ਕਰੋਨਾ ਦਾ ਬਾਪ

ਜੋਗੇ ਭੰਗਲ

ਕਥਾ ਪ੍ਰਵਾਹ

ਠੰਢ ਬਹੁਤ ਸੀ। ਖ਼ਬਰਾਂ ਅਨੁਸਾਰ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਸੀ। ਤਿੰਨ ਵਜੇ ਦਾ ਦਿਨ ਦਾ ਸਮਾਂ ਹੋਵੇਗਾ। ਧੁੰਦ ਅਜੇ ਵੀ ਪੂਰੀ ਨਹੀਂ ਸੀ ਹਟੀ। ਮੋਹਣ ਢਾਬੇ ’ਤੇ ਪਹੁੰਚਦਾ ਹੀ ਮੈਂ ਉਨ੍ਹਾਂ ਦੀ ਭੱਠੀ ’ਤੇ ਹੱਥ ਸੇਕਣ ਲਈ ਖਲੋ ਗਿਆ।

“ਕਿਉਂ, ਐਨੀ ਠੰਢ ਲੱਗਦੀ ਆ। ਤੀਹਰੇ-ਚੌਹਰੇ ਕੱਪੜੇ, ਹੱਥੀਂ ਦਸਤਾਨੇ, ਪੈਰੀਂ ਬੂਟ-ਜਰਾਬਾਂ। ਫਿਰ ਆਹ ਸਿਰ ’ਤੇ ਬਾਂਦਰ ਟੋਪੀ ਲੈ ਕੇ ਵੀ ਠਰੂੰ-ਠਰੂੰ ਕਰੀ ਜਾਂਦੇ।”

“ਭਰਾਵਾ, ’ਕਹਿਰਾ ਜਿਹਾ ਸਰੀਰ ਆ। ਤੂੰ ਤਾਂ ਅੱਗ ਮੂਹਰੇ ਰੋਟੀਆਂ ਪਕਾਉਂਨਾ, ਤੈਨੂੰ ਤਾਂ ਗਰਮੀ ਲੱਗਦੀ ਹੋਣੀ ਆਂ। ਕਰੋਨਾ ਵੀ ਜਲੀ ਜਾਂਦਾ, ਨਾਲ ਦੀ ਨਾਲ ਈ। ਤੇਰੇ ਭਾਅ ਦਾ ਤਾਂ ਭਾਈ ਅਜੇ ਸਿਆਲ਼ ਚੜ੍ਹਿਆ ਈ ਨਈਂ।”

“ਭਾਈ ਸਾਬ੍ਹ, ਠੰਢ ਤੋਂ ਐਨਾ ਨਾ ਬਚੋ। ਜਿੰਨਾ ਇਸ ਤੋਂ ਬਚੋਗੇ, ਉਨਾ ਫਸੋਗੇ। …ਸਰੀਰ ਨੂੰ ਮੁਸ਼ਕਲਾਂ ਨਾਲ ਲੜਨ ਲਈ ਢਾਲੋ। ਡਾਰਵਿਨ ਦੀ ਥਿਊਰੀ ‘ਜੀਵਾਂ ਦੀ ਉਤਪਤੀ’ ਪੜ੍ਹ ਕੇ ਦੇਖੋ। ਕਰੋਨੇ ਨਾਲ ਵੀ ਇਸੇ ਥਿਊਰੀ ਅਨੁਸਾਰ ਨਜਿੱਠਣਾ ਚਾਹੀਦਾ।” ਉੱਥੇ ਬੈਠੇ ਇਕ ਗਾਹਕ ਨੇ ਰੋਟੀ ਖਾਂਦਿਆਂ-ਖਾਂਦਿਆਂ ਹੀ ਆਪਣੀ ਫਿਲਾਸਫ਼ੀ ਘੋਟ ਮਾਰੀ।

“ਜਨਾਬ ਕੀ ਕਰੀਏ, ਬੀ.ਪੀ. ਅੱਗੇ ਵਧਦੈ। ਐਨਾ ਵੀ ਬਚਾ ਨਾ ਕਰੀਏ, ਇਹ ਤਾਂ ਗੇੜੇ ਦੇ ਦੇਊ।”

