ਬਾਪੂ ਦੀ ਚਿੱਠੀ

ਓਮਕਾਰ ਸੂਦ ਬਹੋਨਾ

ਅੱਗੇ ਮਿਲੇ ਸੂਬੇਦਾਰ

ਬਰਖੁਰਦਾਰ! ਜ਼ਿੰਦਗੀ ਦੁਸ਼ਵਾਰੀਆਂ ਨਾਲ ਭਰੀ ਪਈ ਹੈ। ਇੱਥੇ ਘਰੇ ਕੁਝ ਵੀ ਠੀਕ ਨਹੀਂ ਹੈ। ਤੇਰੇ ਤਿੰਨੋਂ ਭਰਾ ਨਸ਼ਿਆਂ ਦੀ ਦਲਦਲ ਵਿਚ ਗਰਕ ਗਏ ਹਨ। ਛੋਟੇ ਦੋਵੇਂ ਪੰਮਾ ਤੇ ਕੀਪਾ ਮੇਰੇ ਨਾਲ ਕੰਮ ਵਿਚ ਹੱਥ ਵਟਾਉਂਦੇ ਹਨ। ਕੀਪੇ ਨੇ ਤਾਂ ਸਕੂਲ ਛੱਡ ਦਿੱਤਾ ਹੈ। ਹੁਣ ਘਰੇ ਹੀ ਡੰਗਰਾਂ ਨੂੰ ਸਾਂਭਦਾ ਹੈ। ਡਰਦਾ ਹਾਂ ਕਿਤੇ ਇਹ ਵੀ ਵੱਡਿਆਂ ਤਿੰਨਾਂ ਵਾਂਗ ਨਸ਼ੇਬਾਜ਼ ਨਾ ਬਣ ਜਾਣ! ਪਰ ਮੈਨੂੰ ਜਾਪਦਾ ਹੈ ਵੱਡਿਆਂ ਦੀ ਮਾੜੀ ਹਾਲਤ ਵੇਖ ਕੇ ਛੋਟਿਆਂ ਨੂੰ ਜ਼ਿੰਦਗੀ ਦੀ ਸ਼ੁੱਧ-ਬੁੱਧ ਅਜੇ ਹੈ। ਪੰਮਾ ਸਕੂਲ ਜਾਂਦਾ ਹੈ, ਪੜ੍ਹਾਈ ਵਿਚ ਵੀ ਹੁਸ਼ਿਆਰ ਹੈ। ਸਕੂਲੋਂ ਆ ਕੇ ਉਹ ਵੀ ਕੀਪੇ ਨਾਲ ਘਰ ਦੇ ਕੰਮ ਧੰਦਿਆਂ ਵਿਚ ਹੱਥ ਵਟਾਉਂਦਾ ਹੈ। ਤੂੰ ਇਉਂ ਸਮਝ ਬਈ ਇਨ੍ਹਾਂ ਛੋਟਿਆਂ ਦੋਹਾਂ ਦੇ ਆਸਰੇ ਹੀ ਘਰ ਚੱਲ ਰਿਹਾ ਹੈ। ਬਾਕੀ ਤਾਂ ਤਿੰਨੇ ਘਰ ਦੀ ਘੋਰ ਬਰਬਾਦੀ ਕਰਨ ਵਿਚ ਤੁਲੇ ਹੋਏ ਹਨ। ਇਨ੍ਹਾਂ ਨੂੰ ਤਾਂ ਜ਼ਿੰਦਗੀ ਦੀ ਆਹਟ ਦਾ ਵੀ ਖਿਆਲ ਨਹੀਂ ਹੈ। ਇਨ੍ਹਾਂ ਦੇ ਕੰਨ ਬੋਲੇ ਅਤੇ ਅੱਖਾਂ ਅੰਨ੍ਹੀਆਂ ਹੋਈਆਂ ਪਈਆਂ ਹਨ। ਪਾਗਲ ਕੁੱਤਿਆਂ ਵਾਂਗ ਆਪ-ਮੁਹਾਰੇ ਚੱਲ ਰਹੇ ਹਨ। ਨਾ ਇਨ੍ਹਾਂ ਨੂੰ ਮਾਨਵਤਾ ਨਾਲ ਕੋਈ ਮੋਹ ਰਿਹਾ ਹੈ ਤੇ ਨਾ ਜੱਗ ਜਹਾਨ ਦੀ ਕੋਈ ਖ਼ਬਰ ਹੈ। ਆਪਣੇ ਆਪ ਦੀ ਵੀ ਇਨ੍ਹਾਂ ਨੂੰ ਕੋਈ ਸ਼ੁਧ-ਬੁਧ ਨਹੀਂ ਹੈ। ਰੋਟੀ ਪਾਣੀ ਦੀ ਕੋਈ ਚਿੰਤਾ ਨਹੀਂ ਹੈ। ਖਿਆਲ ਹੈ ਤਾਂ ਨਸ਼ੇ ਦੀਆਂ ਗੋਲੀਆਂ, ਚਰਸ, ਸਮੈਕ ਅਤੇ ਸ਼ਰਾਬ ਦਾ। ਮੇਰੀ ਢਲਦੀ ਉਮਰ ’ਤੇ ਘੋਰ ਉਦਾਸੀ ਦਾ ਆਲਮ ਹੈ। ਮਨ ਹਰ ਵੇਲੇ ਉਦਾਸ ਸੋਚਾਂ ਵਿਚ ਡੁੱਬਿਆ ਰਹਿੰਦਾ ਹੈ। ਜੀਵਨ ਬਾਰੇ ਕੀ ਸੋਚਿਆ ਸੀ, ਕੀ ਦਾ ਕੀ ਬਣ ਗਿਆ ਹੈ! ਇਨ੍ਹਾਂ ਤਿੰਨਾਂ ਦੀ ਵਿੱਥਿਆ ਸੁਣਾਵਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਮੈਨੂੰ ਪਿਓ ਹੋਣ ਦਾ ਅਫ਼ਸੋਸ ਹੋਣ ਲੱਗਦਾ ਹੈ।

ਵੱਡਾ ਗਿੰਦਰ, ਸੁੱਕੇ ਚਿਲਮ ਵਰਗੇ ਮੂੰਹ ਨੂੰ ਤੇਲ ਚੋਪੜ ਕੇ ਮੁੱਛਾਂ ਚੂਹੇ ਦੀਆਂ ਮੁੱਛਾਂ ਵਾਂਗ ਫਰਕਾਉਂਦਾ ਗਲੀਆਂ ਵਿਚ ਭਾਉਂਦਾ ਫਿਰਦਾ ਰਹਿੰਦਾ ਹੈ। ਨਹਾਉਣ ਦਾ ਤਾਂ ਇਹਨੂੰ ਕਦੇ ਚੇਤਾ ਵੀ ਨਹੀਂ ਆਉਂਦਾ। ਤਿੱਖੀ ਨੋਕ ਵਾਲੀ ਮੈਲੀ ਜਿਹੀ ਪੱਗ ਬੰਨ੍ਹ ਕੇ ਅੱਖਾਂ ’ਤੇ ਕਾਲਾ ਚਸ਼ਮਾ ਚੜ੍ਹਾ ਕੇ ਕਾਰਟੂਨ ਜਿਹਾ ਬਣ ਜਾਂਦਾ ਹੈ। ਤੇਰੀ ਮਾਂ ਨੇ ਇਕ ਦਿਨ ਅਲਮਾਰੀ ਵੇਖੀ ਵਿਚੋਂ ਸਭ ਕੀਮਤੀ ਸਾਮਾਨ ਗਾਇਬ ਸੀ। ਦਸ-ਬਾਰਾਂ ਚਾਂਦੀ ਦੇ ਸਿੱਕੇ ਤੇਰੀ ਮਾਂ ਨੇ ਸਾਲਾਂ ਤੋਂ ਸੰਭਾਲ ਕੇ ਰੱਖ ਛੱਡੇ ਸਨ, ਉਹ ਵੀ ਕੱਢ ਕੇ ਲੈ ਗਿਆ ਕੋਹੜੀ! ਕੁਝ ਨਗਦ ਰੁਪਈਏ ਅਲਮਾਰੀ ਵਿਚ ਪਏ ਸਨ, ਸਭ ਨਸ਼ਿਆਂ ਦੀ ਭੇਟ ਚੜ੍ਹਾ ਆਇਆ। ਪੇਟੀ ਵਿਚ ਸਾਂਭੇ ਪਏ ਚਾਦਰਾਂ-ਖੇਸ ਸਭ ਗਾਇਬ ਹਨ। ਮੈਂ ਗਿੰਦਰ ਨੂੰ ਘਰੇ ਬਿਠਾ ਕੇ ਪੁੱਤ-ਪੁੱਤ ਕਰਕੇ ਪੁੱਛਿਆ। ਜ਼ਾਲਮ ਮੇਰੀ ਦਾੜ੍ਹੀ ਪੁੱਟਣ ਨੂੰ ਆਇਆ। ਡਰਦਾ ਹਾਂ ਇਸ ਭੂਤ ਤੋਂ, ਮਤੇ ਬੁਢਾਪੇ ਵਿਚ ਇੱਟ-ਵੱਟਾ ਮਾਰ ਕੇ ਮੰਜੇ ਉੱਤੇ ਪਾ ਦੇਵੇ!