ਮਾਵਾਂ ਵਰਗਾ ਬਾਪੂ

ਕੁਲਵੰਤ ਘੋਲੀਆ

‘‘ਮਾਂ ਕਿਹੋ ਜਿਹੀ ਸੀ ਬਾਪੂ?’’

‘‘ਚੰਨ ਵਰਗੀ।’’ ਬਾਪੂ ਨੇ ਚੰਨ ਵੱਲ ਉਂਗਲ ਕਰ ਦੇਣੀ।

‘‘ਸੱਚੀਂ ਬਾਪੂ…!’’ ਮੈਂ ਹੈਰਾਨ ਹੋ ਕਹਿਣਾ।

ਬਾਪੂ ਨੇ ਥੋੜ੍ਹਾ ਹੱਸਣਾ, ‘‘ਓ ਨਹੀਂ ਨਹੀਂ, ਮੈਂ ਤਾਂ ਝੂਠ ਬੋਲਦਾਂ।’’

‘‘ਫਿਰ ਦੱਸ ਬਾਪੂ, ਮਾਂ ਕਿਹੋ ਜਿਹੀ ਸੀ?’’

ਬਾਪੂ ਨੇ ਡੂੰਘਾ ਜਿਹਾ ਸਾਹ ਲੈਣਾ ਤੇ ਸੋਚਾਂ ਵਿੱਚ ਉਲਝ ਜਾਣਾ।

ਦਰਅਸਲ, ਜਦੋਂ ਮੈਂ ਪੈਦਾ ਹੋਈ ਤਾਂ ਮਾਂ ਚੱਲ ਵਸੀ। ਬੱਸ ਮੈਂ ਤੇ ਮੇਰਾ ਬਾਪੂ ਹੀ ਰਹਿ ਗਏ ਘਰ ਵਿੱਚ। ਬਾਪੂ ਨੇ ਹੀ ਪਾਲਿਆ ਪੋਸਿਆ। ਥੋੜ੍ਹੀ ਵੱਡੀ ਹੋਈ ਤਾਂ ਰੋਜ਼ ਸਵਾਲ ਕਰਨੇ ਤੇ ਅੱਜ ਫੇਰ ਪੁੱਛ ਲਿਆ।

‘‘ਦੱਸ ਬਾਪੂ, ਮਾਂ ਕਿਹੋ ਜਿਹੀ ਸੀ?’’

‘‘ਧੀਏ, ਤੇਰੀ ਮਾਂ ਜਮ੍ਹਾਂ ਤੇਰੇ ਵਰਗੀ ਸੋਹਣੀ ਸੋਹਣੀ ਸੀ।’’ ਤੇ ਇੰਨਾ ਸੁਣ ਮੈਂ ਖ਼ੁਸ਼ ਹੋ ਜਾਣਾ ਤੇ ਮੈਨੂੰ ਹਸਾ, ਬਾਪੂ ਸੰਦੂਕਾਂ ਵਾਲੇ ਕਮਰੇ ’ਚ ਵੜ ਕੇ ਆਪਣੇ ਭਰੇ ਮਨ ਨੂੰ ਹੰਝੂ ਵਹਾ ਹੌਲਾ ਕਰ ਆਉਂਦਾ।

ਮੈਂ ਆਮ ਹੀ ਦੇਖਿਆ ਸੀ, ਬਾਪੂ ਦੇ ਤੱਤੇ ਤਵੇ ’ਤੇ ਹੱਥ ਸੜਦੇ, ਕਚੀਚੀ ਜਿਹੀ ਵੱਟ ਬਾਪੂ ਉਹ ਦਰਦ ਵੀ ਬਰਦਾਸ਼ਤ ਕਰ ਜਾਂਦਾ। ਉਹ ਤੱਤੇ ਤਵੇ ਦੀ ਜਲਣ ਤੇ ਦਰਦ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਏ।

ਤਾਏ ਹੋਰਾਂ ਨੇ ਬਥੇਰਾ ਕਿਹਾ ਕਿ ਦੂਜਾ ਵਿਆਹ ਕਰਵਾ ਲਵੇ, ਪਰ ਬਾਪੂ ਨਾ ਮੰਨਿਆ। ਉਹ ਆਖਦਾ, ‘‘ਨਾ, ਮੈਂ ਆਵਦੀ ਧੀ ਰੋਲਣੀ ਐ? ਕੀ ਪਤਾ ਕਿਹੋ ਜਿਹੀ ਆਊ। ਹੁਣ ਤਾਂ ਬਚੀ ਖੁਚੀ ਆਵਦੀ ਧੀ ਨਾਲ ਹੀ ਕੱਟਣੀ ਆਂ।’’

