ਸੁਰਾਂ ਦਾ ਸਿਕੰਦਰ

ਨਵਦੀਪ ਸਿੰਘ ਗਿੱਲ

ਸੁਰਾਂ ਦੇ ਸ਼ਾਹ ਅਸਵਾਰ ਸਰਦੂਲ ਸਿਕੰਦਰ ਦਾ ਵਿਛੋੜਾ ਸੰਗੀਤ ਜਗਤ ਨੂੰ ਸਾਹ ਹੀਣ ਤੇ ਸੁਰ ਹੀਣ ਕਰ ਗਿਆ। ਸਰਦੂਲ ਦੇ ਸਦੀਵੀਂ ਵਿਛੋੜੇ ’ਤੇ ਸੰਗੀਤ ਜਗਤ ਤੋਂ ਵੀ ਪਰ੍ਹੇ ਹਰ ਅੱਖ ਨਮ ਹੋਈ। ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਹੜਾ ਗ਼ਮਗੀਨ ਨਾ ਹੋਇਆ ਹੋਵੇ। ਇਹੋ ਸਰਦੂਲ ਦੀ ਮਕਬੂਲੀਅਤ ਸੀ। ਸਰਦੂਲ ਦੇ ਤੁਰ ਜਾਣ ਨਾਲ ਇਕੱਲੀ ਉਸ ਦੀ ਸ਼ਰੀਕ-ਏ-ਹਯਾਤ ਅਮਰ ਨੂਰੀ ਨੇ ਹੀ ਵਿਰਲਾਪ ਨਹੀਂ ਕੀਤਾ ਸਗੋਂ ਉਸ ਨਾਲ ਜੁੜਿਆ ਹਰ ਫਨਕਾਰ, ਦੋਸਤ ਤੇ ਪ੍ਰਸੰਸਕ ਵੀ ਰੋਇਆ। ਸਾਦ-ਮੁਰਾਦੀ ਜ਼ਿੰਦਗੀ ਜਿਉਣ ਵਾਲਾ ਵੱਡਾ ਫ਼ਨਕਾਰ ਜਿੰਨਾ ਦੇਖਣ ਨੂੰ ਸਾਧਾਰਨ ਲੱਗਦਾ ਸੀ, ਪ੍ਰਾਪਤੀਆਂ ਤੇ ਕਲਾ ਉਸ ਵਿਚ ਅਸਾਧਾਰਨ ਸਨ। ਇਸ ਸਭ ਦੀ ਗਵਾਹੀ ਉਸ ਦੀ ਅੰਤਿਮ ਯਾਤਰਾ ਨੇ ਵੀ ਦਿੱਤੀ। ਖੰਨਾ ਵਿਚਲੇ ਉਸ ਦੇ ਘਰ ਤੋਂ ਜੱਦੀ ਪਿੰਡ ਖੇੜੀ ਨੌਧ ਸਿੰਘ ਤਕ ਚੱਲੀ ਇਸ ਯਾਤਰਾ ਨੂੰ ਮਿੰਟਾਂ ਦਾ ਵਕਫ਼ਾ ਤੈਅ ਕਰਨ ਲਈ ਚਾਰ-ਪੰਜ ਘੰਟੇ ਲੱਗ ਗਏ। ਕੁੱਲ ਦੁਨੀਆਂ ਵਿਚ ਖੇੜੀ ਨੌਧ ਸਿੰਘ ਦਾ ਨਾਂ ਚਮਕਾਉਣ ਵਾਲੇ ਆਲਮੀ ਪ੍ਰਸਿੱਧੀ ਵਾਲੇ ਇਸ ਫ਼ਨਕਾਰ ਨੂੰ ਦਫ਼ਨਾਉਣ ਲਈ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਨਾ ਸਿਰਫ਼ ਆਪਣੀ ਖੜ੍ਹੀ ਫ਼ਸਲ ਹੀ ਕਟਵਾਈ, ਬਲਕਿ ਆਪਣੇ ਖੇਤ ਵਿਚ ਜਗ੍ਹਾ ਵੀ ਦਿੱਤੀ। ਖੇੜੀ ਨੌਧ ਸਿੰਘ ਦੀ ਮਿੱਟੀ ਦਾ ਜਾਇਆ ਅੰਤ ਉਸੇ ਪਿੰਡ ਦੀ ਮਿੱਟੀ ਵਿਚ ਸਪਰੁਦ-ਏ-ਖਾਕ ਹੋ ਗਿਆ ਤੇ ਪਿੱਛੇ ਛੱਡ ਗਿਆ ਆਪਣੇ ਲੱਖਾਂ ਪ੍ਰਸੰਸਕ ਅਤੇ ਤੀਹ ਦਹਾਕਿਆਂ ਦੇ ਕਰੀਅਰ ਵਿਚ ਗਾਏ ਅਣਗਿਣਤ ਨਗ਼ਮੇ।

