ਪੈਗ਼ੰਬਰ : ਜਹਾਜ਼ ਦਾ ਆਉਣਾ

ਖ਼ਲੀਲ ਜਿਬਰਾਨ

ਅਲਮੁਸਤਫ਼ਾ, ਜੋ ਇੱਕ ਖ਼ਾਸ ਕਿਸਮ ਦਾ ਮਨੁੱਖ ਸੀ ਅਤੇ ਲੋਕਾਂ ਨੂੰ ਬਹੁਤ ਪਿਆਰਾ ਸੀ, ਜੋ ਆਪਣੇ ਦਿਨਾਂ ਦੀ ਪ੍ਰਭਾਤ ਸੀ, ਬਾਰਾਂ ਸਾਲ ਤੱਕ ਔਰਫਲੀਜ਼ ਨਾਂ ਦੇ ਸ਼ਹਿਰ ਵਿੱਚ ਆਪਣੇ ਉਸ ਸਮੁੰਦਰੀ ਜਹਾਜ਼ ਦਾ ਇੰਤਜ਼ਾਰ ਕਰਦਾ ਰਿਹਾ ਜਿਸ ਨੇ ਜ਼ਰੂਰ ਵਾਪਸ ਆਉਣਾ ਸੀ ਅਤੇ ਉਸ ਨੂੰ ਉਸ ਦੀ ਜਨਮ-ਭੂਮੀ ਦੇ ਟਾਪੂ ’ਤੇ ਲੈ ਜਾਣਾ ਸੀ।

ਅਤੇ ਬਾਰ੍ਹਵੇਂ ਸਾਲ, ਫ਼ਸਲ ਦੀ ਕਟਾਈ ਵਾਲੇ ਆਈਲੂਲ ਮਹੀਨੇ ਦੇ ਸੱਤਵੇਂ ਦਿਨ, ਉਹ ਸ਼ਹਿਰ ਦੀਆਂ ਕੰਧਾਂ ਤੋਂ ਬਾਹਰ ਆ ਕੇ ਪਹਾੜੀ ਉੱਤੇ ਚੜ੍ਹਿਆ ਅਤੇ ਸਮੁੰਦਰ ਵੱਲ ਝਾਤ ਮਾਰੀ, ਅਤੇ ਧੁੰਦ ਵਿੱਚ ਉਸ ਨੂੰ ਉਸ ਦਾ ਜਹਾਜ਼ ਆਉਂਦਾ ਵਿਖਾਈ ਦਿੱਤਾ।

ਤਦ ਉਸ ਦੇ ਦਿਲ ਦੇ ਦੁਆਰ ਖੁੱਲ੍ਹ ਗਏ ਅਤੇ ਉਸ ਦੀ ਖ਼ੁਸ਼ੀ ਸਮੁੰਦਰ ਉੱਤੇ ਦੂਰ-ਦੂਰ ਤੱਕ ਫੈਲ ਗਈ। ਉਸ ਨੇ ਅੱਖਾਂ ਬੰਦ ਕਰ ਲਈਆਂ ਅਤੇ ਸ਼ਾਂਤ ਆਤਮਾ ਨਾਲ ਪ੍ਰਾਰਥਨਾ ਕੀਤੀ।

ਪਰ ਜਦ ਉਹ ਪਹਾੜੀ ਉਪਰੋਂ ਹੇਠਾਂ ਉਤਰਿਆ ਤਾਂ ਉਸ ਉੱਤੇ ਉਦਾਸੀ ਜੇਹੀ ਛਾ ਗਈ ਅਤੇ ਉਸ ਨੇ ਮਨ ਹੀ ਮਨ ਸੋਚਿਆ:

“ਮੈਂ ਸ਼ਾਂਤ ਮਨ ਨਾਲ ਬਿਨਾਂ ਉਦਾਸ ਹੋਏ ਕਿਵੇਂ ਚਲਾ ਜਾਵਾਂਗਾ? ਨਹੀਂ, ਨਹੀਂ, ਰੂਹ ਵਿੱਚ ਜ਼ਖ਼ਮ ਲਏ ਬਗ਼ੈਰ ਮੈਂ ਇਹ ਸ਼ਹਿਰ ਨਹੀਂ ਛੱਡ ਸਕਾਂਗਾ।

ਲੰਬੇ ਸਨ ਉਹ ਦਰਦ ਦੇ ਦਿਨ ਜੋ ਮੈਂ ਇਸ ਸ਼ਹਿਰ ਦੀ ਚਾਰਦੀਵਾਰੀ ਵਿੱਚ ਬਿਤਾਏ ਅਤੇ ਲੰਬੀਆਂ ਸਨ ਇਕੱਲੇਪਣ ਦੀਆਂ ਰਾਤਾਂ। ਕੌਣ ਹੈ ਜੋ ਆਪਣੇ ਦਰਦ ਅਤੇ ਇਕੱਲੇਪਣ ਤੋਂ ਅਫ਼ਸੋਸ ਪਰਗਟ ਕਰੇ ਬਗ਼ੈਰ ਰੁਖ਼ਸਤ ਹੋ ਸਕਦਾ ਹੈ?

ਮੇਰੀ ਰੂਹ ਦੇ ਅਨੇਕ ਟੁਕੜੇ ਮੈਂ ਇਨ੍ਹਾਂ ਗਲ਼ੀਆਂ ਵਿੱਚ ਬਿਖੇਰੇ ਹਨ ਅਤੇ ਮੇਰੀ ਤਾਂਘ ਦੇ ਜਾਏ ਅਣਗਿਣਤ ਬੱਚੇ ਇਨ੍ਹਾਂ ਪਹਾੜੀਆਂ ਵਿੱਚ ਨੰਗੇ ਫਿਰਦੇ ਹਨ ਅਤੇ ਦਿਲ ਵਿੱਚ ਇੱਕ ਬੋਝ ਅਤੇ ਦਰਦ ਲਏ ਬਗ਼ੈਰ ਮੈਂ ਇਨ੍ਹਾਂ ਤੋਂ ਦੂਰ ਨਹੀਂ ਖਿਸਕ ਸਕਦਾ।

ਅੱਜ ਮੈਂ ਇੱਕ ਪੌਸ਼ਾਕ ਨਹੀਂ ਉਤਾਰ ਰਿਹਾ, ਬਲਕਿ ਆਪਣੀ ਚਮੜੀ ਆਪਣੇ ਹੀ ਹੱਥੀਂ ਲਾਹ ਰਿਹਾ ਹਾਂ।

ਮੈਂ ਆਪਣੇ ਪਿੱਛੇ ਸਿਰਫ਼ ਇੱਕ ਖ਼ਿਆਲ ਨਹੀਂ ਛੱਡ ਚੱਲਿਆ, ਬਲਕਿ ਭੁੱਖ ਅਤੇ ਪਿਆਸ ਦੁਆਰਾ ਮਿਠਾਸ ਨਾਲ ਭਰਿਆ ਦਿਲ ਛੱਡ ਕੇ ਚੱਲਿਆ ਹਾਂ।

ਫੇਰ ਵੀ ਮੈਂ ਹੋਰ ਦੇਰ ਨਹੀਂ ਕਰ ਸਕਦਾ। ਜੋ ਸਮੁੰਦਰ ਸਭ ਚੀਜ਼ਾਂ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ, ਉਹ ਮੈਨੂੰ ਆਪਣੇ ਕੋਲ ਬੁਲਾ ਰਿਹਾ ਹੈ ਅਤੇ ਮੈਨੂੰ ਮੇਰੀ ਕਿਸ਼ਤੀ ਠੇਲ੍ਹ ਦੇਣੀ ਚਾਹੀਦੀ ਹੈ।

ਭਾਵੇਂ ਰਾਤਾਂ ਨੂੰ ਮੇਰਾ ਹਰ ਪਲ ਮਘਦਾ ਰਿਹਾ ਹੈ, ਫ਼ਿਰ ਵੀ ਰੁਕਣ ਦਾ ਮਤਲਬ ਹੈ ਯਖ਼ ਹੋ ਜਾਣਾ ਅਤੇ ਇੱਕ ਸਾਂਚੇ ਵਿੱਚ ਬੱਝ ਕੇ ਬਲੌਰ ਬਣ ਜਾਣਾ।