ਤਾਏ ਹੋਰਾਂ ਆਖਣਾ, ‘‘ਭਰਾਵਾ, ਸਾਨੂੰ ਪਤੈ ਤੂੰ ਤਾਂ ਕੱਟ ਲਵੇਂਗਾ, ਪਰ ਸਾਨੂੰ ਤਾਂ ਆਹ ਧੀ ਰਾਣੀ ਦਾ ਫਿਕਰ ਐ।’’

‘‘ਅੱਛਾ ਥੋਨੂੰ ਬਾਹਲਾ ਫਿਕਰ ਐ? ਜੀਹਨੂੰ ਫ਼ਿਕਰ ਕਰਨਾ ਚਾਹੀਦਾ ਸੀ, ਉਹਨੇ ਤਾਂ ਕੀਤਾ ਨਹੀਂ? ਅੱਧ ਵਿਚਾਲੇ ਛੱਡ ਕੇ ਤੁਰਗੀ…।’’

ਬਾਪੂ ਦਾ ਗੁੱਸਾ ਵੀ ਸ਼ਾਇਦ ਵਾਜਬ ਸੀ।

ਹਮਸਫ਼ਰ ਦਾ ਇਸ ਤਰ੍ਹਾਂ ’ਕੱਲੇ ਛੱਡ ਤੁਰ ਜਾਣਾ ਕਿੰਨਾ ਦੁਖਦਾਈ ਹੁੰਦਾ ਹੈ। ਬਾਪੂ ਤੋਂ ਵਧ ਕੇ ਕੋਈ ਹੋਰ ਇਹ ਜਾਣ ਨਹੀਂ ਸਕਦਾ ਸੀ। ਬਾਪੂ ਮਰੀ ਮਾਂ ਨਾਲ ਏਦਾਂ ਗੁੱਸੇ ਹੁੰਦਾ ਜਿਵੇਂ ਉਹ ਇਹਦੀਆਂ ਕਮਲੇ ਜਿਹੇ ਦੀਆਂ ਗੱਲਾਂ ਸੁਣਦੀ ਹੋਵੇ ਤੇ ਕਿਸੇ ਬੱਚੇ ਵਾਂਗ ਕੱਛਾਂ ’ਚ ਹੱਥ ਜਿਹੇ ਦੇ ਕੇ ਮੂੰਹ ਫੇਰ ਆਕੜ ਖੜ੍ਹ ਜਾਣਾ ਤੇ ਬੱਸ ਫਿਰ ਤਾਇਆ ਅੱਗੇ ਕੁਝ ਨਾ ਬੋਲਦਾ।

ਤਾਈ ਦੇ ਵੀ ਇੱਕ ਧੀ ਤੇ ਪੁੱਤ ਸੀ, ਪਰ ਤਾਈ ਮੇਰੇ ਨਾਲ ਜ਼ਰਾ ਵੀ ਮੋਹ ਨਾ ਕਰਦੀ। ਸ਼ਾਇਦ ਇਸੇ ਕਰਕੇ ਤਾਏ ਦੀ ਧੀ ਵੀ ਮੇਰੇ ਨਾਲ ਨਾ ਖੇਡਦੀ।

ਮੈਨੂੰ ਸਕੂਲ ਜਾਣ ਤੋਂ ਡਰ ਲੱਗਦਾ। ਰੋਜ਼ ਕੋਈ ਨਾ ਕੋਈ ਬਹਾਨਾ ਬਣਾਉਣਾ, ਕਦੇ ਸਿਰ ਦੁਖਦਾ, ਕਦੇ ਢਿੱਡ, ਪਰ ਬਾਪੂ ਮੇਰੇ ਸਾਰੇ ਬਹਾਨਿਆਂ ਨੂੰ ਜਾਣਦਾ ਸੀ ਤੇ ਉਸ ਨੇ ਧੱਕੇ ਨਾਲ ਸਕੂਲ ਛੱਡ ਆਉਣਾ।

