ਗੁਰਬਖ਼ਸ਼ ਸਿੰਘ ਭੰਡਾਲ ਕਾਵਿਕ ਅੰਦਾਜ਼

ਡਾ ਬਲਵਿੰਦਰ ਕੌਰ ਬਰਾੜ
ਗੁਰਬਖ਼ਸ਼ ਸਿੰਘ ਭੰਡਾਲ ਨੂੰ ਮੈਂ ਲਿਖੀ ਸਤਰ ਵਿਚਲੇ ਖਾਲੀ ਥਾਂ ਭਰਨ ਜੋਗਾ ਸਮਾਂ ਹੀ ਮਿਲ ਰਹੀ ਹਾਂ। ਪਰ ਮੈਂ ਉਸਨੂੰ ਉਸਦੀਆਂ ਦੋ ਲਿਖਤਾਂ ਰਾਹੀਂ ਵੱਧ ਜਾਣਿਆ ਹੈ। ਇਉਂ ਲੱਗਦਾ ਹੈ ਕਿ ਉਹ ਆਪਣੇ ਦੁਆਲੇ ਦੇ ਸੰਸਾਰ ਨੂੰ ਦੇਖਦਾ ਕਵਿਤਾ ਵਿਚ ਹੈ ਪਰ ਉਲੀਕਦਾ ਵਾਰਤਕ ਵਿਚ ਹੈ। ਉਸਦੀਆਂ ਦੋ ਲਿਖਤਾਂ ‘ਧੁੱਪ ਦੀਆਂ ਕਣੀਆਂ’ ਤੇ ‘ਰੂਹ ਰੇਜ਼ਾ’ ਮੈਂ ਸੱਜਰੀਆਂ ਹੀ ਪੜ੍ਹੀਆਂ ਹਨ। ਇਹਨਾਂ ਲਿਖਤਾਂ ਨੂੰ ਪੜਦਿਆਂ ਲੱਗਿਆ ਜਿਵੇਂ ਰਸੀ, ਪੱਕੀ ਅਤੇ ਆਠਰੀ ਸਿਆਣਪ ਕੋਲ ਜਾ ਅੱਪੜੀ ਹੋਵਾਂ, ਜਿਵੇਂ ਕਿਸੇ ਦਰਗਾਹ ਤੇ ਅਰਦਾਸ ਸੁਣ ਰਹੀ ਹੋਵਾਂ ਜਾਂ ਜਿਵੇਂ ਕਿਸੇ ਧਾਰਮਿਕ ਅਸਥਾਨ ਦੀਆਂ ਪੌੜੀਆਂ ਚੜ੍ਹ ਰਹੀ ਹੋਵਾਂ। ਭੰਡਾਲ ਦੀ ਲਿਖਤ ਵਿਚ ਪ੍ਰਪੱਕਤਾ, ਰਵਾਨਗੀ ਅਤੇ ਸਹਿਜਤਾ ਹੈ। ਉਸਦਾ ਕੋਮਲ ਮਨ, ਹਕੀਕਤਾਂ ਨਾਲ ਮੱਥਾ ਲਾ ਕੇ, ਅੰਦਰ ਉਠਦੇ ਜ਼ਜ਼ਬਾਤਾਂ ਨੂੰ ਸੇਧ ਦੇ ਕੇ, ਖੂਬਸੂਰਤ ਅੱਖਰਾਂ ਤੱਕ ਅਪੜਾ ਦੇਣ ਦੇ ਸਮਰੱਥ ਹੈ। ਉਸਦੀਆਂ ਲਿਖਤਾਂ ਪੜ੍ਹਦਿਆਂ ਸੁਹਜ਼, ਸੁਆਦ ਅਤੇ ਮਨੋਰੰਜਨ ਦਾ ਝੱਸ ਤਾਂ ਪੂਰਾ ਹੁੰਦਾ ਹੈ, ਨਾਲ ਹੀ ਉਸਦੇ ਵਿਸ਼ਿਆਂ ਵਿਚਲੀ ਚੇਤਨਤਾ ਸਾਨੂੰ ਜਾਗਰਤ ਵੀ ਕਰਦੀ ਹੈ। ਦਰਸ਼ਨ ਬੁੱਟਰ ਦੇ ਸ਼ਬਦ ਗੋਲਣਯੋਗ ਹਨ;