ਇੱਥੇ ਜੋ ਕੁਝ ਵੀ ਹੈ, ਇਸ ਨੂੰ ਨਾਲ ਲਿਜਾ ਕੇ ਮੈਨੂੰ ਅਪਾਰ ਖ਼ੁਸ਼ੀ ਹੋਵੇ, ਪਰ ਮੈਂ ਇਹ ਸਭ ਕੁਝ ਆਪਣੇ ਨਾਲ ਨਹੀਂ ਲਿਜਾ ਸਕਦਾ। ਕੋਈ ਆਵਾਜ਼ ਆਪਣੇ ਨਾਲ ਜੀਭ ਨਹੀਂ ਲਿਜਾ ਸਕਦੀ, ਨਾ ਹੀ ਉਹ ਉਨ੍ਹਾਂ ਬੁੱਲ੍ਹਾਂ ਨੂੰ ਨਾਲ ਲੈ ਕੇ ਜਾ ਸਕਦੀ ਹੈ ਜਿਨ੍ਹਾਂ ਨੇ ਉਸ ਨੂੰ ਖੰਭ ਬਖ਼ਸ਼ੇ। ਉਸ ਨੂੰ ਇਕੱਲੇ ਹੀ ਆਕਾਸ਼ ਟਟੋਲਣੇ ਪੈਂਦੇ ਹਨ।

ਅਤੇ ਬਾਜ਼ ਨੂੰ ਆਪਣਾ ਆਲ੍ਹਣਾ ਤਿਆਗ ਕੇ ਇਕੱਲੇ ਹੀ ਸੂਰਜ ਤੋਂ ਪਾਰ ਉਡਾਰੀ ਮਾਰਨੀ ਪੈਂਦੀ ਹੈ।”

ਜਦ ਉਹ ਪਹਾੜੀ ਤੋਂ ਹੇਠ ਉੱਤਰ ਆਇਆ ਤਾਂ ਉਹ ਫ਼ਿਰ ਸਮੁੰਦਰ ਵੱਲ ਮੁੜਿਆ ਅਤੇ ਉਸ ਨੇ ਆਪਣਾ ਜਹਾਜ਼ ਬੰਦਰਗਾਹ ਦੇ ਨੇੜੇ ਪਹੁੰਚਦਾ ਵੇਖਿਆ ਅਤੇ ਉਸ ਦੇ ਅਗਲੇ ਹਿੱਸੇ ’ਤੇ ਉਹ ਮੱਲਾਹ ਖੜ੍ਹੇ ਵੇਖੇ ਜੋ ਉਸ ਦੀ ਮਾਤ-ਭੂਮੀ ਦੇ ਸਨ।

ਉਸ ਦੀ ਰੂਹ ਉਨ੍ਹਾਂ ਵੱਲ ਕੁਰਲਾਈ ਅਤੇ ਉਸ ਨੇ ਕਿਹਾ, “ਮੇਰੀ ਬਜ਼ੁਰਗ ਮਾਂ ਦੇ ਜਾਇਓ, ਲਹਿਰਾਂ ਦੇ ਸਵਾਰੋ, ਸੁਪਨੇ ਵਿੱਚ ਕਿੰਨੀ ਹੀ ਵਾਰ ਮੈਂ ਤੁਹਾਡਾ ਜਹਾਜ਼ ਆਉਂਦਾ ਵੇਖਿਆ ਹੈ, ਅਤੇ ਹੁਣ ਜਾਗਦੇ ਹੋਏ ਤੁਹਾਨੂੰ ਆਉਂਦੇ ਵੇਖ ਰਿਹਾ ਹਾਂ ਜੋ ਮੇਰਾ ਹੋਰ ਵੀ ਗੂੜ੍ਹਾ ਸੁਪਨਾ ਹੈ।

ਮੈਂ ਜਾਣ ਲਈ ਤਿਆਰ ਖੜ੍ਹਾ ਹਾਂ ਅਤੇ ਉਤਸੁਕਤਾ ਨਾਲ ਉਸ ਹਵਾ ਨੂੰ ਉਡੀਕ ਰਿਹਾ ਹਾਂ ਜੋ ਮੇਰੀ ਕਿਸ਼ਤੀ ਨੂੰ ਚਲਾਵੇ।

ਇਸ ਟਿਕੀ ਹਵਾ ਵਿੱਚ ਇੱਕ ਵਾਰ ਹੋਰ ਸਾਹ ਲੈ ਲਵਾਂ, ਇੱਕ ਹੋਰ ਪਿਆਰ ਭਰੀ ਝਾਤ ਪਿੱਛੇ ਵੱਲ ਮਾਰ ਲਵਾਂ ਅਤੇ ਫ਼ਿਰ ਮੈਂ ਤੁਹਾਡੇ ਵਿਚਕਾਰ ਆ ਖਲੋਵਾਂਗਾ, ਮੱਲਾਹਾਂ ਵਿੱਚ ਮੱਲਾਹ।

ਹੇ ਵਿਸ਼ਾਲ ਸਮੁੰਦਰ, ਹੇ ਸੁੱਤੀ ਹੋਈ ਮਾਂ, ਤੂੰ ਹੀ ਦਰਿਆ ਅਤੇ ਨਦੀ ਨੂੰ ਸ਼ਾਂਤੀ ਅਤੇ ਆਜ਼ਾਦੀ ਦਿੰਦੀ ਹੈਂ। ਇਹ ਨਦੀ ਸਿਰਫ਼ ਇੱਕ ਵਲ਼ ਹੋਰ ਖਾਵੇਗੀ, ਇਸ ਵਿਸ਼ਾਲ ਜੰਗਲੀ ਮੈਦਾਨ ਵਿਚਕਾਰ ਇੱਕ ਵਾਰ ਹੋਰ ਸ਼ਾਂ-ਸ਼ਾਂ ਕਰੇਗੀ ਅਤੇ ਫੇਰ ਮੈਂ ਤੇਰੇ ਕੋਲ ਆ ਜਾਣਾ ਹੈ, ਅਪਾਰ ਸਾਗਰ ਵਿੱਚ ਇੱਕ ਅਪਾਰ ਬੂੰਦ।”

ਅਤੇ ਜਦੋਂ ਉਹ ਤੁਰਿਆ ਤਾਂ ਉਸ ਨੂੰ ਦੂਰ ਖੇਤਾਂ ਅਤੇ ਅੰਗੂਰ ਦੇ ਬਾਗ਼ਾਂ ਵਿੱਚੋਂ ਆਦਮੀ ਅਤੇ ਔਰਤਾਂ ਜਲਦੀ-ਜਲਦੀ ਸ਼ਹਿਰ ਦੇ ਦਰਵਾਜ਼ਿਆਂ ਵੱਲ ਆਉਂਦੇ ਵਿਖਾਈ ਦਿੱਤੇ।

ਉਸ ਨੇ ਉਨ੍ਹਾਂ ਦੀਆਂ ਆਵਾਜ਼ਾਂ ਉਸ ਦਾ ਨਾਂ ਲੈ ਕੇ ਪੁਕਾਰਦੀਆਂ ਸੁਣੀਆਂ, ਅਤੇ ਇੱਕ ਖੇਤ ਤੋਂ ਦੂਜੇ ਖੇਤ ਤੱਕ ਇਹ ਦੱਸਣ ਲਈ ਆਵਾਜ਼ਾਂ ਗੂੰਜੀਆਂ ਕਿ ਜਹਾਜ਼ ਆ ਗਿਆ ਹੈ।

ਅਤੇ ਉਸ ਨੇ ਮਨ ਵਿੱਚ ਸੋਚਿਆ: “ਕੀ ਵਿਛੋੜੇ ਦਾ ਦਿਨ ਮਿਲਣ ਦਾ ਦਿਨ ਹੋਵੇਗਾ, ਅਤੇ ਕੀ ਇਹ ਕਿਹਾ ਜਾਵੇਗਾ ਕਿ ਮੇਰੀ ਸ਼ਾਮ ਦਰਅਸਲ ਮੇਰੀ ਪ੍ਰਭਾਤ ਸੀ?