“ਗਲਤ, ਬਿਲਕੁਲ ਗਲਤ। …ਰੋਟੀ ਖਾ ਕੇ ਬਾਅਦ ’ਚ ਮੇਰੇ ਨਾਲ ਇਕ ਬੈਠਕ ਕਰੋ। ਮੇਰਾ ਨੁਕਤਾ ਅਜ਼ਮਾ ਕੇ ਦੇਖਿਉ। ਨਾਲੇ ਮੈਂ ਤੁਹਾਨੂੰ ਸੰਤੁਲਤ ਖੁਰਾਕ ਦਾ ਚਾਰਟ ਦਿੰਨਾਂ, ਉਸ ਅਨੁਸਾਰ ਖਾਉ-ਪੀਉ। ਮਜ਼ਾਲ ਕਿ ਬਿਮਾਰੀ ਨੇੜੇ ਖੜ੍ਹ ਜਾਵੇ।” ਇਸ ਬਿਨਾਂ ਮੰਗੇ ਸਲਾਹ ਦੇਣ ਵਾਲੇ ਨੂੰ ਵਿਅੰਗ ਨਾਲ ਡਾਕਟਰ ਕਹਿੰਦੇ। ਸਿਰਫ਼ ਮੈਟਰਿਕ ਪਾਸ ਏ। ਉਹਦੀ ਕੋਈ ਆਪਣੀ ਨੇਚਰੋਪੈਥੀ ਏ। ਕਦੇ-ਕਦੇ ਕੰਮ ਦੀ ਗੱਲ ਵੀ ਕਰ ਜਾਂਦਾ। ਆਮ ਉਹਨੂੰ ਜਾਣਦੇ ਲੋਕੀਂ ਇਹੀ ਸਲਾਹ ਦਿੰਦੇ ਨੇ ਕਿ ਇਹਦੇ ਨਾਲ ਜ਼ਿਆਦਾ ਬਹਿਸੋ ਨਾ। ਇਹਦੀ ਸੁਣ ਕੇ ਬਸ ਹਾਂ ਜੀ – ਹਾਂ ਜੀ ਕਰੀ ਜਾਓ। ਨਈਂ ਤਾਂ ਤੁਹਾਡਾ ਇਹ ਦਿਮਾਗ਼ ਚੱਟ ਜਾਊ।