”ਕਵਿਤਾ ਰਾਹੀਂ ਨਸੀਹਤ ਅਤੇ ਜ਼ੁਅਰਤ ਭਰੇ ਬੋਲ ਕਹਿ ਦੇਣੇ ਭੰਡਾਲ ਦੇ ਹਿੱਸੇ ਆਏ ਹਨ।”

ਉਸਦੇ ਲਿਖੇ ਅੱਖਰਾਂ ਵਿਚ ਕਿਤੇ ਵੀ ਨਾਂਹ-ਮੁੱਖੀ ਸੋਚ ਨਹੀਂ, ਰੋਹ ਜਾਂ ਵਿਦਰੋਹ ਨਹੀਂ ਸਗੋਂ ਕੁਦਰਤ ਦੀ ਗੋਦ ਵਿਚ ਪਲਦਿਆਂ, ਮੋਕਲੀ ਸੋਚ ਜਹੀ ਹਲੀਮੀ ਹੈ। ਉਸਨੂੰ ‘ਕਵਿਤਾ ਵਰਗੇ ਲੋਕ’ ਭਾਅ ਜਾਂਦੇ ਹਨ ਜਿਹਨਾਂ ਨੂੰ ‘ਹਰਫ਼ਾਂ ਦੀ ਬੁੱਕਲ’ ਦਾ ਨਿੱਘ ਦੇਣ ਦੀ ਲਾਲਸਾ ਰੱਖਦਾ ਹੈ। ਉਸਨੂੰ ਹਰ ਸ਼ੈਅ ਵਿਚਲੀ ਖੂਬਸੂਰਤੀ ਭਰਮਾ ਰਹੀ ਲੱਗਦੀ ਹੈ। ਇਸੇ ਲਈ ਬਿਨਾਂ ਕਿਸੇ ਸ਼ਿਕਵੇ, ਸ਼ਿਕਾਇਤ ਤੋਂ ਉਹ ਇਕ ਵੱਖਰੀ ਧਾਰਨਾ ਸਥਾਪਤ ਕਰਦਾ ਹੈ। ਉਪਰਲੀ ਤਹਿ ਤੀਕ ਲਫ਼ਾਫ਼ੇ ਵਰਗੀ ਸੁੰਦਰਤਾ ਲਈ ਉਸਦੇ ਸ਼ਬਦ ਗੌਲਣਯੋਗ ਹਨ;

”ਸੁਹੱਪਣ ਨੂੰ ਕਿਹੜੇ ਯੰਤਰ ਤੇ ਪੈਮਾਨੇ ਨਾਲ ਮਿਣੋਗੇ? ਕਿਵੇਂ ਇਸਦੀ ਅਸੀਮਤਾ ਬਿਆਨ ਕਰੋਗੇ? ਕਿਵੇਂ ਇਸਨੂੰ ਹਰਫ਼ਾਂ ਦੇ ਮੇਚ ਕਰੋਗੇ?”
ਉਸਦੀ ਮਾਨਸਿਕਤਾ ਵਿਚ ਪਲਦੇ ਭਾਵਾਂ ਤੇ ਵਿਚਾਰਾਂ ਦਾ ਦੁਮੇਲ ਬਹੁਤ ਖੂਬਸੂਰਤ ਹੈ। ਉਹ ਲਿਖਦਾ ਹੈ;
”ਜਦ ਮੈਂ ਬਹੁਤ ਉਦਾਸ ਹੋਵਾਂ
ਤਾਂ ਮੈਂ ਚੁੱਪ ਹੋ ਜਾਂਦਾ ਹਾਂ
………………..