…ਤੇ ਦੂਜਾ ਹਰਿੰਦਰ! ਉਹਦੀ ਵਿੱਥਿਆ ਅਜਬ ਨਿਰਾਲੀ ਹੈ। ਮਸਾਂ ਪੰਜ ਕੁ ਫੁੱਟ ਕੱਦ ਦਾ ਹੈ ਬੌਂਗਾ ਜਿਹਾ! ਸ਼ਰਾਬ ਪੀ ਕੇ ਐਂਵੇ ਖੁੱਦੋ ਵਾਂਗ ਬੁੜ੍ਹਕਦਾ ਫਿਰੂ! ਡੀਜ਼ਲ ਇੰਜਣਾਂ ਦਾ ਅੱਵਲ ਮਿਸਤਰੀ ਹੈ ਇਹ, ਇਕ ਦਿਨ ਕੰਮ ਕਰਕੇ ਪੰਜ-ਸੱਤ ਸੌ ਕਮਾ ਲਿਆਉਂਦਾ, ਫਿਰ ਦਾਰੂ ਦਾ ਦੌਰ। ਪੈਸੇ ਮੁੱਕਿਆਂ ਤੋਂ ਫਿਰ ਕਮਾਉਂਦਾ ਤੇ ਫਿਰ ਦਾਰੂ ਪੀ ਕੇ ਮੁਕਾ ਲੈਂਦਾ ਤੇ ਫਿਰ ਪੈਸੇ ਮੁੱਕਿਆਂ ਤੋਂ ਫਿਰ ਕੰਮ ਕਰਨ ਜਾਂਦਾ ਹੈ। ਇਉਂ ਕਮਾਉਂਦਾ, ਦਾਰੂ ਪੀਂਦਾ ਰਹਿੰਦਾ ਹੈ। ਇਹਦਾ ਚੋਰੀ ਚਕਾਰੀ ਤੋਂ ਤਾਂ ਅਜੇ ਬਚਾਅ ਹੈ, ਪਰ ਇਹ ਕਿਸੇ ਦੀ ਧੀ-ਭੈਣ ਦਾ ਸਕਾ ਨਹੀਂ ਹੈ। ਕਈ ਵਾਰ ਕੁੜੀਆਂ-ਕੱਤਰੀਆਂ ਨੂੰ ਛੇੜ ਕੇ ਕੁੱਟ ਖਾ ਚੁੱਕਿਆ ਹੈ। ਮੂੰਹ ਸਿਰ ’ਤੇ ਸੱਟਾਂ ਦੇ ਨਿਸ਼ਾਨ ਇਹਦੀ ਆਸ਼ਕੀ ਦੀ ਗਵਾਹੀ ਭਰਦੇ ਹਨ।

ਤੀਜੇ ਹਰੀਏ ਬਾਰੇ ਤਾਂ ਤੂੰ ਪਹਿਲਾਂ ਹੀ ਜਾਣਦਾ ਏਂ! ਨਸ਼ੇ ਦੀਆਂ ਗੋਲੀਆਂ, ਸ਼ਰਾਬ ਤੇ ਚੋਰੀਆਂ-ਚਕਾਰੀਆਂ ਇਹਦੇ ਨਿੱਤ ਦੇ ਕੰਮ ਹਨ। ਕਦੇ ਕਿਸੇ ਦਾ ਕੂਲਰ ਖੋਲ੍ਹ ਲਿਆਊ, ਕਦੇ ਪੱਖਾ ਚੁੱਕ ਲਿਆਊ! ਦਾਰੂ ਪੀ ਕੇ ਲੜਾਈ-ਭਿੜਾਈ ਤਾਂ ਇਹਦਾ ਨਿੱਤ ਦਾ ਸ਼ੌਕ ਹੋ ਗਿਆ ਹੈ। ਦਾਰੂ ਤੋਂ ਇਲਾਵਾ ਭੰਗ, ਗਾਂਜਾ, ਭੁੱਕੀ, ਚਿੱਟਾ ਆਮ ਹੀ ਵਰਤਦਾ ਹੈ। ਹਫ਼ਤਾ ਕੁ ਪਹਿਲਾਂ ਦੀ ਇਹਦੀ ਕਰਤੂਤ ਤਾਂ ਦੰਗ ਕਰ ਦੇਣ ਵਾਲੀ ਹੈ। ਸ਼ੇਰੂ ਕੇ ਖੇਤੋਂ ਉਨ੍ਹਾਂ ਦੇ ਟਿਊਬਵੈਲ ’ਤੇ ਪਏ ਇੰਜਣ ਦੇ ਕੁਝ ਪੁਰਜੇ ਖੋਲ੍ਹ ਕੇ ਕਬਾੜੀ ਨੂੰ ਵੇਚ ਆਇਆ। ਖੋਲ੍ਹਦੇ ਨੂੰ ਕਿਸੇ ਵੇਖ ਲਿਆ ਹੋਊ। ਉਸ ਦੀ ਮਾਰਫਤ ਸ਼ੇਰੇ ਨੂੰ ਪਤਾ ਲੱਗ ਗਿਆ। ਉਹਨੇ ਹਰੀ ਨੂੰ ਪੰਚਾਇਤ ਵਿਚ ਸੱਦ ਕੇ ਪੁੱਛਿਆ। ਭਰੀ ਪੰਚਾਇਤ ਵਿਚ ਸ਼ੇਰੇ ਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਉਹਨੇ ਚੁੱਕ ਕੇ ਠਾਣੇ ਫੜਾ ਦਿੱਤਾ। ਪੁਲੀਸ ਦਾ ਪਟਾ ਤਾਂ ਵੱਡਿਆਂ ਵੱਡਿਆਂ ਤੋਂ ਸੱਚ ਉਗਲਵਾ ਲੈਂਦਾ ਹੈ। ਫਿਰ ਹਰੀ ਕੀ ਚੀਜ਼ ਸੀ? ਡੰਡੇ ਪਿਆਂ ਤੋਂ ਸਭ ਕੁਝ ਭੁਟ-ਭੁਟ ਮੰਨ ਗਿਆ। ਪੁਲੀਸ ਵਾਲਿਆਂ ਪਟੇ ਤੇ ਡੰਡੇ ਮਾਰ-ਮਾਰ ਕੇ ਪੈਰ ਤੇ ਪਿੱਛਾ ਸੁਜਾ ਦਿੱਤਾ। ਮਸਾਂ ਹੀ ਤੁਰਦਾ ਹੈ, ਪਰਸੋਂ ਛੁਡਵਾ ਕੇ ਲਿਆਇਆ ਹਾਂ। ਪੰਦਰਾਂ ਹਜ਼ਾਰ ਲੱਗ ਗਏ ਫ਼ੈਸਲੇ ’ਤੇ। ਕੁਝ ਪੁਲੀਸ ਨੂੰ ਦਿੱਤੇ ਤੇ ਕੁਝ ਸ਼ੇਰੇ ਨੂੰ ਰਾਜ਼ੀਨਾਮੇ ਦਾ ਡੰਨ ਦੇ ਕੇ ਇਹਦੀ ਜਾਨ ਖਲਾਸੀ ਕਰਵਾਈ ਹੈ। ਮੇਰੀ ਤਾਂ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਗੱਲ ਹੋਈ ਪਈ ਹੈ। ਇਹਨੂੰ ਤਾਂ ਛੁਡਵਾ ਕੇ ਵੀ ਬੁਰਾ ਤੇ ਜੇ ਨਾ ਛੁਡਵਾ ਕੇ ਲਿਆਉਂਦਾ ਤਾਂ ਵੀ ਬੁਰਾ ਸੀ। ਦਰਅਸਲ, ਮੈਂ ਤਾਂ ਦਿਲ ’ਤੇ ਪੱਥਰ ਰੱਖ ਲਿਆ ਸੀ ਬਈ ਹੁਣ ਨਹੀਂ ਛੁਡਵਾਉਣਾ, ਪਰ ਤੇਰੀ ਮਾਂ ਨੇ ਪੇਸ਼ ਨਹੀਂ ਜਾਣ ਦਿੱਤੀ। ਰੋਂਦੀ ਫਿਰਦੀ ਸੀ ਪੁੱਤਰ ਮੋਹ ਵਿਚ। ਹੁਣ ਦੁੱਧ ਵਿਚ ਹਲਦੀ ਪਾ ਪਾ ਕੇ ਪਿਆਉਂਦੀ ਹੈ ਲਾਡਲੇ ਨੂੰ। ਸੱਟਾਂ ’ਤੇ ਤੇਲ ਮਲ-ਮਲ ਕੇ ਰਾਜ਼ੀ ਕਰਦੀ ਹੈ ਬਈ ਫਿਰ ਆਪਣੀਆਂ ਕਰਤੂਤਾਂ ਦੇ ਆਹਰੇ ਲੱਗ ਸਕੇ। ਊਂ ਮੇਰੇ ਅੰਦਾਜ਼ੇ ਮੁਤਾਬਕ ਹਰੀ ਨੂੰ ਜਟਾਧਾਰੀ ਬਾਬੇ ਨੇ ਵਿਗਾੜਿਆ ਹੈ। ਇਹਦਾ ਨਹਿਰ ਕੁਟੀ ਵਾਲੇ ਬਾਬੇ ਕੋਲ ਆਉਣਾ ਜਾਣਾ ਹੈ। ਉਹ ਗਾਂਜਾ ਤੇ ਭੰਗ ਪਿਆ ਛੱਡਦਾ ਹੈ ਪਿੰਡ ਦੇ ਮੁੰਡਿਆਂ ਨੂੰ। ਊਟ-ਪਟਾਂਗ ਜਿਹੀ ਸਿੱਖਿਆ ਇਹ ਜਟਾਧਾਰੀ ਬਾਬਾ ਮੁੰਡਿਆਂ ਨੂੰ ਦਿੰਦਾ ਹੈ। ਪਿੰਡ ਦੇ ਕਈ ਮੁੰਡੇ ਵਿਗਾੜ ਦਿੱਤੇ ਇਸ ਸਾਧ ਨੇ। ਪਤਾ ਨਹੀਂ ਕਿੱਥੋਂ ਕੱਢਿਆ-ਵੱਢਿਆ ਇਹ ਸਾਡੇ ਪਿੰਡ ਆਣ ਵਸਿਆ। ਡੇਢ ਸਾਲ ਹੋ ਗਿਆ ਇਹਨੂੰ ਪਿੰਡ ਆਏ ਨੂੰ। ਨਹਿਰ ਕੁਟੀ ’ਤੇ ਕਬਜ਼ਾ ਕਰੀ ਬੈਠਾ ਹੈ। ਲੰਗਰ-ਪਾਣੀ ਦਾ ਪ੍ਰਬੰਧ ਦੋਵੇਂ ਛੋਟੇ ਕਰਦੇ ਹਨ, ਵੱਡੇ ਤਾਂ ਬਸ ਰਸੋਈ ’ਚ ਵੜ ਕੇ ਪੱਕੀਆਂ-ਪਕਾਈਆਂ ਖਾਂਦੇ ਤੇ ਕੋਹੜੀਆਂ ਵਾਲੀ ਜ਼ਿੰਦਗੀ ਜਿਉਂਦੇ ਹਨ।

ਮੈਂ ਆਪਣੇ ਤਿੰਨਾਂ ਨੂੰ ਕੀ ਰੋਣਾ, ਇੱਥੇ ਤਾਂ ਸਾਰੇ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਗਰਕੀ ਪਈ ਹੈ। ਪੰਜਾਬ ਦਾ ਕੋਈ ਪਿੰਡ ਐਸਾ ਨਹੀਂ ਜਿੱਥੇ ਨਸ਼ਿਆਂ ਨੇ ਜਵਾਨੀਆਂ ਦਾ ਘਾਣ ਨਾ ਕੀਤਾ ਹੋਵੇ। ਇਹ ਸਾਧ ਲਾਣਾ ਹੀ ਨਸ਼ੇ ਸਪਲਾਈ ਕਰਦਾ ਹੈ ਜਵਾਨੀਆਂ ਨੂੰ! ਊਂ ਸ਼ਹਿਰਾਂ ’ਚ ਵੀ ਹਾਲਤ ਠੀਕ ਨਹੀਂ ਹੈ। ਛੋਟੇ-ਛੋਟੇ ਬੱਚੇ ਸਿਗਰਟਾਂ ਪੀਂਦੇ ਤੇ ਗੁਟਕੇ ਖਾਂਦੇ ਆਮ ਹੀ ਨਜ਼ਰ ਆ ਜਾਂਦੇ ਹਨ। ਇੱਥੇ ਹਟਕਣ-ਵਰਜਣ ਵਾਲਾ ਕੋਈ ਨਹੀਂ ਹੈ। ਸਿਆਸਤਦਾਨ, ਸਿਆਸਤਾਂ ਕਰਨ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਭਲੇ ਮਾਣਸਾਂ ਨੂੰ ਵੋਟਾਂ ਦੀ ਭੁੱਖ ਚੱਤੇ-ਪਹਿਰ ਲੱਗੀ ਰਹਿੰਦੀ ਹੈ। ਵੋਟਾਂ ਵੀ ਉਹ ਲੋਕਾਂ ਨੂੰ ਸ਼ਰਾਬਾਂ ਪਿਆ-ਪਿਆ ਕੇ ਬਟੋਰਦੇ ਹਨ। ਪੁਲੀਸ ਦਾ ਤਾਂ ਕਹਿਣਾ ਹੀ ਕੀ ਹੈ! ਪੁਲੀਸ ਅਤੇ ਪੂਰੀ ਅਫ਼ਸਰਸ਼ਾਹੀ ਭ੍ਰਿਸ਼ਟਾਚਾਰ ਦੀ ਦਲ-ਦਲ ਵਿਚ ਗਰਕ ਚੁੱਕੀ ਹੈ। ਪੁਲੀਸ ਦੀ ਨਿਗਰਾਨੀ ਹੇਠ ਹੀ ਚਿੱਟਾ ਅਤੇ ਹੋਰ ਨਸ਼ੇ ਅਮਲੀਆਂ ਤਕ ਪੁੱਜਦੇ ਹਨ। ਇਕ ਨਿੱਕੀ ਜਿਹੀ ਚਿੱਟੇ ਦੀ ਪੁੜੀ ਪੰਜਾਹ ਤੋਂ ਸੌ ਰੁਪਈਆਂ ਵਿਚ ਵਿਕਦੀ ਹੈ। ਮੁੰਡਿਆਂ ਦੇ ਸਤਾਏ ਬਾਪੂ ਫਾਹੇ ਲੈ ਰਹੇ ਹਨ। ਨਸ਼ੇ ਦੀ ਤੋੜ ਦੇ ਮਾਰੇ ਨੌਜਵਾਨ ਮੁੰਡੇ ਚੋਰੀਆਂ-ਚਕਾਰੀਆਂ ਅਤੇ ਖੁਦਕਸ਼ੀਆਂ ਦੇ ਰਾਹ ਤੁਰ ਪਏ ਹਨ। ਲੋਕਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵਿਕ ਰਹੀਆਂ ਹਨ। ਮਾਵਾਂ ਆਪਣੇ ਗੱਭਰੂ ਪੁੱਤਾਂ ਦੇ ਦੁੱਖਾਂ ਦੀਆਂ ਮਾਰੀਆਂ ਉਮਰੋਂ ਪਹਿਲਾਂ ਬੁੱਢੀਆਂ ਹੋ ਰਹੀਆਂ ਹਨ। ਪੂਰੇ ਹਿੰਦੋਸਤਾਨ ਤੋਂ ਵੱਧ ਅਮਲੀ ਪੰਜਾਬ ਵਿਚ ਵਸਦੇ ਪ੍ਰਤੀਤ ਹੁੰਦੇ ਹਨ। ਇਉਂ ਜਾਪਦੈ ਜਿਵੇਂ ਗੁਰੂਆਂ ਦੀ ਪਵਿੱਤਰ ਧਰਤੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਕਦੇ ਖੁਸ਼ਹਾਲ ਵੱਸਦੇ ਪੰਜਾਬ ਦਾ ਅੱਜ ਕੋਈ ਵਾਲੀ ਵਾਰਸ ਪ੍ਰਤੀਤ ਨਹੀਂ ਹੋ ਰਿਹਾ! ਰੁਜ਼ਗਾਰ ਨਾ ਮਿਲਣ ਕਰਕੇ ਪੜ੍ਹਿਆ-ਲਿਖਿਆ ਨੌਜਵਾਨ ਜ਼ਮੀਨਾਂ ਵੇਚ-ਵੇਚ ਵਿਦੇਸ਼ਾਂ ਨੂੰ ਭੱਜ ਰਿਹਾ ਹੈ। ਧੜਾ-ਧੜ ਪਾਸਪੋਰਟ ਬਣ ਰਹੇ ਹਨ। ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਠੋਸ ਉਪਰਾਲੇ ਕਰਨੇ ਪੈਣਗੇ। ਅਜੇ ਤਾਂ ਅਜਿਹਾ ਮਸੀਹਾ ਕੋਈ ਨਜ਼ਰ ਨਹੀਂ ਆ ਰਿਹਾ। ਪੁਲੀਸ ਅਤੇ ਪ੍ਰਸ਼ਾਸਨ ਤਾਂ ਇਸ ਕੰਮ ਲਈ ਫੇਲ੍ਹ ਹੀ ਹੈ! ਪੁਲੀਸ ਵਿਚ ਵੀ ਬਥੇਰੇ ਅਮਲੀ ਭਰਤੀ ਕਰ ਰੱਖੇ ਹਨ ਜੋ ਨਸ਼ਿਆਂ ਦੀ ਤਸਕਰੀ ਵਿਚ ਸਹਾਈ ਸਿੱਧ ਹੋ ਰਹੇ ਹਨ। ਪੁਲੀਸ ਅਤੇ ਪ੍ਰਸ਼ਾਸਨ ਤਾਂ ਪੰਜਾਬ ਦੀ ਬਿਹਤਰੀ ਲਈ ਕੁਝ ਕਰਦੇ ਪ੍ਰਤੀਤ ਨਹੀਂ ਹੋ ਰਹੇ। ਹੁਣ ਤੁਸੀਂ ਫ਼ੌਜੀ ਹੀ ਕੁਝ ਕਰ ਸਕਦੇ ਹੋ ਤਾਂ ਕਰੋ! ਹੋਰ ਤਾਂ ਕਿਤੋਂ ਕੋਈ ਉਮੀਦ ਦੀ ਕਿਰਨ ਵਿਖਾਈ ਨਹੀਂ ਦੇ ਰਹੀ!

ਨਸ਼ਿਆਂ ਅਤੇ ਅੱਯਾਸ਼ੀ ਦੇ ਵਿਗਾੜੇ ਨੌਜਵਾਨ ਕੰਮ ਤੋਂ ਕੰਨੀ ਕਤਰਾਉਣ ਲੱਗੇ ਹਨ। ਆਰਾਮਪ੍ਰਸਤੀ ਇਨ੍ਹਾਂ ਦੇ ਹੱਡਾਂ ਵਿਚ ਰੌਂ ਗਈ ਹੈ। ਪੰਜਾਬ ’ਤੇ ਬਿਹਾਰੀਆਂ ਦਾ ਕਬਜ਼ਾ ਹੁੰਦਾ ਜਾ ਰਿਹਾ ਹੈ। ਲੁਧਿਆਣਾ ਇੰਡਸਟਰੀ ਤਾਂ ਬਿਹਾਰੋਂ ਆ ਕੇ ਵਸੇ ਮਿਹਨਤੀ ਬਿਹਾਰੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਹੌਲੀ-ਹੌਲੀ ਪੰਜਾਬ ਦੀ ਖੇਤੀ ਸਨਅਤ ਵੀ ਗੈਰ ਪੰਜਾਬੀਆਂ ਦੇ ਕਬਜ਼ੇ ਹੇਠ ਆ ਜਾਵੇਗੀ। ਪੰਜਾਬ ਕੁਝ ਨਸ਼ਿਆਂ ਨੇ ਖਾ ਲੈਣਾ ਤੇ ਬਾਕੀ ਬਚਦਾ ਵਿਦੇਸ਼ਾਂ ਦੀ ਧੂੜ ਚੱਟਦਾ ਰਹਿ ਜਾਣਾ ਹੈ। ਨਸ਼ਿਆਂ ਪ੍ਰਤੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਨੌਜਵਾਨਾਂ ਨੂੰ ਸਹੀ ਸੇਧ ਮਿਲਣੀ ਚਾਹੀਦੀ ਹੈ। ਚੰਗਾ ਅਤੇ ਉਸਾਰੂ ਸਾਹਿਤ ਇਸ ਵਿਚ ਬਹੁਤ ਸਹਾਈ ਸਿੱਧ ਹੋ ਸਕਦਾ ਹੈ। ਪੰਜਾਬੀ ਗੀਤਕਾਰ ਤਾਂ ਜੱਟਵਾਦ ਦੇ ਲਲਕਾਰਿਆਂ ਤੋਂ ਅੱਗੇ ਵੱਧਦੇ ਨਹੀਂ ਜਾਪਦੇ। ਗਾਇਕਾਂ ਨੇ ਤਾਂ ਗੀਤਾਂ ਨੂੰ ਲਲਕਾਰਿਆਂ ਵਿਚ ਤਬਦੀਲ ਕਰ ਦਿੱਤਾ ਹੈ। ਪੰਜਾਬੀ ਫ਼ਿਲਮਾਂ ਵੀ ਵਿਦੇਸ਼ੀ ਸਬਜ਼ਬਾਗਾਂ ਅਤੇ ਦਾਰੂ ਦੇ ਲਲਕਾਰਿਆਂ ਵਰਗੀਆਂ ਹੀ ਬਣਦੀਆਂ ਹਨ। ਲੋਕਾਂ ਨੂੰ ਉਸਾਰੂ ਸੇਧ ਦੇਣ ਵਾਲੀਆਂ ਬਹੁਤ ਘੱਟ ਫ਼ਿਲਮਾਂ ਬਣੀਆਂ ਹਨ। ਉਹ ਵੀ ਵਿਗੜੇ ਤੰਤਰ ਨੂੰ ਸੁਧਾਰਨ ਵਾਸਤੇ ਕਾਫ਼ੀ ਨਹੀਂ ਹਨ। ਵਿਆਹ-ਸ਼ਾਦੀਆਂ ਵਿਚ ਵੱਜਦੇ ‘ਡੀਜੇ’ ਦੇ ਗੀਤ ਤਾਂ ਅਸਲੋਂ ਸ਼ੋਰ-ਸ਼ਰਾਬਾ ਹੀ ਹੁੰਦੇ ਹਨ। ਲੋਕਾਂ ਨੂੰ ਸਹੀ ਦਿਸ਼ਾ ਦੇਣ ਵਾਲੇ ਬੰਦਿਆਂ ਦੀ ਲੋੜ ਹੈ।

ਬਸ, ਹੋਰ ਕੀ ਲਿਖਾਂ ? ਤੈਨੂੰ ਚਿੱਠੀ ਲਿਖ ਕੇ ਮਨ ਦੀ ਭੜਾਸ ਕੱਢ ਲਈ ਹੈ। ਆਪਣੇ ਜਣਿਆਂ ਦੀ ਹੋਣੀ ਵੇਖ ਕੇ ਝੂਰਦਾ ਰਹਿੰਦਾ ਹਾਂ। ਆਪਣੇ ਇਨ੍ਹਾਂ ਬਰਖੁਰਦਾਰਾਂ ਦੀ ਦੁਰਦਸ਼ਾ ਵੇਖ ਕੇ ਮਨ ਭਰਿਆ ਪਿਆ ਸੀ। ਮਨ ਕੁਝ ਹਲਕਾ ਹੋ ਗਿਆ ਹੈ, ਪਰ ਆਸ਼ਾ ਦੀ ਕਿਰਨ ਅਜੇ ਵੀ ਕਿਤੇ ਵਿਖਾਈ ਨਹੀਂ ਦੇ ਰਹੀ। ਹੋ ਸਕਦਾ ਹੈ ਅੱਜ ਰਾਤੀਂ ਸ਼ਾਂਤੀ ਨਾਲ ਸੌਂ ਸਕਾਂਗਾ। ਕਈ ਦਿਨਾਂ ਦਾ ਨਾ ਢੰਗ ਨਾਲ ਸੁੱਤਾ ਹਾਂ, ਨਾ ਹੀ ਠੀਕ ਤਰ੍ਹਾਂ ਕੁਝ ਖਾਧਾ-ਪੀਤਾ ਹੈ। ਇਉਂ ਲੱਗਦਾ ਹੈ ਜਿਵੇਂ ਚਿੰਤਾ ਹੀ ਮੇਰੀ ਚਿਤਾ ਬਣ ਜਾਵੇਗੀ। ਸਭ ਫ਼ੌਜੀਆਂ ਲਈ ਆਦਰ ਅਤੇ ਸਤਿਕਾਰ ਭੇਜਦਾ ਹਾਂ! ਸਰਬੱਤ ਦਾ ਭਲਾ ਮੰਗਦਾ, ਤੇਰਾ ਅਭਾਗਾ ਜਿਹਾ ਬਾਪੂ…।
ਸੰਪਰਕ: 096540-36080  

Leave a Reply

Your email address will not be published. Required fields are marked *