ਮੈਨੂੰ ਪੜ੍ਹਾਈ ਤੋਂ ਡਰ ਨਹੀਂ ਸੀ ਲੱਗਦਾ। ਡਰ ਲੱਗਦਾ ਸੀ ਮਿਹਣਿਆਂ ਤੋਂ…

ਉਹ ਮਿਹਣੇ ਜਿਨ੍ਹਾਂ ਦਾ ਮੇਰੇ ਕੋਲ ਜਵਾਬ ਹੀ ਨਹੀਂ ਸੀ। ਜਮਾਤ ਦੇ ਕਮਰੇ ਵਿਚ ਵੜਦੇ ਹੀ ਮੈਂ ਡਰ ਜਾਂਦੀ।

ਮੇਰੀਆਂ ਜਮਾਤਣਾਂ ਮਿਹਣੇ ਹੀ ਐਸੇ ਮਾਰਦੀਆਂ ਕਿ ਮੇਰਾ ਰੋਣਾ ਨਿਕਲ ਜਾਂਦਾ। ਬਾਪੂ ਨੂੰ ਕੀ ਪਤਾ ਸੀ ਕਿ ਵਾਲ ਕਿਵੇਂ ਵਾਹੁਣੇ ਨੇ, ਕਿਵੇਂ ਗੁੱਤ ਕਰਨੀ ਏ। ਬੱਸ ਮਾੜੇ ਮੋਟੇ ਵਾਲ ਬਾਪੂ ਵਾਹ ਦਿੰਦਾ ਤੇ ਮੈਂ ਸਕੂਲ ਆ ਜਾਂਦੀ।

ਪਰ ਕੁੜੀਆਂ ਬੋਲੀ ਮਾਰਦੀਆਂ ਕਿ ਤੇਰੀ ਮਾਂ ਨੇ ਤੈਨੂੰ ਕੁਝ ਸਿਖਾਇਆ ਨਹੀਂ ਸੀ? ਤੇ ਏਨਾ ਆਖ ਕੇ ਉਹ ਹੱਸ ਪੈਂਦੀਆਂ। ਇਨ੍ਹਾਂ ਗੱਲਾਂ ਕਰਕੇ ਮੈਂ ਸਕੂਲ ਜਾਣੋਂ ਡਰਦੀ। ਬਾਪੂ ਨੂੰ ਵੀ ਇਹ ਗੱਲ ਦੱਸਣੀ ਤਾਂ ਉਹ ਵੀ ਲਾਚਾਰ ਜਿਹਾ ਹੋ ਜਾਂਦਾ।

ਪਰ ਅੱਜ ਕੁਝ ਸੁੱਖ ਦਾ ਸਾਹ ਲਿਆ। ਸਕੂਲ ਵਿੱਚੋਂ ਗਰਮੀ ਦੀਆਂ ਛੁੱਟੀਆਂ ਮਿਲ ਗਈਆਂ। ਹੁਣ ਕੋਈ ਡਰ ਨਹੀਂ ਸੀ ਰਿਹਾ।

ਫਿਰ ਹੱਸਦਿਆਂ ਖੇਡਦਿਆਂ ਗਰਮੀ ਦੀਆਂ ਛੁੱਟੀਆਂ ਕਿਵੇਂ ਲੰਘ ਗਈਆਂ ਪਤਾ ਹੀ ਨਹੀਂ ਲੱਗਿਆ ਤੇ ਆਖ਼ਰ ਸਕੂਲ ਜਾਣ ਦਾ ਦਿਨ ਵੀ ਆ ਗਿਆ।

ਮਨ ਵਿਚ ਫਿਰ ਉਹੀ ਡਰ ਤੇ ਸਕੂਲ ਵਾਲੀ ਵਰਦੀ ਪਾ ਬਾਪੂ ਕੋਲ ਕੰਘਾ ਲੈ ਜਾ ਖੜ੍ਹੀ ਹੋਈ। ਬਾਪੂ ਨੇ ਵੀ ਅੱਜ ਹੱਸ ਕੇ ਕੰਘਾ ਫੜ ਲਿਆ ਤੇ ਵਾਲ ਵਾਹੁਣੇ ਸ਼ੁਰੂ ਕਰ ਦਿੱਤੇ।