ਤੇ ਅੱਜ ਕਲ ਮੈਂ ਅਕਸਰ ਚੁੱਪ ਹੀ ਰਹਿੰਦਾ ਹਾਂ”
ਇਸ ਕਵਿਤਾ ਨਾਲ ਪਾਠਕ ਮਨ ਵਿਚ ਉਸਦੀ ਖਾਮੋਸ਼ੀ ਖੌਰੂ ਪਾ ਰਹੀ ਹੈ। ਭੰਡਾਲ ਦੇ ਭਾਵਾਂ ਦੇ ਸੇਕ ਨਾਲ ਅੱਖਰ ਪਿਘਲਦੇ ਪ੍ਰਤੀਤ ਹੁੰਦੇ ਹਨ।
ਭੰਡਾਲ ਦੇ ਸ਼ਬਦਾਂ ਤੋਂ ਲੋਕਾਂ ਨਾਲ ਹੋ ਰਿਹਾ ਵਿਵਹਾਰ ਕਿਆਸਿਆ ਜਾ ਸਕਦਾ ਹੈ। ਉਸਨੂੰ ਹਰ ਸੀਨੇ ਵਿਚ ਪਲਦੇ ਗੁਣਾਂ ਨੂੰ ਗੌਲਣ ਦੀ ਸੂਝ ਹੈ। ਉਸਨੂੰ ‘ਧੁੱਪ ਦੇ ਵਸਤਰ’ ਵਿਚ ਲਪੇਟੇ ਲੋਕਾਂ ਦੇ ਦਰਦ ਦੀ ਥਹੂ ਹੈ। ਆਪਣੇ ਪਿਤਾ ਦੀ ਮੌਤ ਦੇ ਸੋਗੀ ਜਹੇ ਵਾਤਾਵਰਣ ਨੂੰ ਪੂਰੇ ਕਾਵਿਕ ਅੰਦਾਜ਼ ਤੀਕ ਪਹੁੰਚਾਇਆ ਹੈ। ਅਜਿਹੀ ਭਾਰੂ ਹੋਈ ਸਥਿਤੀ ਨੂੰ ਹਰ ਸੀਨੇ ਵਿਚ ਹੰਢਾਈ ਮੌਤ ਨੂੰ ਸੱਜਰੀ ਕਰ ਵਿਖਾਉਣ ਦਾ ਹੀਲਾ ਹੈ। ਉਸ ਕੋਲ ਦੋਸਤ ਮਨ ਵਿਚ ਰੱਖੇ ਸੁਝਾਅ ਵਾਂਗ ਗੱਲ ਰੱਖਣ ਦਾ ਹੁਨਰ ਹੈ। ਉਸਦੀ ਲਿਖਤ ਪੜਦਿਆਂ ਲੱਗਦਾ ਹੈ ਕਿ ਉਸਨੇ ਕੁਦਰਤ ਦੇ ਹਰ ਮਹੀਨ ਜ਼ਰੇ ਨੂੰ ਰੂਹ ਨਾਲ ਦੇਖਿਆ, ਪਰਖਿਆ, ਜਾਣਿਆ ਅਤੇ ਪ੍ਰਸਾਰਿਆ ਹੈ। ਉਸਦੇ ਸ਼ਬਦਾਂ ਵਿਚ ਯਾਦਾਂ ਜਾਂ ਅਨੁਭਵ, ਵਿਚਾਰ, ਭਾਵ ਸਭ ਇਕ ਰਸ ਹੋਏ ਨਜ਼ਰ ਆਉਂਦੇ ਹਨ। ਸਿਰਲੇਖ ਹੀ ਆਪਣੇ ਆਪ ਵਿਚ ਆ ਰਹੇ ਸੁਨੇਹੇ ਦਾ ਸਬੂਤ ਬਣਦੇ ਹਨ, ਜਿਵੇਂ ਯਾਦ-ਜੂਹੇ, ਹਰਫ਼ਾਂ ਦੀ ਬੁੱਕਲ, ਕਵਿਤਾ ਵਰਗੇ ਲੋਕ, ਧੁੱਪ ਦੇ ਬਸਤਰ ਆਦਿ।