ਸਰਦੂਲ ਸਿਕੰਦਰ ਦਾ ਜਨਮ 15 ਜਨਵਰੀ 1961 ਨੂੰ ਪਟਿਆਲਾ ਘਰਾਣੇ ਨਾਲ ਸਬੰਧਤ ‘ਮੀਰ ਆਲਮਾਂ’ ਦੇ ਪਰਿਵਾਰ ਵਿਚ ਪ੍ਰਸਿੱਧ ਤਬਲਾ ਮਾਸਟਰ ਸਾਗਰ ਮਸਤਾਨਾ ਤੇ ਮਾਂ ਲੀਲਾਵਤੀ ਦੇ ਘਰ ਹੋਇਆ। ਛੇ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਸਰਦੂਲ ਦੇ ਦੋ ਹੋਰ ਭਰਾ ਗਮਦੂਰ ਸਿੰਘ ਗਮਦੂਰ ਤੇ ਭਰਪੂਰ ਸਿੰਘ ਭਰਪੂਰ ਵੀ ਚੰਗੇ ਤਬਲਾ ਤੇ ਸਾਰੰਗੀ ਵਾਦਕ ਸਨ। ਇਸ ਪਰਿਵਾਰ ਨੂੰ ਛਟੀ ਨਾਲ ਤਬਲਾ ਵਜਾਉਣ ਦੀ ਮੁਹਾਰਤ ਹਾਸਲ ਸੀ। ਸਰਦੂਲ ਦੇ ਦਾਦਾ ਰਲੇ ਰਾਮ ਉੱਘੇ ਸਾਰੰਗੀ ਵਾਦਕ ਸਨ ਜਦੋਂ ਕਿ ਉਨ੍ਹਾਂ ਦੇ ਪੜਦਾਦਾ ਕਰਮ ਬਖਸ਼ ਪਟਿਆਲਾ ਸ਼ਾਹੀ ਪਰਿਵਾਰ ਦੇ ਦਰਬਾਰੀ ਗਵੱਈਏ ਸਨ। ਵਿਰਸੇ ਵਿਚ ਮਿਲੀ ਵਿਰਾਸਤ ਨੂੰ ਸਰਦੂਲ ਹੁਰੀਂ ਤਿੰਨੇ ਭਰਾਵਾਂ ਨੇ ਅੱਗੇ ਤੋਰਿਆ। ਸ਼ੁਰੂਆਤੀ ਦੌਰ ਵਿਚ ਤਿੰਨੇ ਭਰਾ ਧਾਰਮਿਕ ਪ੍ਰੋਗਰਾਮ ਵੀ ਕਰਦੇ ਸਨ। ਸੰਗੀਤ ਜਗਤ ਦੇ ਵੱਡੇ ਗੁਰੂ ਜਸਵੰਤ ਭੰਵਰਾ ਨਾਲ ਪਰਿਵਾਰਕ ਨੇੜਤਾ ਸੀ, ਪਰ ਸਰਦੂਲ ਨੇ ਸੰਗੀਤ ਸਮਰਾਟ ਚਰਨਜੀਤ ਆਹੂਜਾ ਨੂੰ ਆਪਣਾ ਗੁਰੂ ਧਾਰਿਆ। ਸਰਦੂਲ ਤਾਂ ਪਹਿਲਾ ਹੀ ਹੀਰਾ ਸੀ, ਪਰ ਚਰਨਜੀਤ ਆਹੂਜਾ ਦੀ ਛੋਹ ਨੇ ਉਸ ਨੂੰ ਹੋਰ ਤਰਾਸ਼ ਦਿੱਤਾ ਕਿ ਫੇਰ ਉਸ ਦੇ ਗੁਰੂ ਦੀ ਪਛਾਣ ਸ਼ਾਗਿਰਦ ਕਾਰਨ ਹੋਣ ਲੱਗੀ।