ਮੈਂ ਉਸ ਨੂੰ ਕੀ ਦਿਆਂ ਜਿਸ ਨੇ ਸਿਆੜ ਦੇ ਵਿਚਾਲ਼ੇ ਹੀ ਆਪਣਾ ਹਲ਼ ਰੋਕ ਦਿੱਤਾ ਅਤੇ ਜਿਸ ਨੇ ਅੰਗੂਰਾਂ ਦਾ ਰਸ ਕੱਢ ਰਹੀ ਮਸ਼ੀਨ ਦਾ ਚੱਕਾ ਵਿਚਕਾਰ ਹੀ ਰੋਕ ਦਿੱਤਾ?

ਕੀ ਮੇਰਾ ਦਿਲ ਫਲ਼ ਨਾਲ ਲੱਦਿਆ ਦਰਖ਼ਤ ਬਣ ਜਾਵੇਗਾ ਤਾਂ ਕਿ ਮੈਂ ਫਲ਼ ਇਕੱਠੇ ਕਰਾਂ ਅਤੇ ਉਨ੍ਹਾਂ ਨੂੰ ਪਰੋਸ ਦੇਵਾਂ, ਅਤੇ ਕੀ ਮੇਰੀਆਂ ਸਧਰਾਂ ਦਾ ਫੁਹਾਰਾ ਫੁੱਟੇਗਾ ਤਾਂ ਕਿ ਮੈਂ ਸਭ ਦੇ ਪਿਆਲੇ ਭਰ ਸਕਾਂ?

ਕੀ ਮੈਂ ਇੱਕ ਸਿਤਾਰ ਹਾਂ ਜਿਸ ਨੂੰ ਉਸ ਸ਼ਕਤੀਮਾਨ ਦਾ ਹੱਥ ਛੂਹੇਗਾ ਜਾਂ ਕੀ ਮੈਂ ਇੱਕ ਬੰਸਰੀ ਹਾਂ ਅਤੇ ਉਸ ਦੀ ਫੂਕ ਮੇਰੇ ਵਿੱਚ ਗੂੰਜੇਗੀ?

ਮੈਂ ਤਾਂ ਚੁੱਪ ਦਾ ਖੋਜੀ ਹਾਂ, ਅਤੇ ਚੁੱਪ ਵਿੱਚੋਂ ਮੈਨੂੰ ਕੀ ਖ਼ਜ਼ਾਨਾ ਲੱਭਿਆ ਹੈ ਜਿਹੜਾ ਮੈਂ ਭਰੋਸੇ ਨਾਲ ਵੰਡ ਸਕਾਂ?

ਜੇ ਮੇਰਾ ਇਹ ਫ਼ਸਲ ਕੱਟਣ ਦਾ ਦਿਨ ਹੈ ਤਾਂ ਮੈਂ ਕਿਹੜੇ ਖੇਤਾਂ ਵਿੱਚ ਅਤੇ ਕਿਹੜੇ ਭੁੱਲੇ ਵਿਸਰੇ ਮੌਸਮਾਂ ਵਿੱਚ ਬੀਜ ਬੀਜੇ ਹਨ?

ਜੇ ਇਹ ਸੱਚਮੁੱਚ ਮੇਰੀ ਉਹ ਘੜੀ ਹੈ ਜਦੋਂ ਮੈਂ ਮੇਰੀ ਲਾਲਟੈਣ ਉੱਚੀ ਚੁੱਕਣੀ ਹੈ, ਤਾਂ ਉਸ ਵਿੱਚ ਮੇਰੀ ਜੋਤ ਨਹੀਂ ਜਗੇਗੀ। ਮੈਂ ਮੇਰੀ ਲਾਲਟੈਣ ਖ਼ਾਲੀ ਅਤੇ ਬੁਝੀ ਹੋਈ ਹੀ ਉੱਪਰ ਚੁੱਕਾਂਗਾ ਅਤੇ ਉਹ ਰਾਤ ਦਾ ਪਹਿਰੇਦਾਰ ਇਸ ਵਿੱਚ ਤੇਲ ਪਾਵੇਗਾ ਅਤੇ ਉਹ ਹੀ ਇਸ ਨੂੰ ਜਗਾਵੇਗਾ।”