ਹੁਣ ਔਹ ਕਰਿਸ਼ਮੇ ਕਰਨ ਵਾਲੇ ਨੂੰ ਦੇਖ ਲਉ। ਸਾਹਮਣੇ, ਕਿਵੇਂ ਘੋੜੇ ਵਾਂਗ ਖੜ੍ਹਾ-ਖੜ੍ਹਾ ਚਰ ਰਿਹਾ। ਕੋਈ ਇਹਨੂੰ ਊਠ ਕਹਿੰਦਾ। ਹੋਰ ਕੋਈ ਘੋੜਾ ਕਹੀ ਜਾਂਦਾ। ਇਹ ਖੜ੍ਹਾ-ਖੜ੍ਹਾ ਇਸ ਕਰਕੇ ਨਈਂ ਖਾ ਰਿਹਾ, ਪਈ ਇਹਨੂੰ ਕੋਈ ਕਾਹਲ ਏ। ਇਹ ਹਮੇਸ਼ਾ ਖੜ੍ਹੀ ਲੱਤੇ ਹੀ ਖਾਂਦਾ-ਪੀਂਦਾ। ਨਈਂ ਤਾਂ ਆਮ ਕਹਿੰਦੇ ਨੇ ਕਿ ਬਹਿ ਕੇ ਆਰਾਮ ਨਾਲ ਖਾਣਾ ਚਾਹੀਦਾ ਹੈ। ਕੋਈ ਉਹਨੂੰ ਪੇਟੂ ਕਹਿੰਦਾ। ਪਰ ਪੇਟ ਤਾਂ ਉਹਦਾ ਹੈ ਈ ਨਈਂ। ਹਾਂ, ਇਹ ਉਹੀ ਬੰਦਾ ਏ ਜਿਹਦੀਆਂ ਵੀਹ ਤੁਹਾਡੀਆਂ ਚਾਰ ਦੇ ਬਰਾਬਰ ਨੇ। ਫਿਰ ਨਾਲ ਮੁੱਠ ਭਰ ਮਿਰਚਾਂ ਆਪ ਹੀ ਉਨ੍ਹਾਂ ਦੀ ਟੋਕਰੀ ਵਿੱਚੋਂ ਚੁੱਕ ਲੈਂਦਾ। ਇਕ ਵੱਡਾ ਗੱਠਾ ਲਸਣ, ਨਾਲ ਇੰਨਾ ਹੀ ਅਦਰਕ ਮਕਰ-ਮਕਰ ਚੱਬ ਜਾਂਦਾ। ਦੋ ਬੜੇ ਪਿਆਜ਼, ਚਾਰ ਟਮਾਟਰ ਤੇ ਨਾਲ ਦੋ ਖੀਰੇ ਵੀ ਰਗੜ ਜਾਂਦਾ ਹੈ। ਰੋਟੀ ਇਕ ਸਮੇਂ ਹੀ ਖਾਂਦਾ। ਕਹਿੰਦੇ ਐਤਵਾਰ ਨੂੰ ਸਿਰਫ਼ ਇਹ ਫਲ-ਫਰੂਟ, ਸਲਾਦ, ਕੱਚੀ ਸਬਜ਼ੀਆਂ ਖਾਂਦਾ। ਲੰਮੇ ਕੱਦ ਦਾ ਬੰਦਾ। ਸਰੀਰ ਬਿਲਕੁਲ ਪਤਲਾ, ਛਾਂਟੇ ਜਿਹਾ। ਸਿਰੋਂ ਗੰਜਾ, ਨਾ  ਕੋਈ ਟੋਪੀ। ਪੈਰੀਂ ਚੱਪਲਾਂ, ਸਾਧਾਰਨ ਜਿਹਾ ਕਮੀਜ਼ ਪਜਾਮਾ ਪਾਈ, ਠੰਢ ਨੂੰ ਲਲਕਾਰਦਾ ਤੁਰਿਆ ਫਿਰਦਾ। ਦੇਖਣ ਵਾਲੇ ਸਭ ਇਹੀ ਸੋਚਦੇ ਨੇ ਕਿ ਇਸ ਬੰਦੇ ਦੇ ਕਰੋਨਾ ਨੇੜੇ ਨਈਂ ਆ ਸਕਦਾ। ਕੋਈ ਕਹਿੰਦਾ, ਇਹ ਕਮਲਾ ਹੋਊ। ਉਹਨੂੰ ਕਮਲ਼ਾ ਕਹਿਣ ਵਾਲੇ ਮੈਨੂੰ ਕਮਲੇ ਜਾਪਦੇ। ਹਰ ਕੋਈ ਸੋਚਦਾ, ਇਹ ਐਨਾ ਖਾਣਾ ਪਾਉਂਦਾ ਕਿੱਥੇ। ਖਾਣ ਵਾਲਾ ਮਕਰ-ਮਕਰ ਖਾਈ ਜਾਂਦਾ। ਵੀਹ ਖਾ ਕੇ ਡਕਾਰ ਲੈਂਦਾ। ਉਹਨੂੰ ਦੇਖਣ ਵਾਲੇ ਖਾਹਮਖਾਹ ਪ੍ਰੇਸ਼ਾਨ ਕਿ ਰੋਟੀਆਂ ਕਿੱਧਰ ਜਾਂਦੀਆਂ ਨੇ। ਆਮ ਬੰਦਾ ਤਾਂ ਅੱਧੀ ਰੋਟੀ ਵਾਧੂ ਖਾ ਲਏ ਤਾਂ ਜਿਵੇਂ ਸਾਹ ਨਹੀਂ ਆਉਂਦਾ ਹੁੰਦਾ। ਜਦ ਦੁੱਧ ਪੀਂਦਾ, ਇਕੱਠਾ ਦੋ ਲਿਟਰ ਪੀ ਜਾਂਦਾ। ਅਖੇ ਇਹ ਅੱਜਕੱਲ੍ਹ ਕਰਦਾ ਕਰਾਉਂਦਾ ਵੀ ਕੱਖ ਨਈਂ। ਘੁੰਮ-ਫਿਰ ਕੇ ਟਾਈਮ ਪਾਸ ਕਰਦਾ ਏ। ਢਾਬੇ ਵਾਲੇ ਅਤੇ ਉੱਥੋਂ ਪ੍ਰਸ਼ਾਦੇ ਛਕਣ ਵਾਲੇ ਸਭ ਉਹਨੂੰ ਖੜ੍ਹਾ ਆਦਮੀ ਕਹਿੰਦੇ। ਜ਼ਿਆਦਾ ਕੰਮ ਇਹ ਖੜ੍ਹੇ-ਖੜ੍ਹੇ ਹੀ ਕਰਦਾ। ਕਈ ਬੰਦੇ ਖ਼ਾਸਕਰ ਉਹਨੂੰ ਦੇਖਣ ਆਉਂਦੇ ਕਿ ਕਿਹੜਾ ਕ੍ਰਿਸ਼ਮੀ ਬੰਦਾ ਏ। ਫਿਰ ਕਦੇ-ਕਦੇ ਉਹ ਰੁੱਸ ਵੀ ਜਾਂਦਾ ਜਦੋਂ ਲੋਕੀਂ ਉਹਨੂੰ ਟਿਕਟਿਕੀ ਲਗਾ ਕੇ ਦੇਖਣੋਂ ਨਾ ਹਟਦੇ। ਉਦੋਂ ਉਹ ਦਸ ਦਿਨ ਦਿਸਦਾ ਹੀ ਨਾ।

ਉਂਝ ਕਿਸੇ ਨੂੰ ਨ੍ਹੀਂ ਪਤਾ, ਪਈ ਇਹਦੀ ਘਰਵਾਲੀ ਕਿਉਂ ਇਹਨੂੰ ਛੱਡ ਕੇ ਚਲੀ ਗਈ। ਹਾਂ, ਇਹਦੇ ਗੁਆਂਢੀਆਂ ਦੇ ਅਟ-ਸਟੇ ਨੇ ਕਿ ਇਹਦੇ ਸਾਰੇ ਕੰਮ ਖੜ੍ਹੇ-ਖੜ੍ਹੇ ਕਰਨ ਕਰਕੇ ਉਹ ਇਹਨੂੰ ਛੱਡ ਕੇ ਚਲਦੀ ਬਣੀ। ਕਿਸੇ ਦੀ ਹਿੰਮਤ ਨਈਂ, ਇਹਨੂੰ ਪੁੱਛ ਜਾਏ ਪਤਨੀ ਬਾਰੇ। ਇਹ ਬਹੁਤ ਘੱਟ ਬੋਲਦਾ ਏ। ਬੱਸ, ਝੱਟ ਮੂੰਹ ’ਤੇ ਉਂਗਲ ਰੱਖ ਕੇ ਇਸ਼ਾਰਾ ਕਰੇਗਾ- ਨੋ ਪਰਸਨਲ ਇੰਟਰਫੇਰੈਂਸ। ਕੋਈ ਉਹਦੇ ਨਾਲ ਕਟਾਕਸ਼ ਭਰੇ ਢੰਗ ਨਾਲ ਗੱਲ ਨਈਂ ਕਰ ਸਕਦਾ। ਉਹ ਝੱਟ ਜਾਚ ਜਾਂਦਾ ਏ ਕਿ ਫਲਾਣਾ ਬੰਦਾ ਮੈਨੂੰ ਕੁਝ ਕਹਿਣ ਲੱਗਾ। ਕਿਸੇ ਦੇ ਕੁਝ ਕਹਿਣ ਦੀ ਦੇਰ, ਇਹਨੇ ਆਪਣਾ ਰਾਸਤਾ ਬਦਲਿਆ ਸਮਝੋ।  ਜਾਂ ਫਿਰ ਕੋਈ ਜ਼ਿਆਦਾ ਖਹਿੜੇ ਪੈ ਜਾਏ ਤਾਂ ਉਹ ਉਹਨੂੰ ਕਲਾਮ ਕਰਨੀ ਬੰਦ ਕਰ ਦਿੰਦਾ। ਕੋਈ ਇਹਤੋਂ ਵੀ ਦੋ ਕਦਮ ਅੱਗੇ ਟੱਪ ਜਾਏ ਤਾਂ ਉਹ ਉਧਰ ਆਉਣਾ ਹੀ ਛੱਡ ਜਾਂਦਾ। ਹੋਰ ਢਾਬਾ ਲੱਭ ਲੈਂਦਾ। ਕਰ ਲਉ ਕੀ ਕਰਨਾ।

ਕੋਈ ਹੋਰ ਇਹਨੂੰ ਨੇਰ੍ਹੀ ਕਹਿੰਦਾ। ਪਝੰਤਰ ਦੇ ਨੇੜੇ ਉਮਰ ਹੋਣੀ, ਅਥਲੀਟਾਂ ਵਾਲੀ ਚਾਲ ਏ। ਦੇਖਦਿਆਂ-ਦੇਖਦਿਆਂ ਔਹ ਜਾਂਦਾ।

