇਰੀਆਂ ਮਿੰਨਤਾਂ ਕੀਤੀਆਂ, ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ। ਬਿੱਕਰ ਨੇ ਮੈਨੂੰ ਇੰਝ ਧੱਕੇ ਮਾਰੇ ਜਿਵੇਂ ਭਲਵਾਨ ਅਖਾੜੇ ’ਚ ਲੜਦੇ ਹੋਣ। ਥਾਣੇਦਾਰ ਨੇੜੇ ਖੜ੍ਹਾ ਪਤਾ ਨਹੀਂ ਕਿਹੜੀ ਗੱਲੋਂ ਮੁੱਛਾਂ ਮਰੋੜ ਰਿਹਾ ਸੀ। ਮੇਰਾ ਹਾਲ ਪਿੰਡ ਵਿਚ ਰਹਿਣ ਵਾਲਾ ਹੈ ਹੀ ਨਹੀਂ ਸੀ, ਝੱਲੀ ਜਿਹੀ ਤਾਂ ਹੋ ਗਈ ਸੀ। ਛੋਟੇ ਬੱਚੇ ਵੀ ਘਰ ਆ ਕੇ ਮੈਨੂੰ ਛੇੜਦੇ। ਹਾਰ ਕੇ ਮੈਂ ਪਿੰਡੋਂ ਆਉਂਦੀ ਪਹਿਲੀ ਬੱਸੇ ਪਿੰਡ ਛੱਡ ਕੇ ਆ ਗਈ, ਪਰ ਕਿਸੇ ਰਿਸ਼ਤੇਦਾਰ ਨੇ ਵੀ ਜ਼ਿਆਦਾ ਚਿਰ ਨਾ ਝੱਲਿਆ। ਝੱਲਦੇ ਵੀ ਕਿੰਝ, ਸੁਖਦੀਪ ਦੇ ਵਿਜੋਗ ਨੇ ਮੈਨੂੰ ਝੱਲੀ ਹੀ ਕਰ ਦਿੱਤਾ ਸੀ। ਫਿਰ ਤਾਂ ਇਹ ਹੀ ਕੁਝ ਰਹਿ ਗਿਆ ਕਿ ਬੱਸ ਸਟੈਂਡਾਂ ਵਿਚ ਰਾਤਾਂ ਕੱਟਣੀਆਂ, ਰੋਟੀ ਖਾਣ ਲਈ ਲੋਕਾਂ ਅੱਗੇ ਹੱਥ ਅੱਡਣੇ। ਕਿੰਨਾ ਚਿਰ ਤਾਂ ਮੈਨੂੰ ਹੋਸ਼ ਹੀ ਨਹੀਂ ਸੀ। ਸ਼ਰਾਬੀਆਂ ਤੇ ਮੱਛਰੀ ਮੁੰਡੀਰ ਨੇ ਮੈਨੂੰ ਪਤਾ ਨਹੀਂ ਕੀ ਸਮਝ ਰੱਖਿਆ…।