ਸਰਦੂਲ ਨੇ ਸੰਗੀਤ ਜਗਤ ਵਿਚ ਪੱਕੇ ਪੈਰੀਂ ਪੈਰ 1980 ਵਿਚ ਧਰਿਆ ਜਦੋਂ ਉਸ ਨੇ ਦੂਰਦਰਸ਼ਨ ’ਤੇ ‘ਰੋਡਵੇਜ਼ ਦੀ ਲਾਰੀ’ ਗੀਤ ਗਾਇਆ। ਇਹੋ ਗੀਤ ਉਸ ਦੀ ਗਾਇਕੀ ਦੀ ਉਮਰ ਭਰ ਦੀ ਪਛਾਣ ਬਣ ਗਿਆ। ਸਰਦੂਲ ਹਰਫ਼ਨਮੌਲਾ ਕਲਾਕਾਰ ਸੀ। ਮਮਿੱਕਰੀ ਵੀ ਉਸ ਦੀ ਬਹੁਤ ਜਾਨਦਾਰ ਸੀ। ‘ਰੋਡਵੇਜ਼ ਦੀ ਲਾਰੀ’ ਨੂੰ ਉਸ ਨੇ ਵੱਖ-ਵੱਖ ਵੱਡੇ ਕਲਾਕਾਰਾਂ ਜਿਵੇਂ ਕਿ ਉਸਤਾਦ ਲਾਲ ਚੰਦ ਯਮਲਾ ਜੱਟ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਗੁਰਦਾਸ ਮਾਨ ਆਦਿ ਦੀ ਆਵਾਜ਼ ਵਿਚ ਗਾਇਆ ਤਾਂ ਸਰੋਤਿਆਂ ਨੂੰ ਭੁਲੇਖਾ ਪਿਆ ਕਿ ਸ਼ਾਇਦ ਇਨ੍ਹਾਂ ਗਾਇਕਾਂ ਨੇ ਖ਼ੁਦ ਹੀ ‘ਰੋਡਵੇਜ਼ ਦੀ ਲਾਰੀ’ ਗੀਤ ਗਾਇਆ ਹੈ। 1982 ਵਿਚ ਐੱਚ.ਐੱਮ.ਵੀ. ਕੰਪਨੀ ਨੇ ਸਰਦੂਲ ਦੀ ਪਹਿਲੀ ਐਲਬਮ ‘ਮਿਰਜ਼ਾ’ ਰਿਕਾਰਡ ਕੀਤੀ। ਇਸ ਦੀ ਮਕਬੂਲੀਅਤ ਦੀਆਂ ਸਿਖਰਾਂ ਨੂੰ ਦੇਖਦਿਆਂ ਕੰਪਨੀ ਨੇ ਸਰਦੂਲ ਨੂੰ ਗੀਤਾਂ ਦਾ ਸਿਕੰਦਰ ਖਿਤਾਬ ਅਜਿਹਾ ਦਿੱਤਾ ਕਿ ਸਰਦੂਲ ਸਿੰਘ ਸਰਦੂਲ ਤੋਂ ਸਰਦੂਲ ਸਿਕੰਦਰ ਬਣ ਗਿਆ। ਅਜਿਹਾ ਸਿਕੰਦਰ ਜਿਸ ਨੇ ਸੁਰਾਂ ਦੇ ਖੇਤਰ ਵਿਚ ਆਪਣੀ ਬਾਦਸ਼ਾਹਤ ਕਾਇਮ ਕੀਤੀ।