ਹਰ ਕੋਈ ਉਹਨੂੰ ਪੁੱਛਣ ਤੋਂ ਜਕਦਾ- ਤੁਸੀਂ ਇੰਨੀਆਂ ਰੋਟੀਆਂ ਖੜ੍ਹੇ-ਖੜ੍ਹੇ ਖਾ ਜਾਂਦੇ ਓ, ਇਹਦਾ ਆਖ਼ਰ  ਰਾਜ਼ ਕੀ…।  ਕੋਈ ਹੋਰ ਪੁੱਛਣਾ ਚਾਹੁੰਦਾ ਕਿ ਤੁਸੀਂ ਇਕ ਵਾਰ ਖਾਣ ਦੀ ਬਜਾਏ ਇਨ੍ਹਾਂ ਨੂੰ ਦਿਹਾੜੀ ਵਿਚ ਤਿੰਨ ਟਾਈਮ ਖਾਉ। ਪਰ ਗੱਲ ਤਾਂ ਇਹ ਏ ਕਿ ਬਿੱਲੀ ਦੇ ਗਲ ’ਚ ਟੱਲੀ ਕੌਣ ਬੰਨ੍ਹੇ। ਢਾਬੇ ਵਾਲੇ ਨੂੰ ਕਹੋ ਤਾਂ ਉਹ ਕਹਿੰਦਾ ਮੇਰਾ ਦਿਮਾਗ਼ ਖਰਾਬ ਐ, ਮੈਂ ਕਿਉਂ ਪੁੱਛ ਕੇ  ਆਪਣਾ ਗਾਹਕ ਖਰਾਬ ਕਰਾਂ, ਉਹਦਾ ਨਿੱਜੀ ਮਸਲਾ। ਸਾਡਾ ਇਸ ਗੱਲ ਨਾਲ ਕੀ ਲੈਣਾ-ਦੇਣਾ। ਚਾਰ ਗਾਹਕਾਂ ਦਾ ਭੁਗਤਾਨ ਕਰ ਜਾਂਦਾ ਅਗਲਾ। ਮੈਂ ਐਵੇਂ….. ਆ ਬੈਲ ਮੈਨੂੰ ਮਾਰ।

ਮੈਨੂੰ ਇਹ ਬੰਦਾ ਅਜੀਬ ਵੀ ਲੱਗਾ, ਦਿਲਚਸਪ ਅਤੇ ਕੰਮ ਦਾ ਵੀ। ਪਰ ਸੁਆਲ ਇਹ ਸੀ ਕਿ ਬੰਦੇ ਨੂੰ ਪੱਟੀਏ ਕਿਵੇਂ। ਕਿਤੇ ਜਕਦੇ-ਜਕਦੇ ਇਹ ਗ਼ਲਤੀ ਕਰ ਲਈ ਤਾਂ ਰਹਿੰਦੀ ਗਿੱਲ-ਸੁੱਕ ਵੀ ਨਾ ਜਾਂਦੀ ਰਹੇ। ਕੋਈ ਨਾ ਕੋਈ ਹੀਲਾ ਲੱਭਣ ਲਈ ਗੱਲ ਮੇਰੇ ਦਿਮਾਗ਼ ’ਚ ਘੁੰਮਦੀ ਰਹੀ। ਆਖ਼ਰ ਫ਼ੈਸਲਾ ਹੋਇਆ, ਇਹਦਾ ਪਿੱਛਾ ਕੀਤਾ ਜਾਵੇ।

ਆਪਾਂ ਇਹਦੀ ਪੈੜ ਦੇ ਪਿੱਛੇ-ਪਿਛੇ, ਇਹ ਮੂਹਰੇ-ਮੂਹਰੇ, ਪਰ ਬੜਾ ਬਚ-ਬਚਾਅ, ਲੁਕ ਕੇ। ਇਹ ਕਿੱਥੇ-ਕਿੱਥੇ ਜਾਂਦਾ, ਕੀ ਕਰਦਾ, ਕਿੱਥੇ ਰਹਿੰਦਾ। ਐਨੀ ਘੋਖ ਤਾਂ ਛੇਤੀ ਕੱਢ ਲਈ। ਇਹਦੇ ਗੁਆਂਢ ’ਚ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਕਿ ਇਹਦਾ ਕੋਈ ਪੱਕਾ ਥਾਂ-ਟਿਕਾਣਾ ਨਈਂ। ਸਾਲ ਕੁ ਤੋਂ ਇੱਥੇ ਰਹਿਣ ਲੱਗਾ ਕਿਰਾਏ ’ਤੇ। ਸੁਣਿਆ ਪਈ ਇਹ ਹਰਾਮ ਦੀ ਔਲਾਦ ਐ। ਕੋਈ ਨੀਂ ਜਾਣਦਾ ਪੱਕਾ। ਕੌਣ ਇਹਦਾ ਬਾਪ, ਕੌਣ ਮਾਂ, ਕਿਹੜੀ ਜਾਤ, ਕਿਹੜਾ ਧਰਮ। ਨਾ ਪੱਕੇ ਥਾਂ ਟਿਕਾਣੇ ਦਾ ਪਤਾ ਕਿਸੇ ਨੂੰ। ਅਖੇ ਕੋਈ ਢੇਰ ’ਤੇ ਸੁੱਟ ਗਈ। ਦੂਜਾ ਕੋਈ ਅਨਾਥ ਆਸ਼ਰਮ ਛੱਡ ਆਇਆ। ਨਾਂ ਹਰੀ ਰਾਮ ਦੱਸਦਾ। ਆਧਾਰ ਕਾਰਡ ’ਤੇ ਵੀ ਇਹੀ ਚਲਦਾ ਏ। ਆਸ਼ਰਮ ਦਾ ਹੀ ਇਕ ਬੇਔਲਾਦ ਜੋੜਾ ਮਾਂ-ਬਾਪ ਹੋ ਗਏ।   … ਹੁਣ ਤੁਸੀਂ ਸੋਚਦੇ ਹੋਣੇ ਓ ਕਿ ਇਹ ਗੁਆਂਢੀਆਂ ਨੂੰ ਕਿੱਥੋਂ ਪਤਾ ਲੱਗਾ। 