ਇਸ ਕਾਵਿ ਦੀ ਇਕ ਹੋਰ ਵਿਸ਼ੇਸ਼ਤਾ, ਉਸ ਦੁਆਰਾ ਨਵੇਂ ਸ਼ਬਦ-ਅਰਥ ਸਿਰਜਣ ਵਿਚ ਹੈ। ਜਿਵੇਂ ਬੋਲ-ਬੀਹੀ, ਵਕਤ-ਦਹਿਲੀਜ਼, ਫਰਜ਼-ਸਨਾਸ਼ੀ, ਹੌਕੇ-ਹਾੜੇ, ਪੈੜ-ਪਾਹੁਲ, ਜਿੰਦ-ਭੋਰ, ਸੂਰਜ-ਜੂਨ, ਆਦਿ।
ਉਸਦੀ ਨਿਵੇਕਲੀ ਸ਼ੈਲੀ ਦੀ ਰਵਾਨਗੀ ਦੀ ਗਵਾਹੀ ਕਈ ਵਾਕ ਭਰਦੇ ਹਨ;
”ਨੀਂਦ ਮਨੁੱਖੀ ਸਰੀਰ ਲਈ ਊਰਜਾ ਸਰੋਤ, ਥੱਕੇ ਹਾਰਿਆਂ ਲਈ ਸੁਖਨ-ਸੇਜ਼ ਅਤੇ ਮਾਨਸਿਕ ਰੁੱਮਕਣੀ ਲਈ ਸੁਪਨ-ਸਾਜ਼।”
ਉਸਨੇ ਸਿੱਧੀ ਸਿਖਿਆ ਦੇਣ ਦੀ ਥਾਂ, ਇਕ ਸੁਨੇਹਾ ਪਾਠਕ-ਮਨ ਵਿਚ ਧਰਿਆ ਹੈ। ਉਸਦੇ ਸ਼ਬਦਾਂ ਵਿਚਲਾ ਸਰੋਦੀ ਅੰਸ਼ ਇਕ ਵੱਖਰਾ ਖਾਸਾ ਹੈ। ਜਿਵੇਂ ਸਾਇਸਤਗੀ, ਸੁੰਦਰਤਾ, ਸੀਰਤ, ਸਾਦਗੀ, ਸਲੀਕਾ, ਸੁਹਜ, ਸਹਿਜ ਅਤੇ ਸੂਖ਼ਮਤਾ ਦਾ ਸੁੰਦਰ ਸੁਮੇਲ।
ਭੰਡਾਲ ਕੋਲ ਇਸ ਕੁਦਰਤ ਦੇ ਕਾਦਰ ਦੀ ਹਰ ਕਰਾਮਾਤ ਨੂੰ ਨੇੜੇ ਹੋ ਕੇ ਦੇਖਣ ਦੀ ਰੀਝ ਹੀ ਅੱਖਰਾਂ ਦਾ ਅਧਾਰ ਰਹੀ ਹੈ। ਉਸਦੀ ਲਿਖਤ ਵੱਖਰੇ ਅੰਦਾਜ਼ ਨਾਲ ਪੇਸ਼ ਹੁੰਦੀ ਹੈ। ਇਸ ਲਈ ਪਾਠਕ ਵਰਗ ਵੀ ਵਿਸ਼ੇਸ਼ ਹੀ ਹੋਵੇਗਾ।
ਉਸਦੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਤੋਂ ਸਾਨੂੰ ਕਈ ਆਸਾਂ ਹਨ। ਨਿਰਸੰਦੇਹ ਇਹ ਲਿਖਤਾਂ ਪਾਠਕ ਜਗਤ ਦਾ ਹੁੰਗਾਰਾ ਵਸੂਲਣ ਵਿਚ ਸਫ਼ਲ ਰਹਿਣਗੀਆਂ।
ਫ਼ੋਨ’ 403- 590-9629

Leave a Reply

Your email address will not be published. Required fields are marked *