ਸਰਦੂਲ ਗਾਇਕੀ ਦਾ ਉਹ ਥੰਮ੍ਹ ਸੀ ਜਿਸ ਨੂੰ ਸੱਚਮੁੱਚ ਸੰਗੀਤ ਦੀ ਸਮਝ ਸੀ ਤੇ ਗਾਉਣਾ ਵੀ ਆਉਂਦਾ ਸੀ। ਅਕਸਰ ਕੱਚ-ਘਰੜ ਗਾਉਣ ਵਾਲੇ ਗਾਇਕਾਂ ਨੂੰ ਇਹੋ ਨਿਹੋਰਾ ਮਾਰਿਆ ਜਾਂਦਾ ਸੀ, ‘‘ਆਇਆ ਵੱਡਾ ਸਰਦੂਲ ਸਿਕੰਦਰ’’। ਸਰਦੂਲ ਦੀ ਮਕਬੂਲੀਅਤ ਨਾ ਸਿਰਫ਼ ਪ੍ਰਸੰਸਕਾਂ ਵਿਚ ਸੀ ਸਗੋਂ ਸੰਗੀਤ ਜਗਤ ਦਾ ਹਰ ਕਲਾਕਾਰ ਉਸ ਦੀ ਗਾਇਕੀ ਦਾ ਦੀਵਾਨਾ ਸੀ। ਕੁਝ ਸਮਾਂ ਪਹਿਲਾਂ ਗਾਇਕ ਜਸਬੀਰ ਜੱਸੀ ਉਸ ਦੇ ਘਰ ਇਕਦਮ ਪੁੱਜ ਗਿਆ ਜਿੱਥੇ ਉਸ ਨੇ ਫੇਸਬੁੱਕ ਉੱਤੇ ਲਾਈਵ ਹੋ ਕੇ ਸਰਦੂਲ ਤੇ ਅਮਰ ਨੂਰੀ ਨੂੰ ਰਿਕਾਰਡ ਕਰਦਿਆਂ ਕਿਹਾ ਕਿ ਇਹ ਹੈ ਅਸਲ ਗਾਇਕੀ। ਇਸੇ ਤਰ੍ਹਾਂ ਉਸਤਾਦ ਪੂਰਨ ਸ਼ਾਹਕੋਟੀ ਦੇ ਪੁੱਤਰ ਅਤੇ ਨਾਮੀਂ ਗਾਇਕ ਮਾਸਟਰ ਸਲੀਮ ਨੇ ਭਰੇ ਪ੍ਰੋਗਰਾਮ ਦੌਰਾਨ ਸਟੇਜ ਉੱਪਰ ਸਰਦੂਲ ਸਿਕੰਦਰ ਦੇ ਸੋਹਲੇ ਗਾਉਂਦਿਆਂ ਕਿਹਾ ਸੀ ਪੰਜਾਬੀ ਸੰਗੀਤ ਜਗਤ ਕੋਲ ਇਸ ਤੋਂ ਵੱਡਾ ਕੋਈ ਫ਼ਨਕਾਰ ਨਹੀਂ ਜਿਸ ਨੂੰ ਰਹਿੰਦੀ ਦੁਨੀਆਂ ਤਕ ਯਾਦ ਕੀਤਾ ਜਾਂਦਾ ਰਹੇਗਾ। ਸਰਦੂਲ ਦੇ ਗਲੇ ’ਤੇ ਮਾਂ ਸਰਸਵਤੀ ਵਾਸ ਕਰਦੀ ਸੀ ਅਤੇ ਜਦੋਂ ਉਹ ਮੁਰਕੀਆਂ/ਗਰਾਰੀਆਂ ਲਾਉਂਦਾ ਤਾਂ ਸਰੋਤੇ ਪੂਰੀ ਤਰ੍ਹਾਂ ਕੀਲੇ ਜਾਂਦੇ।