ਇਕ ਕੋਈ ਇਹਦਾ ਮਿੱਤਰ ਐ ਜਿਹੜਾ ਇਹਦੇ ਨਾਲ ਰਿਹਾ। ਆਪਾਂ ਲੱਭਦੇ-ਲਭਾਉਂਦੇ ਉਹਨੂੰ ਜਾ ਮਿਲੇ। ਬਹੁਤ ਜ਼ੋਰ ਪਾਉਣ ’ਤੇ ਵੀ ਉਹ ਮੈਨੂੰ ਕਸਮ ਖਿਲਾ ਕੇ ਕਹਿੰਦਾ ਕਿ ਅੱਗੇ ਧੂੰਅ ਨਾ ਕੱਢੀਂ। ਨਈਂ ਤਾਂ ਇਹਨੇ ਮੈਨੂੰ ਵੀ ਮੁੜ ਕੇ ਕਲਾਮ ਨਈਂ ਕਰਨੀ। ਮਸਾਂ ਦੱਸਣ ਲਈ ਮੰਨਿਆ। ਉਹ ਦੱਸਦਾ ਕਿ ਇਹਨੇ ਸਕੂਲ ਦਾ ਮੂੰਹ ਨਈਂ ਦੇਖਿਆ। ਇਹ ਹੈ ਵੀ ਥੋੜ੍ਹਾ ਤੋਤਲਾ। ਇਸੇ ਲਈ ਬੋਲਣ ਤੋਂ ਜਕਦਾ। ਬਸ ਆਪਣੇ ਮਤੇ ’ਚ ਰਹਿਣ ਆਲ਼ਾ। … ਨਿਆਣੇ ਕੋਲੋਂ ਪ੍ਰਾਇਮਰੀ ’ਚ ਪੜ੍ਹਨ ਜਾਂਦੇ, ਉਦੋਂ ਅਸੀਂ ਹੋਟਲ ’ਤੇ ਭਾਂਡੇ ਮਾਂਜਦੇ ਹੁੰਦੇ ਸੀ। ਰਾਤ ਨੂੰ ਦੁਕਾਨ ’ਤੇ ਸੌਂ ਜਾਣਾ। ਚੋਰੀ-ਛੁਪੇ ਦੁੱਧ-ਮਲਾਈਆਂ ਖਾ ਛੱਡਣੀਆਂ। ਨਾਲੇ ਡੰਡ-ਬੈਠਕਾਂ ਕੱਢਣੀਆਂ। ਥੋੜ੍ਹੇ ਵੱਡੇ ਹੋਏ, ਮਜ਼ਦੂਰੀ ਕਰਨ ਲੱਗ ਪਏ। ਮੰਡੀਆਂ ’ਚ ਬੋਰੀਆਂ ਚੁੱਕੀਆਂ। ਡੌਲ਼ੇ-ਸ਼ੌਲ਼ੇ ਦੇਖ ਕੇ ਝਾੜੂ ਲਾ ਕੇ  ਦਾਣੇ ਕੱਠੇ ਕਰਦੀ ਇਕ ਰਾਜਸਥਾਨਣ ਇਹਦੇ ’ਤੇ ਮਰ ਮਿਟੀ। ਉਹ ਛੇ ਕੁ ਮਹੀਨੇ ਰਹੀ ਇਹਦੇ ਨਾਲ। ਕੋਈ ਗੱਲ ਨੀਂ ਬਾਤ ਨੀਂ, ਪਤਾ ਨਈਂ ਕੀ ਹੋਇਆ, ਰੱਬ ਜਾਣੇ। ਕਿਸੇ ਗੱਲੋਂ ਰੁੱਸ ਕੇ ਬਿਨਾਂ ਦੱਸੇ ਪਤਾ ਨਈਂ ਕਿੱਥੇ ਛਿਪਨ ਹੋ ਗਈ। ਉਹ ਕਹਿੰਦਾ ਕਿ ਵਿਚਲੀ ਗੱਲ ਅੱਜ ਤੱਕ ਇਹਨੇ ਮੈਨੂੰ ਵੀ ਨਈਂ ਦੱਸੀ। … ਫਿਰ ਇਕ ਕੋਈ ਸਾਥੀ ਮਜ਼ਦੂਰ ਥੋੜ੍ਹਾ ਪੜ੍ਹਿਆ-ਲਿਖਿਆ ਸੀ। ਉਹਨੇ ਸਾਨੂੰ ਦੋਵਾਂ ਨੂੰ ਪੜ੍ਹਨ ਦੀ ਲਤ ਲਾ ਦਿੱਤੀ। ਫਿਰ ਚੱਲ ਸੋ ਚੱਲ। ਪ੍ਰਾਈਵੇਟ ਹੀ ਦਸਵੀਂ ਪਾਸ ਕਰ ਗਏ। ਅੱਗੇ ਹਿੰਮਤ ਨਈਂ ਸੀ, ਬਰੇਕਾਂ ਲੱਗ ਗਈਆਂ।