ਇਨ੍ਹਾਂ ਵਿਚਾਰਾਂ ਨੂੰ ਉਸ ਨੇ ਸ਼ਬਦਾਂ ਦਾ ਰੂਪ ਤਾਂ ਦੇ ਲਿਆ, ਪ੍ਰੰਤੂ ਉਸ ਦੇ ਮਨ ਵਿੱਚ ਬਹੁਤ ਕੁਝ ਅਣਕਿਹਾ ਰਹਿ ਗਿਆ। ਆਪਣੇ ਮਨ ਦੇ ਬਹੁਤ ਡੂੰਘੇ ਭੇਤ ਉਹ ਖ਼ੁਦ ਵੀ ਬੋਲ ਕੇ ਨਹੀਂ ਦੱਸ ਸਕਦਾ ਸੀ।

ਅਤੇ ਜਦੋਂ ਉਹ ਸ਼ਹਿਰ ਅੰਦਰ ਗਿਆ ਤਾਂ ਸਭ ਲੁਕਾਈ ਉਸ ਨੂੰ ਮਿਲਣ ਆਈ ਅਤੇ ਉਹ ਇਕਸੁਰ ਹੋ ਕੇ ਉਸ ਅੱਗੇ ਕੁਰਲਾ ਰਹੇ ਸਨ। ਸ਼ਹਿਰ ਦੇ ਬਜ਼ੁਰਗ ਅੱਗੇ ਆਏ ਅਤੇ ਕਿਹਾ: “ਅਜੇ ਸਾਡੇ ਕੋਲੋਂ ਨਾ ਜਾ। ਸਾਡੇ ਹਨੇਰੇ ਵਿੱਚ ਤੂੰ ਚਾਨਣ ਬਿਖੇਰਿਆ ਹੈ, ਅਤੇ ਤੇਰੀ ਜਵਾਨੀ ਨੇ ਸਾਨੂੰ ਸੁਪਨੇ ਵਿਖਾਏ ਹਨ। ਤੂੰ ਸਾਡੇ ਵਿਚਕਾਰ ਬਿਗਾਨਾ ਨਹੀਂ ਬਲਕਿ ਸਾਡਾ ਪੁੱਤਰ ਹੈਂ ਅਤੇ ਸਾਨੂੰ ਬਹੁਤ ਪਿਆਰਾ ਹੈਂ। ਸਾਡੀਆਂ ਅੱਖਾਂ ਨੂੰ ਤੇਰਾ ਚਿਹਰਾ ਵੇਖਣ ਲਈ ਨਾ ਤਰਸਾ।” ਅਤੇ ਪੁਜਾਰੀਆਂ ਅਤੇ ਪੁਜਾਰਨਾਂ ਨੇ ਉਸ ਨੂੰ ਕਿਹਾ: “ਇੰਜ ਨਾ ਕਰੀਂ ਕਿ ਸਮੁੰਦਰ ਦੀਆਂ ਲਹਿਰਾਂ ਸਾਨੂੰ ਸਦਾ ਲਈ ਜੁਦਾ ਕਰ ਦੇਣ ਅਤੇ ਸਾਡੇ ਦਰਮਿਆਨ ਤੇਰੇ ਬਿਤਾਏ ਹੋਏ ਸਾਲ ਸਿਰਫ਼ ਯਾਦ ਬਣ ਕੇ ਰਹਿ ਜਾਣ। ਤੂੰ ਸਾਡੇ ਵਿਚਕਾਰ ਰੂਹ ਬਣ ਕੇ ਵਿਚਰਿਆ ਹੈਂ ਅਤੇ ਤੇਰੇ ਪਰਛਾਵੇਂ ਨੇ ਸਾਡੇ ਚਿਹਰੇ ਰੌਸ਼ਨ ਕੀਤੇ ਹਨ। ਅਸੀਂ ਤੈਨੂੰ ਬਹੁਤ ਪਿਆਰ ਕੀਤਾ ਹੈ, ਪਰ ਸਾਡਾ ਪਿਆਰ ਬੇਜ਼ੁਬਾਨ ਸੀ ਅਤੇ ਪਰਦਿਆਂ ਪਿੱਛੇ ਲੁਕਿਆ ਹੋਇਆ ਸੀ। ਹੁਣ ਇਹ ਤੇਰੇ ਸਾਹਮਣੇ ਕੁਰਲਾਉਂਦਾ ਹੈ ਅਤੇ ਪ੍ਰਤੱਖ ਹੋ ਗਿਆ ਹੈ। ਹਮੇਸ਼ਾ ਹੀ ਇਹ ਹੋਇਆ ਹੈ ਕਿ ਵਿਛੋੜੇ ਦੀ ਘੜੀ ਆਉਣ ਤੱਕ ਪ੍ਰੇਮ ਨੂੰ ਆਪਣੀ ਹੀ ਗਹਿਰਾਈ ਪਤਾ ਨਹੀਂ ਲੱਗਦੀ।”