ਉਸ ਨੇ ਸੱਭਿਆਚਾਰਕ, ਪਰਿਵਾਰਕ ਗੀਤਾਂ ਦੇ ਨਾਲ ਵਿਛੋੜੇ ਦੇ ਉਦਾਸ ਗੀਤ ਵੀ ਗਾਏ। ਆਸ਼ਕੀ ਦੇ ਗਾਣੇ ਵੀ ਗਾਏ, ਪਰ ਕਿਤੇ ਵੀ ਸ਼ਬਦਾਂ ਨਾਲ ਸਮਝੌਤਾ ਨਹੀਂ ਕੀਤਾ। ਕਿਤੇ ਵੀ ਹਲਕੀ ਭਾਸ਼ਾ ਨਹੀਂ ਵਰਤੀ। ਉਸ ਨੇ ਜਦੋਂ ‘ਚਰਖਾ ਗਲੀ ਦੇ ਵਿਚ’, ‘ਇਸ਼ਰ ਬਰਾਂਡੀ’, ‘ਇਕ ਕੁੜੀ’ ਜਿਹੇ ਗੀਤ ਗਾਏ ਤਾਂ ਡੀ.ਜੇ. ਫਲੋਰ ’ਤੇ ਵੀ ਉਸ ਦੇ ਗਾਣੇ ਵੱਜਣ ਲੱਗੇ। ਸ਼ੁਰੂਆਤੀ ਦੌਰ ਵਿਚ ਆਈ ਉਸ ਦੀ ਐਲਬਮ ‘ਹੁਸਨਾਂ ਦੇ ਮਾਲਕੋ’ ਨੇ ਤਾਂ 50 ਲੱਖ ਤੋਂ ਵੱਧ ਕੈਸੇਟਾਂ ਦੀ ਵਿਕਰੀ ਦਾ ਰਿਕਾਰਡ ਹੀ ਤੋੜ ਦਿੱਤਾ। ਉਸ ਨੇ ਜਿੱਥੇ ਜਾਗਰਣ ਦੌਰਾਨ ਮਾਂ ਦੀਆਂ ਭੇਟਾਂ ਗਾਉਣੀਆਂ ਉੱਥੇ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਤੋਂ ਲੈ ਕੇ ਧਾਰਮਿਕ ਸਮਾਗਮਾਂ ਵਿਚ ਸਿੱਖ ਧਰਮ ਦੇ ਗੀਤ ਵੀ ਗਾਉਣੇ। ਪਿਛਲੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਦੀ ਬੇਟੀ ਨੂੰ ਮਿਲਣ ਗਏ ਸਰਦੂਲ ਨੇ ਸ਼ਬਦ ਗਾਇਆ ਤਾਂ ਵੀਡਿਓ ਬਹੁਤ ਵਾਇਰਲ ਹੋਈ। ਦੋਗਾਣਿਆਂ ਵਿਚ ਪਤਨੀ ਅਮਰ ਨੂਰੀ ਨਾਲ ਗਾਏ ਗੀਤ ਵੀ ਖ਼ੂਬ ਹਿੱਟ ਹੋਏ। ‘ਤੇਰਾ ਲਿਖ ਦੂੰ ਸਫੇਦਿਆਂ ’ਤੇ ਨਾਂ ਜਿੰਨੇ ਨੇ ਜੀ.ਟੀ.ਰੋਡ ਦੇ ਉੱਤੇ’ ਗਾਣਾ ਸਰਦੂਲ ਦੀ ‘ਰੋਡਵੇਜ਼ ਦੀ ਲਾਰੀ’ ਤੋਂ ਬਾਅਦ ਸਭ ਤੋਂ ਵੱਧ ਮਕਬੂਲ ਹੋਇਆ।

30 ਜਨਵਰੀ 1993 ਨੂੰ ਰੌਸ਼ਨ ਸਾਗਰ ਦੀ ਬੇਟੀ ਅਮਰ ਨੂਰੀ ਨਾਲ ਨਿਕਾਹ ਤੋਂ ਬਾਅਦ ਸਰਦੂਲ ਸਿਕੰਦਰ ਤੇ ਨੂਰੀ ਦੀ ਜੋੜੀ ਮਕਬੂਲ ਜੋੜੀਆਂ ਵਿਚ ਸ਼ੁਮਾਰ ਹੋ ਗਈ। ਸਰਦੂਲ ਤੇ ਨੂਰੀ ਦੋਵਾਂ ਦੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਉਨ੍ਹਾਂ ਦੇ ਪੁੱਤਰ ਸਾਰੰਗ ਤੇ ਅਲਾਪ ਤੋਰ ਰਹੇ ਹਨ। ਸਰਦੂਲ ਦੇ ਤੁਰ ਜਾਣ ਤੋਂ ਬਾਅਦ ਸੰਗੀਤ ਜਗਤ ਉਸ ਦੇ ਦੋਵੇਂ ਪੁੱਤਰਾਂ ਵਿਚ ਸਰਦੂਲ ਦੀ ਗਾਇਕੀ ਨੂੰ ਸੁਣਨਾ ਚਾਹੁੰਦੇ ਹਨ।

Leave a Reply

Your email address will not be published. Required fields are marked *