ਉਸੇ ਨਾਲ ਵਾਲੇ ਨੇ ਦੱਸਿਆ ਅਖੇ ਬਾਹਟ ਦੀ ਲੜਾਈ ਲੱਗੀ। ਜੋਸ਼-ਜੋਸ਼ ’ਚ ਅਸੀਂ ਦੋਵੇਂ ਜਣੇ ਫ਼ੌਜ ’ਚ ਭਰਤੀ ਹੋ ਗਏ। ਰੰਗਰੂਟਾਂ ਨੂੰ ਹੀ ਬਰਫ਼ ਲੱਦੇ ਪਹਾੜਾਂ ’ਤੇ ਪਹਿਰਾ ਦੇਣ ਚਾੜ੍ਹ ਦਿੱਤਾ। ਐਸੇ ਚੰਡ ਹੋਏ ਕਿ ਅੱਜ ਤੱਕ ਖੁੰਡੇ ਨਾ ਹੋਏ। ਜਿੱਦਾਂ ਕਹਿੰਦੇ ਹੁੰਦੇ ਆ ਕਿ ਜਦ ਪੰਗਾ ਪੈਂਦਾ, ਪੁੱਛ ਕੇ ਨਈਂ ਪੈਂਦਾ। ਕਿਤੇ ਰਾਤ ਨੂੰ ਸ਼ਰਾਬ ਪੀ ਕੇ ਫ਼ੌਜੀ ਲੜ ਪਏ। ਉਹ ਵਿਚਾਰਾ ਤਿੰਨਾਂ ਨਾ ਤੇਰਾਂ ’ਚ। ਇਕ ਨਾਲ ਦੇ ਫ਼ੌਜੀ ਨੇ ਕਿਤੇ ਗੁੱਸੇ ’ਚ ਉਹਦੀ ਰਾਈਫਲ ਚੁੱਕ ਕੇ ਹਵਾਈ ਫਾਇਰ ਕਰ ਦਿੱਤਾ। ਇਹ ਸੁੱਕਾ ਐਵੇਂ ਰਗੜਿਆ ਗਿਆ। ਅਫ਼ਸਰ ਕਹਿੰਦਾ, ਅਖੇ, ਜਿਹੜਾ ਆਪਣਾ ਹਥਿਆਰ ਨੀਂ ਸਾਂਭ ਸਕਦਾ, ਉਹ ਕੀ ਲੜੂ। ਨੌਕਰੀ ਤੋਂ ਹੱਥ ਧੋ ਬੈਠਾ। ਆ ਕੇ ਥੋੜ੍ਹਾ ਚਿਰ ਪਹਿਲਾਂ ਬੈਂਕ ’ਚ ਗਾਰਡੀ ਕੀਤੀ। ਫਿਰ ਅਨਾਜ ਦੇ ਸਟੋਰਾਂ ’ਤੇ ਪਹਿਰੇਦਾਰੀ ’ਤੇ ਡਟ ਗਿਆ। … ਬੱਸ ਹੁਣ ਇਹਦਾ ਗੁਜ਼ਾਰਾ ਜਿਹਾ ਹੋਈ ਜਾਂਦਾ। ਤੁਰ-ਫਿਰ ਕੇ ਟਾਈਮ ਪਾਸ ਕਰਦਾ ਏ। ਉਹ ਕਹਿੰਦਾ ਕਿ ਅੱਜ ਤੱਕ ਇਹ ਦਵਾਈ ਲੈਂਦਾ ਮੈਂ ਨਈਂ ਵੇਖਿਆ। ਨਾਲੇ ਬਈ ਬਿਮਾਰ ਹੋਊ ਤਾਂ ਦਵਾਈ ਲਊ। ਇਹਦੀ ਸਿਹਤ ਦਾ ਰਾਜ਼ ਪੁੱਛੋ ਤਾਂ ਬੱਸ ਐਨਾ ਕਹਿੰਦਾ- ਹਮੇਸ਼ਾ ਐਕਤਵ ਰਹੋ। ਖ਼ੁਦ ਨੂੰ ਮਘਦੇ ਰੱਖਦਾ। ਜੋ ਖਾਣਾ, ਉਹਨੂੰ ਪਚਾਉਂਦਾ ਏ। ਨਾ ਫ਼ਿਕਰ ਨਾ ਫਾਕਾ। ਜ਼ਿੰਦਗੀ ਦਾ ਆਨੰਦ ਲੈ ਰਿਹਾ ਇਹ। ਲੋਕਾਂ ਭਾਅ ਦਾ ਇਹ ਹਿੱਲਿਆ ਹੋਇਆ। ਜਦੋਂ ਵੀ ਮੈਂ ਉਸ ਖੜ੍ਹੇ ਆਦਮੀ ਨੂੰ ਸਾਹਮਣੇ ਵੇਖਦਾ ਹਾਂ, ਮੇਰਾ ਤਾਂ ਆਪਣੇ ਆਪ ਸਿਰ ਨਿਵ ਜਾਂਦਾ ਏ।