ਅੱਜ ਤਾਂ ਕਮਾਲ ਹੀ ਹੋ ਗਿਆ ਸੀ। ਬਾਪੂ ਨੇ ਤਾਂ ਅੱਜ ਬਹੁਤ ਸੋਹਣੀਆਂ ਦੋ ਗੁੱਤਾਂ ਕਰ ਦਿੱਤੀਆਂ। ਮੇਰੇ ਤੋਂ ਤਾਂ ਚਾਅ ਨਾ ਚੁੱਕਿਆ ਜਾਵੇ ਤੇ ਸ਼ੀਸ਼ੇ ਮੂਹਰੇ ਖੜ੍ਹ ਮੈਂ ਕਿੰਨਾ ਚਿਰ ਖ਼ੁਦ ਨੂੰ ਤੱਕਦੀ ਰਹੀ।

‘‘ਪੁੱਤ ਤੂੰ ਪੁੱਛਦੀ ਸੀ ਨਾ ਕਿ ਮਾਂ ਕਿਹੋ ਜਿਹੀ ਏ। ਆਹ ਦੇਖ ਸ਼ੀਸ਼ਾ!’’ ਬਾਪੂ ਨੇ ਕਿਹਾ ਤੇ ਮੈਂ ਉਸ ਨੂੰ ਘੁੱਟ ਕੇ ਜੱਫੀ ਪਾ ਲਈ। ‘‘ਬਾਪੂ, ਮੇਰੀ ਇਕ ਗੱਲ ਮੰਨੇਂਗਾ?’’ ‘‘ਦੱਸ ਮੇਰੀ ਧੀ ਕੀ ਗੱਲ ਏ?’’

‘‘ਬਾਪੂ, ਅੱਜ ਮੇਰੀ ਇੱਕ ਫੋਟੋ ਕਰਵਾ ਦੇ।’’ ਤੇ ਬਾਪੂ ਨੇ ਮੇਰੀ ਫੋਟੋ ਵੀ ਕਰਵਾ ਦਿੱਤੀ ਤੇ ਉਹ ਫੋਟੋ ਮੈਂ ਹਮੇਸ਼ਾ ਸਾਂਭ ਕੇ ਰੱਖੀ।

ਅੱਜ ਤਾਂ ਮੈਨੂੰ ਜਿਵੇਂ ਪਰ ਜਿਹੇ ਲੱਗ ਗਏ। ਜਲਦੀ ਜਲਦੀ ਸਕੂਲ ਪਹੁੰਚਣਾ ਚਾਹੁੰਦੀ ਸੀ ਤਾਂ ਕਿ ਉਨ੍ਹਾਂ ਕੁੜੀਆਂ ਨੂੰ ਆਪਣੀਆਂ ਗੁੱਤਾਂ ਵਿਖਾ ਸਕਾਂ ਤੇ ਕਹਾਂ, ਆਹ ਦੇਖੋ ਮੇਰੀ ਮਾਂ ਨੇ ਮੈਨੂੰ ਗੁੱਤਾਂ ਕਰਨੀਆਂ ਸਿਖਾ ਦਿੱਤੀਆਂ ਨੇ।

ਇਸ ਤੋਂ ਬਾਅਦ ਮੈਨੂੰ ਕਦੇ ਵੀ ਸਕੂਲ ਜਾਣ ਦਾ ਕੋਈ ਡਰ ਨਾ ਰਿਹਾ। ਇੰਨਾ ਪੜ੍ਹੀ ਕਿ ਬੁਲੰਦੀਆਂ ਛੂਹ ਲਈਆਂ।

ਪਿੰਡ ਵਾਲੇ ਬਾਪੂ ’ਤੇ ਫ਼ਖ਼ਰ ਕਰਦੇ ਸਨ ਕਿ ਕਿੰਨੀ ਮਿਹਨਤ ਤੇ ਕਿੰਨੇ ਸਿਰੜ ਨਾਲ ਬਿਨਾਂ ਮਾਂ ਦੀ ਧੀ ਨੂੰ ਪੜ੍ਹਾ ਲਿਖਾ ਦਿੱਤਾ। ਅੱਜ ਬਾਪੂ ਦੀ ਬਦੌਲਤ ਪੜ੍ਹ ਲਿਖ ਕੇ ਮੈਂ ਆਪਣੇ ਪੈਰਾਂ ’ਤੇ ਖੜ੍ਹ ਗਈ।