ਹੋਰ ਲੋਕ ਆ ਗਏ ਅਤੇ ਉਸ ਦੇ ਤਰਲੇ ਕੱਢੇ, ਪ੍ਰੰਤੂ ਉਸ ਨੇ ਉਨ੍ਹਾਂ ਨੂੰ ਕੋਈ ਜਵਾਬ ਨਾ ਦਿੱਤਾ। ਉਸ ਨੇ ਬੱਸ ਨੀਵੀਂ ਪਾ ਲਈ ਅਤੇ ਨੇੜੇ ਖੜ੍ਹੇ ਲੋਕਾਂ ਨੇ ਉਸ ਦੇ ਅੱਥਰੂ ਉਸ ਦੇ ਸੀਨੇ ਉੱਤੇ ਡਿਗਦੇ ਵੇਖੇ। ਉਹ ਚੁੱਪਚਾਪ ਮੰਦਿਰ ਦੇ ਸਾਹਮਣੇ ਵਾਲੇ ਮੈਦਾਨ ਵੱਲ ਤੁਰ ਪਿਆ ਅਤੇ ਸਾਰੇ ਲੋਕ ਉਸ ਦੇ ਪਿੱਛੇ-ਪਿੱਛੇ ਤੁਰ ਪਏ।

ਮੰਦਿਰ ਵਿੱਚੋਂ ਇੱਕ ਰਿਸ਼ੀਆਂ ਮੁਨੀਆਂ ਵਰਗੀ ਔਰਤ ਬਾਹਰ ਆਈ ਜਿਸ ਦਾ ਨਾਂ ਅਲਮਿਤਰਾ ਸੀ। ਅਲਮੁਸਤਫ਼ਾ ਨੇ ਉਸ ਔਰਤ ਵੱਲ ਬਹੁਤ ਸਤਿਕਾਰ ਨਾਲ ਵੇਖਿਆ ਕਿਉਂਕਿ ਉਹ ਹੀ ਸੀ ਜਿਸ ਨੇ ਉਸ ਦੇ ਇਸ ਸ਼ਹਿਰ ਵਿੱਚ ਆਉਣ ਤੋਂ ਇੱਕ ਦਿਨ ਬਾਅਦ ਹੀ ਉਸ ਨੂੰ ਪਛਾਣ ਲਿਆ ਸੀ ਅਤੇ ਉਸ ਦੀਆਂ ਗੱਲਾਂ ਅੱਗੇ ਸੀਸ ਝੁਕਾ ਦਿੱਤਾ ਸੀ। ਉਸ ਪਹੁੰਚੀ ਹੋਈ ਔਰਤ ਨੇ ਇਹ ਕਹਿ ਕੇ ਉਸ ਦਾ ਸਵਾਗਤ ਕੀਤਾ:

“ਹੇ ਰੱਬ ਦੇ ਨਬੀ, ਹੇ ਸੱਚ ਦੇ ਖੋਜੀ, ਤੂੰ ਤੇਰੇ ਜਹਾਜ਼ ਦੀ ਉਡੀਕ ਵਿੱਚ ਬਹੁਤ ਦੇਰ ਤੋਂ ਦੂਰ ਦੂਰ ਤੱਕ ਨਜ਼ਰ ਮਾਰਦਾ ਰਿਹਾ ਹੈਂ। ਹੁਣ ਜਦ ਤੇਰਾ ਜਹਾਜ਼ ਆ ਗਿਆ ਹੈ ਤਾਂ ਤੈਨੂੰ ਜਾਣਾ ਹੀ ਪੈਣਾ ਹੈ। ਤੇਰੀਆਂ ਯਾਦਾਂ ਦੇ ਦੇਸ਼ ਅਤੇ ਵਡੇਰੀਆਂ ਸਧਰਾਂ ਦੇ ਸਥਾਨ ਦੀ ਤੈਨੂੰ ਡੂੰਘੀ ਤਾਂਘ ਹੈ ਅਤੇ ਸਾਡਾ ਪਿਆਰ ਤੈਨੂੰ ਬੰਨ੍ਹ ਨਹੀਂ ਸਕਦਾ ਅਤੇ ਸਾਡੀਆਂ ਜ਼ਰੂਰਤਾਂ ਤੈਨੂੰ ਰੋਕ ਨਹੀਂ ਸਕਦੀਆਂ। ਫਿਰ ਵੀ ਤੇਰੀ ਵਿਦਾਈ ਤੋਂ ਪਹਿਲਾਂ ਅਸੀਂ ਏਨੀ ਬੇਨਤੀ ਕਰਦੇ ਹਾਂ ਕਿ ਸਾਨੂੰ ਤੇਰੇ ਸੱਚ ਦੇ ਗਿਆਨ ਬਾਰੇ ਜ਼ਰੂਰ ਦੱਸ ਕੇ ਜਾ। ਅਸੀਂ ਇਹ ਸੱਚ ਸਾਡੇ ਬੱਚਿਆਂ ਨੂੰ ਦੱਸ ਦਿਆਂਗੇ ਅਤੇ ਉਹ ਅੱਗੇ ਆਪਣੇ ਬੱਚਿਆਂ ਨੂੰ ਦੱਸ ਦੇਣਗੇ, ਅਤੇ ਇਹ ਮਿਟੇਗਾ ਨਹੀਂ। ਆਪਣੇ ਇਕੱਲੇਪਣ ਵਿੱਚ ਤੂੰ ਸਾਡੇ ਹਰ ਰੋਜ਼ ਦੇ ਕੰਮ ਵੇਖੇ ਹਨ ਅਤੇ ਸਾਡੇ ਰੋਣ ਅਤੇ ਹੱਸਣ ਨੂੰ ਤੂੰ ਜਾਗ ਜਾਗ ਕੇ ਸੁਣਿਆ ਹੈ। ਇਸ ਲਈ ਹੁਣ ਤੂੰ ਸਾਰੇ ਭੇਤ ਖੋਲ੍ਹ ਦੇ ਅਤੇ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਤੈਨੂੰ ਜੋ ਵੀ ਗਿਆਨ ਮਿਲਿਆ ਹੈ, ਉਹ ਸਾਨੂੰ ਦੱਸ।”

ਅਤੇ ਉਸ ਨੇ ਜਵਾਬ ਦਿੱਤਾ:

“ਹੇ ਔਰਫਲੀਜ਼ ਦੇ ਵਾਸੀਓ, ਜੋ ਕੁਝ ਹੁਣ ਤੁਹਾਡੀ ਰੂਹ ਵਿੱਚ ਥਿਰਕ ਰਿਹਾ ਹੈ, ਉਸ ਤੋਂ ਜ਼ਿਆਦਾ ਮੈਂ ਕੀ ਦੱਸ ਸਕਦਾ ਹਾਂ?”

Leave a Reply

Your email address will not be published. Required fields are marked *