ਇਕ ਵਾਰ ਕਈ ਦਿਨਾਂ ਬਾਅਦ ਮੈਂ ਢਾਬੇ ’ਤੇ ਗਿਆ ਤਾਂ ਉਹ ਬੰਦ ਪਿਆ। ਮੈਨੂੰ ਜੋ ਨਾਲ ਦੇ ਗੁਆਂਢੀਆਂ ਤੋਂ ਪਤਾ ਲੱਗਾ, ਮੈਂ ਤਾਂ ਸੁਣ ਕੇ ਹਿੱਲ ਗਿਆ। ਇੰਨੇ ਨੂੰ ਇਹ ਖੜ੍ਹਾ ਆਦਮੀ ਵੀ ਆ ਖੜ੍ਹਿਆ। ਮੈਨੂੰ ਇਸ਼ਾਰੇ ਨਾਲ ਕਹਿੰਦਾ- ਇਹ ਬੰਡ…।

“ਢਾਬੇ ਵਾਲੇ ਤੇ ਹੋਰਾਂ ਕਰਿੰਦਿਆਂ ਨੂੰ ਕਹਿੰਦੇ ਕਰੋਨਾ ਹੋ ਗਿਆ। … ਪਰ ਜਨਾਬ ਤੁਸੀਂ ਕਿਉਂ ਮਾਸਕ ਪਹਿਨਿਆ ਹੋਇਆ, ਤੁਹਾਨੂੰ ਵੀ ਕਰੋਨਾ ਹੋ ਸਕਦਾ! ਤੁਸੀਂ ਤਾਂ ਕਰੋਨੇ ਦੇ ਬਾਪ ਹੋ।” ਮੇਰੇ ਮੂੰਹੋਂ ਅਚਾਨਕ ਨਿਕਲ ਗਿਆ। ਉਹਨੇ ਉਤਾਂਹ ਨੂੰ ਮੂੰਹ ਕਰਕੇ ਹੱਥ ਜੋੜੇ, “ਇਹ ਬੰਡੇ ਨੂੰ ਕੁਡਰਤ ਸਜ਼ਾ ਡੇ ਰਹੀ। ਉਹ ਕਿਹੇ ਨੂੰ ਕੁਸ ਨਾ ਜਾਨਡੀ। ਉਹਦੇ ਸਾਹਵੇਂ ਕੀ ਘੋਰਾ ਕੀ ਸ਼ੇਰ। ਸਭ ਹੋ ਜਾਂਡੇ ਡੇਰ।” ਬੱਸ ਇੰਨਾ ਕਹਿ ਕੇ ਉਹ ਗੰਭੀਰ ਹੋਇਆ ਆਪਣੇ ਮੂੰਹ ਦਾ ਮਾਸਕ ਸੰਵਾਰਦਾ ਰੋਟੀ ਦੀ ਭਾਲ਼ ਵਿਚ ਅਗਾਂਹ ਤੁਰ ਗਿਆ। ਉਹਦੀ ਮੱਠੀ ਹੋਈ ਫ਼ੌਜੀ ਚਾਲ ਦੱਸ ਰਹੀ ਸੀ ਜਿਵੇਂ ਕਰੋਨਾ ਨੇ ਉਹਦੇ ਪੈਰਾਂ ’ਚ ਬੇੜੀਆਂ ਪਾ ਦਿੱਤੀਆਂ ਹੋਣ।

Leave a Reply

Your email address will not be published. Required fields are marked *