ਬਾਪੂ ਨੇ ਆਪਣਾ ਆਖ਼ਰੀ ਕਾਰਜ ਵੀ ਪੂਰਾ ਕਰ ਦਿੱਤਾ ਭਾਵ ਆਪਣੀ ਧੀ ਨੂੰ ਡੋਲੀ ਬਿਠਾ ਦੂਜੇ ਘਰ ਤੋਰ ਦਿੱਤਾ।

ਹਰੇਕ ਧੀ ਆਪਣੇ ਹਮਸਫ਼ਰ ਵਿਚੋਂ ਆਪਣੇ ਬਾਪ ਦੀ ਝਲਕ ਦੇਖਦੀ ਹੈ ਤੇ ਉਹ ਵੀ ਬਾਖ਼ੂਬੀ ਬਾਪੂ ਵਰਗਾ ਹੀ ਸੀ, ਮੈਨੂੰ ਸਮਝਣ ਵਾਲਾ ਮੇਰੇ ਜਜ਼ਬਾਤਾਂ ਦੀ ਕਦਰ ਕਰਨ ਵਾਲਾ। ਬਹੁਤ ਵਧੀਆ ਪਰਿਵਾਰ ਮਿਲਿਆ। ਪਰ ਵਿਆਹ ਤੋਂ ਬਾਅਦ ਬਾਪੂ ਵੀ ਇਸ ਦੁਨੀਆਂ ਤੋਂ ਚਲਾ ਗਿਆ। ਇਹ ਮੇਰੇ ਲਈ ਅਸਹਿ ਦੁੱਖ ਸੀ, ਪਰ ਮੇਰੇ ਸਹੁਰੇ ਪਰਿਵਾਰ ਨੇ ਕੋਈ ਕਮੀ ਨਹੀਂ ਛੱਡੀ। ਹਮੇਸ਼ਾਂ ਧੀਆਂ ਤੋਂ ਵਧ ਕੇ ਰੱਖਿਆ। ਜ਼ਿੰਦਗੀ ਚਲਦੀ ਗਈ ਤੇ ਸਾਡੇ ਘਰ ਇਕ ਧੀ ਨੇ ਜਨਮ ਲਿਆ। ਸਾਰੇ ਖ਼ੁਸ਼ ਸਨ।

ਆਪਣਾ ਬਚਪਨ ਯਾਦ ਆਉਣਾ ਤਾਂ ਮੈਂ ਹੱਸ ਪੈਣਾ ਕਿ ਕਮਲੀ ਜਿਹੀ ਨੂੰ ਆਪਣੀ ਗੁੱਤ ਕਰਨੀ ਨਹੀਂ ਸੀ ਆਉਂਦੀ, ਪਰ ਅੱਜ ਇਕ ਬੱਚੇ ਨੂੰ ਸਾਂਭ ਰਹੀ ਹਾਂ। ਮਹੀਨੇ ਵਿਚ ਇਕ ਦੋ ਵਾਰ ਮੈਂ ਪਿੰਡ ਜਾਂਦੀ। ਘਰ ਦਾ ਜਿੰਦਾ ਖੋਲ੍ਹਦੀ ਤਾਂ ਮਹਿਸੂਸ ਹੁੰਦਾ ਜਿਵੇਂ ਬਾਪੂ ਆਖ ਰਿਹਾ ਹੋਵੇ, ‘‘ਧੀਏ, ਜਲਦੀ ਗੇੜਾ ਮਾਰ ਜਾਇਆ ਕਰ, ਇਕੱਲੇ ਦਾ ਦਿਲ ਜਿਹਾ ਨਹੀਂ ਲੱਗਦਾ।’’ ਤੇ ਮੇਰੀਆਂ ਅੱਖਾਂ ’ਚੋਂ ਹੰਝੂ ਚੋਅ ਘਰ ਦੀ ਦਹਿਲੀਜ਼ ’ਤੇ ਡਿੱਗ ਪੈਣਾ।

ਮੈਨੂੰ ਘਰ ਆਈ ਵੇਖ ਗੁਆਂਢ ਰਹਿੰਦੀ ਬੇਬੇ ਤਾਰੋ ਵੀ ਆ ਜਾਂਦੀ। ਕਿੰਨਾ ਕਿੰਨਾ ਚਿਰ ਮੈਂ ਤੇ ਬੇਬੇ ਤਾਰੋ ਨੇ ਬਾਪੂ ਦੀਆਂ ਗੱਲਾਂ ਕਰੀ ਜਾਣੀਆਂ।

ਮੈਂ ਅੱਜ ਬਹੁਤ ਹੱਸੀ, ਜਦੋਂ ਬੇਬੇ ਤਾਰੋ ਨੇ ਦੱਸਿਆ, ‘‘ਪੁੱਤ, ਤੂੰ ਨਿਆਣੀ ਜਿਹੀ ਸੀ ਜਦੋਂ ਤੇਰਾ ਬਾਪੂ ਮੇਰੇ ਕੋਲ ਆਇਆ। ਮੈਨੂੰ ਆਂਹਦਾ ਭਾਈ ਤਾਰੋ ਆਹ ਗੁੱਤ ਕਿਵੇਂ ਕਰੀਦੀ ਏ ਮੈਨੂੰ ਵੀ ਸਿਖਾ ਦੇ, ਮੈਂ ਹੱਸੀ ਤੇ ਕਿਹਾ, ਭਲਾ ਤੂੰ ਗੁੱਤ ਸਿੱਖ ਕੇ ਕੀ ਕਰਨੀ ਏ। ਇੰਨਾ ਸੁਣ ਤੇਰੇ ਬਾਪੂ ਨੇ ਮੂੰਹ ਉਦਾਸ ਜਿਹਾ ਕਰ ਲਿਆ। ਪਰ ਮੈਂ ਜਾਣਦੀ ਸੀ ਬਈ ਉਸ ਨੇ ਗੁੱਤ ਕਰਨੀ ਕਿਉਂ ਸਿੱਖਣੀ ਏ। ਫਿਰ ਉਹ ਤੇਰੇ ਸਕੂਲ ਜਾਣ ਤੋਂ ਬਾਅਦ ਰੋਜ਼ ਮੇਰੇ ਕੋਲ ਆਉਂਦਾ ਤੇ ਗੁੱਤ ਕਰਨੀ ਸਿੱਖਦਾ।’’

ਹੁਣ ਮੇਰੀ ਧੀ ਵੱਡੀ ਹੋ ਸਕੂਲ ਜਾਣ ਲੱਗ ਪਈ ਹੈ। ਅਚਾਨਕ ਇਕ ਦਿਨ ਜ਼ਿੱਦ ਪੈ ਗਈ, ‘‘ਮੰਮੀ, ਦੋ ਗੁੱਤਾਂ ਕਰ ਦਿਓ।’’ ਮੈਂ ਹੈਰਾਨ ਸੀ ਕਿ ਇਸ ਨੂੰ ਕਿਸ ਨੇ ਕਹਿ ਦਿੱਤਾ ਦੋ ਗੁੱਤਾਂ ਕਰਨ ਲਈ। ਮੈਂ ਸਰਸਰੀ ਹੀ ਕਹਿ ਦਿੱਤਾ ਕਿ ਮੈਨੂੰ ਕਰਨੀਆਂ ਨਹੀਂ ਆਉਂਦੀਆਂ, ਪਰ ਪਤਾ ਨਹੀਂ ਕਿਵੇਂ ਮੇਰੀ ਧੀ ਨੇ ਮੇਰੀ ਦੋ ਗੁੱਤਾਂ ਕੀਤੀਆਂ ਵਾਲੀ ਫੋਟੋ ਮੇਰੇ ਸਾਹਮਣੇ ਕਰ ਦਿੱਤੀ ਤੇ ਬੋਲੀ, ‘‘ਇਸ ਤਰ੍ਹਾਂ ਕਰ ਦਿਉ ਮੰਮੀ। ਦੇਖੋ ਕਿੰਨੀਆਂ ਸੋਹਣੀਆਂ ਗੁੱਤਾਂ ਨੇ।’’

ਸਮਾਂ ਜਿਵੇਂ ਫਿਰ ਪਿੱਛੇ ਚਲਾ ਗਿਆ ਹੋਵੇ। ਮੇਰਾ ਮਨ ਭਰ ਆਇਆ। ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਇੰਝ ਲੱਗਿਆ ਜਿਵੇਂ ਉਹ ਫੋਟੋ ਨਹੀਂ ਸਗੋਂ ‘‘ਮਾਵਾਂ ਵਰਗਾ ਬਾਪੂ’’ ਮੇਰੇ ਸਾਹਮਣੇ ਆ ਖੜ੍ਹ ਗਿਆ ਹੋਵੇ…।

Leave a Reply

Your email address will not be published. Required fields are marked *