‘‘ਓ ਆਹ ਦੇਖ ਓਏ ਬੁੜ੍ਹੀ ਸਵੇਰੇ ਸਵੇਰੇ ਬਰਗਰ ਖਾਈ ਜਾਂਦੀ ਐ।’’ ‘‘ਮਾਮਾ, ਤੇਰੀ ਨੀਤ ਮਾੜੀ ਹੀ ਰਹੀ, ਖੋਹ ਨਾ ਲਈਂ ਵਿਚਾਰੀ ਤੋਂ…।’’ ਖੋਹਣ ਸ਼ਬਦ ਤੋਂ ਡਰ ਜਿਹਾ ਲੱਗਾ ਤਾਂ ਜਲਦੀ ਜਲਦੀ ਖਾ ਲਿਆ ਤੇ ਕਾਹਲੀ ਕਾਹਲੀ ਉੱਠ ਕੇ ਸੁਖਦੀਪ ਦੇ ਘਰ ਨੂੰ ਤੁਰ ਪਈ। ਸੂਰਜ ਪਤਾ ਹੀ ਨਹੀਂ ਲੱਗਾ ਕਦੋਂ ਆਪਣੀ ਆਈ ’ਤੇ ਆ ਗਿਆ। ਘੰਟੇ ਕੁ ਦਾ ਰਸਤਾ ਸੀ। ਬੋਝੇ ਵਿੱਚੋਂ ਵੀਹ ਰੁਪਏ ਕੱਢ ਕੇ ਬੱਸ ਦਾ ਕਿਰਾਇਆ ਕਰ ਲਿਆ ਤੇ ਜਲਦੀ ਹੀ ਸੁਖਦੀਪ ਦੀ ਕੋਠੀ ਅੱਗੇ ਜਾ ਪਹੁੰਚੀ। ਅਚਾਨਕ ਸੁਖਦੀਪ ਨੂੰ ਸਾਹਮਣੇ ਦੇਖ ਕੇ ਤੇਜ਼ ਤੁਰਦੇ ਕਦਮ ਰੁਕ ਗਏ। ਕਾਲਜੇ ’ਚੋਂ ਰੁੱਗ ਭਰਿਆ ਗਿਆ ਤੇ ਮੈਂ ਕਹਿ ਦਿੱਤਾ, ‘‘ਵੇ ਪੁੱਤ, ਚਾਹ ਹੀ ਪਿਲਾ ਦੇ।’’ ਕਹਿੰਦਾ, ‘‘ਮਾਤਾ, ਆ ਜਾ ਵਿਹੜੇ ਅੰਦਰ ਈ ਬਹਿ ਜਾ।’’ ਮੈਂ ਬੈਠੀ ਸੋਚਦੀ ਰਹੀ ਕਿ ਮੜੰਗਾ ਤਾਂ ਹੋਰ ਹੀ ਲੱਗਦਾ। ਸ਼ੱਕ ਜਿਹੇ ’ਚ ਸੋਚਦੀ ਨੇ ਚਾਹ ਆਉਣ ਤੱਕ ਦਾ ਵਕਤ ਟਪਾ ਲਿਆ।

ਆਖ਼ਰ ਚਾਹ ਪੀਂਦੀ ਪੀਂਦੀ ਨੇ ਪੁੱਛ ਹੀ ਲਿਆ, ‘‘ਵੇ ਪੁੱਤ, ਬਾਹਰ ਤੇਰਾ ਨਾਮ ਗੇਟ ’ਤੇ ਸੁਖਦੀਪ ਸਿੰਘ ਲਿਖਿਆ ਏ ਤੇ ਤੂੰ ਮੱਥੇ ’ਤੇ ਟਿੱਕਾ ਲਗਾਇਆ ਏ, ਮੈਨੂੰ ਸਮਝ ਨਹੀਂ ਲੱਗੀ।’’ ਉਹਨੇ ਆਖਿਆ, ‘‘ਬੀਬੀ, ਮੈਂ ਇਸ ਘਰ ਦਾ ਮਾਲਕ ਨਹੀਂ। ਮੈਂ ਤਾਂ ਕਿਰਾਏ ’ਤੇ ਰਹਿੰਦਾ ਆਂ। ਮਾਲਕ ਤਾਂ ਕੈਨੇਡਾ ਰਹਿੰਦਾ ਸੀ…’’ ਤੇ ਮੈਂ ਕੰਬ ਗਈ ਤੇ ਪੁੱਛਿਆ, ‘‘ਰਹਿੰਦਾ ਸੀ ਮਤਲਬ…?’’

‘ਬੀਬੀ, ਉਹਦੇ ਘਰ ਮੁੰਡਾ ਹੋਇਆ ਸੀ। ਐਤਕੀਂ ਲੋਹੜੀ ਪਾਉਣ ਆਉਣਾ ਸੀ ਤੇ ਹਫ਼ਤਾ ਪਹਿਲਾਂ ਦਿੱਲੀ ਤੋਂ ਆਉਂਦੇ ਵਕਤ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਸਾਰਾ ਟੱਬਰ ਥਾਂਂਏ ਹੀ ਪੂਰਾ ਹੋ ਗਿਆ।’’ ਇੱਕ ਤੂਫ਼ਾਨ ਜਿਹਾ ਸੀਨੇ ’ਚੋ ਉੱਠ ਕੇ ਬੁੱਲ੍ਹਾਂ ਤੱਕ ਆ ਕੇ ਰੁਕ ਗਿਆ ਤੇ ਮੈਂ ਓਥੋਂ ਉੱਠ ਕੇ ਬਾਹਰ ਵੱਲ ਨੂੰ ਆ ਗਈ। ਉਹ ਕਹਿ ਰਿਹਾ ਸੀ, ‘‘ਬੀਬੀ, ਚਾਹ ਤਾਂ ਪੂਰੀ ਪੀ ਕੇ ਜਾਂਦੀ।’’– ਪੁਨੀਤ

Leave a Reply

Your email address will not be published. Required fields are marked *